ਰਾਹੁਲ ਗਾਂਧੀ ਦੀ ਭਾਰਤ ਜੋੜੋ ਨਿਆਏ ਯਾਤਰਾ ਆਸਾਮ ਤੋਂ ਬਾਅਦ ਵੀਰਵਾਰ ਕੂਚ ਬਿਹਾਰ ਜ਼ਿਲ੍ਹੇ ਦੇ ਬਰਸ਼ੀਰਹਾਟ ਤੋਂ ਪੱਛਮੀ ਬੰਗਾਲ ਵਿਚ ਦਾਖਲ ਹੋ ਗਈ, ਜਿੱਥੇ ਸੂਬਾ ਕਾਂਗਰਸ ਪ੍ਰਧਾਨ ਅਧੀਰ ਰੰਜਨ ਚੌਧਰੀ ਨੇ ਸਵਾਗਤ ਕੀਤਾ।
ਇਸ ਮੌਕੇ ਰਾਹੁਲ ਨੇ ਕਿਹਾ-ਅਸੀਂ ਯਾਤਰਾ ਨਾਲ ਸ਼ਬਦ ਨਿਆਏ ਇਸ ਕਰਕੇ ਜੋੜਿਆ ਹੈ, ਕਿਉਕਿ ਦੇਸ਼ ਵਿਚ ਬੇਇਨਸਾਫੀ ਦਾ ਦੌਰ-ਦੌਰਾ ਹੈ। ਭਾਜਪਾ ਤੇ ਆਰ ਐੱਸ ਐੱਸ ਨਫਰਤ ਤੇ ਹਿੰਸਾ ਫੈਲਾ ਰਹੇ ਹਨ। ਇੰਡੀਆ ਗੱਠਜੋੜ ਦੇਸ਼-ਭਰ ਵਿਚ ਲੋਕ ਸਭਾ ਚੋਣਾਂ ਬੇਇਨਸਾਫੀ ਖਿਲਾਫ ਇਕਜੁੱਟ ਹੋ ਕੇ ਲੜੇਗਾ।
ਰਾਹੁਲ ਸੀਨੀਅਰ ਆਗੂਆਂ ਨਾਲ ਇਕ ਟੀ ਸਟਾਲ ’ਤੇ ਗਏ ਅਤੇ ਲੋਕਾਂ ਨਾਲ ਗੱਲਾਂ ਕੀਤੀਆਂ। ਇਨ੍ਹਾਂ ਲੋਕਾਂ ਵਿੱਚੋਂ ਬਹੁਤੇ ਆਰਥਿਕ ਤੌਰ ’ਤੇ ਪੱਛੜੇ ਵਰਗ ਦੇ ਸਨ। ਟੀ ਸਟਾਲ ਦੇ ਮਾਲਕ ਨੇ ਕਿਹਾ-ਰਾਹੁਲ ਗਾਂਧੀ ਨੂੰ ਸਟਾਲ ’ਤੇ ਦੇਖ ਕੇ ਹੈਰਾਨ ਹੋ ਗਿਆ। ਉਨ੍ਹਾ ਦਾ ਇੱਥੇ ਆਉਣਾ ਚੰਗਾ ਲੱਗਾ।
ਇਸ ਤੋਂ ਪਹਿਲਾਂ ਆਸਾਮ ਦੇ ਬਗਡੋਗਰਾ ਏਅਰਪੋਰਟ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਪਾਰਟੀ ਆਸਵੰਦ ਹੈ ਕਿ ਪੱਛਮੀ ਬੰਗਾਲ ਵਿਚ ਤਿ੍ਰਣਮੂਲ ਕਾਂਗਰਸ ਨਾਲ ਸੀਟਾਂ ਦੀ ਵੰਡ ਵਿਚ ਅੜਿੱਕਾ ਦੂਰ ਕਰ ਲਿਆ ਜਾਵੇਗਾ। ਮਮਤਾ ਬੈਨਰਜੀ ਨੇ ਬੁੱਧਵਾਰ ਕਿਹਾ ਸੀ ਕਿ ਤਿ੍ਰਣਮੂਲ ਕਾਂਗਰਸ ਇਕੱਲਿਆਂ ਲੜੇਗੀ। ਇਸੇ ਦੌਰਾਨ ਤਿ੍ਰਣਮੂਲ ਕਾਂਗਰਸ ਦੇ ਆਗੂ ਡੈਰੇਕ ਓ’ਬ੍ਰਾਇਨ ਨੇ ਕਿਹਾ ਹੈ ਕਿ ਪੱਛਮੀ ਬੰਗਾਲ ’ਚ ਕਾਂਗਰਸ ਅਤੇ ਉਨ੍ਹਾ ਦੀ ਪਾਰਟੀ ਵਿਚਾਲੇ ਗਠਜੋੜ ਨਾ ਹੋਣ ਲਈ ਸੂਬਾ ਕਾਂਗਰਸ ਪ੍ਰਧਾਨ ਅਧੀਰ ਰੰਜਨ ਚੌਧਰੀ ਜ਼ਿੰਮੇਵਾਰ ਹਨ। ਬ੍ਰਾਇਨ ਨੇ ਦਾਅਵਾ ਕੀਤਾ ਕਿ ਚੌਧਰੀ ਦੇ ਕਾਰਨ ਪੱਛਮੀ ਬੰਗਾਲ ’ਚ ਗਠਜੋੜ ਨਹੀਂ ਹੋ ਰਿਹਾ। ਉਨ੍ਹਾ ਦਿੱਲੀ ’ਚ ਪੱਤਰਕਾਰਾਂ ਨੂੰ ਕਿਹਾ-ਆਮ ਚੋਣਾਂ ਤੋਂ ਬਾਅਦ ਜੇ ਕਾਂਗਰਸ ਆਪਣਾ ਕੰਮ ਕਰਦੀ ਹੈ ਅਤੇ ਭਾਜਪਾ ਨੂੰ ਵੱਡੀ ਗਿਣਤੀ ’ਚ ਸੀਟਾਂ ’ਤੇ ਹਰਾਉਂਦੀ ਹੈ ਤਾਂ ਤਿ੍ਰਣਮੂਲ ਕਾਂਗਰਸ ਉਸ ਫਰੰਟ ’ਚ ਪੂਰੀ ਤਰ੍ਹਾਂ ਸ਼ਾਮਲ ਹੋਵੇਗੀ, ਜੋ ਸੰਵਿਧਾਨ ’ਚ ਵਿਸ਼ਵਾਸ ਰੱਖਦਾ ਹੈ ਅਤੇ ਇਸ ਦੇ ਲਈ ਲੜਦਾ ਹੈ।