ਮੇਅਰ ਦੀ ਚੋਣ

ਚੰਡੀਗੜ੍ਹ ਨਗਰ ਨਿਗਮ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀਆਂ ਮੰਗਲਵਾਰ ਨੂੰ ਹੋਈਆਂ ਚੋਣਾਂ ਵਿਚ ਆਮ ਆਦਮੀ ਪਾਰਟੀ (ਆਪ) ਅਤੇ ਕਾਂਗਰਸ ਦੇ ਗੱਠਜੋੜ ਦੀ ਹਾਲ-ਦੁਹਾਈ ਦੌਰਾਨ ਭਾਜਪਾ ਨੇ ਹੂੰਝਾ ਫੇਰੂ ਜਿੱਤ ਹਾਸਲ ਕਰਦਿਆਂ ਤਿੰਨਾਂ ਅਹੁਦਿਆਂ ਉਤੇ ਆਪਣਾ ਕਬਜ਼ਾ ਬਰਕਰਾਰ ਰੱਖਿਆ ਹੈ। ਦੋਵੇਂ ਗੱਠਜੋੜ ਭਾਈਵਾਲਾਂ ‘ਆਪ’ ਅਤੇ ਕਾਂਗਰਸ ਨੇ ਦੋਸ਼ ਲਾਇਆ ਕਿ ਪ੍ਰੀਜ਼ਾਈਡਿੰਗ ਅਫਸਰ ਨੇ ਭਾਜਪਾ ਨੂੰ ਨਾਜਾਇਜ਼ ਫ਼ਾਇਦਾ ਪਹੁੰਚਾਉਣ ਲਈ ਬੈਲਟ ਪੇਪਰਾਂ ਨਾਲ ਛੇੜਛਾੜ ਕੀਤੀ ਹੈ। ਮੇਅਰ ਦੇ ਅਹੁਦੇ ਲਈ ਭਾਜਪਾ ਦੇ ਉਮੀਦਵਾਰ ਮਨੋਜ ਸੋਨਕਰ ਨੂੰ 16 ਵੋਟਾਂ ਮਿਲੀਆਂ ਜੋ ਵਿਰੋਧੀ ‘ਇੰਡੀਆ’ ਗੱਠਜੋੜ ਦੇ ਉਮੀਦਵਾਰ ਕੁਲਦੀਪ ਕੁਮਾਰ ਟੀਟਾ ਦੀਆਂ ਵੋਟਾਂ ਤੋਂ ਚਾਰ ਵੱਧ ਹਨ। ਗ਼ੌਰਤਲਬ ਹੈ ਕਿ 8 ਵੋਟਾਂ ਨੂੰ ਅਯੋਗ ਕਰਾਰ ਦੇ ਦਿੱਤਾ ਗਿਆ। ਅਯੋਗ ਕਰਾਰ ਦਿੱਤੀਆਂ ਗਈਆਂ ਵੋਟਾਂ ਦੀ ਮੁਕਾਬਲਤਨ ਵੱਡੀ ਗਿਣਤੀ ਕਈ ਤਰ੍ਹਾਂ ਦੇ ਸ਼ੱਕ-ਸ਼ੁਬਹੇ ਪੈਦਾ ਕਰਦੀ ਹੈ ਅਤੇ ਇਸ ਨੇ ਸਮੁੱਚੇ ਚੋਣ ਅਮਲ ਉਤੇ ਸਵਾਲੀਆ ਨਿਸ਼ਾਨ ਵੀ ਲਾ ਦਿੱਤਾ ਹੈ। ਜੇ ਚੋਣ ਪ੍ਰਕਿਰਿਆ ਵਿਚ ਵਧੇਰੇ ਪਾਰਦਰਸ਼ਤਾ ਅਪਣਾਈ ਜਾਂਦੀ ਤਾਂ ਅਜਿਹੀ ਅਣਸੁਖਾਵੀਂ ਹਾਲਤ ਪੈਦਾ ਹੋਣ ਤੋਂ ਰੋਕੀ ਜਾ ਸਕਦੀ ਸੀ, ਖ਼ਾਸਕਰ ਕਾਂਗਰਸ-ਆਪ ਦੇ ਇਨ੍ਹਾਂ ਦੋਸ਼ਾਂ ਨੂੰ ਦੇਖਦਿਆਂ ਕਿ ਉਨ੍ਹਾਂ ਦੇ ਏਜੰਟਾਂ ਨੂੰ ਬੈਲਟ ਪੇਪਰਾਂ ਦੀ ਜਾਂਚ ਨਹੀਂ ਕਰਨ ਦਿੱਤੀ ਗਈ। ਇਹ ਚੋਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀਆਂ ਹਦਾਇਤਾਂ ਉਤੇ ਕਰਵਾਈ ਗਈ ਸੀ ਕਿਉਂਕਿ ਮੂਲ ਰੂਪ ਵਿਚ 18 ਜਨਵਰੀ ਨੂੰ ਹੋਣ ਵਾਲੀ ਨਗਰ ਨਿਗਮ ਦੀ ਚੋਣ ਨੂੰ ਵਿਵਾਦਗ੍ਰਸਤ ਹਾਲਾਤ ਦੌਰਾਨ ਮੁਲਤਵੀ ਕਰ ਦਿੱਤਾ ਗਿਆ ਸੀ। ਉਸ ਦਿਨ ਪ੍ਰੀਜ਼ਾਈਡਿੰਗ ਅਫਸਰ ਕਥਿਤ ਤੌਰ ’ਤੇ ਬਿਮਾਰ ਹੋ ਗਏ ਸਨ। ਹਾਈ ਕੋਰਟ ਨੇ ਪ੍ਰਸ਼ਾਸਨ ਵੱਲੋਂ ਚੋਣਾਂ ਮੁਲਤਵੀ ਕੀਤੇ ਜਾਣ ਦੇ ਹੁਕਮਾਂ ਨੂੰ ‘ਨਾਵਾਜਿਬ, ਅਨਿਆਂਪੂਰਨ ਅਤੇ ਆਪ ਹੁਦਰੇ’ ਕਰਾਰ ਦੇ ਕੇ ਰੱਦ ਕਰ ਦਿੱਤਾ ਸੀ। ਚੰਡੀਗੜ੍ਹ ਮੇਅਰ ਦੀ ਚੋਣ ਨੂੰ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਅਤੇ ‘ਇੰਡੀਆ’ ਗੱਠਜੋੜ ਦਰਮਿਆਨ ਆਖ਼ਿਰੀ ਵੱਡੇ ਮੁਕਾਬਲੇ ਵਜੋਂ ਦੇਖਿਆ ਜਾ ਰਿਹਾ ਸੀ। ਪੰਜਾਬ ਵਿਚ ਇਕ-ਦੂਜੀ ਦੇ ਖ਼ਿਲਾਫ਼ ਡਟੀਆਂ ਹੋਈਆਂ ‘ਆਪ’ ਅਤੇ ਕਾਂਗਰਸ ਨੇ ਚੰਡੀਗੜ੍ਹ ਵਿਚ ਭਾਜਪਾ ਦੀ ਜੇਤੂ ਮੁਹਿੰਮ ਠੱਲ੍ਹਣ ਲਈ ਆਪਸ ਵਿਚ ਹੱਥ ਮਿਲਾਏ ਸਨ। ਚੋਣਾਂ ਦੇ ਨਤੀਜਿਆਂ ਸਬੰਧੀ ਵਿਵਾਦ ਨੇ ਸਮੁੱਚੇ ਹਾਲਾਤ ਨੂੰ ਹੋਰ ਵੀ ਤਲਖ਼ ਬਣਾ ਦਿੱਤਾ ਹੈ ਅਤੇ ਪ੍ਰੀਜ਼ਾਈਡਿੰਗ ਅਫਸਰ ਤੱਕ ਦੀ ਭੂਮਿਕਾ ਡੂੰਘੀ ਘੋਖ ਦੇ ਘੇਰੇ ਵਿਚ ਆ ਗਈ ਹੈ। ਇਸ ਸਭ ਕਾਸੇ ਦੇ ਮੱਦੇਨਜ਼ਰ ਇਹ ਯਕੀਨੀ ਬਣਾਉਣਾ ਜ਼ਰੂਰੀ ਹੈ ਕਿ ਚੋਣਾਂ ਕਰਾਉਂਦੇ ਸਮੇਂ ਸਹੀ ਪ੍ਰਕਿਰਿਆ ਦਾ ਸਖ਼ਤੀ ਨਾਲ ਪਾਲਣ ਕੀਤਾ ਗਿਆ ਹੈ ਜਾਂ ਨਹੀਂ। ਕਿਸੇ ਵੀ ਸਿਆਸੀ ਪਾਰਟੀ ਵੱਲੋਂ ਗ਼ਲਤ ਅਤੇ ਲੁਕਵੇਂ ਢੰਗ-ਤਰੀਕਿਆਂ ਦਾ ਇਸਤੇਮਾਲ ਨਾ ਸਿਰਫ਼ ਬਰਾਬਰੀ ਦੇ ਮੌਕਿਆਂ ਨੂੰ ਹੀ ਅਸੰਭਵ ਬਣਾਉਂਦਾ ਹੈ ਸਗੋਂ ਇਹ ਜਮਹੂਰੀਅਤ ਦੀ ਮੂਲ ਭਾਵਨਾ ਦੇ ਵੀ ਖ਼ਿਲਾਫ਼ ਹੈ। ਚੋਣਾਂ ਦੀ ਰਾਜ਼ਦਾਰੀ ਦਾ ਸਤਿਕਾਰ ਜ਼ਰੂਰ ਕੀਤਾ ਜਾਣਾ ਚਾਹੀਦਾ ਹੈ ਪਰ ਇਸ ਦਾ ਅਪਾਰਦਰਸ਼ਤਾ ਨੂੰ ਹੁਲਾਰਾ ਦੇਣ ਲਈ ਗ਼ਲਤ ਇਸਤੇਮਾਲ ਵੀ ਨਹੀਂ ਹੋਣਾ ਚਾਹੀਦਾ।

ਸਾਂਝਾ ਕਰੋ

ਪੜ੍ਹੋ