ਲੋਕ ਸਭਾ ਚੋਣਾਂ ਲਈ ਭਾਜਪਾ ਵੱਲੋਂ ਸੂਬਾਈ ਇੰਚਾਰਜ ਨਿਯੁਕਤ

ਇਸ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਨੇ 23 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ ਚੋਣ ਇੰਚਾਰਜ ਤੇ ਸਹਾਇਕ ਚੋਣ ਇੰਚਾਰਜ ਨਿਯੁਕਤ ਕਰ ਦਿੱਤੇ ਹਨ। ਪਾਰਟੀ ਦੇ ਸੂਤਰਾਂ ਨੂੰ ਦੱਸਿਆ ਕਿ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੈ ਰੂਪਾਨੀ ਨੂੰ ਪੰਜਾਬ ਦਾ ਚੋਣ ਇੰਚਾਰਜ ਨਿਯੁਕਤ ਕੀਤਾ ਗਿਆ ਹੈ ਜਦਕਿ ਭਾਜਪਾ ਦੇ ਕੌਮੀ ਸਕੱਤਰ ਨਰਿੰਦਰ ਸਿੰਘ ਨੂੰ ਉਨ੍ਹਾਂ ਦਾ ਸਹਾਇਕ ਇੰਚਾਰਜ ਲਾਇਆ ਹੈ। ਉੱਤਰ ਪ੍ਰਦੇਸ਼ ਦੇ ਸਾਬਕਾ ਮੰਤਰੀ ਸ੍ਰੀਕਾਂਤ ਸ਼ਰਮਾ ਨੂੰ ਹਿਮਾਚਲ ਪ੍ਰਦੇਸ਼ ਦਾ ਚੋਣ ਇੰਚਾਰਜ ਤੇ ਸੰਜੈ ਟੰਡਨ ਨੂੰ ਸਹਿ-ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਭਾਜਪਾ ਦੇ ਕੌਮੀ ਜਨਰਲ ਸਕੱਤਰ ਵਿਨੋਦ ਤਾਵੜੇ ਨੂੰ ਬਿਹਾਰ ਦਾ ਚੋਣ ਇੰਚਾਰਜ ਨਿਯੁਕਤ ਕੀਤਾ ਗਿਆ ਹੈ ਜਦਕਿ ਭਾਜਪਾ ਦੇ ਰਾਜ ਸਭਾ ਮੈਂਬਰ ਤੇ ਪਾਰਟੀ ਦੀ ਝਾਰਖੰਡ ਇਕਾਈ ਦੇ ਸਾਬਕਾ ਮੁਖੀ ਦੀਪਕ ਪ੍ਰਕਾਸ਼ ਸਹਿ-ਇੰਚਾਰਜ ਹੋਣਗੇ। ਤਾਵੜੇ ਬਿਹਾਰ ’ਚ ਭਾਜਪਾ ਦੇ ਸਿਆਸੀ ਮਾਮਲਿਆਂ ਦੇ ਇੰਚਾਰਜ ਹਨ। ਭਾਜਪਾ ਨੇ ਮੀਤ ਪ੍ਰਧਾਨ ਬੈਜਯੰਤ ਜੈ ਪਾਂਡਾ ਨੂੰ ਉੱਤਰ ਪ੍ਰਦੇਸ਼ ਜਦਕਿ ਕੌਮੀ ਜਨਰਲ ਸਕੱਤਰ ਦੁਸ਼ਯੰਤ ਕੁਮਾਰ ਗੌਤਮ ਨੂੰ ਉੱਤਰਾਖੰਡ ਦਾ ਚੋਣ ਇੰਚਾਰਜ ਨਿਯੁਕਤ ਕੀਤਾ ਹੈ। ਭਾਜਪਾ ਦੇ ਕੌਮੀ ਮੀਤ ਪ੍ਰਧਾਨ ਤੇ ਰਾਜ ਸਭਾ ਮੈਂਬਰ ਲਕਸ਼ਮੀਕਾਂਤ ਬਾਜਪਾਈ ਝਾਰਖੰਡ ਦੇ ਚੋਣ ਇੰਚਾਰਜ ਹੋਣਗੇ। ਸੂਤਰਾਂ ਨੇ ਦੱਸਿਆ ਕਿ ਇਹ ਨਿਯੁਕਤੀਆਂ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਨੇ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਰਾਜ ਸਭਾ ਮੈਂਬਰ ਤੇ ਤ੍ਰਿਪੁਰਾ ਦੇ ਸਾਬਕਾ ਮੁੱਖ ਮੰਤਰੀ ਬਿਪਲਬ ਕੁਮਾਰ ਦੇਵ ਹਰਿਆਣਾ ਦੇ ਚੋਣ ਇੰਚਾਰਜ ਤੇ ਸੁਰੇਂਦਰ ਨਾਗਰ ਸਹਿ-ਇੰਚਾਰਜ ਹੋਣਗੇ। ਬਿਹਾਰ ਦੇ ਸਾਬਕਾ ਮੰਤਰੀ ਮੰਗਲ ਪਾਂਡੇ ਨੂੰ ਪੱਛਮੀ ਬੰਗਾਲ ਦਾ ਇੰਚਾਰਜ ਅਤੇ ਅਮਿਤ ਮਾਲਵੀਆ ਤੇ ਆਸ਼ਾ ਲਾਕੜਾ ਨੂੰ ਸਹਿ-ਇੰਚਾਰਜ, ਮਹੇਂਦਰ ਸਿੰਘ ਨੂੰ ਮੱਧ ਪ੍ਰਦੇਸ਼ ਦਾ ਚੋਣ ਇੰਚਾਰਜ ਤੇ ਸਤੀਸ਼ ਉਪਾਧਿਆਏ ਨੂੰ ਸਹਿ-ਇੰਚਾਰਜ ਲਾਇਆ ਗਿਆ ਹੈ।

ਸਾਂਝਾ ਕਰੋ

ਪੜ੍ਹੋ