ਦਿਲ ਫੇਲ/ਹਾਰਟ ਫੇਲੀਅਰ ਵਿਸ਼ਵ ਵਿਆਪੀ ਡਾਕਟਰੀ ਵਿਗਿਆਨ ਚ ਵਰਤਿਆ ਜਾਣ ਵਾਲਾ ਸ਼ਬਦ ਹੈ l ਇਹ ਦਿੱਲ ਦੀ ਕਾਰਜ ਕੁਸ਼ਲਤਾ ਦੇ ਵਿਗਾੜ ਨੂੰ ਦੱਸਣ ਵਾਲੀ ਹਾਲਤ ਹੈ,ਜਿਸ ਚ ਦਿਲ ਆਪਣੀ ਪੂਰੀ ਸਮਰਥਾ ਨਾਲ ਕੰਮ ਨਹੀਂ ਕਰ ਸਕਦਾ ਅਤੇ ਸ਼ਰੀਰ ਨੂੰ ਖੂਨ ਭੇਜਣ ਤੇ ਵਾਪਸ ਲਿਆਉਣ ਦਾ ਸਹੀ ਤਵਾਜਨ ਨਹੀਂ ਰੱਖ ਸਕਦਾ l ਇਸ ਕਾਰਨ ਫੇਫੜਿਆਂ ਤੇ ਸ਼ਰੀਰ ਵਿਚਕਾਰ ਦਿਲ ਦਾ ਤਾਲਮੇਲ ਨਹੀਂ ਰਹਿ ਸਕਦਾ ਅਤੇ ਇਸੇ ਕਰਕੇ ਦਿਲ ਵਿੱਚ ਜੋ ਵਿਗਾੜ ਪੈਦਾ ਹੁੰਦਾ ਹੈ ਉਸਨੂੰ ਕੰਜੈਸਟਿਵ ਹਾਰਟ ਫੇਲੀਅਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ l
ਦਿਲ ਸਾਡੇ ਸ਼ਰੀਰ ਅੰਦਰ ਜੀਵਨ ਦੀ ਪਹਿਚਾਣ ਹੁੰਦਾ ਹੈ l ” ਸਾਹ ਹੈ ਤਾਂ ਆਸ ਹੈ”, ਇਹ ਮੁਹਾਵਰਾ ਵੀ ਇਸੇ ਕਾਰਨ ਬਣਿਆ ਹੈ,ਕਿਉਂਕਿ ਸਾਹ ਹੀ ਜੀਵਨ ਲਈ ਮਹੱਤਵਪੂਰਨ ਹੁੰਦਾ ਹੈ ਅਤੇ ਇਸ ਸਾਹ ਦਿਲ ਦੀ ਧੜਕਣ ਤੇ ਸਰੀਰ ਦੀ ਕਾਰਜ ਪ੍ਰਣਾਲੀ ਨੂੰ ਸਚਾਰੂ ਰੂਪ ਨਾਲ ਚਲਾਉਣ ਲਈ ਜਿੰਮੇਵਾਰ ਹੁੰਦਾ ਹੈ l ਸਖਤ ਕੰਮ ਕਰਨ ਵਾਲਾ ਸਾਡਾ ਦਿਲ ਵੈਸੇ ਤਾਂ ਮਜ਼ਬੂਤ ਇਕਾਈ ਹੁੰਦਾ ਹੈ,ਜੋ ਰੋਜ਼ਾਨਾ ਜੀਵਨ ਦੇ ਕਾਰਜਾਤਮਕ ਉਤਰਾਵਾਂ ਚੜਾਵਾਂ ਨੂੰ ਬਾਖੂਬੀ ਝਲਦੇ ਆਪਣਾ ਕੰਮ ਕਰਦਾ ਰਹਿੰਦਾ ਹੈ। ਪਰ ਜੇ ਉਸ ਨਾਲ ਵਾਰੀ ਵਾਰੀ ਅਨਿਆਂ ਤੇ ਧੱਕਾ ਕੀਤਾ ਜਾਂਦਾ ਹੈ ਤਾਂ ਇਹ ਵੀ ਥੱਕਣ ਲੱਗਦਾ ਹੈ l ਕਈ ਵਾਰੀ ਬੁਰਾ ਪ੍ਰਭਾਵ ਇਸਨੂੰ ਕਾਰਜਹੀਨ ਬਣਾ ਦਿੰਦਾ ਹੈ ਅਤੇ ਜੀਵਨ ਨੂੰ ਖਤਮ ਕਰ ਦਿੰਦਾ ਹੈ। ਛੋਟੇ ਮੋਟੇ ਦੌਰਿਆਂ ਕਾਰਨ ਇਸਦੀ ਕਾਰਜਕੁਸ਼ਲਤਾ ਦਾ ਨੁਕਸਾਨ ਹੌਲੀ ਹੌਲੀ ਦਿਲ ਦੀਆਂ ਸਰਗਰਮੀਆਂ ਨੂੰ ਘੱਟ ਕਰਦਿਆਂ ਜੀਵਨ ਨੂੰ ਛੋਟਾ ਕਰਨ ਲੱਗਦਾ ਹੈ। ਜਦ ਦਿਲ ਦੇ ਪੱਠਿਆਂ ਨੂੰ ਠੀਕ ਤਰ੍ਹਾਂ ਨਾਲ ਪੋਸ਼ਣ ਨਹੀਂ ਮਿਲਦਾ ਅਤੇ ਲਹੂ ਦਾ ਠੀਕ ਤਰ੍ਹਾਂ ਨਾਲ ਸਰਕੂਲੇਸ਼ਨ ਦਿਲ ਵੱਲੋਂ ਨਹੀਂ ਹੋ ਸਕਦਾ ਤਾਂ ਦਿਲ ਥੱਕ ਜਾਂਦਾ ਹੈ ਅਤੇ ਉਹ ਆਪਣੀ ਕਾਰਜ ਸਮਰੱਥਾ ਦੀ ਕਮੀ ਦੇ ਕਾਰਨ ਬਾਕੀ ਸਰੀਰ ਦੇ ਦੂਰ ਦੁਰਾਡੇ ਦੇ ਭਾਗਾਂ ਨੂੰ ਲੋੜੀਦੀ ਮਾਤਰਾ ਨਾਲ ਖੂਨ ਨਹੀਂ ਭੇਜ ਸਕਦਾ l ਅਜਿਹਾ ਖੂਨ ਦਿਲ ਅੰਦਰ ਵੱਧ ਮਾਤਰਾ ਚ ਰੁਕ ਜਾਂਦਾ ਹੈ ਜਾਂ ਲੋੜ ਤੋਂ ਘੱਟ ਮਾਤਰਾ ਵਿੱਚ ਦਿਲ ਚ ਆ ਸਕਦਾ ਹੈ। ਇਥੋਂ ਹੀ ਦਿਲ ਦੇ ਰੋਗਾਂ ਦੀ ਸ਼ੁਰੂਆਤ ਹੁੰਦੀ ਹੈ l
ਆਧੁਨਿਕ ਡਾਕਟਰ ਦਿਲ ਦੇ ਫੇਲ ਹੋਣ ਦੇ ਰੋਗ (ਕੰਜੈਸਟਿਵ ਹਾਰਟ ਫੇਲੀਅਰ) ਨੂੰ ਦੋ ਭਾਗਾਂ ਚ ਵੰਡਦੇ ਹਨ :-
ਪਹਿਲਾਂ: ਅਕਿਊਟ ਸੀਸੀਐਫ (ਅਚਾਨਕ ਦਿਲ ਦਾ ਫੇਲ ਹੋਣਾ)
ਜਦ ਇੱਕੋ ਇੱਕ ਤੀਬਰ ਲੱਛਣ ਦੇ ਨਾਲ ਦਿਲ ਦੀ ਕਾਰਜਪ੍ਰਣਾਲੀ ਪ੍ਰਣਾਲੀ ਚ ਤਬਦੀਲੀਆਂ ਦਿਸਦੀਆਂ ਹਨ l
ਦੂਜਾ: ਕਰਾਨਿਕ ਸੀਸੀਐਫ (ਹੌਲੀ ਹੌਲੀ ਦਿਲ ਫੇਲ ਹੋਣਾ)
ਜਦ ਦਿਲ ਦੀਆਂ ਤਬਦੀਲੀਆਂ ਨੂੰ ਦਵਾਈਆਂ ਦੇ ਨਾਲ ਕੰਟਰੋਲ ਕਰਨ ਪਿੱਛੋਂ ਵੀ ਕਾਰਜ ਪ੍ਰਣਾਲੀ ਚ ਦੋਸ਼ ਜਾਰੀ ਰਹਿੰਦਾ ਹੈ। ਇਸ ਦੇ ਹੋਰ ਵਿਸਤਾਰ ਵਿੱਚ ਜਾਣ ਤੇ ਲੈਫਟ ਸਾਈਡਡ ਅਤੇ ਰਾਈਟ ਸਾਈਡਡ ਫੇਲੀਅਰ ਦਾ ਵੀ ਵਿਸਥਾਰ ਚ ਵਿਵੇਚਨ ਮਿਲਦਾ ਹੈ l ਇਸ ਦੇ ਲੱਛਣ ਦੇ ਕਾਰਨ ਵੱਖ-ਵੱਖ ਹੁੰਦੇ ਹਨ l ਇਸ ਤੋਂ ਇਲਾਵਾ ਬਾਈਵੈਂਟਰੀਕੂਲਰ ਸੀਸੀਐਫ ਬਾਰੇ ਆਮ ਜਾਣਕਾਰੀ ਲਈ ਇੰਨੇ ਵਿਸਥਾਰ ਦੀ ਲੋੜ ਨਾ ਹੋਣ ਕਾਰਨ ਆਪਾਂ ਇੱਥੇ ਨਹੀਂ ਦੱਸ ਰਹੇ l
ਕੰਜੈਸਟਿਵ ਹਾਰਟ ਫੇਲਅਰ ਦੇ ਕਾਰਨ :
-ਸ਼ੂਗਰ ਦੀ ਬੀਮਾਰੀ
-ਮੋਟਾਪਾ
-ਹਾਈ ਬਲੱਡ ਪ੍ਰੈਸ਼ਰ ਦਾ ਰੋਗ
-ਇਸ਼ਚੀਮਕ ਹਾਰਟ ਡਿਸੀਸ (ਹਾਰਟ ਅਟੈਕ)
-ਨਸ਼ਾਖੋਰੀ ਤੇ ਤਮਾਕੂਨੋਸ਼ੀ
-ਦਿਲ ਦੇ ਵਾਲਵ ਦੀ ਗੜਬੜ ਤੇ ਕਮਜ਼ੋਰੀਆਂ
-ਦਿਲ ਦੀਆਂ ਮਾਸਪੇਸ਼ੀਆਂ ਦਾ ਫਲਾਅ
ਇਸ ਤੋਂ ਇਲਾਵਾ ਹੋਰ ਵੀ ਕਾਰਨ ਹੋ ਸਕਦੇ ਹਨ,ਜਿਨਾਂ ਵਿੱਚ ਇਹ ਸਥਿਤੀ ਪੈਦਾ ਹੁੰਦੀ ਹੈ ਉਹ ਹਨ :
-ਦਿਲ ਦੀਆਂ ਮਾਸਪੇਸ਼ੀਆਂ ਚ ਵਾਇਰਲ ਇਨਫੈਕਸ਼ਨ
-ਐਚਆਈਵੀ ਕਾਰਡਿਓਮਾਓਪੈਥੀ
-ਕੋਕਿੰਗ ਦੀ ਵਰਤੋਂ
-ਕੈਂਸਰ ਦੇ ਇਲਾਜ (ਕੀਮੋਥਿਰਪੀ) ਦੀਆਂ ਦਵਾਈਆਂ ਦੀ ਵਰਤੋਂ ਆਦਿ
-ਐਸਐਲਈ ਕਾਰਡੀਓਪੈਥੀ
ਕੰਜੈਸਟਿਵ ਹਾਰਟ ਫੇਲਿਓਰ ਲਈ ਕੀਤੀਆਂ ਜਾਣ ਵਾਲੀਆਂ ਜਾਂਚਾਂ :-
-ਈਸੀਜੀ
-ਈਕੋਕਾਰਡੀਓਗਰਾਫੀ
-ਖੂਨ ਦੀ ਜਾਂਚ
-ਇੰਜੀਓਗ੍ਰਾਫੀ
-ਕਾਰਡਇਕ ਮਨੀਟਰਿੰਗ
ਕੰਜੈਸਟਿਵ ਹਾਰਟ ਫੇਲੀਅਰ ਦੇ ਰੋਗ ਦਾ ਇਲਾਜ ਕੀ ਹੋਵੇ ?
ਇਸ ਬਿਮਾਰੀ ਦੇ ਇਲਾਜ ਦਾ ਮੁੱਖ ਮਕਸਦ ਦਿਲ ਦੀ ਮਿਹਨਤ ਤੇ ਪੈਂਦੇ ਵਾਧੂ ਭਾਰ ਨੂੰ ਰੋਕਿਆ ਜਾਣਾ ਤੇ ਪੈਣ ਵਾਲੇ ਦਬਾਅ ਚ ਕਮੀ ਲਿਆਉਣਾ ਹੀ ਹੁੰਦਾ ਹੈ l ਮਾਹਰ ਤੇ ਤਜਰਬੇਕਾਰ ਡਾਕਟਰ ਤੋਂ ਲਈਆਂ ਦਵਾਈਆਂ ਦੀ ਵਰਤੋਂ ਨਾਲ ਦਿਲ ਦੇ ਪੱਠਿਆਂ ਨੂੰ ਤਾਕਤ ਦੇਣ ਦੀ ਕੋਸ਼ਿਸ਼ ਕੀਤੇ ਜਾਣ ਦੇ ਨਾਲ ਨਾਲ ਪੈਣ ਵਾਲੇ ਦਬਾਅ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ l ਬਲੱਡ ਦੀ ਲੋੜੀਂਦੀ ਸਪਲਾਈ ਨੂੰ ਦਿਲ ਤੇ ਫੇਫੜਿਆਂ ਚ ਹੋ ਕੇ ਸਾਰੇ ਸ਼ਰੀਰ ਅੰਦਰ ਸਰਕੂਲੇਟ ਕਰਨ ਅਤੇ ਸਰੀਰ ਤੋਂ ਦਿਲ ਵੱਲ ਖੂਨ ਦੇ ਪਰਵਾਹ ਨੂੰ ਕੰਟਰੋਲ ਕਰਨਾ ਹੁੰਦਾ ਹੈ l ਜੇ ਹੋਰ ਵੀ ਸੰਸਥਾਨਕ ਜਾਂ ਸਿਸਟੈਮਿਕ ਰੋਗ ਹੁੰਦੇ ਹਨ ਤਾਂ ਲੱਛਣਾਂ ਅਨੁਸਾਰ ਉਹਨਾਂ ਦਾ ਵੀ ਇਲਾਜ ਕਰਕੇ ਉਹਨਾਂ ਤੇ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ l ਰੋਗੀ ਨੂੰ ਨਿਯਮਤ ਦਵਾਈਆਂ ਤੇ ਖੂਨ ਦੀਆਂ ਜਾਂਚਾਂ ਕਰਨ ਪਿੱਛੋਂ ਫਾਇਦਾ ਹੁੰਦਾ ਹੈ l ਇਸ ਤੋਂ ਇਲਾਵਾ ਤਣਾਰਹਿਤ ਜੀਵਨ ਸ਼ੈਲੀ ਅਤੇ ਸਹੀ ਖੁਰਾਕੀ ਪਦਾਰਥਾਂ ਦੀ ਵਰਤੋਂ ਦਾ ਵੀ ਇਸ ਵਿੱਚ ਬਹੁਤ ਅਹਿਮ ਰੋਲ ਹੁੰਦਾ ਹੈ l
ਫਿਰ ਵੀ ਦਵਾਈਆਂ ਤੇ ਨਿਰਭਰਤਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ l
ਡਾਕਟਰ ਅਜੀਤਪਾਲ ਸਿੰਘ ਐਮ ਡੀ
* ਸਾਬਕਾ ਡਿਪਟੀ ਮੈਡੀਕਲ ਕਮਿਸ਼ਨਰ
98156 29301