ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਹੈ ਕਿ ਉਨ੍ਹਾ ਦੀ ਪਾਰਟੀ ਨੇ ਲੋਕ ਸਭਾ ਚੋਣਾਂ ਲਈ ਸੀਟਾਂ ਦੀ ਵੰਡ ਬਾਰੇ ‘ਇੰਡੀਆ’ ਗੱਠਜੋੜ ਵਿਚ ਸ਼ਾਮਲ ਸਾਰੀਆਂ ਪਾਰਟੀਆਂ ਨਾਲ ਗੱਲ ਕੀਤੀ ਹੈ ਅਤੇ ਕੁਝ ਨਾਲ ਸਮਝ ਬਣ ਗਈ ਹੈ, ਜਦਕਿ ਹੋਰਨਾਂ ਨਾਲ ਗੱਲਬਾਤ ਆਖਰੀ ਪੜਾਵਾਂ ’ਤੇ ਹੈ।
ਉਨ੍ਹਾ ਕਿਹਾ ਕਿ ਕਾਂਗਰਸ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਨਿਆਏ ਯਾਤਰਾ’ ਤੇ ਉਨ੍ਹਾ ਦੇ ਆਪਣੇ ਦੌਰਿਆਂ ਨਾਲ ਚੋਣਾਂ ਦੀਆਂ ਤਿਆਰੀਆਂ ਪਹਿਲਾਂ ਹੀ ਕਰ ਚੁੱਕੀ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖੜਗੇ ਨੇ ਕਿਹਾਸਾਡੀ ਪਾਰਟੀ ਦੀ ‘ਭਾਰਤ ਜੋੜੋ ਨਿਆਏ ਯਾਤਰਾ’ ਚੱਲ ਰਹੀ ਹੈ। ਮੈਂ ਤਿਲੰਗਾਨਾ ਦਾ ਦੌਰਾ ਕੀਤਾ ਹੈ ਅਤੇ ਓਡੀਸ਼ਾ, ਬਿਹਾਰ, ਦਿੱਲੀ, ਕੇਰਲਾ ਤੇ ਹੋਰਨਾਂ ਥਾਂਵਾਂ ਦਾ ਕਰਨਾ ਹੈ। ਮੇਰੇ ਦੌਰਿਆਂ ਦੀਆਂ ਤਰੀਕਾਂ ਤੈਅ ਹੋ ਗਈਆਂ ਹਨ। ਕੁਝ ਥਾਂਵਾਂ ’ਤੇ ਰਾਹੁਲ ਵੀ ਰਲਣਗੇ। ਅਸੀਂ ਆਪਣੀਆਂ ਤਿਆਰੀਆਂ ਪਹਿਲਾਂ ਹੀ ਸ਼ੁਰੂ ਕਰ ਚੁੱਕੇ ਹਾਂ।
ਭਾਈਵਾਲਾਂ ਨਾਲ ਸੀਟਾਂ ਦੀ ਵੰਡ ਬਾਰੇ ਉਨ੍ਹਾ ਕਿਹਾ ਕਿ ਉਨ੍ਹਾ ਮੁਕੁਲ ਵਾਸਨਿਕ ਦੀ ਅਗਵਾਈ ਵਿਚ ਛੇ ਮੈਂਬਰੀ ਕਮੇਟੀ ਬਣਾਈ ਹੋਈ ਹੈ। ਕਮੇਟੀ ਬਿਹਾਰ ਦੇ ਭਾਈਵਾਲਾਂ ਤੋਂ ਇਲਾਵਾ ਆਪ, ਟੀ ਐੱਮ ਸੀ ਤੇ ਹੋਰਨਾਂ ਨਾਲ ਗੱਲ ਕਰ ਚੁੱਕੀ ਹੈ। ਕੁਝ ਮਾਮਲਿਆਂ ਵਿਚ ਸਹਿਮਤੀ ਬਣ ਗਈ ਹੈ ਤੇ ਕੁਝ ਹੋਰਨਾਂ ਵਿਚ ਅੰਤਮ ਪੜਾਅ ਵਿਚ ਹੈ।