
ਗ੍ਰਹਿਸਤੀ ਜੀਵਨ ਨੂੰ ਸੰਭਾਲਣਾ ਇਸ ਤਰਾਂ ਜਾਪਦਾ ਜਿਵੇਂ ਕੱਚ ਦੇ ਸਮਾਨ ਦੀ ਰਾਖੀ ਕਰਨਾ ਅਤੇ ਖਾਸ ਕਰ ਉਸ ਵੇਲੇ ਜਦੋਂ ਜੀਵਨ ਦਾ ਇੱਕ ਪਹੀਆ ਟੁੱਟ ਜਾਵੇ ਤੇ ਜੀਵਨ ਨੂੰ ਇਕੋ ਪਹੀਏ ਦੇ ਆਸਰੇ ਹੀ ਰੋੜਨ੍ਹਾ ਪੈ ਜਾਵੇ । ਇਸਤਰੀ ਜੇ ਕਰ ਇੱਕਲੀ ਰਹਿ ਜਾਵੇ ਤਾਂ ਉਸ ਦੀ ਹਾਲਤ ਉਸ ਆਟੇ ਦੀ ਚਿੜੀ ਜਿਹੀ ਹੋ ਜਾਂਦੀ ਹੈ ਜਿਸ ਨੂੰ ਬਾਹਰ ਕੁਤੇ ਨਹੀਂ ਛੱਡਦੇ ਤੇ ਅੰਦਰ ਕੀੜੇ ਲੱਗ ਜਾਂਦੇ ਹਨ । ਕ੍ਰਿਸ਼ਨਾ ਆਪਣੇ ਘਰ ਅੰਦਰ ਬੈਠੀ ਉਨ੍ਹਾਂ ਦਿਨਾਂ ਨੂੰ ਯਾਦ ਕਰ ਰਹੀ ਸੀ ਜਦੋਂ ਉਹ ਮਹਿੰਦਰ ਨਾਲ ਵਿਆਹ ਕਰਵਾ ਕੇ ਇਸ ਘਰ ਵਿਚ ਆਈ ਸੀ ਅਤੇ ਉਸ ਦੀ ਸੱਸ ਨੇ ਉਸ ਦੇ ਸਿਰ ਤੋਂ ਪਾਣੀ ਵਾਰਿਆ ਸੀ । ਮਹਿੰਦਰ ਸੋਹਣਾ ਸੁਨੱਖਾ ਜਵਾਨ ਗੋਰਾ ਚਿੱਟਾ ਸੀ ਅਤੇ ਮੈਂ ਵੀ ਹੱਥ ਲਾਇਆਂ ਮੈਲੀ ਹੁੰਦੀ ਸੀ । ਖੁਸ਼ੀਆਂ ਦੇ ਦਿਨ ਪਰਿਵਾਰ ਵਿਚ ਬੀਤ ਰਹੇ ਸਨ । ਪਰਿਵਾਰ ਅੰਦਰ ਸੱਸ ,ਸਹੁਰੇ ਤੋਂ ਬਿਨਾ ਇਕ ਛੜਾ ਜੇਠ, ਦੋ ਵਿਆਹੇ ਹੋਏ ਦੇਵਰ ਅਤੇ ਇੱਕ ਕਾਲਿਜ ਵਿਚ ਪੜਦਾ ਜਵਾਨ ਦੇਵਰ ਸੀ । ਜਮੀਨ ਵੀ ਸੁਖ ਨਾਲ ਚੰਗੀ ਸੀ ਘਰ ਵਿਚ ਦੁੱਧ ਵਾਦ ਵਾਧੂ ਸੀ । ਇਸ ਤਰਾਂ ਕਹੋ ਕਿ ਦਿਨ ਤੀਆਂ ਵਾਂਗ ਲੰਘਦੇ ਸੀ । ਭਾਵੇਂ ਦੋਵੇਂ ਦੇਵਰ ਸ਼ਹਿਰ ਵਿਚ ਨੌਕਰੀ ਕਰਦੇ ਸਨ ਪ੍ਰੰਤੂ ਜ਼ਮੀਨ ਦਾ ਕੰਮ ਇਕਠਾ ਹੀ ਸੀ । ਮੇਰੀਆਂ ਦੋਵੇਂ ਦਿਰਾਣੀਆਂ ਪਿੰਡ ਹੀ ਰਹਿੰਦੀਆਂ ਸਨ ਪੜ੍ਹੀਆਂ ਲਿਖੀਆਂ ਹੋਣ ਦੇ ਬਾਵਜੂਦ ਕੋਈ ਨੌਕਰੀ ਨਹੀਂ ਕਰਦੀਆਂ ਸਨ ਅਤੇ ਆਪਣੇ ਆਪਣੇ ਬੱਚਿਆਂ ਦਾ ਧਿਆਨ ਕਰਦੀਆਂ ਸਨ ਅਤੇ ਘਰ ਵਿਚ ਹੀ ਰੁਝੀਆਂ ਹੋਈਆਂ ਸਨ । ਦੋਵੇਂ ਦੇਵਰ ਸ਼ਾਮ ਨੂੰ ਨੌਕਰੀ ਸਮੇਂ ਤੋਂ ਬਾਅਦ ਘਰ ਆ ਜਾਂਦੇ ਸਨ ਅਤੇ ਘਰ ਦੇ ਖੇਤੀ ਦੇ ਕੰਮਾਂ ਵਿਚ ਹਿਸਾ ਲੈਂਦੇ ਸਨ । ਛੜਾ ਜੇਠ ਤਾਂ ਜਿਆਦਾ ਸਮਾਂ ਖੇਤੀ ਵਿਚ ਹੀ ਰੁੱਝਾ ਰਹਿੰਦਾ ਸੀ । ਖੇਤ ਹੀ ਬਣਾਏ ਘਰ ਵਿਚ ਹੀ ਰਹਿ ਪੈਂਦਾ ਸੀ ਅਤੇ ਸਵੇਰੇ ਸਵੇਰੇ ਉੱਠ ਕੇ ਖੇਤੀ ਦੇ ਕੰਮ ਵਿੱਚ ਲੱਗ ਜਾਂਦਾ ਸੀ । ਛੋਟਾ ਦੇਵਰ ਪੜ੍ਹਾਈ ਵਿਚ ਹੁਸ਼ਿਆਰ ਸੀ ਅਤੇ ਉਸ ਦਾ ਟੀਚਾ ਉਚਾ ਮਿਥਿਆ ਹੋਇਆ ਸੀ । ਮੈਂ ਵੀ ਐਮ ਏ ਬੀ ਐਡ ਕੀਤੀ ਹੋਈ ਸੀ । ਆਪਣੇ ਪੇਕੇ ਸ਼ਹਿਰ ਵਿਚ ਮੈਂ ਇੱਕ ਪ੍ਰਾਈਵੇਟ ਸਕੂਲ ਵਿਚ ਪੜ੍ਹਾ ਰਹੀ ਸੀ ਜੋ ਹੁਣ ਵਿਆਹੇ ਜਾਣ ਕਾਰਨ ਇਹ ਨੌਕਰੀ ਵੀ ਛੱਡ ਦਿਤੀ ਸੀ । ਘਰ ਵਿਚ ਮੇਰੇ ਸਹੁਰੇ ਦਾ ਕੰਟਰੋਲ ਸੀ । ਘਰ ਵਿਚ ਤਾਂ ਉਸ ਦੀ ਚੌਧਰ ਚਲਦੀ ਸੀ ਪਿੰਡ ਵਿਚ ਵੀ ਉਸ ਦੀ ਚੰਗੀ ਪੁੱਛ ਗਿੱਛ ਸੀ । ਮੇਰੇ ਸਹੁਰੇ ਦਾ ਭਤੀਜਾ ਸਰਪੰਚ ਸੀ । ਉਨ੍ਹਾਂ ਕੋਲ ਵੀ ਚੰਗੀ ਪੈਲੀ ਸੀ ਅਤੇ ਚੰਗਾ ਸੋਹਣਾ ਖਾਣ ਪੀਣ ਚਲ ਰਿਹਾ ਸੀ । ਭਾਵੇਂ ਮੈਂ ਨੌਕਰੀ ਕਰਨਾ ਚਾਹੁੰਦੀ ਸੀ ਪ੍ਰੰਤੂ ਮਹਿੰਦਰ ਨਹੀਂ ਚਾਹੁੰਦਾ ਸੀ ਕਿ ਮੈਂ ਬਾਹਰ ਕੰਮ ਕਰਨ ਜਾਵਾਂ ਇਸ ਲਈ ਮੈਂ ਨੌਕਰੀ ਕਰਨ ਦਾ ਵਿਚਾਰ ਤਿਆਗ ਕੇ ਘਰ ਦੇ ਕੰਮਾਂ ਵਿਚ ਆਪਣੀਆਂ ਦਿਰਾਣੀਆਂ ਨਾਲ ਹੱਥ ਵਟਾਉਣ ਲੱਗ ਪਈ ਸੀ । ਭਾਵੇਂ ਘਰ ਅੰਦਰ ਕੰਮ ਵਾਲੀਆਂ ਮਦਦ ਲਈ ਆਉਂਦੀਆਂ ਸਨ । ਪਸੂਆਂ ਲਈ ਸੀਰੀ ਹੀ ਕੰਮ ਕਰਦੇ ਸਨ ਇਥੋਂ ਤਕ ਧਾਰਾ ਕੱਢ ਕੇ ਦੁੱਧ ਦੀਆਂ ਬਾਲਟੀਆਂ ਘਰ ਵਿਚ ਦੇ ਜਾਂਦੇ ਸਨ ਅਤੇ ਦੁੱਧ ਦੀ ਸਾਂਭ ਸੰਭਾਲ ਉਨ੍ਹਾਂ ਦੀਆਂ ਸੁਆਣੀਆਂ ਵਲੋਂ ਮੇਰੀ ਸੱਸ ਦੀਆਂ ਹਦਾਇਤਾਂ ਅਨੁਸਾਰ ਕੀਤੀ ਜਾਂਦੀ ਸੀ । ਸਾਰੀ ਪੈਲੀ ਇਕੱਠੀ ਹੀ ਸੀ । ਪ੍ਰੰਤੂ ਕਾਗਜ਼ਾਂ ਵਿਚ ਹਿਸਿਆਂ ਦੀ ਵੰਡ ਕੀਤੀ ਹੋਈ ਸੀ । ਬਾਪੂ ਜੀ ਦੇ ਦੱਸ ਕਿਲੇ ਕੱਢ ਕੇ ਸਭ ਦੇ ਹਿਸੇ ਦੱਸ ਦੱਸ ਕਿਲੇ ਆਓਂਦੀ ਸੀ । ਪੈਲੀ ਭਾਰੀ ਸੀ ਅਤੇ ਫਸਲ ਚੰਗੀ ਹੋ ਜਾਂਦੀ ਸੀ । ਬਾਪੂ ਜੀ ਆੜ੍ਹਤੀਏ ਦਾ ਹਿਸਾਬ ਵੇਖਦੇ ਸੀ । ਜੇ ਕਿਤੇ ਉਨ੍ਹਾਂ ਨੂੰ ਆੜਤੀਏ ਹਿਸਾਬ ਵਿਚ ਫਰਕ ਜਾਪਦਾ ਤਾਂ ਉਹ ਕਿਸੇ ਵੀ ਪੁੱਤਰ ਤੋਂ ਪੜਤਾਲ ਕਰਵਾ ਲਿਆ ਕਰਦੇ ਸੀ ।
ਇਤਨੀਆਂ ਕੰਮ ਵਾਲੀਆਂ ਹੋਣ ਕਾਰਨ ਅਸੀਂ ਘਰ ਦੀਆਂ ਸੁਆਣੀਆਂ ਥੋੜਾ ਬਹੁਤਾ ਆਪਣਾ ਕੰਮ ਕਰਦੀਆਂ ਦਿਰਾਣੀਆਂ ਆਪਣੇ ਬੱਚਿਆਂ ਨੂੰ ਸਕੂਲ ਭੇਜ ਅਤੇ ਆਪਣੇ ਬੰਦਿਆਂ ਦੇ ਕੰਮ ਤੇ ਜਾਣ ਤੋਂ ਬਾਅਦ ਆਪਣੇ ਆਪਣੇ ਕਮਰਿਆਂ ਵਿਚ ਵੜ ਜਾਂਦੀਆਂ ਸਨ ਅਤੇ ਆਪਣੇ ਆਪ ਵਿਚ ਰੁਝ ਜਾਂਦੀਆਂ ਸਨ । ਮੈਂ ਵੀ ਮਹਿੰਦਰ ਦੇ ਕੰਮ ਤੇ ਜਾਣ ਤੋਂ ਪਿੱਛੋਂ ਵੇਹਲੀ ਹੋ ਨਾਹ ਧੋ ਕੇ ਪਹਿਣ ਪਚਰ ਕੇ ਵੇਹਲੀ ਹੋ ਜਾਂਦੀ ਸੀ । ਕਦੇ ਕੋਈ ਕਿਤਾਬ ਪੜ੍ਹ ਲੈਂਦੀ ਸੀ ਕਦੇ ਝੱਟ ਬਿੰਦ ਟੀ .ਵੀ ਤੇ ਬੈਠ ਜਾਂਦੀ ਸੀ ਜਾਂ ਮੈਂ ਆਪਣੀ ਸੱਸ ਕੋਲ ਬੈਠ ਉਨ੍ਹਾਂ ਨਾਲ ਗੱਲਾਂ ਲੱਗ ਜਾਂਦੀ ਸੀ । ਮੇਰੀ ਸੱਸ ਬਹੁਤ ਸਿਆਣੀ ਸੀ ਹਮੇਸ਼ਾ ਹੀ ਮੈਨੂੰ ਕੋਈ ਨਾ ਕੋਈ ਮੱਤ ਦਿੰਦੀ ਰਹਿੰਦੀ ਸੀ । ਉਸ ਨੂੰ ਇਹ ਇਲਮ ਸੀ ਕਿ ਪੇਕੇ ਰਹਿਣ ਸਮੇਂ ਜਾਂ ਇਹ ਕਹਿ ਲਵੋ ਕਿ ਵਿਆਹ ਤੋਂ ਪਹਿਲਾਂ ਮੇਰਾ ਬਹੁਤ ਸਮਾਂ ਕਿਤਾਬਾਂ ਨਾਲ ਮੱਥਾ ਮਾਰ ਕੇ ਬੀਤਿਆ ਹੋਵੇਗਾ ਇਸ ਲਈ ਮੈਨੂੰ ਉਹ ਰਸੋਈ ਵਿਚ ਖਾਣ ਪਕਾਉਣ ਸਬੰਧੀ ਸਿਖਿਆ ਦਿੰਦੇ ਰਹਿੰਦੇ ਸੀ ਅਤੇ ਕਦੇ ਕਦੇ ਉਹ ਮੇਰੇ ਨਾਲ ਰਸੋਈ ਵਿਚ ਕੁਝ ਨਾ ਕੁਝ ਬਣਾਉਣ ਲਈ ਆਖ ਦਿੰਦੇ ਸੀ ਅਤੇ ਆਪ ਵੀ ਮੇਰੇ ਨਾਲ ਰਸੋਈ ਵਿਚ ਜਾ ਕੇ ਮੈਨੂੰ ਸਿਖਲਾਈ ਦਿੰਦੇ ਰਹਿੰਦੇ ਸੀ । ਕਦੇ ਕਦੇ ਮੈਨੂੰ ਇਹ ਜਾਪਦਾ ਸੀ ਕਿ ਮੇਰੀ ਕੋਈ ਨਿਨਾਣ ਨਹੀਂ ਹੈ ਅਤੇ ਮਾਂਵਾਂ ਦੇ ਅੰਦਰ ਕੁੜੀਆਂ ਨਾਲ ਪਿਆਰ ਕੁਦਰਤੀ ਹੀ ਹੁੰਦਾ ਹੈ । ਇਸ ਲਈ ਉਹ ਮੇਰੇ ਵਿਚੋਂ ਵੀ ਆਪਣੀ ਧੀ ਲਭਦੇ ਰਹਿੰਦੇ ਸੀ । ਮੈਨੂੰ ਵੀ ਬਹੁਤ ਚੰਗਾ ਲਗਦਾ ਸੀ । ਬਹੁਤ ਸਮਾਂ ਪੜ੍ਹਾਈ ਹੋਸਟਲ ਵਿਚ ਰਹਿ ਕੇ ਕੀਤੀ ਸੀ ਇਸ ਲਈ ਪੇਕਿਆਂ ਵਿਚ ਮਾਂ ਕੋਲ ਰਹਿਣ ਦਾ ਸਮਾਂ ਘਟ ਮਿਲਿਆ ਸੀ । ਮੈਨੂੰ ਜਾਪਦਾ ਸੀ ਕਿ ਸੱਸ ਦੇ ਰੂਪ ਵਿਚ ਮੈਨੂੰ ਮੇਰੀ ਮਾਂ ਮਿਲ ਗਈ ਹੈ । ਉਹ ਮੇਰੀ ਛੋਟੀਆਂ ਵੱਡੀਆਂ ਗਲਤੀਆਂ ਵਿਚ ਨੁਕਸ ਕੱਢਣ ਦੇ ਥਾਂ ਮੈਨੂੰ ਦੱਸ ਕੇ ਅੱਗੇ ਲਈ ਸਮਝਾ ਦਿਆ ਕਰਦੇ ਸਨ ਜੋ ਮੈਨੂੰ ਬਹੁਤ ਹੀ ਚੰਗਾ ਲਗਦਾ ਸੀ ।
। ਜੋ ਮੈਂ ਆਪਣੀਆਂ ਸਹੇਲੀਆਂ ਜਾਂ ਰਿਸ਼ਤੇਦਾਰਾਂ ਤੋਂ ਸੁਣਿਆਂ ਸੀ ਕਿ ਸੱਸ ਕਦੇ ਮਾਂ ਨਹੀਂ ਬਣ ਸਕਦੀ । ਝੂਠਾ ਲੱਗਣ ਲੱਗ ਪਿਆ ਸੀ ਮੈਂ ਤਾਂ ਇਹ ਚਾਹੁੰਦੀ ਸੀ ਮੇਰੇ ਵਰਗੀ ਸੱਸ ਸਾਰਿਆਂ ਨੂੰ ਹੀ ਮਿਲੇ । ਇਸ ਤਰਾਂ ਮੇਰੇ ਬਹੁਤ ਸਾਰਾ ਸਮਾਂ ਆਪਣੀ ਸੱਸ ਮਾਂ ਕੋਲ ਹੀ ਲੰਘਦਾ ਸੀ ਅਤੇ ਜਦੋਂ ਉਹ ਅਰਾਮ ਕਰਦੇ ਸੀ ਮੈਂ ਉਨ੍ਹਾਂ ਦੀ ਸੇਵਾ ਕਰ ਭਾਵ ਉਨ੍ਹਾਂ ਨੂੰ ਅਰਾਮ ਲਈ ਛੱਡ ਕੇ ਆਪਣੇ ਕਮਰੇ ਵਿਚ ਅਰਾਮ ਲਈ ਚਲੀ ਜਾਂਦੀ ਸੀ । ਭਾਵੇਂ ਮੇਰਾ ਬਹੁਤ ਸੱਸ ਕੋਲ ਰਹਿਣਾ ਮੇਰੀਆਂ ਦਿਰਾਣੀਆਂ ਨੂੰ ਭਾਉਂਦਾ ਨਹੀਂ ਸੀ । ਇਸ ਤਰਾਂ ਸਮਾਂ ਆਪਣੀ ਚਾਲੇ ਰਿਹਾ ਸੀ । ਸੂਰਜ ਸਵੇਰੇ ਨਹਾ ਧੋ ਕੇ ਨਿਕਲਦਾ ਅਤੇ ਸ਼ਾਮਾਂ ਵੇਲੇ ਨਿਗਾਹਾਂ ਤੋਂ ਓਹਲੇ ਹੋ ਜਾਂਦਾ ਸੀ । ਰਾਤ ਸਮੇਂ ਮਹਿੰਦਰ ਨਾਲ ਗੱਲਾਂ ਬਾਤਾਂ ਕਰਦਿਆਂ ਨਿਕਲਦੀ ਸੀ ਅਤੇ ਉਨ੍ਹਾਂ ਦੇ ਸਕੂਲ ਦੀਆਂ ਗੱਲਾਂ ਕਰਦਿਆਂ ਅਤੇ ਸਕੂਲ ਦੇ ਬੱਚਿਆਂ ਦੀਆਂ ਅਤੇ ਸਟਾਫ ਦੀਆਂ ਨਿਤ ਨਵੀਆਂ ਗੱਲਾਂ ਸੁਣਨ ਨੂੰ ਮਿਲ ਜਾਂਦੀਆਂ ਸਨ । ਇਕ ਦਿਨ ਉਨ੍ਹਾਂ ਨੇ ਦੱਸਿਆ ਕਿ ਸਾਰਾ ਸਟਾਫ ਇਕ ਦਰੱਖਤ ਦੇ ਥੱਲੇ ਬੈਠ ਕੇ ਗੱਲਾਂ ਕਰ ਰਹੇ ਸੀ ਕਿ ਇਕ ਪੰਛੀ ਨੇ ਬਿੱਠ ਕਰ ਦਿਤੀ ਅਤੇ ਉਹ ਹਿਸਾਬ ਵਾਲੇ ਦੇ ਮੋਢੇ ਉਪਰ ਆਣ ਡਿਗੀ ਤਾਂ ਉਹ ਉੱਠ ਕੇ ਜਾਣ ਲੱਗਾ ਤਾਂ ਬਾਕੀ ਸਟਾਫ ਨੇ ਪੁੱਛਿਆ ਕਿ ਕਿਥੇ ਜਾ ਰਿਹਾ ਹੈਂ ਤਾਂ ਉਸ ਨੇ ਕਿਹਾ ਕਿ ਪਾਣੀ ਲੈਣ ਚਲਿਆ ਹਾਂ ਤਾਂ ਪੀ ਟੀ ਮਾਸਟਰ ਨੇ ਕਿਹਾ ਬਹਿ ਜਾ ਬਹਿ ਜਾ ਇਨ੍ਹਾਂ ਨੂੰ ਇਸ ਕੰਮ ਤੋਂ ਬਾਅਦ ਪਾਣੀ ਦੀ ਲੋੜ ਨਹੀਂ ਹੁੰਦੀ ਅਤੇ ਸਾਰਾ ਸਟਾਫ ਖਿੜ ਖਿੜ ਹੱਸ ਪਿਆ । ਇਸ ਤਰਾਂ ਰੋਜ਼ ਕੋਈ ਨਾ ਕੋਈ ਨਵੀਂ ਗੱਲ ਕਰ ਹੱਸ ਦੇ ਖੇਡਦੇ ਰਾਤ ਵੀ ਬੀਤ ਜਾਂਦੀ ਸੀ ।
ਕਦੇ ਕਦੇ ਕੋਈ ਕੰਮ ਵਾਲੀ ਆ ਕੇ ਮੇਰੇ ਕੋਲ ਕੰਮ ਤੋਂ ਬਾਅਦ ਵੇਹਲੀ ਹੋ ਕੇ ਆ ਕੇ ਬੈਠ ਜਾਂਦੀ ਸੀ ਅਤੇ ਆਪਣੇ ਘਰ ਦੀਆਂ ਤਕਲੀਫ਼ਾਂ ਦੱਸ ਦਿਆ ਕਰਦੀਆਂ ਸਨ ਅਤੇ ਮੈਂ ਕੋਸ਼ਿਸ਼ ਕਰ ਉਨ੍ਹਾਂ ਦੀਆਂ ਤਕਲੀਫ਼ਾਂ ਨੂੰ ਨਵਿਰਤ ਕਰਨ ਦਾ ਯਤਨ ਕਰਦੀ ਰਹਿੰਦੀ ਸੀ । ਕੰਮ ਵਾਲੀਆਂ ਦੇ ਨਾਲ ਉਨ੍ਹਾਂ ਦੇ ਲੜਕੇ ਲੜਕੀਆਂ ਵੀ ਉਨ੍ਹਾਂ ਦੀ ਸਹਾਇਤਾ ਲਈ ਆ ਜਾਇਆ ਕਰਦੀਆਂ ਸਨ । ਇਕ ਦਿਨ ਇੱਕ ਲੜਕੀ ਆਪਣੇ ਨਾਲ ਸਕੂਲ ਦਾ ਕੰਮ ਲੈ ਕੇ ਆ ਗਈ ਅਤੇ ਮੈਥੋਂ ਸਵਾਲ ਪੁੱਛਣ ਲੱਗੀ । ਮੈਂ ਉਸ ਨੂੰ ਸਮਝਾ ਦਿਤਾ ਤੇ ਇਸ ਤਰਾਂ ਉਹ ਕਦੇ ਕਦੇ ਸਵਾਲ ਪੁੱਛਣ ਲਈ ਆਉਣ ਲੱਗ ਪਈ । ਮੈਂ ਉਸ ਨੂੰ ਅਤੇ ਹੋਰ ਬੱਚਿਆਂ ਨੂੰ ਵੀ ਔਖੇ ਸਵਾਲਾਂ ਦੇ ਉੱਤਰ ਦੱਸ ਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਅਸਾਨ ਕਰਨ ਲੱਗ ਪਈ । ਬੱਚੇ ਵੀ ਮੇਰੇ ਨਾਲ ਖੁਲਣ ਲੱਗ ਪਏ ਅਤੇ ਉਹ ਨਿੱਕੀਆਂ ਨਿੱਕੀਆਂ ਗੱਲਾਂ ਮੇਰੇ ਨਾਲ ਕਰਨ ਲੱਗ ਪਏ । ਮੇਰਾ ਵੀ ਜੀਅ ਲੱਗ ਰਿਹਾ ਸੀ ।
ਸਿਆਲ ਦੀ ਰੁੱਤ ਵੀ ਆਪਣੀ ਜਵਾਨੀ ਤੇ ਆ ਗਈ ਸੀ । ਰੁੱਖਾਂ ਦੇ ਪੱਤੇ ਵੀ ਪੀਲ਼ੇ ਪੈ ਕੇ ਝੜਨ ਲੱਗ ਪਏ । ਕਈ ਦਿਨਾਂ ਤੋਂ ਸੂਰਜ ਨੇ ਵੀ ਆਪਣਾ ਸੁੰਦਰ ਮੁਖੜਾ ਨਹੀਂ ਦਿਖਾਇਆ ਸੀ । ਸਾਰਾ ਦਿਨ ਧੁੰਦ ਪੈਂਦੀ ਰਹਿੰਦੀ । ਭਾਵੇਂ ਕੰਮ ਤੇ ਜਾਣ ਲਈ ਤਿੰਨੇ ਭਰਾਵਾਂ ਕੋਲ ਵੱਖਰੀਆਂ ਵੱਖਰੀਆਂ ਕਾਰਾਂ ਸਨ ਪ੍ਰੰਤੂ ਧੁੰਦ ਜਿਆਦਾ ਹੋਣ ਕਾਰਨ ਤਿੰਨੇ ਇਕੱਠੇ ਹੀ ਕਾਰ ਉਪਰ ਜਾਂਦੇ ਸਨ । ਉਨ੍ਹਾਂ ਦੇ ਮੁੜਨ ਤੱਕ ਮਨ ਨੂੰ ਧੁੜਕੂ ਹੀ ਲੱਗਿਆ ਰਹਿੰਦਾ ਸੀ । ਬੇਬੇ ਜੀ ਲਈ ਮੈਂ ਧੂਣੀ ਬਾਲ ਕੇ ਦੇ ਦਿੰਦੀ ਸੀ । ਉਹ ਧੂਣੀ ਦੁਆਲੇ ਬੈਠੇ ਪਾਠ ਕਰਦੇ ਰਹਿੰਦੇ ਸਨ । ਅੱਜ ਜਦੋਂ ਕਿ ਦਿਨਾਂ ਪਿੱਛੋਂ ਸੂਰਜ ਦੀਆਂ ਕਿਰਨਾਂ ਨੇ ਮਿੱਠੀ ਮਿੱਠੀ ਨਿੱਘ ਵਰਸਾਈ ਤਾਂ ਸਾਰਿਆਂ ਦੇ ਮੂੰਹ ਤੇ ਖੁਸ਼ੀ ਝਲਕਦੀ ਦਿਖਾਈ ਦਿਤੀ । ਕੱਪੜੇ ਧੋਣ ਵਾਲੀਆਂ ਨੇ ਕਈ ਦਿਨਾਂ ਦੇ ਇਕੱਠੇ ਹੋਏ ਕਪੜੇ ਧੋ ਧੋ ਕੇ ਟੰਗਣੇ ਭਰ ਦਿਤੇ । ਸੂਰਜ ਦੇ ਹੋਰ ਉਚਾ ਹੋ ਜਾਣ ਨਾਲ ਉਸ ਦੀਆਂ ਕਿਰਨਾਂ ਪਹਿਲਾਂ ਨਾਲੋਂ ਵਧੇਰੇ ਨਿੱਘੀਆਂ ਹੋ ਗਈਆਂ । ਬਾਪੂ ਜੀ ਨੇ ਲਕੜੀ ਦੇ ਅੰਗਿਆਰ ਵਰਗੇ ਸੰਤਰੀ ਸੂਰਜ ਵਲ ਤੱਕ ਕੇ ਆਖਿਆ ,’ਵਾਹ ਓਏ ਰੱਬਾ !”
ਇਹ ਸ਼ਬਦ ਆਖ ਉਹ ਸ਼੍ਰਿਸ਼ਟੀ ਦੇ ਮਾਲਕ ਦੀ ਤਾਰੀਫ ਕਰ ਗਏ ਸੀ । ਓਹਨਾ ਨੇ ਆ ਕੇ ਚੁੱਲ੍ਹੇ ਕੋਲ ਬੈਠ ਕੇ ਰੋਟੀ ਖਾ ਲਈ ਅਤੇ ਠਰੇ ਹੋਏ ਹੱਥ ਪੈਰ ਸੇਕ ਲਏ । ਮੈਂ ਮੱਕੀ ਦੀਆਂ ਰੋਟੀਆਂ ਸਾਗ ਨਾਲ ਉਨ੍ਹਾਂ ਨੂੰ ਖਵਾ ਦਿਤੀਆਂ ਸਨ । ਉਹ ਮੈਨੂੰ ਅਸੀਸਾਂ ਦਿੰਦੇ ਹੋਏ ਖੇਤਾਂ ਵਲ ਗੇੜਾ ਮਾਰਨ ਲਈ ਚਲੇ ਗਏ । ਮੈਂ ਆਪਣੇ ਜੇਠ ਲਈ ਵੀ ਤਾਜ਼ਾ ਰੋਟੀਆਂ ਅਤੇ ਸਾਗ ਦਾ ਕੌਲ ਭਰ ਉਸ ਵਿਚ ਮੱਖਣ ਦਾ ਪੇੜਾ ਰੱਖ ਉਨ੍ਹਾਂ ਨੂੰ ਨਾਲ ਲੈ ਕੇ ਜਾਣ ਲਈ ਦੇ ਦਿੱਤਾ ਸੀ । ਹੋਲੀ ਹੋਲੀ ਠੰਡ ਘਟਣ ਲੱਗੀ । ਇਕ ਦਿਨ ਮੈਨੂੰ ਥੋੜੀ ਤਕਲੀਫ ਹੋ ਰਹੀ ਸੀ ਮੈਂ ਆਪਣੀ ਸੱਸ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਸ਼ਹਿਰ ਡਾਕਟਰ ਕੋਲ ਜਾਣ ਲਈ ਆਖਿਆ । ਅਗਲੇ ਦਿਨ ਮੈਂ ਮੋਹਿੰਦਰ ਨਾਲ ਹੀ ਸ਼ਹਿਰ ਚਲੀ ਗਈ । ਡਾਕਟਰ ਨੇ ਚੈਕ ਕਰ ਦਵਾਈ ਲਿਖ ਦਿਤੀ ਅਤੇ ਨਾਲ ਹੀ ਮਹਿੰਦਰ ਨੂੰ ਕਿਹਾ ਕਿ ਤੁਸੀਂ ਬਾਪ ਬਣਨ ਵਾਲੇ ਹੋ ਤੇ ਹਰ ਮਹੀਨੇ ਚੈਕ ਕਰਵਾਇਆ ਕਰੋ । ਅਸੀਂ ਖੁਸ਼ ਹੋ ਗਏ । ਘਰ ਆ ਕੇ ਮੈਂ ਆਪਣੀ ਸੱਸ ਮਾਂ ਨੂੰ ਦੱਸਿਆ ਤਾਂ ਉਨ੍ਹਾਂ ਨੇ ਅਸੀਸਾਂ ਨਾਲ ਮੇਰੀ ਝੋਲੀ ਭਰ ਦਿਤੀ । ਅੱਜ ਤੋਂ ਬਾਅਦ ਮੇਰਾ ਖਾਸ ਖਿਆਲ ਰਖਿਆ ਜਾਣ ਲੱਗਿਆ । ਇੱਕ ਕੰਮ ਵਾਲੀ ਨੂੰ ਪੱਕੇ ਤੌਰ ਤੇ ਮੇਰੀ ਸੇਵਾ ਲਈ ਆਖ ਦਿਤਾ ਗਿਆ । ਉਹ ਵੀ ਆਪਣੀ ਕੁੜੀ ਨੂੰ ਛੁਟੀ ਵਾਲੇ ਦਿਨ ਨਾਲ ਲੈ ਆਓਂਦੀ ਸੀ । ਮੈਂ ਉਸ ਨੂੰ ਪੜ੍ਹਾ ਦਿਆ ਕਰਦੀ ਸੀ । ਉਸ ਦੇ ਇਮਿਤਿਹਾਨ ਵੀ ਨੇੜੇ ਆ ਰਹੇ ਸਨ । ਖੂਬ ਮੇਹਨਤ ਕਰ ਰਹੀ ਸੀ । ਉਸ ਦੀ ਮਾਂ ਨੂੰ ਉਸ ਤੋਂ ਚੰਗੀਆਂ ਉਮੀਦਾਂ ਸਨ ।
ਮੇਰਾ ਛੋਟਾ ਦੇਵਰ ਲਗਭਗ ਹਰ ਹਫਤੇ ਘਰ ਆ ਜਾਂਦਾ ਸੀ ਆਪਣੇ ਕਪੜੇ ਧੁਆ ਕੇ ਲੈ ਜਾਂਦਾ ਸੀ ਅਤੇ ਸਾਰਿਆਂ ਨੂੰ ਮਿਲ ਜਾਂਦਾ ਸੀ । ਮੇਰੇ ਕੋਲ ਬੈਠ ਆਪਣੀ ਪੜ੍ਹਾਈ ਦੀਆਂ ਗੱਲਾਂ ਕਰਦਾ ਸੀ ਅਤੇ ਇਸ ਵਾਰ ਉਹ ਦੱਸ ਗਿਆ ਸੀ ਉਸ ਦੇ ਇਮਿਤਹਾਨ ਦੀ ਤਾਰੀਖ ਆ ਗਈ ਹੈ ਜੋ ਲਗਭਗ ਦੋ ਹਫਤਿਆਂ ਤਕ ਸੀ ਤੇ ਉਸ ਮੈਨੂੰ ਦੱਸਿਆ ਕਿ ਹੁਣ ਮੈਂ ਇਮਿਤਿਹਾਨ ਦੇ ਕੇ ਆ ਜਾਵਾਂਗਾ ਅਤੇ ਕੁਝ ਦਿਨ ਘਰ ਹੀ ਰਹਾਂਗਾ ਅਤੇ ਬਾਪੂ ਜੀ ਨਾਲ ਖੇਤੀ ਦੀ ਦੇਖ ਭਾਲ ਕਰਾਂਗਾ । ਮੇਰੀ ਸੱਸ ਨੇ ਇਕ ਦਿਨ ਮੈਨੂੰ ਕਿਹਾ ਸੀ ਕਿ ਤੂੰ ਆਪਣੇ ਛੋਟੇ ਦੇਵਰ ਵਾਸਤੇ ਕੋਈ ਕੁੜੀ ਲੱਭ ਲੈ ਹੁਣ ਇਸ ਦਾ ਵਿਆਹ ਵੀ ਕਰ ਦੇਈਏ ਅਤੇ ਅਸੀਂ ਵੀ ਸੁਰਖੁਰੂ ਹੋ ਜਾਈਏ । ਮੈਂ ਆਪਣੇ ਦੇਵਰ ਨਰਿੰਦਰ ਨਾਲ ਗੱਲ ਕੀਤੀ ਤਾਂ ਉਹ ਟਾਲਾ ਵਾਲਾ ਕਰਨ ਲੱਗਾ । ਮੈਂ ਉਸ ਨੂੰ ਪੁੱਛ ਹੀ ਲਿਆ ਜੇ ਕਰ ਕੋਈ ਕੁੜੀ ਤੇਰੇ ਪਸੰਦ ਹੈ ਤਾਂ ਮੈਨੂੰ ਦੱਸ ਦੇ ਅਸੀਂ ਉਸ ਨੂੰ ਵੇਖ ਕੇ ਉਸ ਦੇ ਮਾਪਿਆਂ ਨਾਲ ਗੱਲ ਕਰ ਤੇਰਾ ਵਿਆਹ ਕਰ ਦੇਵੀਏ । ਉਹ ਇਹ ਕਹਿ ਕੇ ਚਲਾ ਗਿਆ ਕਿ ਭਾਬੀ ਇਮਤਿਹਾਨ ਤੋਂ ਪਿੱਛੋਂ ਗੱਲ ਕਰਾਂਗੇ ਹੁਣ ਤਾਂ ਮੇਰਾ ਧਿਆਨ ਇਮਿਤਿਹਾਨ ਵਿਚ ਹੈ । ਮੈਂ ਵੀ ਚੁੱਪ ਕਰ ਗਈ । ਜਦੋਂ ਉਹ ਵਾਪਿਸ ਚਲਾ ਗਿਆ ਤਾਂ ਮੈਂ ਆਪਣੀ ਸੱਸ ਮਾਂ ਨਾਲ ਨਰਿੰਦਰ ਨਾਲ ਹੋਈ ਗੱਲ ਦੱਸ ਦਿਤੀ । ਉਹ ਖੁਸ਼ ਹੋ ਗਏ ।
ਸੂਰਜ ਪੱਛਮ ਦੀ ਗੋਦ ਵਿਚ ਨੀਵਾਂ ਲਹਿ ਗਿਆ ਸੀ । ਘਸਮੈਲੇ ਅਸਮਾਨ ਵਿਚ ਉਡਦੀਆਂ ਕਾਂਵਾਂ ਦੀਆਂ ਡਾਰਾਂ ਦੱਖਣ ਵੱਲ ਤੇਜੀ ਨਾਲ ਵੱਧ ਰਹੀਆਂ ਸਨ । ਪੱਛਮ ਦੀ ਹਿਕ ਲਹੂ ਵਾਂਗ ਲਾਲ ਨਜ਼ਰ ਆ ਰਹੀ ਸੀ । ਸਾਹਮਣੇ ਕੋਠੇ ਉਪਰ ਕੁੜੀਆਂ ਸਵੇਰ ਦੇ ਸੁੱਕਣੇ ਪਾਏ ਕਪੜੇ ਲਾਹ ਰਹੀਆਂ ਸਨ ।ਹਨੇਰੀ ਚੜ੍ਹ ਆਈ ਸੀ । ਮਹਿੰਦਰ ਹਾਲੇ ਘਰ ਨਹੀਂ ਪੁਜਾ ਸੀ ਮੈਨੂੰ ਚਿੰਤਾ ਹੋ ਰਹੀ ਸੀ । ਦੂਜੇ ਦੋਵੇਂ ਭਰਾ ਘਰੇ ਪਹੁੰਚ ਗਏ ਸਨ । ਸਮੇਂ ਨੇ ਕੀੜੀ ਦੀ ਚਾਲ ਫੜ ਲਈ ਸੀ ਇਕ ਇਕ ਮਿੰਟ ਪਹਾੜ ਬਣ ਖਲੋਤਾ ਸੀ ।ਫਿਰ ਵੀ ਘੜੀ ਦੀ ਟਿੱਕ ਟਿੱਕ ਤੇ ਘੁੰਮਦੀਆਂ ਸੂਈਆਂ ਸਮੇਂ ਦੇ ਚਕ੍ਰ ਨੂੰ ਕੁਤਰ ਰਹੀਆਂ ਸਨ । ਮੇਰੀ ਨਿਗਾਹ ਬਾਹਰਲੇ ਦਰਵਾਜ਼ੇ ਵਲ ਸੀ । ਅਚਾਨਕ ਦਰਵਾਜ਼ਾ ਖੜਕਿਆ ਮੈਨੂੰ ਸ਼ੱਕ ਹੋਇਆ ਕਿ, ਮਹਿੰਦਰ ਨੇ ਕਦੇ ਦਰਵਾਜ਼ਾ ਨਹੀਂ ਖੜਕਾਇਆ ਉਹ ਤਾਂ ਆਪਣੇ ਆੱਪ ਖੋਲ ਅੰਦਰ ਆ ਜਾਂਦੇ ਸਨ , ਇਹ ਕੋਈ ਹੋਰ ਹੋਵੇਗਾ । ਦੇਖਿਆ ਤਾਂ ਇਹ ਤਾਂ ਸਕੂਲ ਦਾ ਪੀ ਟੀ ਮਾਸਟਰ ਸੀ । ਉਸ ਨੇ ਬਾਪੂ ਜੀ ਨੂੰ ਕੁਝ ਦੱਸਿਆ ਤੇ ਵਾਪਿਸ ਚਲਾ ਗਿਆ । ਬਾਪੂ ਜੀ ਨੇ ਦੋਵੇਂ ਭਰਾਵਾਂ ਨੂੰ ਕਾਰਾਂ ਕੱਢਣ ਲਈ ਆਖਿਆ ਤੇ ਮੈਨੂੰ ਵੀ ਬੇਬੇ ਜੀ ਦੇ ਹੱਥ ਸੁਨੇਹਾ ਦੇ ਦਿੱਤੋ ਕਿ ਮਹਿੰਦਰ ਦਾ ਐਕਸੀਡੈਂਟ ਹੋ ਗਿਆ ਹੈ ,ਉਂਜ ਉਹ ਠੀਕ ਹੈ ਅਤੇ ਅਸੀਂ ਉਸ ਕੋਲ ਹਸਪਤਾਲ ਜਾਣਾ ਹੈ ਉਸ ਦਾ ਸਟਾਫ ਉਸ ਨੂੰ ਹਸਪਤਾਲ ਵਿਚ ਲੈ ਗਿਆ ਹੈ । ਮੈਂ ਇਕ ਦਮ ਘਬਰਾ ਗਈ । ਆਪਣੀ ਬੇਬੇ ਦੇ ਗੱਲ ਲੱਗ ਰੋਣ ਲੱਗ ਪਈ । ਬੇਬੇ ਜੀ ਨੂੰ ਹੋਂਸਲਾ ਰੱਖਣ ਲਈ ਆਖਿਆ ਤੇ ਅਸੀਂ ਛੇਤੀ ਨਾਲ ਕਾਰ ਵਿਚ ਸਵਾਰ ਹੋ ਚੱਲ ਪਏ ।
ਹਸਪਤਾਲ ਜਾ ਕੇ ਹਲਾਤ ਦੇਖੇ ਤਾਂ ਪਤਾ ਲੱਗਾ ਕੇ ਲੱਤ ਟੁੱਟ ਗਈ ਹੈ ਸਿਰ ਵਿਚ ਸੱਟ ਲੱਗੀ ਹੈ ਖੂਨ ਕਾਫੀ ਵਹਿ ਗਿਆ ਹੈ । ਡਾਕਟਰ ਨਿਗਰਾਨੀ ਕਰ ਰਹੇ ਸਨ । ਮੈਂ ਬੇਬੇ ਕੋਲ ਹੀ ਬੈਠ ਗਈ ਬੇਬੇ ਵੀ ਮਹਿੰਦਰ ਦੇ ਕੋਲ ਹੀ ਬੈਠੀ ਸੀ । ਦਵਾਈ ਦਿਤੀ ਹੋਈ ਸੀ ਅਤੇ ਮਹਿੰਦਰ ਬੇਹੋਸ਼ੀ ਦੀ ਹਾਲਤ ਵਿਚ ਸੀ । ਰਾਤ ਵਾਹਿਗੁਰੂ ਦਾ ਜਾਪ ਕਰ ਕੇ ਕੱਢੀ । ਬੇਬੇ ਜੀ ਵੀ ਪਾਠ ਕਰਦੇ ਰਹੇ ਬਾਕੀ ਘਰ ਦੇ ਮੇਂਬਰ ਵੀ ਘਬਰਾਏ ਹੋਏ ਸਨ ਅਤੇ ਦਵਾਈਆਂ ਲਈ ਅਹੁਰ ਪਹੁਰ ਕਰ ਰਹੇ ਸਨ । ਡਾਕਟਰ ਨੇ ਸਵੇਰੇ ਆ ਕੇ ਚੈਕ ਕੀਤਾ ਤੇ ਦੱਸਿਆ ਕਿ ਹਾਲਤ ਖਤਰੇ ਤੋਂ ਬਾਹਰ ਹੈ ਪ੍ਰੰਤੂ ਹੋ ਸਕਦਾ ਹੈ ਖੂਨ ਦੀ ਲੋੜ ਪਵੇ । ਤੁਸੀਂ ਪ੍ਰਬੰਧ ਕਰ ਲਵੋ ਅਤੇ ਜਦੋਂ ਲੋੜ ਮਹਿਸੂਸ ਹੋਈ ਅਸੀਂ ਚੜਾ ਦੇਵਾਂਗੇ । ਦੋਹਾਂ ਭਰਾਵਾਂ ਦਾ ਖੂਨ ਚੈਕ ਕੀਤਾ ਗਿਆ ਜੋ ਚੜਾਉਣ ਦੇ ਯੋਗ ਸੀ ਅਤੇ ਦੋਵੇਂ ਹੀ ਖੂਨ ਦੇਣ ਲਈ ਤਿਆਰ ਸਨ । ਦੱਸ ਵਜੇ ਤਕ ਮੇਰਾ ਜੇਠ ਵੀ ਉਥੇ ਪੁਜ ਗਿਆ ਉਸ ਦਾ ਖੂਨ ਵੀ ਚੈਕ ਕਰ ਲਿਆ ਗਿਆ ਉਹ ਵੀ ਚੜਾਇਆ ਜਾ ਸਕਦਾ ਸੀ ਸੋ ਖੂਨ ਦਾ ਪ੍ਰਬੰਧ ਹੋ ਗਿਆ ਸੀ । ਥੋੜੀ ਦੇਰ ਬਾਅਦ ਡਾਕਟਰ ਨੇ ਖੂਨ ਚੜਾਉਣ ਲਈ ਕਹਿ ਦਿਤਾ । ਪਹਿਲਾਂ ਜੇਠ ਕੋਲੋਂ ਇਕ ਬੋਤਲ ਖੂਨ ਦੀ ਲੈ ਕੇ ਚੜਾਉਣਾ ਸ਼ੁਰੂ ਕਰ ਦਿਤਾ ਗਿਆ । ਡਾਕਟਰ ਆਪਣੀ ਨਿਗਰਾਨੀ ਵਿਚ ਖੂਨ ਚੜਵਾ ਰਿਹਾ ਸੀ । ਮੈਂ ਤੇ ਬੇਬੇ ਜੀ ਵਾਹਿਗੁਰੂ ਅੱਗੇ ਅਰਦਾਸਾਂ ਕਰ ਰਹੀਆਂ ਸੀ । ਜਦੋਂ ਇਕ ਬੋਤਲ ਚੜ੍ਹ ਗਈ ਤਾਂ ਮਹਿੰਦਰ ਨੇ ਅੱਖਾਂ ਖੋਲੀਆਂ ਬੇਬੇ ਅਤੇ ਮੈਂ ਨੇੜੇ ਹੋ ਗਈਆਂ । ਮਹਿੰਦਰ ਨੇ ਦੋਵੇਂ ਹੱਥ ਜੋੜ ਸਭ ਨੂੰ ਫਤਹਿ ਬੁਲਾਈ ਅਤੇ ਦੱਸਣ ਦੀ ਕੋਸ਼ਿਸ਼ ਕਰਨ ਲੱਗਾ ਕਿ ਕਿਵੇਂ ਹੋਇਆ ਸੀ । ਪ੍ਰੰਤੂ ਡਾਕਟਰ ਨੇ ਬੋਲਣ ਤੋਂ ਮਨ੍ਹਾ ਕਰ ਦਿਤਾ । ਮਹਿੰਦਰ ਚੁੱਪ ਚਾਪ ਲੇਟ ਗਿਆ । ਥੋੜੀ ਦੇਰ ਪਿੱਛੋਂ ਡਾਕਟਰ ਨੇ ਇਕ ਹੋਰ ਬੋਤਲ ਦਾ ਇੰਤਜ਼ਾਮ ਕਰਨ ਲਈ ਆਖਿਆ ਤਾਂ ਕੁਲਬੀਰ ਖੂਨ ਦੇਣ ਲਈ ਤਿਆਰ ਹੀ ਗਿਆ ਉਸ ਦਾ ਖੂਨ ਵੀ ਚੜਾ ਦਿਤਾ ਗਿਆ । ਡਾਕਟਰ ਅਨੁਸਾਰ ਹੁਣ ਸ਼ਾਇਦ ਹੋਰ ਖੂਨ ਦੀ ਲੋੜ ਨਹੀਂ ਪਵੇਗੀ ਪਰ ਫਿਰ ਵੀ ਤੁਸੀਂ ਇਕ ਬੋਤਲ ਦਾ ਇੰਤਜ਼ਾਮ ਰੱਖਣਾ ਹੈ । ਇਹ ਆਖ ਡਾਕਟਰ ਹੋਰ ਮਰੀਜ਼ਾਂ ਵਲ ਹੋ ਗਿਆ । ਮੈਨੂੰ ਮਹਿੰਦਰ ਦੀ ਹਾਲਤ ਸੁਧਰਦੀ ਜਾਪੀ । ਲੱਤ ਉਪਰ ਪਲਸਤਰ ਲੱਗਾ ਦਿਤਾ ਗਿਆ ਸੀ । ਲੱਤ ਦੀ ਪੀੜ ਘਟ ਗਈ ਸੀ ਹੁਣ ਸਿਰ ਵਿਚ ਕਾਫੀ ਦਰਦ ਹੋ ਰਿਹਾ ਸੀ ਦਰਦ ਦੇ ਟੀਕੇ ਲਗਾਏ ਜਾ ਰਹੇ ਸਨ । ਹਸਪਤਾਲ ਵਿਚ ਕਾਫੀ ਸਮਾਂ ਲਗਨਾ ਸੀ । ਜਿਵੇਂ ਜਿਵੇਂ ਖਬਰ ਲਗਦੀ ਗਈ ਆਉਣ ਜਾਣ ਵਾਲੇ ਪਤਾ ਲੈਣ ਆ ਰਹੇ ਸੀ । ਹਸਪਤਾਲ ਵਿਚ ਹਰ ਸਮੇਂ ਕੋਈ ਨਾ ਕੋਈ ਪਤਾ ਲੈਣ ਵਾਲਾ ਬੈਠਾ ਹੀ ਰਹਿੰਦਾ ਸੀ । ਮਹਿੰਦਰ ਦੀ ਹਾਲਤ ਵਿਚ ਵੀ ਸੁਧਾਰ ਹੋ ਰਿਹਾ ਸੀ ।
ਨਰਿੰਦਰ ਦਾ ਪੇਪਰ ਵੀ ਹੋ ਚੁਕਾ ਸੀ ਉਹ ਵੀ ਸਿੱਧਾ ਹੀ ਹਸਪਤਾਲ ਪੁੱਜ ਗਿਆ ਸੀ । ਰਾਤ ਸਮੇਂ ਉਸ ਦੀ ਪੱਕੀ ਹਾਜਰੀ ਹਸਪਤਾਲ ਵਿਚ ਸੀ ਅਤੇ ਨਾਲ ਮੈਂ ਵੀ ਹੋਇਆ ਕਰਦੀ ਸੀ । ਦਿਨ ਵੇਲੇ ਅਸੀਂ ਘਰ ਜਾ ਕੇ ਕਪੜੇ ਬਦਲ ਕੇ ਆ ਜਾਇਆ ਕਰਦੇ ਸੀ । ਰਸਤੇ ਵਿਚ ਕਦੇ ਕਦੇ ਉਹ ਮੇਰੇ ਨਾਲ ਪੇਪਰਾਂ ਦੇ ਸਬੰਧ ਵਿਚ ਕੋਈ ਨਾ ਕੋਈ ਗੱਲ ਕਰ ਲੈਂਦਾ ਸੀ ਉਹ ਮੇਰੇ ਨਾਲ ਹੋਲੀ ਹੋਲੀ ਖੁੱਲ ਕੇ ਗੱਲਾਂ ਕਰਨ ਲੱਗ ਪਿਆ ਸੀ । ਪੰਦਰਾਂ ਦਿਨ ਹਸਪਤਾਲ ਵਿਚ ਲੰਘ ਗਏ ਸੀ ਹਾਲੇ ਤਾਂ ਛੁਟੀ ਮਿਲਣ ਸਬੰਧੀ ਕੋਈ ਗੱਲ ਨਹੀਂ ਹੋਈ ਸੀ ਅਤੇ ਨਾ ਹੀ ਸਾਨੂੰ ਕੋਈ ਛੁਟੀ ਲੈਣ ਸਬੰਧੀ ਕੋਈ ਕਾਹਲੀ ਸੀ । ਸਾਨੂੰ ਸਾਰੇ ਪਰਿਵਾਰ ਨੂੰ ਇਹ ਤਸੱਲੀ ਸੀ ਕੇ ਹਾਲਤ ਵਿਚ ਦਿਨ ਬ ਦਿਨ ਸੁਧਾਰ ਹੋ ਰਿਹਾ ਸੀ । ਇੱਕ ਦਿਨ ਡਾਕਟਰ ਕਹਿਣ ਲੱਗਾ ਕਿ ਹੁਣ ਤਾਂ ਕੇਵਲ ਸਮੇਂ ਸਿਰ ਦਵਾਈਆਂ ਹੀ ਦੇਣੀਆਂ ਹਨ ਅਤੇ ਤੁਸੀਂ ਮਹਿੰਦਰ ਨੂੰ ਘਰ ਲੈ ਕੇ ਜਾ ਸਕਦੇ ਹੋ ਤੁਸੀਂ ਵੀਹ ਦਿਨ ਬਾਅਦ ਆ ਕੇ ਚੈਕ ਕਰਵਾ ਜਾਣਾ ਅਤੇ ਉਸੇ ਦਿਨ ਹੀ ਪਲਸਤਰ ਖੋਲ ਕੇ ਜੋੜ ਨੂੰ ਵੀ ਦੇਖ ਲਵਾਂਗੇ । ਪਰਿਵਾਰ ਨੇ ਸਲਾਹ ਕਰ ਛੁਟੀ ਲੈ ਲਈ ਅਤੇ ਮਹਿੰਦਰ ਨੂੰ ਕਾਰ ਵਿਚ ਪਾ ਕੇ ਘਰ ਲੈ ਗਏ ।
ਕਮਰੇ ਦੇ ਅੰਦਰ ਬਿਸਤਰਾ ਲਗਾ ਦਿਤਾ ਅਤੇ ਘਰੇ ਦਵਾਈਆਂ ਦੀ ਜ਼ਿਮੇਂਵਾਰੀ ਮੇਰੇ ਕੋਲ ਸੀ ਅਤੇ ਏਧਰ ਉਧਰ ਲਿਜਾਣ ਲਈ ਨਰਿੰਦਰ ਹਰ ਸਮੇਂ ਹਾਜ਼ਰ ਸੀ । ਬੇਬੇ ਜੀ ਨੂੰ ਮੇਰਾ ਵੀ ਧਿਆਨ ਸੀ ਜਦੋਂ ਵੀ ਇੱਕਲੀ ਹੁੰਦੀ ਸੀ ਬੇਬੇ ਮੈਨੂੰ ਵੀ ਮੇਰੀ ਹਾਲਤ ਪੁੱਛਦੀ ਰਹਿੰਦੀ ਸੀ ਅਤੇ ਅਰਾਮ ਕਰਨ ਦੀਆਂ ਹਦਾਇਤਾਂ ਵੀ ਦਿੰਦੀ ਰਹਿੰਦੀ ਸੀ ਕੰਮ ਵਾਲੀਆਂ ਰਸੋਈ ਦਾ ਧਿਆਨ ਰੱਖ ਰਹੀਆਂ ਸਨ ਅਤੇ ਲੋੜ ਅਨੁਸਾਰ ਮਹਿੰਦਰ ਲਈ ਖਾਣਾ ਬਣਾ ਰਹੀਆਂ ਸਨ । ਮੈਂ ਆਪ ਹੀ ਮਹਿੰਦਰ ਨੂੰ ਖਾਣਾ ਖੁਆ ਦਿਆ ਕਰਦੀ ਸੀ ਅਤੇ ਮੇਰੇ ਲਈ ਵੀ ਲੋੜ ਅਨੁਸਾਰ ਬਣ ਜਾਂਦਾ ਸੀ ਅਤੇ ਮੈਂ ਵੀ ਖਾ ਹੀ ਲਿਆ ਕਰਦੀ ਸੀ । ਨਰਿੰਦਰ ਨੂੰ ਬੇਬੇ ਜੀ ਦੀ ਹਦਾਇਤ ਸੀ ਕ੍ਰਿਸ਼ਨਾ ਨੂੰ ਲੋੜ ਅਨੁਸਾਰ ਫਲ ਦੇਣਾ ਹੈ ਅਤੇ ਘਰ ਵਿਚ ਹਰ ਸਮੇਂ ਲੋੜੀਂਦੇ ਫੱਲ ਹੋਣੇ ਚਾਹੀਦੇ ਹਨ । ਉਹ ਵਿਸ਼ੇਸ਼ ਧਿਆਨ ਰੱਖ ਰਿਹਾ ਸੀ । ਇਕ ਦਿਨ ਗੱਲਾਂ ਗੱਲਾਂ ਵਿਚ ਨਰਿੰਦਰ ਨੇ ਆਪਣੀ ਪਸੰਦ ਬਾਰੇ ਮੈਨੂੰ ਦੱਸ ਦਿਤਾ । ਮੈਂ ਉਸ ਨੂੰ ਫੋਟੋ ਵਿਖਾਣ ਲਈ ਆਖਿਆ । ਫੋਟੋ ਉਸ ਦੀ ਜੇਬ ਵਿਚ ਹੀ ਸੀ । ਉਸ ਨੇ ਮੈਨੂੰ ਇੱਕਲੀ ਨੂੰ ਉਹ ਫੋਟੋ ਦਿਖਾ ਦਿਤੀ । ਮੈਨੂੰ ਕੁੜੀ ਸੁੰਦਰ ਲੱਗੀ ਸੀ । ਅਤੇ ਉਸ ਦੇ ਹਾਣ ਦੀ ਜਾਪੀ । ਮੈਂ ਉਸ ਨੂੰ ਵਿਸ਼ਵਾਸ ਦਿਤਾ ਕਿ ਸਮਾਂ ਮਿਲਣ ਤੇ ਮੈਂ ਤੇਰੇ ਵੀਰ ਨਾਲ ਗੱਲ ਕਰਾਂਗੀ ਫਿਰ ਕਿਸੇ ਦਿਨ ਉਸ ਨੂੰ ਵੇਖ ਗੱਲ ਨੂੰ ਸਿਰੇ ਲਗਾਣ ਦਾ ਯਤਨ ਕਰਾਂਗੇ । ਉਹ ਹੱਸ ਪਿਆ ਅਤੇ ਖੁਸ਼ ਹੋ ਗਿਆ । ਕਦੇ ਕਦੇ ਮੈਂ ਉਸ ਨੂੰ ਮਖੌਲ ਵੀ ਕਰਨ ਲੱਗ ਪਈ ਕਿ ਮੈਂ ਤਾਂ ਆਪਦੇ ਕੰਮ ਤੇਰੀ ਬਹੂ ਤੋਂ ਹੀ ਕਰਵਾਇਆ ਕਰਾਂਗੀ । ਉਹ ਕੁੜੀਆਂ ਵਾਂਗ ਸ਼ਰਮਾ ਜਾਂਦਾ ਸੀ । ਮੈਨੂੰ ਕੋਈ ਵੀ ਉਤਰ ਨਹੀਂ ਦਿੰਦਾ ਸੀ । ਇਸ ਤਰਾਂ ਸਮਾਂ ਲੰਘ ਰਿਹਾ ਸੀ ।
ਇਕ ਦਿਨ ਮੈਨੂੰ ਥੋੜੀ ਦਰਦ ਮਹਿਸੂਸ ਹੋਈ ਮੈਂ ਮਹਿੰਦਰ ਨੂੰ ਦੱਸਿਆ ਤਾਂ ਉਹ ਕਹਿਣ ਲੱਗਾ ਕੇ ਤੂੰ ਨਰਿੰਦਰ ਨੂੰ ਨਾਲ ਲੈ ਜਾ ਤੇ ਡਾਕਟਰ ਨੂੰ ਦਿਖਾ ਲਵੋ । ਮੇਰੇ ਕੋਲ ਬੇਬੇ ਜੀ ਹੋਣਗੇ ਅਤੇ ਮੈਂ ਕਾਫੀ ਠੀਕ ਹਾਂ । ਅਗਲੇ ਦਿਨ ਮੈਂ, ਨਰਿੰਦਰ ਨਾਲ ਗਈ ਅਤੇ ਡਾਕਟਰ ਨੂੰ ਚੈਕ ਕਰਵਾ ਆਪਣੀਆਂ ਦਵਾਈਆਂ ਲੈ ਆਈ ਅਤੇ ਡਾਕਟਰ ਨੇ ਦੱਸਿਆ ਕਿ ਉਮੀਦ ਹੈ ਡਲਿਵਰੀ ਨਾਰਮਲ ਹੀ ਹੋਵੇਗੀ ਪੰਦਰਾਂ ਦਿਨਾਂ ਨੂੰ ਫੇਰ ਆ ਜਾਣਾ । ਤੁਹਾਨੂੰ ਜ਼ਿਆਦਾ ਸਮਾਂ ਹਸਪਤਾਲ ਵਿਚ ਨਹੀਂ ਰਖਾਂਗੇ । ਫਿਰ ਵੀ ਦੋ ਕੁ ਦਿਨ ਪ੍ਰਬੰਧ ਕਰ ਕੇ ਆ ਜਾਣਾ । ਮੈਂ ਨਰਿੰਦਰ ਨੂੰ ਦਵਾਈਆਂ ਖਰੀਦਣ ਲਈ ਆਖ ਆਪ ਕਾਰ ਵਿਚ ਆ ਕੇ ਬੈਠ ਗਈ ਅਤੇ ਸੋਚਾਂ ਦੇ ਘੋੜੇ ਤੇ ਸਵਾਰ ਹੋ ਗਈ । ਮਨ ਹੀ ਮਨ ਕਈ ਚੰਗੀਆਂ ਮਾੜੀਆਂ ਸੋਚਾਂ ਮਨ ਵਿਚ ਆਉਣ ਲੱਗੀਆਂ । ਨਰਿੰਦਰ ਨੇ ਜਦੋਂ ਆ ਕੇ ਕਿਹਾ ਕਿ ਭਾਬੀ ਚਲੀਏ ਤਾਂ ਮੈਂ ਸੋਚਾਂ ਵਿਚੋਂ ਵਾਪਿਸ ਨਿਕਲੀ ਤੇ ਅਚਾਨਕ ਕਿਹਾ ਕਿ ਚਲੋ ਜੀ । ਨਰਿੰਦਰ ਕਾਰ ਚਲਾ ਕੇ ਘਰ ਵੱਲ ਚੱਲ ਪਿਆ । ਮੈਂ ਉਸ ਦੇ ਵਿਆਹ ਬਾਰੇ ਕੋਈ ਉਸ ਨਾਲ ਨਾ ਕਰ ਸਕੀ ਭਾਵੇਂ ਉਹ ਮੇਰੇ ਨਾਲ ਇਕੱਲਾ ਹੀ ਸੀ ਅਤੇ ਗੱਲ ਕਰਨ ਦਾ ਮੌਕਾ ਸੀ ਪ੍ਰੰਤੂ ਮੇਰੀਆਂ ਸੋਚਾਂ ਦੀ ਲੜੀ ਕਿਤੇ ਹੋਰ ਹੀ ਜੁੜੀ ਹੋਈ ਸੀ ਅਤੇ ਮੈਨੂੰ ਇਸ ਸਬੰਧੀ ਖਿਆਲ ਹੀ ਨਹੀਂ ਆਇਆ ਸੀ । ਨਰਿੰਦਰ ਨੇ ਆਪ ਤਾਂ ਕੋਈ ਗੱਲ ਨਾ ਟੋਰੀ । ਕਿਓਂ ਜੋ ਉਹ ਸਮਝਦਾ ਸੀ ਇਹ ਸਮਾਂ ਗੱਲ ਕਰਨ ਦਾ ਠੀਕ ਨਹੀਂ ਹੈ । ਅਸੀਂ ਘਰ ਪੂਜ ਕੇ ਮਹਿੰਦਰ ਦਾ ਹਾਲ ਪੁੱਛਿਆ ਤੇ ਆਪਣਾ ਹਾਲ ਦੱਸਿਆ । ਦਵਾਈ ਸ਼ੁਰੂ ਕਰ ਲਈ ਸੀ । ਅੱਜ ਸ਼ੁਕਰਵਾਰ ਸੀ ਅਤੇ ਸੋਮਵਾਰ ਨੂੰ ਪਲਸਤਰ ਕਟਵਾਉਣ ਲਈ ਮਹਿੰਦਰ ਨੂੰ ਲੈ ਕੇ ਜਾਣਾ ਸੀ । ਸਿਰ ਦੀ ਦਰਦ ਤਾਂ ਬਿਲਕੁਲ ਹੀ ਠੀਕ ਸੀ ।
ਸੋਮਵਾਰ ਮਹਿੰਦਰ ਨੂੰ ਨਰਿੰਦਰ ਹਸਪਤਾਲ ਲੈ ਕੇ ਗਿਆ ਪਲਸਤਰ ਕੱਟਿਆ ਗਿਆ ਡਾਕਟਰ ਨੇ ਦੱਸਿਆ ਕਿ ਜੋੜ ਠੀਕ ਹੈ ਹੋਲੀ ਹੋਲੀ ਤੁਰਨ ਨਾਲ ਬਿਲਕੁਲ ਠੀਕ ਹੋ ਜਾਣਗੇ ਹਾਲੇ ਲੱਤ ਉਪਰ ਭਾਰ ਨਹੀਂ ਦੇਣਾ ਹੈ ਸਹਾਰੇ ਨਾਲ ਬਾਥ ਰੂਮ ਤਕ ਜਾ ਸਕਦੇ ਹਨ । ਕੁਝ ਅਕ੍ਸਰ ਸਾਈਜ਼ਾਂ ਕਰਨ ਫਿਰ ਅਗਲੇ ਮਹੀਨੇ ਚੈਕ ਕਰ ਕੇ ਦੱਸਾਂਗੇ ਕਿ ਕੰਮ ਤੇ ਕਦੋਂ ਜਾਣ । ਹਾਲੇ ਅਰਾਮ ਹੀ ਕਰਨ । ਘਰੇ ਪੁੱਜ ਨਰਿੰਦਰ ਨੇ ਸਾਰੇ ਪਰਿਵਾਰ ਨੂੰ ਹਾਲਤ ਤੋਂ ਜਾਣੂੰ ਕਰਵਾ ਦਿਤਾ । ਮੇਰੇ ਹਸਪਤਾਲ ਜਾਣ ਦਾ ਸਮਾਂ ਆ ਗਿਆ ਸੀ । ਮੇਰੇ ਨਾਲ ਜਾਣ ਲਈ ਬੇਬੇ ਜੀ ,ਇਕ ਕੰਮ ਵਾਲੀ ਨੂੰ ਤਿਆਰ ਸਨ ਨਰਿੰਦਰ ਨੇ ਕਾਰ ਚਲਾਉਣੀ ਸੀ । ਅਗਲੇ ਦਿਨ ਮੇਰੇ ਕੁਝ ਕਪੜੇ ਇਕੱਠੇ ਕਰ ਤੇ ਬਾਕੀਆਂ ਨੂੰ ਨਾਲ ਲੈ ਅਸੀਂ ਹਸਪਤਾਲ ਪੁੱਜ ਗਏ । ਡਾਕਟਰ ਨੇ ਚੈੱਕ ਕਰ ਦਾਖਲ ਕਰ ਲਿਆ ਵੱਖਰਾ ਕਮਰਾ ਦੇ ਦਿਤਾ ਗਿਆ । ਨਰਸ ਨੂੰ ਦਵਾਈਆਂ ਦੇਣ ਲਈ ਆਖਿਆ ਗਿਆ । ਕੁਝ ਦਵਾਈਆਂ ਬਾਹਰੋਂ ਲਿਆਉਣ ਲਈ ਨਰਿੰਦਰ ਨੂੰ ਭੇਜ ਦਿਤਾ । ਦੁਪਹਿਰ ਨੂੰ ਸਾਰਿਆਂ ਨੇ ਭੋਜਨ ਛਕ ਲਿਆ ਮੈਨੂੰ ਤਾਂ ਗੁਲੂਕੋਜ਼ ਲਾਇਆ ਹੋਇਆ ਸੀ ਉਸ ਦੇ ਵਿਚ ਹੀ ਦਵਾਈਆਂ ਪਾਈਆਂ ਹੋਈਆਂ ਸਨ । ਸ਼ਾਮ ਨੂੰ ਡਾਕਟਰ ਮੈਨੂੰ ਅੰਦਰ ਲੈ ਗਈ । ਅੱਠ ਵਜੇ ਦੇ ਆਸ ਪਾਸ ਬੇਬੇ ਨੂੰ ਬੱਚਾ ਫੜਾ ਦਿਤਾ ਗਿਆ ਅਤੇ ਨਰਸ ਨੇ ਵਧਾਈ ਦਿਤੀ । ਸਾਰਾ ਪਰਿਵਾਰ ਖੁਸ਼ ਹੋ ਗਿਆ । ਮੈਨੂੰ ਦਵਾਈ ਦੇ ਕੇ ਅਰਾਮ ਕਰਨ ਲਈ ਕਿਹਾ । ਮਹਿੰਦਰ ਨੂੰ ਖਬਰ ਕਰ ਦਿਤੀ ਕਿ ਤੁਸੀਂ ਮੁੰਡੇ ਦੇ ਬਾਪੂ ਹੋ ਗਏ ਹੋ । ਬਹੁਤ ਖੁਸ਼ ਹੋਇਆ । ਉਸੇ ਵਕਤ ਹਸਪਤਾਲ ਆਉਣਾ ਚਾਹੁੰਦੇ ਸੀ ਪਰ ਮਜਬੂਰੀ ਸੀ ਇਸ ਲਈ ਕੋਈ ਵੀ ਉਸ ਨੂੰ ਹਸਪਤਾਲ ਲਿਆਉਣ ਲਈ ਤਿਆਰ ਨਾ ਹੋਇਆ । ਮੇਰਾ ਦਿਲ ਹੀ ਜਾਣਦਾ ਕਿ ਮੇਰੇ ਅੰਦਰ ਉਸ ਵੇਲੇ ਕਿ ਚਲ ਰਿਹਾ ਸੀ ਅਤੇ ਮੈਂ ਮਹਿੰਦਰ ਦੇ ਅੰਦਰ ਦੀ ਗੱਲ ਵੀ ਸਮਝ ਸਕਦੀ ਸੀ । ਖੈਰ ਦੋ ਦਿਨ ਸੁਖ ਸਾਂਦ ਨਾਲ ਲੰਘ ਗਏ ਅਤੇ ਸਾਨੂੰ ਘਰ ਜਾਣ ਲਈ ਛੁਟੀ ਦੇ ਦਿਤੀ ਗਈ । ਘਰ ਪੁੱਜ ਕੇ ਸਭ ਤੋਂ ਪਹਿਲਾਂ ਮਹਿੰਦਰ ਨੇ ਮੈਨੂੰ ਮੇਰੀ ਹਾਲਤ ਬਾਰੇ ਪੁੱਛਿਆ ਤੇ ਫਿਰ ਬੱਚੇ ਨੂੰ ਵੇਖਿਆ ਤਾਂ ਉਸ ਦੀਆਂ ਅੱਖਾਂ ਛਲਕ ਪਈਆਂ । ਸਾਰੇ ਸਮਝ ਸਕਦੇ ਸੀ ਕਿ ਇਹ ਕੀ ਚਲ ਰਿਹਾ ਹੈ । ਅਗਲੇ ਦਿਨ ਬੇਬੇ ਜੀ ਗੁਰਦਵਾਰੇ ਜਾ ਕੇ ਅਰਦਾਸ ਕਰਵਾ ਆਏ ਤੇ ਆ ਕੇ ਦੱਸਿਆ ਕਿ ਮੁਖ ਵਾਕ ਦਾ ਪਹਿਲਾ ਅੱਖਰ ਮ ਆਇਆ ਹੈ ਅਤੇ ਮ ਦੇ ਉਪਰ ਢੁਕਦਾ ਨਾਂ ਰੱਖ ਲਵੋ । ਸਾਰਿਆਂ ਦੀ ਸਲਾਹ ਨਾਲ ਮਨਜੀਤ ਸਿੰਘ ਨਾਂ ਰੱਖ ਲਿਆ ਗਿਆ ਸੀ ।
ਬੱਚੇ ਦੀ ਦੇਖ ਭਾਲ ਸ਼ੁਰੂ ਹੋ ਗਈ ਮਨਜੀਤ ਅੱਜ ਹੋਰ ਅਤੇ ਕੱਲ ਹੋਰ ਹੁੰਦਾ ਚਲਾ ਗਿਆ ਮਹਿੰਦਰ ਦੀ ਹਾਲਤ ਵੀ ਦਿਨੋ ਦਿਨ ਠੀਕ ਹੋ ਰਹੀ ਸੀ । ਅਸੀਂ ਹੁਣ ਮਨਜੀਤ ਤੇ ਕੇਂਦਰਿਤ ਹੋ ਚੁਕੇ ਸੀ ।
ਇਕ ਦਿਨ ਘਰ ਬੈਠੇ ਐਤਵਾਰ ਛੁਟੀ ਮੰਨਾ ਰਹੇ ਸੀ । ਨਰਿੰਦਰ ਨੇ ਬਹੁਤ ਦਿਨ ਤੋਂ ਕੰਮਪਿਊਟਰ ਹੀ ਨਹੀਂ ਦੇਖਿਆ ਸੀ ਕਿਓਂ ਜੋ ਦਿਨ ਰਾਤ ਸਾਡੇ ਦੋਹਾਂ ਵਿਚ ਰੁੱਝਾ ਹੋਇਆ ਸੀ ਅਤੇ ਬੱਚੇ ਦੀ ਆਮਦ ਹੋਣ ਨਾਲ ਉਹ ਹੋਰ ਵੀ ਰੁਝ ਗਿਆ ਸੀ ਕਦੇ ਕਿਸੇ ਨੂੰ ਦਵਾਈ ਦੇ ਕਦੇ ਕਿਸੇ ਨੂੰ,ਘਰ ਵਿਚ ਆਇਆ ਗਿਆ ਵੀ ਬਹੁਤ ਸੀ , ਉਸ ਦੀ ਸੂਰਤ ਭੂਲੀ ਹੋਈ ਸੀ । ਅੱਜ ਉਸ ਨੇ ਜਦੋਂ ਕੰਮਪਿਊਟਰ ਦੇਖਿਆ ਤਾਂ ਉਸ ਨੂੰ ਪਤਾ ਲੱਗਾ ਕਿ ਉਹ ਆਪਣੇ ਮੁਕਾਬਲੇ ਦੇ ਇਮਤਿਹਾਨ ਵਿਚੋਂ ਪਾਸ ਹੋ ਗਿਆ ਹੈ ਤੇ ਉਸ ਦਾ ਤੀਸਰਾ ਨੰਬਰ ਹੈ । ਉਸ ਨੇ ਇਹ ਖਬਰ ਸਭ ਨਾਲ ਸਾਂਝੀ ਕੀਤੀ ਤੇ ਘਰ ਵਿਚ ਖੁਸ਼ੀ ਛਾ ਗਈ ਸਾਰਾ ਪਰਿਵਾਰ ਬਹੁਤ ਹੀ ਖੁਸ਼ ਹੋਇਆ । ਹੁਣ ਉਸ ਨੂੰ ਇੰਟਰਵਿਊ ਦੀ ਤਿਆਰੀ ਕਰਨੀ ਸੀ ਅਤੇ ਉਹ ਮਿਤੀ ਵੀ ਨਤੀਜੇ ਦੇ ਨਾਲ ਹੀ ਮਿਲ ਗਈ ਸੀ ਜਿਹੜੀ ਅਗਲੇ ਮਹੀਨੇ ਸੀ ।ਘਰ ਵਿਚ ਖੁਸ਼ੀਆਂ ਮਨਾਈਆਂ ਗਈਆਂ । ਸਭ ਕਾਮਿਆਂ ਨੂੰ ਸੌ ਸੌ ਰੁਪਿਆ ਅਤੇ ਲੱਡੂ ਦਿਤੇ ਗਏ । ਮਨਜੀਤ ਦੇ ਆਉਣ ਦੀ ਖੁਸ਼ੀ ਦੀ ਮਿਠਿਆਈ ਅਲੱਗ ਤੌਰ ਤੇ ਦਿਤੀ ਗਈ ਪਿੰਡ ਦੇ ਅੰਦਰ ਵੀ ਮਿਠਿਆਈ ਵੰਡੀ ਗਈ । ਕੰਮ ਵਾਲਿਆਂ ਨੇ ਮਿਲ ਜੁਲ ਕੇ ਇਹ ਕੰਮ ਨੇਪਰੇ ਚਾੜ ਦਿਤਾ । ਘਰ ਵਿਚ ਵਧਾਈਆਂ ਦੇਣ ਵਾਲਿਆਂ ਦਾ ਮੇਲਾ ਲੱਗ ਗਿਆ । ਪਰਿਵਾਰਿਕ ਮੈਂਬਰਾਂ ਦਾ ਤਾਂ ਪੈਰ ਹੀ ਭੁੰਜੇ ਨਹੀਂ ਲੱਗ ਰਿਹਾ ਸੀ । ਪਰਮਾਤਮਾ ਇਸ ਪਰਿਵਾਰ ਤੇ ਪੂਰੀ ਤਰਾਂ ਨਿਹਾਲ ਸੀ । ਬੇਬੇ ਜੀ ਨੇ ਗੁਰਦਵਾਰੇ ਜਾ ਕੇ ਪਰਮਾਤਮਾ ਅੱਗੇ ਪਰਿਵਾਰਿਕ ਸੁਖ ਸ਼ਾਂਤੀ ਲਈ ਅਰਦਾਸ ਕੀਤੀ ।
ਨਰਿੰਦਰ ਨੇ ਘਰੇ ਰਹਿ ਕੇ ਹੀ ਇੰਟਰਵਿਊ ਦੀ ਤਿਆਰੀ ਸ਼ੁਰੂ ਕਰ ਲਈ ਸੀ ਕਦੇ ਕਦੇ ਉਹ ਸਾਨੂੰ ਵੇਖ ਜਾਂਦਾ ਸੀ ਆਪਦੇ ਭਤੀਜੇ ਨਾਲ ਖੇਡ ਜਾਂਦਾ ਸੀ । ਮੈਂ ਉਸ ਨੂੰ ਕਹਿੰਦੀ ਰਹਿੰਦੀ ਸੀ ਕਿ ਆਪਦੀ ਇੰਟਰਵਿਊ ਦਾ ਧਿਆਨ ਕਰ ਜੇ ਕੋਈ ਗੜਬੜ ਹੋ ਗਈ ਤੇਰੀ ਹੋਣ ਵਾਲੀ ਬਹੂ ਰੁਸ ਜਾਵੇਗੀ । ਉਹ ਹੱਸ ਪੈਂਦਾ ਤੇ ਮੇਰੇ ਕੋਲੋਂ ਦੂਰ ਜਾ ਤਿਆਰੀ ਨੂੰ ਜੁੱਟ ਜਾਂਦਾ ਸੀ ।
ਸਮਾਂ ਕਦੋਂ ਕਿਸੇ ਦਾ ਰੋਕਿਆ ਰੁਕਦਾ ਹੈ । ਸਮਾਂ ਤਾਂ ਭੱਜਿਆ ਹੀ ਜਾ ਰਿਹਾ ਸੀ । ਅਖੀਰ ਇੰਟਰਵਿਊ ਦਾ ਦਿਨ ਨੇੜੇ ਆ ਗਿਆ । ਉਸ ਨੂੰ ਕੁਲਬੀਰ ਇੰਟਰਵਿਊ ਤੇ ਲੈ ਗਿਆ ਸਵੇਰੇ ਗਏ ਤੇ ਸ਼ਾਮ ਨੂੰ ਵਾਪਿਸ ਆ ਗਏ । ਉਥੇ ਉਸ ਦੀ ਸਹੇਲੀ ਵੀ ਆਈ ਹੋਈ ਸੀ । ਕੁਲਬੀਰ ਉਸ ਨੂੰ ਵੇਖ ਆਇਆ ਸੀ । ਘਰ ਆ ਕੇ ਉਸ ਨੇ ਰੋਲਾ ਹੀ ਪਾ ਦਿਤਾ ਕਿ ਕੁੜੀ ਤਾਂ ਬਹੁਤ ਹੀ ਸੋਹਣੀ ਹੈ ਨਰਿੰਦਰ ਦਾ ਮੰਗਣਾ ਕਰ ਦਿੱਤਾ ਜਾਵੇ । ਉਸ ਨੇ ਬੇਬੇ ਨਾਲ ਸਲਾਹ ਕਰ ਬਾਪੂ ਜੀ ਨਾਲ ਗੱਲ ਕੀਤੀ । ਬਾਪੂ ਜੀ ਨੇ ਪਰਿਵਾਰ ਬਾਰੇ ਪੁੱਛ ਗਿੱਛ ਕਰਨੀ ਚਾਹੀ ਉਸ ਨੂੰ ਕਿਤਨੀ ਜ਼ਮੀਨ ਆਓਂਦੀ ਹੈ ਪਰਿਵਾਰ ਕਿਡਾ ਕੁ ਹੈ । ਨਰਿੰਦਰ ਨੂੰ ਬਾਪੂ ਨੇ ਕੋਲ ਬਿਠਾ ਕੇ ਉਸ ਨੂੰ ਉਸ ਦੀ ਸਲਾਹ ਪੁੱਛੀ । ਉਹ ਤਾਂ ਪਹਿਲਾਂ ਹੀ ਤਿਆਰ ਸੀ ਪ੍ਰੰਤੂ ਉਸ ਨੂੰ ਪਰਿਵਾਰ ਬਾਰੇ ਕੋਈ ਵੀ ਜਾਣਕਾਰੀ ਨਹੀਂ ਸੀ । ਬਾਪੂ ਜੀ ਨੇ ਪੂਰੀ ਪੜਤਾਲ ਕਰਨ ਉਪਰੰਤ ਤਕ ਅੰਤਿਮ ਫੈਸਲਾ ਟਾਲ ਦਿਤਾ । ਨਰਿੰਦਰ ਉਦਾਸ ਜਿਹਾ ਹੋ ਗਿਆ ਕਿ ਇਹ ਨਵੀਂ ਭਸੂੜੀ ਬਾਪੂ ਜੀ ਨੇ ਪਾ ਦਿਤੀ ਹੈ । ਉਸ ਨੂੰ ਮੈਂ ਹੌਸਲਾ ਦਿਤਾ ਕਿ ਚਿੰਤਾ ਨਾ ਕਰ ਸਭ ਠੀਕ ਹੋ ਜਾਵੇਗਾ । ਮੈਂ ਉਸ ਨੂੰ ਦੱਸਿਆ ਕਿ ਮੇਰੇ ਪੇਕੇ ਵੀ ਕੋਈ ਅਮੀਰ ਨਹੀਂ ਸਨ ਬਾਪੂ ਨੂੰ ਮਹਿੰਦਰ ਨੇ ਮੰਨਾ ਹੀ ਲਿਆ ਸੀ । ਤੇਰਾ ਵੀਰ ਨੂੰ ਕੰਮ ਤੇ ਜਾਣਾ ਚਾਲੂ ਕਰ ਲੈਣ ਦੇ ਫੇਰ ਕਿਸੇ ਦਿਨ ਉਸ ਨੂੰ ਨਾਲ ਲੈ ਕੇ ਸਭ ਕੁਝ ਪੜਤਾਲ ਲਵਾਂਗੇ ਤੇ ਤੂੰ ਤਾਂ ਡ੍ਰਾਈਵਰ ਬਣ ਨਾਲ ਹੀ ਚਲੇਂਗਾ । ਇਹ ਸੁਣ ਨਰਿੰਦਰ ਦੇ ਚੇਹਰੇ ਤੇ ਰੌਣਕ ਝਲਕਣ ਲੱਗੀ ।
ਸੋਮਵਾਰ ਮਹਿੰਦਰ ਨੂੰ ਨਾਲ ਲੈ ਕੇ ਮੈਂ ਤੇ ਨਰਿੰਦਰ ਡਾਕਟਰ ਨੂੰ ਵਿਖਾਉਣ ਲਈ ਗਏ । ਡਾਕਟਰ ਨੇ ਦੇਖ ਕੇ ਦੱਸਿਆ ਕਿ ਮਹਿੰਦਰ ਦੀ ਹਾਲਤ ਠੀਕ ਹੈ ਇਹ ਹੁਣ ਕੰਮ ਤੇ ਜਾ ਸਕਦੇ ਹਨ ਪ੍ਰੰਤੂ ਕੁਝ ਦਿਨ ਕਾਰ ਨਾ ਚਲਾਉਣ ਤੇ ਪੰਦਰਾਂ ਦਿਨ ਠਹਿਰ ਕੇ ਆਪ ਚਲਾ ਕੇ ਜਾ ਸਕਣਗੇ । ਉਤਨਾ ਚਿਰ ਹੋ ਸਕੇ ਤਾਂ ਡ੍ਰਾਈਵਰ ਲੈ ਜਾਇਆ ਕਰੇ ਤੇ ਲੈ ਆਇਆ ਕਰੇ । ਨਰਿੰਦਰ ਨੇ ਮਨ ਹੀ ਮਨ ਸੋਚਿਆ ਮੈਂ ਤਾਂ ਹੁਣ ਵੇਹਲਾ ਹੀ ਹਾਂ । ਵੀਰ ਮਹਿੰਦਰ ਨੂੰ ਕੰਮ ਤੇ ਮੈਂ ਹੀ ਲੈ ਜਾਇਆ ਕਰੂੰਗਾ । ਮੈਂ ਵੀਰ ਨਾਲ ਤੇ ਭਾਬੀ ਨਾਲ ਕਿਸੇ ਦਿਨ ਸੁਰਜੀਤ ਦੇ ਘਰ ਬਾਰੇ ਵੀ ਪਤਾ ਲੈ ਆਵਾਂਗੇ । ਇਹ ਵਿਚਾਰ ਮਨ ਵਿਚ ਲੈ ਨਰਿੰਦਰ, ਮਹਿੰਦਰ ਤੇ ਭਾਬੀ ਨੂੰ ਘਰ ਲੈ ਆਇਆ । ਘਰ ਜਦੋਂ ਪਤਾ ਲਗਾ ਕਿ ਮਹਿੰਦਰ ਹੁਣ ਠੀਕ ਹੈ ਤੇ ਕੰਮ ਤੇ ਵੀ ਜਾ ਸਕਦਾ ਹੈ । ਪਰਿਵਾਰ ਵਿਚ ਖੁਸ਼ੀ ਦੀ ਲਹਿਰ ਦੌੜ ਗਈ । ਬੇਬੇ ਨੇ ਅਗਲੇ ਦਿਨ ਗੁਰਦਵਾਰੇ ਜਾ ਅਰਦਾਸ ਕਰਵਾਈ ।
ਡ੍ਰਾਈਵਰ ਲੱਭਣ ਤਕ ਨਰਿੰਦਰ ਨੇ ਕਿਹਾ ਵੀਰ ਮਹਿੰਦਰ ਨੂੰ ਮੈਂ ਹੀ ਲੈ ਜਾਵਾਂਗਾ ਅਤੇ ਛੁਟੀ ਸਮੇਂ ਵਾਪਸ ਲੈ ਆਇਆ ਕਰਾਂਗਾ । ਇਹ ਸੁਣ ਕ੍ਰਿਸ਼ਨਾ ਭਾਬੀ ਨੂੰ ਤਸੱਲੀ ਹੋ ਗਈ ਕਿ ਨਰਿੰਦਰ ਆਪਣੇ ਭਰਾ ਦਾ ਧਿਆਨ ਰੱਖੇਗਾ ਤੇ ਉਸ ਨੂੰ ਸਮੇਂ ਸਿਰ ਹੀ ਲੈ ਜਾਇਆ ਕਰੇਗਾ ਤੇ ਸਮੇਂ ਤੇ ਹੀ ਵਾਪਿਸ ਲੈ ਆਵੇਗਾ । ਸਮਾਂ ਨੇ ਆਪਦੀ ਰਫਤਾਰ ਫੜ ਲਈ ਮਹਿੰਦਰ ਕੰਮ ਤੇ ਜਾਂਦਾ ਅਤੇ ਵੇਲੇ ਨਾਲ ਹੀ ਘਰ ਵਾਪਸ ਆ ਜਾਇਆ ਕਰਦਾ ਸੀ । ਇਕ ਦਿਨ ਜਦੋਂ ਮਹਿੰਦਰ ਆਪਣੇ ਕੰਮ ਤੇ ਸੀ ਉਸ ਨੂੰ ਅਚਾਨਕ ਉਲਟੀ ਆਈ ਅਤੇ ਉਸ ਵਿਚ ਖੂਨ ਸੀ ਅਤੇ ਹਾਲੇ ਨਰਿੰਦਰ ਉਥੇ ਹੀ ਸੀ ਉਸ ਨੀਂ ਆਵਾਜ਼ ਮਾਰੀ ਉਹ ਝੱਟ ਮਹਿੰਦਰ ਕੋਲ ਚਲਾ ਗਿਆ ਉਸ ਦੀ ਹਾਲਤ ਦੇਖ ਉਹ ਉਸ ਨੂੰ ਡਾਕਟਰ ਕੋਲ ਲੈ ਗਿਆ ਡਾਕਟਰ ਨੇ ਦੇਖਿਆ ਤੇ ਦੱਸਿਆ ਹਾਲਤ ਗੰਭੀਰ ਹੈ ਇਸ ਨੂੰ ਦਾਖਲ ਕਰ ਲੈਨੇ ਹਾਂ ਦਵਾਈ ਦੇ ਦਿਤੀ ਗਈ ਅਤੇ ਦਾਖਿਲ ਕਰ ਲਿਆ ਗਿਆ । ਨਰਿੰਦਰ ਨੇ ਘਰ ਸੁਨੇਹਾ ਘਲ ਦਿਤਾ । ਘਰ ਭਾਜੜ ਹੀ ਪੈ ਗਈ ਕ੍ਰਿਸ਼ਨਾ ਅਤੇ ਬੇਬੇ ਮਨਜੀਤ ਨੂੰ ਨਾਲ ਲੈ ਹਸਪਤਾਲ ਪੁੱਜ ਗਈਆਂ । ਜਦੋਂ ਉਹ ਪਹੁੰਚੀਆਂ ਤਾਂ ਵੇਖਿਆ ਕਿ ਮਹਿੰਦਰ ਨੂੰ ਖੂਨ ਦੀ ਉਲਟੀ ਆਈ ਹੋਈ ਸੀ ਡਾਕਟਰ ਆਇਆ ਉਸ ਨੇ ਦੇਖਿਆ । ਮਹਿੰਦਰ ਨੂੰ ਟੀਕੇ ਲਾਉਣ ਲਈ ਤਿਆਰੀ ਕਰਨ ਲਈ ਨਰਸ ਨੂੰ ਕਿਹਾ । ਹਾਲੇ ਉਹ ਟੀਕੇ ਲੈ ਕੇ ਆਈ ਹੀ ਸੀ ਡਾਕਟਰ ਦੀ ਨਿਗਰਾਨੀ ਵਿਚ ਟੀਕਾ ਲਾਇਆ ਜਾਣਾ ਸੀ ਮਹਿੰਦਰ ਇੱਕ ਪਾਸੇ ਵਲ ਡਿਗ ਪਿਆ ਸਿਧਾ ਕੀਤਾ ਤਾਂ ਡਾਕਟਰ ਨੇ ਦੇਖਿਆ ਕਿ ਕਹਾਣੀ ਤਾਂ ਖਤਮ ਹੋ ਚੁਕੀ ਸੀ । ਡਾਕਟਰ ਨੇ ਨਾਂਹ ਵਿਚ ਸਿਰ ਫੇਰ ਦਿਤਾ ਅਤੇ ਆਪ ਉਥੋਂ ਚਲਾ ਗਿਆ । ਚੀਕ ਚਿਹਾੜਾ ਪੈ ਗਿਆ । ਕ੍ਰਿਸ਼ਨਾ ਦੀ ਦੁਨੀਆ ਉਜੜ ਚੁਕੀ ਸੀ । ਬੇਬੇ ਦੀ ਹਾਲਤ ਬਹੁਤ ਮਾੜੀ ਹੋ ਗਈ ਨਰਿੰਦਰ ਭੱਜ ਕੇ ਡਾਕਟਰ ਨੂੰ ਲਿਆਇਆ ਕੇ ਭਾਬੀ ਤੇ ਬੇਬੇ ਨੂੰ ਸੰਭਾਲਿਆ ਜਾਵੇ । ਡਾਕਟਰ ਨੇ ਦਵਾਈਆਂ ਦਿਤੀਆਂ । ਹਾਲਤ ਵਿਚ ਸੁਧਾਰ ਹੋਇਆ ਤਾਂ ਫਿਰ ਘਰ ਜਾਣ ਲਈ ਮਹਿੰਦਰ ਨੂੰ ਕਾਰ ਵਿਚ ਪਾਇਆ ਤੇ ਨਰਿੰਦਰ ਔਖੇ ਸੌਖੇ ਗੱਡੀ ਚਲਾ ਕੇ ਘਰ ਪਹੁੰਚ ਗਿਆ । ਪਰਿਵਾਰ ਵਿਚ ਰੋਣ ਧੌਣ ਸ਼ੁਰੂ ਹੋ ਗਿਆ । ਪਿੰਡ ਵਾਲੇ ਇੱਕਠੇ ਹੋ ਗਏ । ਸਸਕਾਰ ਦੀ ਤਿਆਰੀ ਕਰ ਲਈ ਗਈ । ਸਾਰਾ ਪਿੰਡ ਨਾਲ ਹੋ ਤੁਰਿਆ । ਅੰਤਿਮ ਰਸਮਾਂ ਪੂਰੀਆਂ ਕੀਤੀਆਂ ਗਈਆਂ । ਸਾਰੇ ਪਰਿਵਾਰ ਦਾ ਬੁਰਾ ਹਾਲ ਸੀ । ਕ੍ਰਿਸ਼ਨਾ ਦਾ ਤਾਂ ਬਹੁਤ ਹੀ ਬੁਰਾ ਹਾਲ ਸੀ । ਉਹ ਮਨਜੀਤ ਵਲ ਦੇਖਦੀ ਸੀ ਕਿ ਇਸ ਵਿਚਾਰੇ ਨੇ ਆਪਣੇ ਬਾਪ ਦਾ ਕੀ ਸੁਖ ਵੇਖਿਆ ਹੈ । ਭਾਵੇਂ ਹੋਰ ਚਾਚੇ ਤਾਏ ਹਾਜ਼ਰ ਸਨ । ਬਾਪੂ ਜੀ ਦਾ ਬਹੁਤ ਹੀ ਮਾੜਾ ਹਾਲ ਸੀ ਉਹ ਤਾਂ ਇਹ ਹੀ ਕਹਿ ਰਹੇ ਸਨ ਕਿ ਹੈ ਰੱਬਾ ਤੂੰ ਇਹ ਕੀ ਕਰ ਦਿਤਾ ਹੈ ।
ਘਰ ਵਿਚ ਪਾਠ ਰਖਵਾਇਆ ਗਿਆ ਭੋਗ ਪਾਇਆ ਗਿਆ । ਸਮਾਂ ਅਗੇ ਵੱਲ ਟੁਰਨ ਲੱਗਾ । ਕੁਝ ਦਿਨ ਬੀਤਣ ਤੋਂ ਬਾਅਦ ਮੈਨੂੰ ਰਾਏ ਪੁੱਛੀ ਗਈ ਕਿ ਤੂੰ ਇਥੇ ਰਹਿਣਾ ਹੈ ਜਾਂ ਕਿਸੇ ਨਾਲ ਵਿਆਹ ਕਰਵਾਉਣਾ ਹੈ । ਪਿੰਡ ਦੇ ਰਿਵਾਜ ਅਨੁਸਾਰ ਮੈਨੂੰ ਕਿਹਾ ਗਿਆ ਕਿ ਮੈਂ ਜੇਠ ਦਲਬੀਰ ਨਾਲ ਵਿਆਹ ਕਰਵਾ ਲਵਾਂ ਤਾਂ ਘਰ ਦੀ ਇੱਜਤ ਘਰ ਹੀ ਰਹੇਗੀ । ਜ਼ਮੀਨ ਦਾ ਹਿਸਾ ਵੀ ਘਰ ਵਿਚ ਰਹੇਗਾ ਤੇ ਇਹ ਵੰਡੀ ਨਹੀਂ ਜਾਵੇਗੀ । ਪਹਿਲਾਂ ਵੀ ਜ਼ਮੀਨ ਇਕਠੀ ਹੈ ਉਸੇ ਤਰਾਂ ਇਕਠੀ ਹੀ ਰਹੇਗੀ । ਮੈਂ ਹੁਣ ਬਹੁਤ ਸ਼ਸ਼ੋਪੰਜ ਵਿਚ ਸਾਂ । ਮੈਂ ਰੋ ਰਹੀ ਸੀ ਬੇਬੇ ਮੇਰੇ ਕੋਲ ਬੈਠੀ ਸੀ ਉਹ ਮੇਰੇ ਫੈਸਲੇ ਦੀ ਉਡੀਕ ਵਿਚ ਸੀ । ਅੰਤ ਮੈਂ ਆਪਣੇ ਨਾਲ ਸੋਚ ਵਿਚਾਰ ਕੇ ਆਖਿਆ ਕਿ ਮੈਂ ਹੋਰ ਵਿਆਹ ਨਹੀਂ ਕਰਵਾਂਵਾਂਗੀ ਤੇ ਆਪਣੇ ਮਨਜੀਤ ਦੇ ਆਸਰੇ ਹੀ ਦਿਨ ਕੱਟੀ ਕਰ ਲਵਾਂਗੀ । ਇਹ ਜੁਆਨ ਹੋ ਜਾਵੇਗਾ ਤੇ ਮੇਰੀ ਦੇਖ ਭਾਲ ਕਰੇਗਾ ਇਸ ਤਰਾਂ ਮੈਂ ਆਪਣਾ ਸਮਾਂ ਕੱਢ ਲਵਾਂਗੀ । ਬਾਪੂ ਮੇਰੇ ਇਸ ਫੈਸਲੇ ਤੇ ਖੁਸ਼ ਨਾ ਹੋਏ । ਬੇਬੇ ਵੀ ਚੁੱਪ ਕਰ ਕੇ ਉਥੋਂ ਉੱਠ ਕੇ ਚਲੀ ਗਈ । ਮੇਰੇ ਇਸ ਫੈਸਲੇ ਨਾਲ ਬਾਕੀ ਸਾਕ ਸਬੰਧੀਆਂ ਦਾ ਵੀ ਮੇਰੇ ਨਾਲ ਵਿਹਾਰ ਬਦਲ ਗਿਆ ਸੀ । ਦਿਰਾਣੀਆਂ ਮੇਰੇ ਨਾਲ ਗੱਲ ਕਰਨ ਤੋਂ ਝਿਜਕਦੀਆਂ ਸਨ । ਬਾਪੂ ਜੀ ਨੇ ਤਾਂ ਮੈਥੋਂ ਪਾਸਾ ਹੀ ਵੱਟ ਲਿਆ ਸੀ । ਮੈਨੂੰ ਆਪਣੀ ਸੱਸ ਤੋਂ ਉਮੀਦ ਸੀ ਪ੍ਰੰਤੂ ਉਨ੍ਹਾਂ ਲਈ ਤਾਂ ਮੈਂ ਪਰਾਏ ਘਰ ਦੀ ਧੀ ਹੋ ਗਈ ਸੀ । ਮੈਂ ਮਨਜੀਤ ਨਾਲ ਰੁਝੀ ਰਹਿਣ ਦਾ ਯਤਨ ਕਰਦੀ ਸੀ । ਕੰਮ ਵਾਲੀ ਮੇਰੇ ਕਮਰੇ ਵਿਚ ਆ ਕੇ ਬੈਠ ਜਾਂਦੀ ਸੀ ਅਤੇ ਮੇਰੇ ਨਾਲ ਹਮਦਰਦੀ ਰੱਖਦੀ ਸੀ । ਨਰਿੰਦਰ ਦੀ ਨੌਕਰੀ ਲੱਗ ਗਈ ਸੀ । ਉਸ ਨੇ ਮੈਨੂੰ ਦੱਸ ਦਿਤਾ ਮੈਂ ਵਧਾਈ ਦੇ ਦਿੱਤੀ । ਉਹ ਨੌਕਰੀ ਤੇ ਹਾਜਰ ਹੋ ਗਿਆ ਸੀ ਅਤੇ ਸ਼ਾਮ ਨੂੰ ਘਰ ਵਾਪਿਸ ਆ ਜਾਂਦਾ ਸੀ । ਪਹਿਲੇ ਦਿਨ ਉਹ ਮੇਰੇ ਲਈ ਵੱਖਰਾ ਮਿਠਿਆਈ ਦਾ ਡੱਬਾ ਲਿਆਇਆ ਸੀ ਅਤੇ ਮੇਰੇ ਕੋਲ ਹੀ ਬੈਠ ਖੁਸ਼ੀ ਮਨਾਈ ਸੀ । ਮੈਨੂੰ ਤਸੱਲੀ ਸੀ ਕਿ ਉਹ ਮੇਰੇ ਪ੍ਰਤੀ ਠੀਕ ਸੋਚ ਰੱਖਦਾ ਸੀ ਪ੍ਰੰਤੂ ਮਾਪਿਆਂ ਤੋਂ ਝਿਜਕਦਾ ਕੁਝ ਕਹਿ ਨਹੀਂ ਸਕਦਾ ਸੀ । ਮੇਰੇ ਜੇਠ ਦਲਬੀਰ ਹੁਣ ਕਦੇ ਕਦੇ ਘਰ ਆਉਣ ਲੱਗ ਪਿਆ ਸੀ ਅਤੇ ਆ ਕੇ ਮਨਜੀਤ ਨਾਲ ਖੇਡਣ ਲੱਗ ਜਾਂਦਾ ਸੀ । ਮੈਂ ਉਸ ਨੂੰ ਚਾਹ ਕਰ ਕੇ ਪਿਆ ਦਿਆ ਕਰਦੀ ਸੀ । ਮੇਰੇ ਮਨ ਵਿਚ ਉਸ ਦੀ ਇੱਜਤ ਸੀ ਕਿਓਂ ਜੋ ਉਸ ਨੇ ਮਹਿੰਦਰ ਨੂੰ ਬਚਾਉਣ ਲਈ ਆਪਣਾ ਖੂਨ ਦਿਤਾ ਸੀ । ਪ੍ਰੰਤੂ ਮੇਰੇ ਮਨ ਅੰਦਰ ਉਸ ਨਾਲ ਉਮਰ ਗੁਜ਼ਾਰਨ ਦਾ ਕੋਈ ਖਿਆਲ ਕਦੇ ਨਹੀਂ ਆਇਆ ਸੀ । ਪਰ ਉਹ ਆਪਣੇ ਵਲੋਂ ਕੋਸ਼ਿਸ਼ ਕਰ ਰਿਹਾ ਲਗਦਾ ਸੀ ਕਿ ਸ਼ਾਇਦ ਮੇਰਾ ਮਨ ਬਦਲ ਜਾਵੇ ਤੇ ਮੈਂ ਉਸ ਨਾਲ ਵਿਆਹ ਕਰਵਾਉਣ ਲਈ ਰਾਜ਼ੀ ਹੋ ਜਾਂਵਾਂ । ਪਰਿਵਾਰ ਵਿਚ ਬਾਪੂ ਤੋਂ ਬਾਅਦ ਉਸ ਦਾ ਨੰਬਰ ਹੋਣ ਕਾਰਨ ਮੈਂ ਉਨ੍ਹਾਂ ਦੀ ਇੱਜਤ ਕਰਦੀ ਸੀ ।
ਮੈਂ ਨਰਿੰਦਰ ਨੂੰ ਆਖ ਕੇ ਆਪਣੇ ਕਾਗਜ਼ ਪੱਤਰ ਤਿਆਰ ਕਰਵਾ ਕੇ ਤਰਸ ਦੇ ਅਧਾਰ ਤੇ ਨੌਕਰੀ ਲਈ ਅਰਜ਼ੀ ਭਿਜਵਾ ਦਿਤੀ ਸੀ ਮੈਨੂੰ ਉਮੀਦ ਸੀ ਕਿ ਮੈਨੂੰ ਸਰਕਾਰੀ ਨੌਕਰੀ ਮਿਲ ਜਾਵੇਗੀ । ਨਰਿੰਦਰ ਰੋਜ਼ਾਨਾ ਕੰਮ ਤੇ ਜਾਣ ਲੱਗ ਪਿਆ ਸੀ । ਵਾਪਸ ਆ ਉਹ ਮਨਜੀਤ ਨਾਲ ਖੇਡ ਲੈਂਦਾ ਸੀ ਮੈਂ ਉਸ ਨੂੰ ਚਾਹ ਪਾਣੀ ਆਦਿ ਦੇ ਦਿਆ ਕਰਦੀ ਸੀ । ਇਕ ਦਿਨ ਉਸ ਨੇ ਆਕੇ ਦੱਸਿਆ ਕਿ ਸੁਰਜੀਤ ਦੇ ਘਰ ਦੇ ਉਸ ਦਾ ਰਿਸ਼ਤਾ ਕਿਧਰੇ ਹੋਰ ਕਰਨ ਦੀ ਸੋਚ ਰਹੇ ਹਨ । ਮੈਂ ਉਸ ਨੂੰ ਕਾਰਨ ਪੁੱਛਿਆ ਤਾਂ ਉਹ ਕਹਿੰਦਾ ਕਿ ਜੇ ਕਰ ਤੇਰੇ ਘਰ ਦੇ ਤਿਆਰ ਨਹੀਂ ਹਨ ਤਾਂ ਆਪਾਂ ਘਰੋਂ ਭੱਜ ਕੇ ਕੋਰਟ ਵਿਚ ਜਾ ਕੇ ਵਿਆਹ ਕਰਵਾ ਲਈਏ । ਇਸ ਲਈ ਮੈਂ ਤਿਆਰ ਨਹੀਂ ਹਾਂ । ਇਧਰ ਬਾਪੂ ਜੀ ਨੇ ਉਨ੍ਹਾਂ ਦੀ ਜ਼ਮੀਨ ਘਟ ਹੋਣ ਕਾਰਨ ਜਵਾਬ ਦੇ ਦਿਤਾ ਹੈ । ਮੈਂ ਉਸ ਨੂੰ ਦੱਸਿਆ ਕਿ ਬਾਪੂ ਜੀ ਤਾਂ ਮੇਰੇ ਨਾਲ ਵੀ ਨਰਾਜ਼ ਹਨ ਕਿਓਂ ਜੋ ਮੈਂ ਦਲਬੀਰ ਨਾਲ ਵਿਆਹ ਤੋਂ ਇਨਕਾਰ ਕਰ ਦਿਤਾ ਹੈ । ਤੂੰ ਬੇਬੇ ਨਾਲ ਗੱਲ ਕਰ ਦੇਖ । ਉਸ ਨੇ ਕਿਹਾ ਮੈਂ ਬੇਬੇ ਨੂੰ ਦੱਸਿਆ ਹੈ ਉਨ੍ਹਾਂ ਨੇ ਵੀ ਜ਼ਮੀਨ ਘਟ ਹੋਣ ਕਾਰਨ ਰਿਸ਼ਤਾ ਕਰਨ ਤੋਂ ਨਾਂਹ ਕਰ ਦਿਤੀ ਹੈ । ਮੈਂ ਕਿਹਾ ਨਰਿੰਦਰ ਇਹ ਤਾਂ ਮੈਂ ਵੀ ਨਹੀਂ ਚਾਹੁੰਦੀ ਕੇ ਤੂੰ ਬਾਗੀ ਹੋ ਕੋਰਟ ਵਿਚ ਵਿਆਹ ਕਰਾਵੇਂ । ਜੇ ਉਸ ਨੂੰ ਤੇਰੇ ਪਿਆਰ ਦੀ ਕਦਰ ਹੈ ਤਾਂ ਉਹ ਕੁਝ ਦੇਰ ਇੰਤਜ਼ਾਰ ਕਰ ਲਵੇ । ਨਰਿੰਦਰ ਨੇ ਦੱਸਿਆ ਕਿ ਉਸ ਦੇ ਮਾਪੇ ਹੋਰ ਨਹੀਂ ਰੁਕ ਸਕਦੇ ਕਿਓਂਕਿ ਬਾਪੂ ਹੋਰਾਂ ਨੇ ਉਨ੍ਹਾਂ ਨੂੰ ਆਪਣੀ ਨਾਂਹ ਭੇਜ ਦਿਤੀ ਹੈ ।
ਇਸ ਵਿਚਾਰ ਵਟਾਂਦਰੇ ਨੂੰ ਕੁਝ ਸਮਾਂ ਬੀਤ ਗਿਆ ਉਹ ਉਦਾਸ ਰਹਿੰਦਾ ਸੀ । ਇਕ ਦਿਨ ਮਨਜੀਤ ਨੂੰ ਡਾਕਟਰ ਕੋਲ ਲੈ ਕੇ ਜਾਣਾ ਸੀ ਮੈਂ ਨਰਿੰਦਰ ਨੂੰ ਕਿਹਾ ਕਿ ਮੇਰੇ ਨਾਲ ਚਲੇ । ਉਹ ਤਿਆਰ ਹੋ ਗਿਆ । ਅਸੀਂ ਚਲੇ ਗਏ । ਇਸ ਵਾਰ ਕੋਈ ਵੀ ਹੋਰ ਸਾਡੇ ਨਾਲ ਨਹੀਂ ਸੀ । ਮੈਂ ਉਸ ਨੂੰ ਦੱਸਿਆ ਕਿ ਦਲਬੀਰ ਨਾਲ ਤਾਂ ਮੈਂ ਬਿਲਕੁਲ ਵਿਆਹ ਨਹੀਂ ਕਰਵਾਉਣਾ । ਜੇ ਕਰ ਤੂੰ ਚਾਹੇ ਤਾਂ ਆਪਾਂ ਇਕੱਠੇ ਜੀਵਨ ਗੁਜ਼ਾਰਨ ਬਾਰੇ ਵਿਚਾਰ ਸਕਦੇ ਹਾਂ । ਉਹ ਚੁੱਪ ਕਰ ਗਿਆ ਤੇ ਮੈਨੂੰ ਸੋਚ ਕੇ ਦੱਸਣ ਬਾਰੇ ਆਖ ਦਿਤਾ । ਅਸੀਂ ਦਵਾਈ ਲੈ ਕੇ ਘਰ ਆ ਗਏ । ਮਨਜੀਤ ਦੀ ਤਬੀਅਤ ਠੀਕ ਨਾ ਹੋਈ ਤੇ ਹੋਰ ਵਿਗੜ ਗਈ । ਮੈਂ ਨਰਿੰਦਰ ਨੂੰ ਆਵਾਜ਼ ਦਿਤੀ ਕਿ ਮਨਜੀਤ ਠੀਕ ਨਹੀਂ ਹੁਣੇ ਡਾਕਟਰ ਕੋਲ ਜਾਣਾ ਹੈ । ਸ਼ਾਮ ਦਾ ਵੇਲਾ ਸੀ । ਉਹ ਝਟਪਟ ਤਿਆਰ ਹੋ ਗਿਆ ਤੇ ਬਿਨਾ ਸਮਾਂ ਗੁਆਏ ਅਸੀਂ ਡਾਕਟਰ ਕੋਲ ਪੁੱਜ ਗਏ ਉਸ ਦੇਖਿਆ ਤੇ ਦਵਾਈ ਸ਼ੁਰੂ ਕਰ ਦਿਤੀ ਤੇ ਰਾਤ ਨੂੰ ਹਸਪਤਾਲ ਵਿਚ ਰੁਕਣ ਲਈ ਕਿਹਾ । ਨਰਿੰਦਰ ਨੇ ਮੇਰੇ ਨਾਲ ਹੀ ਰੁਕਣਾ ਮਨਜ਼ੂਰ ਕਰ ਲਿਆ । ਅਸੀਂ ਦੋਹਾਂ ਨੇ ਸਾਰੀ ਰਾਤ ਜਾਗ ਕੇ ਗੁਜ਼ਾਰੀ । ਮਨਜੀਤ ਦੀ ਹਾਲਤ ਠੀਕ ਨਾ ਹੋਈ । ਅਚਾਨਕ ਉਸ ਨੇ ਰੋਣਾ ਸ਼ੁਰੂ ਕਰ ਦਿਤਾ ਤੇ ਚੁੱਪ ਨਹੀਂ ਕਰ ਰਿਹਾ ਸੀ । ਨਰਸ ਡਾਕਟਰ ਨੂੰ ਉਠਾ ਲਿਆਈ । ਡਾਕਟਰ ਹਾਲਤ ਦੇਖੀ ਤੇ ਕਿਹਾ ਕਿ ਮਨਜੀਤ ਦੀ ਹਾਲਤ ਨਾਜ਼ੁਕ ਹੈ । ਉਸ ਨੇ ਫੇਰ ਟੀਕਾ ਲਾਉਣ ਲਈ ਆਖਿਆ ਤੇ ਨਰਸ ਨੇ ਡਾਕਟਰ ਦੀ ਹਾਜ਼ਰੀ ਵਿੱਚ ਟੀਕਾ ਲਾ ਦਿਤਾ । ਮਨਜੀਤ ਨੇ ਹੋਰ ਉੱਚੀ ਰੋਣਾ ਸ਼ੁਰੂ ਕਰ ਦਿੱਤਾ । ਉਸ ਦੀ ਹਾਲਤ ਵਿਗੜਦੀ ਜਾ ਰਹੀ ਸੀ । ਡਾਕਟਰ ਨੇ ਹੋਰ ਦਵਾਈਆਂ ਦਿਤੀਆਂ । ਥੋੜੇ ਸਮੇਂ ਲਈ ਮਨਜੀਤ ਚੁੱਪ ਕਰ ਗਿਆ । ਕ੍ਰਿਸ਼ਨਾ ਨੂੰ ਲੱਗਿਆ ਕਿ ਹਾਲਤ ਸੁਧਰ ਰਹੀ ਹੈ । ਨਰਿੰਦਰ ਨੇ ਅੱਖ ਲਾ ਲਈ ਅਤੇ ਕੁਰਸੀ ਤੇ ਹੀ ਟੇਢਾ ਹੋ ਗਿਆ । ਕ੍ਰਿਸ਼ਨਾ ਜਾਗ ਰਹੀ ਸੀ ਅਤੇ ਸੋਚਾਂ ਵਿਚ ਸੀ ਕਿ ਮਨਜੀਤ ਨੂੰ ਦਵਾਈ ਰਾਸ ਆ ਗਈ ਹੈ । ਡਾਕਟਰ ਵੀ ਵਾਪਿਸ ਅਰਾਮ ਕਰਨ ਚਲਾ ਗਿਆ । ਸਵੇਰੇ ਦੇ ਚਾਰ ਵੱਜ ਗਏ ਸਨ । ਮਨਜੀਤ ਨੇ ਫੇਰ ਰੋਣਾ ਸ਼ੁਰੂ ਕਰ ਦਿਤਾ । ਮਨਜੀਤ ਨੂੰ ਦਵਾਈ ਦੇ ਨਸ਼ੇ ਵਿਚ ਨੀਂਦ ਆ ਗਈ ਜਾਪਦੀ ਸੀ । ਹਾਲਤ ਬਦ ਤੋਂ ਬਦਤਰ ਹੋ ਗਈ ਜਾਪਦੀ ਸੀ । ਨਰਿੰਦਰ ਨੂੰ ਜਾਪਿਆ ਕਿ ਮਨਜੀਤ ਦੀ ਹਾਲਤ ਡਾਕਟਰ ਦੀ ਸਮਝ ਤੋਂ ਬਾਹਰ ਹੈ ਉਸ ਨੇ ਡਾਕਟਰ ਨੂੰ ਸਲਾਹ ਕੀਤੀ ਕਿ ਜੇ ਠੀਕ ਸਮਝੋ ਤਾਂ ਮਨਜੀਤ ਨੂੰ ਕਿਸੇ ਹੋਰ ਡਾਕਟਰ ਨੂੰ ਵਿਖਾ ਲਿਆ ਜਾਵੇ । ਡਾਕਟਰ ਨੇ ਕਿਹਾ ਇਹ ਤਾਂ ਤੁਹਾਡੀ ਮਰਜ਼ੀ ਹੈ । ਦਵਾਈ ਤਾਂ ਇਹ ਹੀ ਚਲਣੀ ਹੈ । ਹਾਲੇ ਵਿਚਾਰ ਵਟਾਂਦਰਾ ਕਰ ਹੀ ਰਹੇ ਸਨ ਕਿ ਮਨਜੀਤ ਇੱਕ ਦਮ ਚੁੱਪ ਕਰ ਗਿਆ ਤੇ ਬੇਹੋਸ਼ ਹੋ ਗਿਆ । ਡਾਕਟਰ ਨੇ ਤੁਰੰਤ ਦਵਾਈ ਚਾਲੂ ਕਰ ਦਿਤੀ । ਹਾਲੇ ਦਵਾਈ ਨੂੰ ਕੁਝ ਸਮਾਂ ਹੀ ਹੋਇਆ ਸੀ ਕਿ ਮਨਜੀਤ ਔਖੇ ਔਖੇ ਸਾਹ ਲੈਣ ਲੱਗ ਪਿਆ । ਡਾਕਟਰ ਕੋਲ ਹੀ ਸੀ ਉਸ ਨੇ ਹੋਰ ਦਵਾਈ ਦੇਣ ਲਈ ਆਖਿਆ । ਨਰਸ ਦਵਾਈ ਲਿਆਈ ਹੀ ਸੀ ਕਿ ਮਨਜੀਤ ਦਾ ਸਾਹ ਬੰਦ ਹੋ ਗਿਆ ਤੇ ਇਕ ਪਾਸੇ ਨੂੰ ਲੁੜਕ ਗਿਆ ਡਾਕਟਰ ਨੇ ਫਿਰ ਦੇਖਿਆ ਤੇ ਸਿਰ ਮਾਰ ਦਿਤਾ ਕਿ ਮਨਜੀਤ ਤਾਂ ਅਗਲੀ ਦੁਨੀਆ ਦਾ ਵਾਸੀ ਹੋ ਗਿਆ ਹੈ । ਕ੍ਰਿਸ਼ਨਾ ਰੋਣ ਪਿੱਟਣ ਲੱਗ ਪਈ । ਉਸ ਦਾ ਇਕੋ ਇੱਕ ਆਸਰਾ ਵੀ ਰੱਬ ਨੇ ਖੋਹ ਲਿਆ ਸੀ । ਉਸ ਨੂੰ ਚਾਰ ਚੁਫੇਰੇ ਅੰਧੇਰਾ ਦਿਸਣ ਲੱਗ ਪਿਆ । ਨਰਿੰਦਰ ਵੀ ਜ਼ਾਰ ਜ਼ਾਰ ਰੋ ਰਿਹਾ ਸੀ । ਘਰੇ ਖਬਰ ਕਰ ਦਿਤੀ ਗਈ । ਅਤੇ ਦੱਸ ਦਿਤਾ ਕਿ ਅਸੀਂ ਛੇਤੀ ਹੀ ਘਰ ਆ ਰਹੇ ਹਾਂ । ਨਰਿੰਦਰ ਤੇ ਕ੍ਰਿਸ਼ਨਾ ਕਾਰ ਵਿਚ ਮਨਜੀਤ ਨੂੰ ਲੈ ਕੇ ਚਲ ਪਏ । ਮਨਜੀਤ ਕ੍ਰਿਸ਼ਨਾ ਦੀ ਗੋਦੀ ਵਿਚ ਸੀ । ਕ੍ਰਿਸ਼ਨਾ ਰੋ ਰਹੀ ਸੀ । ਉਸ ਦਾ ਬੁਰਾ ਹਾਲ ਸੀ । ਨਰਿੰਦਰ ਦੁਖੀ ਮਨ ਨਾਲ ਕਾਰ ਚਲਾ ਰਿਹਾ ਸੀ । ਕੁਝ ਹੀ ਦੇਰ ਵਿਚ ਉਹ ਪਿੰਡ ਪੁੱਜ ਗਏ । ਘਰ ਵਿਚ ਚੀਕ ਚਿਹਾੜਾ ਮੱਚ ਗਿਆ । ਬਾਪੂ ਬੇਬੇ ਦੀ ਹਾਲਤ ਦੇਖਿਆ ਹੀ ਬਣਦੀ ਸੀ । ਸਾਰੇ ਇਸ ਅਣਹੋਣੀ ਤੇ ਹੈਰਾਨ ਸਨ । ਕਿਸੇ ਨੂੰ ਵੀ ਇਹ ਉਮੀਦ ਨਹੀਂ ਸੀ । ਲਗਦਾ ਸੀ ਕੁਝ ਦੇਰ ਬਾਅਦ ਠੀਕ ਹੋ ਘਰ ਆ ਜਾਵੇਗਾ । ਪਰਮਾਤਮਾ ਨੇ ਘਰ ਵਿਚ ਅਣਹੋਣੀ ਕਰ ਦਿਤੀ ਸੀ ।ਬਾਬਾ ਫ਼ਰੀਦ ਦੇ ਸਲੋਕ ਅਨੁਸਾਰ ਕੇਲ ਕਰੇਂਦੇ ਹੰਝ ਨੂੰ ਅਚਿੰਤੇ ਬਾਜ਼ ਆ ਪਏ ਸਨ । ਆਖਰੀ ਰਸਮਾਂ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਸਨ । ਦੁਨਿਆਵੀ ਰੀਤੀ ਰਿਵਾਜ ਅਨੁਸਾਰ ਕਿਰਿਆਵਾਂ ਤਾਂ ਕੀਤੀਆਂ ਹੀ ਜਾਣੀਆਂ ਸਨ ਜਦੋਂ ਮਨਜੀਤ ਨੂੰ ਘਰੋਂ ਲੈ ਕੇ ਚਲੇ ਸਨ ਲਗਭਗ ਪੂਰਾ ਪਿੰਡ ਇਸ ਅਣਹੋਣੀ ਮੌਤ ਤੇ ਨਾਲ ਨਾਲ ਹੀ ਚਲ ਰਿਹਾ ਸੀ । ਪਰਿਵਾਰ ਵਿਚ ਘੋਰ ਉਦਾਸੀ ਛਾਈ ਹੋਈ ਸੀ ਸਾਰਿਆਂ ਦੀਆਂ ਅੱਖਾਂ ਨੀਰ ਵਹਾ ਰਹੀਆਂ ਸਨ । ਇਸ ਦੁੱਖ ਦੀ ਘੜੀ ਵਿਚ ਕ੍ਰਿਸ਼ਨਾ ਦੀਆਂ ਅੱਖਾਂ ਦਾ ਨੀਰ ਤਾਂ ਹੁਣ ਤਕ ਸੁੱਕ ਹੀ ਚੁਕਾ ਸੀ । ਪਰਿਵਾਰ ਅੰਤਿਮ ਰਸਮ ਤੋਂ ਬਾਅਦ ਘਰ ਆ ਗਿਆ ਤੇ ਪਿੰਡ ਵਾਲੇ ਵੀ ਆਪੋ ਆਪਣੀ ਘਰਾਂ ਵਿਚ ਚਲੇ ਗਏ ਸਨ । ਪਿੰਡ ਵਿਚ ਪੂਰੀ ਤਰਾਂ ਸੋਗ ਮਨਾਇਆ ਜਾ ਰਿਹਾ ਸੀ ।
ਸਮੇਂ ਨੇ ਆਪਣੀ ਚਾਲ ਤਾਂ ਮੱਧਮ ਨਹੀਂ ਕੀਤੀ ਸੀ । ਸੂਰਜ ਆਪਣੇ ਸਮੇਂ ਅਨੁਸਾਰ ਅਗਲੇ ਦਿਨ ਵੀ ਨਿਕਲਿਆ ਸੀ । ਦਿਨ ਬ ਦਿਨ ਹਾਲਤ ਬਦਲ ਰਹੇ ਸੀ । ਜੇ ਕਰ ਪਰਮਾਤਮਾ ਦੁੱਖ ਦੀ ਘੜੀ ਲਿਆਵੰਦਾ ਹੈ ਤਾਂ ਉਸ ਦੁੱਖ ਨੂੰ ਸਹਿਣ ਕਰਨ ਦੀ ਸ਼ਕਤੀ ਵੀ ਬਖਸ਼ਦਾ ਹੈ । ਕ੍ਰਿਸ਼ਨਾ ਨੇ ਹੁਣ ਸਾਰੀ ਦੁਨੀਆ ਦਾ ਮੁਕਾਬਲਾ ਇਕੱਲਿਆਂ ਹੀ ਕਰਨਾ ਸੀ । ਬਾਪੂ ਦਾ ਸਵਾਲ ਇਸ ਨਵੇਂ ਹਾਲਤ ਨਾਲ ਸਿੱਝਣ ਲਈ ਕੀ ਕਰਨਾ ਹੈ । ਇਹ ਸਵਾਲ ਕ੍ਰਿਸ਼ਨਾ ਦੇ ਅੱਗੇ ਖੜੋਤਾ ਸੀ । ਇਕ ਦਿਨ ਬੇਬੇ ਨੇ ਫਿਰ ਕ੍ਰਿਸ਼ਨਾ ਨੂੰ ਪੁੱਛਿਆ ਕਿ ਹੁਣ ਤੁਸੀਂ ਕਿਵੇਂ ਕਰਨਾ ਹੈ । ਦਲਬੀਰ ਨਾਲ ਬਾਕੀ ਉਮਰ ਕੱਟਣੀ ਹੈ ਜਾਂ ਕਿਸੇ ਹੋਰ ਨਾਲ ਵਿਆਹ ਕਰਵਾਉਣਾ ਹੈ । ਤੂੰ ਹੁਣ ਨਿਆਣੀ ਤਾਂ ਹੈ ਨਹੀਂ ਤੈਨੂੰ ਸਮਝ ਹੈ ਇਕੱਲੀ ਜ਼ਨਾਨੀ ਦੇ ਲਈ ਸਮਾਂ ਬਿਤਾਉਣਾ ਬਿਖੜੇ ਰਾਹ ਜਿਹਾ ਹੁੰਦਾ ਹੈ । ਜ਼ਿੰਦਗੀ ਦੇ ਸਫ਼ਰ ਵਿਚ ਟੋਏ ਟਿੱਬੇ ਹੀ ਰਹਿੰਦੇ ਹਨ । ਜੇ ਵੇਲੇ ਸਿਰ ਸਹੀ ਫੈਸਲਾ ਕਰ ਲਿਆ ਜਾਵੇ ਤਾਂ ਆਸਾਨੀ ਰਹਿੰਦੀ ਹੈ ਨਹੀਂ ਤਾਂ ਸਾਰੀ ਉਮਰ ਕੰਡੇ ਹੀ ਚੁਗਣੇ ਪੈਂਦੇ ਹਨ । ਕ੍ਰਿਸ਼ਨਾ ਨੇ ਕਿਹਾ ਕਿ ਉਹ ਸੋਚ ਕੇ ਦੱਸੇਗੀ ਕਿ ਉਹ ਆਪਣੇ ਬਿਖੜੇ ਰਾਹ ਨੂੰ ਕਿਵੇਂ ਪਾਰ ਕਰੇਗੀ । ਕੁਝ ਦਿਨ ਇਸ ਤਰਾਂ ਬੀਤ ਗਏ । ਘਰ ਵਿਚ ਜੋ ਵੀ ਆਓਂਦਾ ਸੀ ਕ੍ਰਿਸ਼ਨਾ ਨੂੰ ਵਿਆਹ ਦੀ ਸਲਾਹ ਹੀ ਦਿੰਦਾ ਸੀ । ਇਕੱਲੀ ਔਰਤ ਨੂੰ ਖੇਤੀ ਦਾ ਕੰਮ ਸੰਭਾਲਣਾ ਵੀ ਮੁਸ਼ਕਿਲ ਹੁੰਦਾ ਹੈ । ਬਾਪੂ ਤੇ ਬੇਬੇ ਨਹੀਂ ਚਾਹੁੰਦੇ ਸੀ ਕ੍ਰਿਸ਼ਨਾ ਕਿਸੇ ਹੋਰ ਨਾਲ ਕਾਜ ਰਚਾਵੇ ਕਿਓਂ ਜੋ ਇਸ ਨਾਲ ਉਹ ਆਪਣੇ ਹਿੱਸੇ ਦੀ ਜ਼ਮੀਨ ਵੀ ਵੰਡ ਲਵੇਗੀ । ਪਿੰਡ ਦੀ ਪੰਚਾਇਤ ਨੇ ਵੀ ਦਲਬੀਰ ਨਾਲ ਵਿਆਹ ਕਰਵਾਉਣ ਦੀ ਸਲਾਹ ਦਿਤੀ ਸੀ ਜਿਸ ਲਈ ਕ੍ਰਿਸ਼ਨਾ ਬਿਲਕੁਲ ਵੀ ਤਿਆਰ ਨਹੀਂ ਸੀ । ਦਲਬੀਰ ਵੀ ਆਪਣੇ ਵਲੋਂ ਜਾਲ ਵਿਚ ਫਸਾਉਣ ਦੀ ਕੋਸ਼ਿਸ਼ ਵਿਚ ਸੀ । ਉਸ ਦੀ ਕੋਈ ਵੀ ਚਾਲ ਸਫਲ ਨਹੀਂ ਹੋ ਰਹੀ ਸੀ । ਨਰਿੰਦਰ ਨੇ ਇਸ ਸਾਰੇ ਮਾਮਲੇ ਵਿਚ ਚੁੱਪ ਵੱਟੀ ਹੋਈ ਸੀ । ਘਰ ਦਿਆਂ ਨੂੰ ਇਹ ਮਹਿਸੂਸ ਹੌਂ ਰਿਹਾ ਸੀ ਕਿ ਕ੍ਰਿਸ਼ਨਾ ਆਪਣੀ ਜ਼ਮੀਨ ਦਾ ਹਿਸਾ ਲੈ ਕੇ ਵੱਖਰੇ ਤੌਰ ਤੇ ਜ਼ਿੰਦਗੀ ਗੁਜ਼ਾਰਨਾ ਚਾਹੁੰਦੀ ਹੈ । ਇਕ ਦਿਨ ਕ੍ਰਿਸ਼ਨਾ ਆਪਣੇ ਕਮਰੇ ਵਿਚ ਸੀ ਕਿ ਇਕ ਦਮ ਚਾਰ ਪੰਜ ਬੰਦੇ ਉਸ ਦੇ ਕਮਰੇ ਵਿਚ ਘੁਸ ਆਏ ਸਭ ਦੇ ਮੂੰਹ ਬੰਨੇ ਹੋਏ ਸਨ । ਉਨ੍ਹਾਂ ਵਿਚ ਇੱਕ ਨੇ ਸਰਹਾਣੇ ਦੀ ਮਦਦ ਨਾਲ ਉਸ ਦਾ ਗੱਲ ਘੁਟਣਾ ਚਾਹਿਆ ਕ੍ਰਿਸ਼ਨਾ ਨੇ ਵਿਰੋਧ ਕੀਤਾ ਇਸ ਹਥੋਪਾਈ ਵਿਚ ਉਸ ਦੇ ਮੂੰਹ ਤੋਂ ਕਪੜਾ ਲੇਹ ਗਿਆ ਹਨੇਰੇ ਦੀ ਆੜ ਵਿਚ ਭੱਜਣ ਦੀ ਕੋਸ਼ਿਸ਼ ਵਿਚ ਇੱਕ ਦੀ ਜੁੱਤੀ ਉਥੇ ਹੀ ਰਹਿ ਗਈ । ਜਦੋਂ ਘਰ ਦੇ ਉੱਠ ਕੇ ਮਦਦ ਲਈ ਆਏ ਤਾਂ ਕੁਲਬੀਰ ਨੇ ਦਲਬੀਰ ਦੀ ਜੁਤੀ ਪਛਾਣ ਲਈ ਤੇ ਉਸ ਨੂੰ ਆਸੇ ਪਾਸੇ ਕਰ ਦਿਤਾ ਤਾਂ ਜੋ ਸਾਰਾ ਭਾਂਡਾ ਫੋੜ ਨਾ ਹੋ ਜਾਵੇ । ਕ੍ਰਿਸ਼ਨਾ ਨੂੰ ਵੀ ਸ਼ੱਕ ਤਾਂ ਪੈ ਗਿਆ ਸੀ । ਉਸ ਨੇ ਨਰਿੰਦਰ ਨੂੰ ਕਿਹਾ ਮੈਂ ਸਾਰਾ ਕੇਸ ਠਾਣੇ ਦੇਣਾ ਚਾਹੁੰਦੀ ਹਾਂ । ਜਦੋਂ ਇਹ ਗੱਲ ਪਰਿਵਾਰ ਤੱਕ ਪਹੁੰਚੀ ਬਾਪੂ ਨੂੰ ਹੱਥਾਂ ਪੈਰਾਂ ਦੀ ਪੈ ਗਈ । ਭਾਵੇਂ ਸਰਪੰਚ ਆਪਣਾ ਸੀ ਪ੍ਰੰਤੂ ਗੱਲ ਤਾਂ ਨਿਕਲ ਹੀ ਆਉਣੀ ਸੀ ਕਿ ਇਹ ਸਾਰਾ ਡਰਾਮਾ ਕ੍ਰਿਸ਼ਨਾ ਨੂੰ ਡਰਾਉਣ ਲਈ ਕੀਤਾ ਸੀ ਕਿ ਉਹ ਦਲਬੀਰ ਨਾਲ ਵਿਆਹ ਕਰਵਾਉਣ ਲਈ ਮੰਨ ਜਾਵੇ । ਜਦੋਂ ਕ੍ਰਿਸ਼ਨਾ ਪੁਲਿਸ ਵਿਚ ਜਾਣ ਦੀ ਗੱਲ ਕਹੀ ਸੀ । ਹੁਣ ਉਸ ਨੂੰ ਸਮਝਾਉਣ ਦਾ ਯਤਨ ਕੀਤਾ ਜਾਣਾ ਸੀ ਕਿ ਉਹ ਘਰ ਦੀ ਗੱਲ ਬਾਹਰ ਨਾ ਲੈ ਕੇ ਜਾਵੇ । ਪਿੰਡ ਦੀ ਪੰਚਾਇਤ ਵਿਚ ਹੀ ਫੈਸਲਾ ਕਰ ਲਿਆ ਜਾਵੇ । ਬੇਬੇ ਨੇ ਵਾਸਤਾ ਪਾਇਆ ਕਿ ਤੈਨੂੰ ਮੈਂ ਧੀਆਂ ਵਾਂਗ ਜਾਣਿਆ ਹੈ ਤੂੰ ਮਸਲਾ ਘਰ ਵਿਚ ਹੱਲ ਕਰ ਲੈ ਜਾ ਪੰਚਾਇਤ ਬੁਲਾ ਲੈ ਉਸ ਵਿਚ ਤੇਰੇ ਪੇਕਿਆਂ ਤੋਂ ਵੀ ਜਿਸ ਨੂੰ ਚਾਹੇ ਬੁਲਾ ਸਕਦੀ ਹੈਂ । ਸਾਡੀ ਇੱਜਤ ਨੂੰ ਬਣਿਆ ਰਹਿਣ ਦੇ । ਤੈਥੋਂ ਗਲਤੀ ਦੀ ਮੁਆਫੀ ਮੰਗ ਲੈਣਗੇ ਤੇ ਤੇਰਾ ਫੈਸਲਾ ਆਖਰੀ ਹੋਵੇਗਾ । ਮੈਂ ਤੇਰੇ ਨਾਲ ਵਾਅਦਾ ਕਰਦੀ ਹਾਂ ਕਿ ਤੈਨੂੰ ਕੋਈ ਵੀ ਤਕਲੀਫ ਨਹੀਂ ਆਵੇਗੀ । ਇਕੱਲੀ ਔਰਤ ਕਿ ਕਰ ਸਕਦੀ ਹੈ ਉਸ ਨੇ ਬੇਬੇ ਨੂੰ ਕਿਹਾ ਕਿ ਬੇਬੇ ਜੀ ਤੁਸੀਂ ਚਾਹੁੰਦੇ ਘਰ ਦੀ ਇੱਜਤ ਘਰ ਵਿਚ ਰਹੇ । ਬੇਬੇ ਕਹਿਣ ਲੱਗੀ ਠੀਕ ਹੈ ਅਸੀਂ ਸਾਰੇ ਇਹੋ ਹੀ ਚਾਹੁੰਦੇ ਹਾਂ । ਦਲਬੀਰ ਨੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ । ਘਟਨਾ ਵਾਲੇ ਦਿਨ ਉਸ ਦੀ ਜੁੱਤੀ ਮੇਰੇ ਕਮਰੇ ਵਿਚ ਸੀ ਜੋ ਕੁਲਬੀਰ ਨੇ ਮੇਰੇ ਸਾਹਮਣੇ ਪਾਸੇ ਕੀਤੀ ਸੀ । ਤੁਹਾਨੂੰ ਇਹ ਵੀ ਪਤਾ ਹੈ ਹੈ ਮੇਰੀ ਗਵਾਹੀ ਵੀ ਹੋਵੇਗੀ । ਜਦੋਂ ਮੈਂ ਅਸਲੀਅਤ ਦੱਸਾਂਗੀ ਤਾਂ ਪਰਿਵਾਰ ਦੀ ਹਾਲਤ ਪਤਲੀ ਹੋ ਜਾਵੇਗੀ । ਦਲਬੀਰ ਨਾਲ ਤਾਂ ਮੈਂ ਹੁਣ ਕਿਸੇ ਹਾਲਤ ਵਿਚ ਵੱਸ ਨਹੀਂ ਸਕਦੀ । ਤੁਸੀਂ ਵੀ ਸਮਝਦੇ ਹੋ ਜੇ ਮਨਾ ਦੇ ਅੰਦਰ ਫਰਕ ਪੈ ਜਾਵੇ ਤਾਂ ਜ਼ਿੰਦਗੀ ਦੀ ਗੱਡੀ ਦੇ ਪਹੀਏ ਡੋਲਦੇ ਰਹਿੰਦੇ ਹਨ ।
ਇਹ ਸੁਣ ਬੇਬੇ ਦੇ ਪੈਰਾਂ ਹੇਠੋਂ ਧਰਤੀ ਖਿਸਕਣ ਲੱਗੀ । ਉਹ ਝੱਟ ਹੀ ਬੋਲੀ ਤਾਂ ਦੱਸ ਤੇਰੇ ਨਾਂ ਹੋਰ ਜ਼ਮੀਨ ਲਗਵਾਈ ਜਾਵੇ ਤਾਂ ਤੂੰ ਚੁੱਪ ਕਰ ਸਕਦੀ ਹੈਂ । ਇਹ ਕਹਿ ਉਹ ਮੇਰੇ ਮੂੰਹ ਵੱਲ ਵੇਖਣ ਲੱਗ ਪਈ । ਮੈਂ ਕਿਹਾ ਕਿ ਨਹੀਂ ਮੇਰਾ ਮਤਲਬ ਇਹ ਨਹੀਂ ਹੈ । ਮੈਂ ਤਾਂ ਇੱਜਤ ਦੀ ਜ਼ਿੰਦਗੀ ਜੀਣਾ ਚਾਹੁੰਦੀ ਹਾਂ । ਤੁਸੀਂ ਨਰਿੰਦਰ ਨੂੰ ਪੁੱਛ ਲਵੋ ਜੇ ਕਰ ਉਹ ਮੰਨਦਾ ਹੈ ਤਾਂ ਮੈਂ ਉਸ ਨਾਲ ਰਹਿ ਤੁਹਾਡੀ ਨੂੰਹ ਬਣ ਕੇ ਰਹਿ ਸਕਦੀ ਹਾਂ । ਮੈਨੂੰ ਉਸ ਤੇ ਵਿਸ਼ਵਾਸ ਹੈ ਤੇ ਅਸੀਂ ਇੱਕ ਦੂਸਰੇ ਨੂੰ ਚੰਗੀ ਤਰਾਂ ਜਾਣਦੇ ਹਾਂ । ਇਹ ਸੁਣ ਬੇਬੇ ਨੇ ਕਿਹਾ ਮੈਂ ਪਰਿਵਾਰ ਨਾਲ ਸਲਾਹ ਕਰ ਕੇ ਕਲ੍ਹ ਤਕ ਦੱਸ ਦੇਵਾਂਗੀ । ਤੂੰ ਅੱਜ ਦਾ ਦਿਨ ਕੋਈ ਵੀ ਕਾਰਵਾਈ ਨਾ ਕਰ । ਇਹ ਆਖ ਬੇਬੇ ਜੀ ਚਲੇ ਗਏ । ਮੈਂ ਵੀ ਆਪਣੇ ਕਮਰੇ ਵਿਚ ਸੋਚਾਂ ਦੇ ਸਮੁੰਦਰ ਵਿਚ ਡੁੱਬ ਗਈ । ਨਾਂਹ ਮਿਲਣ ਦੀ ਸੂਰਤ ਵਿਚ ਅਗਲੀ ਯੋਜਨਾ ਵਿਚਾਰਨ ਲੱਗ ਪਈ ।
ਸਵੇਰ ਹੋਈ ਬੇਬੇ ਜੀ ਬਾਪੂ ਜੀ ਨਾਲ ਮੇਰੇ ਕਮਰੇ ਵਿਚ ਆ ਗਏ । ਮੈਂ ਉੱਠ ਬੈਠੀ ਤੇ ਉਹਨਾਂ ਦਾ ਫੈਸਲਾ ਜਾਣਨ ਲਈ ਤਿਆਰ ਹੋਈ । ਬਾਪੂ ਜੀ ਬੋਲੇ ਕ੍ਰਿਸ਼ਨਾ ! ਅਸੀਂ ਵਿਚਾਰ ਕੀਤਾ ਹੈ । ਨਰਿੰਦਰ ਨਾਲ ਵੀ ਗੱਲ ਹੋ ਗਈ ਹੈ । ਪਰਿਵਾਰ ਦੀ ਇੱਜਤ ਦਾ ਵਿਚਾਰ ਕਰਦੇ ਹੋਏ ਉਸ ਨੇ ਹਾਮੀ ਭਰ ਦਿਤੀ ਹੈ ਤੇ ਉਹ ਆਪਣੀ ਅਗਲੀ ਜ਼ਿੰਦਗੀ ਦਾ ਸਫ਼ਰ ਤੁਹਾਡੇ ਨਾਲ ਬਿਤਾਉਣ ਲਈ ਰਾਜ਼ੀ ਹੈ । ਵਿਆਹ ਬਿਲਕੁਲ ਸਾਦਾ ਹੋਵੇਗਾ । ਕੋਈ ਵੀ ਰਿਸ਼ਤੇਦਾਰ ਨਹੀਂ ਬੁਲਾਇਆ ਜਾਵੇਗਾ । ਗੁਰਦਵਾਰੇ ਵਿਚ ਘਰ ਪਰਿਵਾਰ ਹੀ ਜਾਵੇਗਾ । ਗੁਰੂ ਦੀ ਹਾਜ਼ਰੀ ਵਿਚ ਸਾਰੀਆਂ ਰਸਮਾਂ ਹੋਣਗੀਆਂ । ਅਸੀਂ ਜ਼ਿਆਦਾ ਸਮਾਂ ਨਹੀਂ ਪਾਉਣਾ ਚਾਹੁੰਦੇ । ਕਲ੍ਹ ਐਤਵਾਰ ਉਸ ਨੂੰ ਛੁਟੀ ਹੈ । ਕਲ੍ਹ ਹੀ ਗੁਰਦਵਾਰੇ ਦੱਸ ਵਜੇ ਜਾਵਾਂਗੇ ਤੇ ਸਾਰੀਆਂ ਰਸਮਾਂ ਕਰ ਲੰਗਰ ਛਕ ਘਰ ਵਾਪਸ ਆ ਜਾਵਾਂਗੇ । ਇਸ ਤੋਂ ਅੱਗੇ ਤੁਸੀਂ ਦੋਹਾਂ ਨੇ ਫੈਸਲੇ ਲੈਣੇ ਹੋਣਗੇ । ਦਲਬੀਰ ਨੂੰ ਸਮਝਾ ਦੇਵਾਂਗਾ । ਉਸ ਵਲੋਂ ਵੀ ਮੁਆਫੀ ਮੰਗ ਲਈ ਜਾਵੇਗੀ । ਇਹ ਸੁਣ ਮੈਂ ਆਖਿਆ ਮੁਆਫੀ ਦੀ ਕੋਈ ਲੋੜ ਨਹੀਂ । ਤੁਹਾਡੀ ਗੱਲ ਤੇ ਮੈਨੂੰ ਯਕੀਨ ਹੈ । ਮੈਂ ਇਸ ਪਰਿਵਾਰ ਵਿਚ ਪਹਿਲਾਂ ਦੀ ਤਰਾਂ ਹੀ ਆਪਣਾ ਸਮਾਂ ਬਤੀਤ ਕਰਾਂਗੀ ।
ਮੈਨੂੰ ਸਮੇਂ ਨੇ ਕਿਥੋਂ ਤੋਂ ਕਿਥੇ ਲਿਆ ਖੜਾ ਕੀਤਾ ਸੀ । ਮੈਂ ਇਸ ਨੂੰ ਰੱਬ ਦਾ ਭਾਣਾ ਮੰਨ ਸਵੀਕਾਰ ਕਰ ਲਿਆ । ਸਾਰੀਆਂ ਰਸਮਾਂ ਤੋਂ ਬਾਅਦ ਅਸੀਂ ਘਰ ਆ ਗਏ । ਮੈਂ ਨਰਿੰਦਰ ਨਾਲ ਨਵੀ ਰਾਹ ਤੇ ਚੱਲ ਪਈ ਸਾਂ । ਅਗਲੇ ਦਿਨ ਉਹ ਕੰਮ ਤੇ ਗਿਆ ਮੈਂ ਉਸ ਨੂੰ ਨਾਸ਼ਤਾ ਖੁਆਇਆ । ਇਸ ਤਰਾਂ ਹੋਲੀ ਹੋਲੀ ਜ਼ਿੰਦਗੀ ਤੁਰਨ ਲੱਗੀ । ਸਮੇਂ ਨਾਲ ਸਾਡੀ ਜ਼ਿੰਦਗੀ ਦੀ ਗੱਡੀ ਰਫਤਾਰ ਫੜਨ ਲੱਗੀ । ਬੇਬੇ ਜੀ ਨੇ ਨਰਿੰਦਰ ਦੇ ਕੰਮ ਤੇ ਜਾਣ ਤੋਂ ਬਾਅਦ ਮੇਰੇ ਕੋਲ ਸਮਾਂ ਲਾਉਣਾ ਸ਼ੁਰੂ ਕਰ ਦਿੱਤਾ ਸੀ । ਮੈਂ ਆਪਣਾ ਪਿਆਰ ਉਸ ਨੂੰ ਦੇ ਕੇ ਸੁਰਜੀਤ ਨੂੰ ਭੁਲਾਓਂਣ ਦੀ ਕੋਸ਼ਿਸ਼ ਕਰਨ ਲੱਗੀ । ਨਰਿੰਦਰ ਨੇ ਕਦੇ ਵੀ ਮੇਰੇ ਕੋਲ ਸੁਰਜੀਤ ਬਾਰੇ ਗੱਲ ਨਹੀਂ ਕੀਤੀ ਸੀ । ਜ਼ਮੀਨ ਇਕ ਥਾਂ ਹੀ ਸੀ ਤੇ ਪਹਿਲਾਂ ਦੀ ਤਰਾਂ ਆੜਤੀਏ ਦਾ ਹਿਸਾਬ ਬਾਪੂ ਜੀ ਕੋਲ ਸੀ । ਜਦੋਂ ਕਦੇ ਹਿਸਾਬ ਚੈਕ ਕਰਵਾਉਣਾ ਹੁੰਦਾ ਉਹ ਮੇਰੇ ਕੋਲ ਲੈ ਆਓਂਦੇ ਸਨ ।
ਇਕ ਦਿਨ ਡਾਕੀਆ ਘਰ ਆਇਆ ਉਸ ਕੋਲ ਮੇਰੇ ਨਾਂ ਦੀ ਚਿਠੀ ਸੀ । ਬਾਪੂ ਜੀ ਨੀ ਮੈਨੂੰ ਆਵਾਜ਼ ਦਿਤੀ । ਮੈਂ ਗਈ ਤਾਂ ਡਾਕੀਏ ਨੇ ਮੇਰੇ ਦਸਖਤ ਲੈ ਕੇ ਮੈਨੂੰ ਚਿਠੀ ਦੇ ਦਿਤੀ । ਜਦੋਂ ਉਹ ਚਿਠੀ ਖੋਲ ਕੇ ਦੇਖੀ ਉਸ ਵਿਚ ਮੇਰੀ ਨਿਯੁਕਤੀ ਪੱਤਰ ਸੀ । ਪੰਦਰਾਂ ਦਿਨਾਂ ਵਿਚ ਨੌਕਰੀ ਤੇ ਹਾਜ਼ਰ ਹੋਣਾ ਸੀ । ਬਾਪੂ ਨੂੰ ਦੱਸਿਆ ਤੇ ਉਨ੍ਹਾਂ ਨੇ ਕਿਹਾ ਕਿ ਨਰਿੰਦਰ ਨਾਲ ਸਲਾਹ ਕਰ ਕੇ ਜਿਵੇਂ ਤੁਹਾਡਾ ਦੋਹਾਂ ਦਾ ਵਿਚਾਰ ਹੋਵੇ ਫੈਸਲਾ ਲੈ ਲੈਣਾ । ਮੇਰੀ ਸਲਾਹ ਇਹ ਹੈ ਕੇ ਪਹਿਲਾਂ ਤੈਨੂੰ ਮੈਂ ਨੌਕਰੀ ਨਾ ਕਰਨ ਬਾਰੇ ਰਾਏ ਦਿਤੀ ਸੀ ਉਹ ਗਲਤ ਸੀ ਤੁਹਾਨੂੰ ਨੌਕਰੀ ਕਰ ਲੈਣੀ ਚਾਹੀਦੀ ਹੈ ਇਸ ਤਰਾਂ ਤੁਹਾਡਾ ਦਿਲ ਲਗਾ ਰਹੇਗਾ ਅਤੇ ਦੁੱਖ ਵਿਚੋਂ ਬਾਹਰ ਆਉਣ ਵਿਚ ਮਦਦ ਮਿਲੇਗੀ । ਬਾਕੀ ਅੰਤਿਮ ਫੈਸਲਾ ਤੁਹਾਡਾ ਹੀ ਹੋਵੇਗਾ । ਅਸੀਂ ਤੁਹਾਡੀ ਸਹਾਇਤਾ ਲਈ ਹਰ ਸਮੇਂ ਹਾਜ਼ਰ ਰਹਾਂਗੇ ।
-ਡਾਕਟਰ ਅਜੀਤ ਸਿੰਘ ਕੋਟਕਪੂਰਾ