ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਗਲੀਆਂ ਲੋਕ ਸਭਾ ਚੋਣਾਂ ਲਈ ‘ਵਿਕਸਤ ਭਾਰਤ’ ਨੂੰ ਆਪਣੇ ਪ੍ਰਚਾਰ ਦਾ ਮੁੱਖ ਥੀਮ ਬਣਾਇਆ ਹੈ। ਉਹ 2047 ਤੱਕ (ਜਦੋਂ ਬਿ੍ਰਟਿਸ਼ ਰਾਜ ਤੋਂ ਭਾਰਤ ਦੀ ਆਜ਼ਾਦੀ ਦੇ ਸੌ ਸਾਲ ਪੂਰੇ ਹੋਣਗੇ) ਭਾਰਤ ਨੂੰ ਵਿਕਸਤ ਦੇਸ਼ ਬਣਾ ਦੇਣ ਦਾ ਇਰਾਦਾ ਰੱਖਦੇ ਹਨ। ਇਸ ਤੋਂ ਪਹਿਲਾਂ 2014 ਵਿਚ ਮੋਦੀ ਨੇ ‘ਅੱਛੇ ਦਿਨ ਆਏਂਗੇ’ ਦਾ ਨਾਅਰਾ ਉਛਾਲਿਆ ਸੀ। ਰਾਜਨੀਤੀ ਸ਼ਾਸਤਰੀ ਅਰਨੈਸਤੋ ਲੇਕਲਾਊ ਨੇ ਚੋਣ ਰਾਜਨੀਤੀ ਦੀ ਵਿਆਖਿਆ ਕਰਦਿਆਂ ਦੱਸਿਆ ਸੀ ਕਿ ਇਹ ਨਾਅਰੇ ਇਸ ਹੱਦ ਤੱਕ ਅਸਪੱਸ਼ਟ ਹੁੰਦੇ ਹਨ ਕਿ ਵੱਖ-ਵੱਖ ਵਿਅਕਤੀ ਤੇ ਭਾਈਚਾਰੇ ਉਸ ਦਾ ਆਪਣੇ ਢੰਗ ਨਾਲ ਅਰਥ ਕੱਢ ਸਕਣ। ਮਸਲਨ ‘ਅੱਛੇ ਦਿਨ ਆਏਂਗੇ’ ਵਾਲੇ ਨਾਅਰੇ ਨਾਲ ਹਰ ਵਿਅਕਤੀ ਜਾਂ ਤਬਕੇ ਨੂੰ ਮਹਿਸੂਸ ਹੋਇਆ ਕਿ ਉਨ੍ਹਾਂ ਦਾ ਭਵਿੱਖ ਬਿਹਤਰ ਹੋਵੇਗਾ। ਜੋ ਹੋਇਆ, ਸਭ ਜਾਣਦੇ ਹਨ। ਉਸੇ ਅੰਦਾਜ਼ ਵਿਚ ਮੋਦੀ ‘ਵਿਕਸਤ ਭਾਰਤ’ ਦਾ ਨਾਅਰਾ ਉਛਾਲ ਰਹੇ ਹਨ, ਪਰ ਕਿਸੇ ਦੇਸ਼ ਦੇ ਵਿਕਸਤ, ਵਿਕਾਸਸ਼ੀਲ ਜਾਂ ਅਵਿਕਸਤ ਹੋਣ ਦੀਆਂ ਕੁਝ ਠੋਸ ਕਸੌਟੀਆਂ ਦੁਨੀਆ ਵਿਚ ਤੈਅ ਹਨ। ਸਭ ਤੋਂ ਆਮ ਪੈਮਾਨਾ ਪ੍ਰਤੀ ਵਿਅਕਤੀ ਕੁਲ ਘਰੇਲੂ ਉਤਪਾਦ (ਜੀ ਡੀ ਪੀ) ਦਾ ਹੈ। ਵਿਸ਼ਵ ਬੈਂਕ ਦੇ ਮੁਤਾਬਕ 2023 ਵਿਚ ਭਾਰਤ ਦੀ ਪ੍ਰਤੀ ਵਿਅਕਤੀ ਜੀ ਡੀ ਪੀ 2411 ਡਾਲਰ ਸੀ। ਉਹ ਵਿਸ਼ਵ ਬੈਂਕ ਦੀ 209 ਦੇਸ਼ਾਂ ਦੀ ਸੂਚੀ ਵਿਚ 159ਵੇਂ ਨੰਬਰ ’ਤੇ ਸੀ। ਇਸ ਲਿਹਾਜ਼ ਨਾਲ ਉਹ ਨਿਮਨ ਮੱਧ ਆਮਦਨ ਵਰਗ ਦੀ ਸ਼੍ਰੇਣੀ ਵਾਲੇ ਦੇਸ਼ਾਂ ਵਿਚ ਸੀ। ਜੀਵਨ ਪੱਧਰ ਦੇ ਪੈਮਾਨੇ ਵਿਚ ਜਿਹੜੀਆਂ ਗੱਲਾਂ ਦੇਖੀਆਂ ਜਾਂਦੀਆਂ ਹਨ, ਉਨ੍ਹਾਂ ਵਿਚ ਮਨੁੱਖੀ ਵਿਕਾਸ ਸੂਚਕ ਅੰਕ ’ਤੇ ਦੇਸ਼ ਦਾ ਦਰਜਾ, ਉਮਰ ਹੱੱਦ ਤੇ ਬਾਲ ਮੌਤ ਦਰ ਸ਼ਾਮਲ ਹਨ। ਜ਼ਿਆਦਾਤਰ ਵਿਕਸਤ ਦੇਸ਼ਾਂ ਵਿਚ ਪ੍ਰਤੀ 1000 ਜਨਮ ਦਰ ’ਤੇ ਬਾਲ ਮੌਤ ਦਰ 10 ਤੋਂ ਘੱਟ ਹੈ, ਜਦਕਿ ਵਿਅਕਤੀਆਂ ਦੀ ਜੀਵਨ ਉਮਰ 75 ਸਾਲ ਤੋਂ ਉੱਪਰ ਹੈ। ਆਮ ਸਮਝ ਹੈ ਕਿ ਜਿਸ ਦੇਸ਼ ਦਾ ਮਨੁੱਖੀ ਵਿਕਾਸ ਸੂਚਕ ਅੰਕ 0.9 ਜਾਂ ਉਸ ਤੋਂ ਉੱਪਰ ਹੋਵੇ, ਉਸ ਨੂੰ ਵਿਕਸਤ ਦੇਸ਼ ਦੀ ਸ਼੍ਰੇਣੀ ਵਿਚ ਰੱਖਿਆ ਜਾਂਦਾ ਹੈ। ਭਾਰਤ ਦਾ 0.633 ਹੈ ਤੇ ਉਹ 132ਵੇਂ ਨੰਬਰ ’ਤੇ ਸੀ। ਭਾਰਤ ਵਿਚ 2023 ਵਿਚ ਜੀਵਨ ਮਿਆਦ 70.3 ਸਾਲ ਸੀ। ਬਾਲ ਮੌਤ ਦਰ 25 ਸੀ। 2023-24 ਵਿਚ ਭਾਰਤ ਦੀ ਜੀ ਡੀ ਪੀ ਵਿਚ 7.9 ਫੀਸਦੀ ਦਾ ਵਾਧਾ ਹੋਣ ਦਾ ਅਨੁਮਾਨ ਸਰਕਾਰ ਨੇ ਲਾਇਆ ਹੈ। ਅਰਥ ਵਿਵਸਥਾ ਦੇ ਤੇਜ਼ ਰਫਤਾਰ ਨਾਲ ਵਧਣ ਦਾ ਬਹੁਤ ਰੌਲਾ ਪਾਇਆ ਜਾ ਰਿਹਾ ਹੈ। ਇਸ ਦਰਮਿਆਨ ਇਹ ਖਬਰ ਵੀ ਹੈ ਕਿ ਚਾਲੂ ਮਾਲੀ ਸਾਲ ਵਿਚ ਪ੍ਰਤੀ ਵਿਅਕਤੀ ਆਮਦਨ ਵਿਚ ਵਾਧਾ ਦਰ 21 ਸਾਲ ਦੇ ਸਭ ਤੋਂ ਹੇਠਲੇ ਪੱਧਰ ’ਤੇ ਰਹਿਣ ਵਾਲੀ ਹੈ। ਵਿਸ਼ਵ ਬੈਂਕ ਮੁਤਾਬਕ 2.15 ਡਾਲਰ ਪ੍ਰਤੀ ਦਿਨ ਖਰਚ ਕਰਨ ਵਾਲੇ ਸਭ ਤੋਂ ਗਰੀਬਾਂ ਵਿਚ ਆਉਦੇ ਹਨ। ਭਾਰਤ ਵਿਚ ਅਜਿਹੇ 16 ਕਰੋੜ ਲੋਕ ਹਨ। ਇਸ ਸਭ ਦੇ ਮੱਦੇਨਜ਼ਰ ‘ਵਿਕਸਤ ਭਾਰਤ’ ਦਾ ਬਿਰਤਾਂਤ ਦੇਸ਼ ਨੂੰ ਕਿਸੇ ਮੁਕਾਮ ’ਤੇ ਲਿਜਾਣ ਦਾ ਸੰਕਲਪ ਨਹੀਂ, ਸਗੋਂ ਖੋਖਲਾ ਨਾਅਰਾ ਹੈ, ਜਿਹੜਾ ਚੋਣਾਂ ਜਿੱਤਣ ਲਈ ਘੜਿਆ ਗਿਆ ਹੈ। ਹੋ ਸਕਦਾ ਹੈ ਕਿ ਇਹ ਲੋਕ ਰਾਇ ਦੇ ਇਕ ਹਿੱਸੇ ਨੂੰ ਪ੍ਰਭਾਵਤ ਕਰ ਜਾਵੇ, ਪਰ ਇਸ ਨਾਲ ਦੇਸ਼ ਦੇ ਵਿਕਸਤ ਹੋਣ ਦਾ ਰਾਹ ਨਹੀਂ ਨਿਕਲੇਗਾ। ਹਾਂ, ਭਾਰਤ ਦੀ ਸਿਆਸੀ ਸ਼ਬਦਾਵਲੀ ਵਿਚ ਇਕ ਜੁਮਲਾ ਹੋਰ ਦਰਜ ਹੋ ਜਾਵੇਗਾ।