ਪੰਜਾਬ ਵਿੱਚ ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ‘ਇੰਡੀਆ’ ਗੱਠਜੋੜ ਵਿੱਚ ਤਰੇੜਾਂ ਪੈਂਦੀਆਂ ਨਜ਼ਰ ਆ ਰਹੀਆਂ ਹਨ। ਸੂਬੇ ਵਿਚ ਆਮ ਆਦਮੀ ਪਾਰਟੀ (ਆਪ) ਅਤੇ ਕਾਂਗਰਸ ਦਰਮਿਆਨ ਕੋਈ ਸਿਆਸੀ ਗੱਠਜੋੜ ਨਹੀਂ ਹੋਵੇਗਾ। ਪੰਜਾਬ ਵਿੱਚ ‘ਆਪ’ ਇਕੱਲੇ ਆਪਣੇ ਦਮ ’ਤੇ ਲੋਕ ਸਭਾ ਚੋਣਾਂ ਲੜੇਗੀ। ਇਸ ਗੱਲ ਦਾ ਪ੍ਰਗਟਾਵਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਤੋਂ ਬਾਅਦ ਪੰਜਾਬ ਭਵਨ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਹੈ। ਉਨ੍ਹਾਂ ਸਪਸ਼ਟ ਕਿਹਾ ਕਿ ਪੰਜਾਬ ਵਿੱਚ ‘ਆਪ’ ਵੱਲੋਂ ਕਾਂਗਰਸ ਨਾਲ ਕੋਈ ਗੱਠਜੋੜ ਨਹੀਂ ਕੀਤਾ ਜਾਵੇਗਾ। ‘ਆਪ’ ਆਪਣੇ ਦਮ ’ਤੇ ਚੋਣ ਲੜਦੇ ਹੋਏ 13-0 ਨਾਲ ਜਿੱਤ ਹਾਸਲ ਕਰੇਗੀ। ਸ੍ਰੀ ਮਾਨ ਨੇ ਕਿਹਾ ਕਿ ‘ਆਪ’ ਵੱਲੋਂ ਪੰਜਾਬ ਵਿੱਚ ਸਾਰੀਆਂ 13 ਲੋਕ ਸਭਾ ਸੀਟਾਂ ਲਈ ਉਮੀਦਵਾਰਾਂ ਬਾਰੇ ਮੰਥਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਲੰਧਰ ਲੋਕ ਸਭਾ ਹਲਕੇ ਨੂੰ ਛੱਡ ਕੇ ਬਾਕੀ ਬਚਦੇ 12 ਸੰਸਦੀ ਹਲਕਿਆਂ ਲਈ ਕੁੱਲ 40 ਸੰਭਾਵੀ ਉਮੀਦਵਾਰਾਂ ਦੀ ਸੂਚੀ ਤਿਆਰ ਕੀਤੀ ਗਈ ਹੈ। ਇਸ ਬਾਰੇ ਪਾਰਟੀ ਵੱਲੋਂ ਲੋਕਾਂ ’ਚ ਸਰਵੇਖਣ ਵੀ ਕਰਵਾਇਆ ਜਾਵੇਗਾ ਅਤੇ ਉਸ ਤੋਂ ਬਾਅਦ ਪਾਰਟੀ ਕੋਈ ਆਖਰੀ ਫ਼ੈਸਲਾ ਲਏਗੀ। ਉਨ੍ਹਾਂ ਕਿਹਾ ਕਿ ਜਲੰਧਰ ਲੋਕ ਸਭਾ ਹਲਕੇ ਤੋਂ ਸੁਸ਼ੀਲ ਕੁਮਾਰ ਰਿੰਕੂ ਦੀ ਟਿਕਟ ਪੱਕੀ ਹੈ। ਦੂਜੇ ਪਾਸੇ ਕਾਂਗਰਸ ਪਾਰਟੀ ਨੇ ਵੀ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਚੋਣ ਕਮੇਟੀ ਦਾ ਐਲਾਨ ਕਰਕੇ ਵੱਖਰੇ ਤੌਰ ’ਤੇ ਆਪਣੀਆਂ ਚੋਣ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਹਨ। ਜ਼ਿਕਰਯੋਗ ਹੈ ਕਿ ਕਾਂਗਰਸ ਤੇ ‘ਆਪ’ ਕੌਮੀ ਪੱਧਰ ’ਤੇ ਇੰਡੀਆ ਗੱਠਜੋੜ ਦਾ ਹਿੱਸਾ ਹੋਣ ਕਰਕੇ ਦੇਸ਼ ਭਰ ਵਿੱਚ ਸਾਂਝੇ ਤੌਰ ’ਤੇ ਚੋਣਾਂ ਲੜਨ ਦਾ ਫੈਸਲਾ ਕਰ ਰਹੀਆਂ ਹਨ, ਪਰ ਦੋਵਾਂ ਪਾਰਟੀਆਂ ਵਿੱਚ ਪੰਜਾਬ ’ਚ ਸਮਝੌਤਾ ਹੋਣ ਦੇ ਆਸਾਰ ਘੱਟ ਦਿਖਾਈ ਦੇ ਰਹੇ ਹਨ। ਪੰਜਾਬ ਵਿੱਚ ‘ਆਪ’ ਤੇ ਕਾਂਗਰਸ ਦੀ ਸੂਬਾਈ ਲੀਡਰਸ਼ਿਪ ਵੱਲੋਂ ਇਕੱਲਿਆ ਚੋਣਾਂ ਲੜਨ ’ਤੇ ਵਾਧੂ ਜ਼ੋਰ ਦਿੱਤਾ ਜਾ ਰਿਹਾ ਹੈ। ਇਸੇ ਕਰਕੇ ਦੋਵਾਂ ਸਿਆਸੀ ਧਿਰਾਂ ਵੱਲੋਂ ਵੱਖ-ਵੱਖ ਸਿਆਸੀ ਮੰਚਾਂ ’ਤੇ ਇਕ ਦੂਜੇ ਨੂੰ ਘੇਰਿਆ ਵੀ ਜਾ ਰਹੀ ਹੈ ਅਤੇ ਇਕੱਲਿਆਂ ਚੋਣਾਂ ਲੜਨ ਦੇ ਦਾਅਵੇ ਵੀ ਕੀਤੇ ਜਾ ਰਹੇ ਹਨ।
ਮੁੱਖ ਮੰਤਰੀ ਨੇ 22 ਜਨਵਰੀ ਨੂੰ ਅਯੁੱਧਿਆ ਵਿੱਚ ਪ੍ਰਾਣ ਪ੍ਰਤਿਸ਼ਠਾ ਸਮਾਗਮ ਦੇ ਮੱਦੇਨਜ਼ਰ ਸੂਬੇ ਵਿੱਚ ਛੁੱਟੀ ਨਾ ਕਰਨ ਬਾਰੇ ਕਿਹਾ ਕਿ ‘ਆਪ’ ਜਾਤੀਵਾਦ ਤੇ ਧਰਮ ਦੀ ਰਾਜਨੀਤੀ ਨਹੀਂ ਕਰਦੀ ਹੈ। ‘ਆਪ’ ਵੱਲੋਂ ਸਾਰੇ ਧਰਮਾਂ ਦੇ ਲੋਕਾਂ ਨੂੰ ਇਕ ਬਰਾਬਰ ਰੱਖਿਆ ਜਾਂਦਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ’ਤੇ ਹਮਲਾ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਸੱਤਾ ’ਚੋਂ ਬਾਹਰ ਹੋਣ ਮਗਰੋਂ ਪੰਥ ਦੀ ਯਾਦ ਆ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜਿਹੜੀ ਤੱਕੜੀ ਵਿੱਚ ਵੱਟੇ ਸਮਗਲਰਾਂ ਨੇ ਪਾਏ ਹੋਏ, ਉਹ ਤੱਕੜੀ ਬਾਬੇ ਨਾਨਕ ਦੀ ਨਹੀਂ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਧਰਮ ਨਾਲ ਰਾਜਨੀਤਕ ਚੋਣ ਨਿਸ਼ਾਨ ਨੂੰ ਜੋੜਨਾ ਗਲਤ ਹੈ। ਪੰਜਾਬ-ਹਰਿਆਣਾ ਹਾਈ ਕੋਰਟ ਵਿੱਚ ਚੰਡੀਗੜ੍ਹ ਦੇ ਮੇਅਰ ਦੀ ਚੋਣ ਸਬੰਧੀ ਅੱਜ ਹੋਈ ਸੁਣਵਾਈ ਦੌਰਾਨ ਅਦਾਲਤ ਨੇ ਪ੍ਰਸ਼ਾਸਨ ਨੂੰ 30 ਜਨਵਰੀ ਨੂੰ ਸਵੇਰੇ 10 ਵਜੇ ਮੇਅਰ ਦੀ ਚੋਣ ਕਰਵਾਉਣ ਦੇ ਹੁਕਮ ਦਿੱਤੇ ਹਨ। ਕੋਰਟ ਨੇ ‘ਆਪ’ ਦੀ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਕਿਹਾ ਕਿ ਚੋਣਾਂ ਵਾਲੇ ਦਿਨ ਚੰਡੀਗੜ੍ਹ ਪੁਲੀਸ ਦੀ ਸੁਰੱਖਿਆ ਹੇਠ ਵੋਟਾਂ ਪੈਣਗੀਆਂ ਤੇ ਨਿਗਮ ਕੌਂਸਲਰਾਂ ਦੇ ਸਮਰਥਕਾਂ ਜਾਂ ਬਾਹਰੀ ਸੂਬਿਆਂ ਦੇ ਸੁਰੱਖਿਆ ਮੁਲਾਜ਼ਮਾਂ ਨੂੰ ਨਿਗਮ ਭਵਨ ਵਿੱਚ ਪ੍ਰਵੇਸ਼ ਕਰਨ ਦੀ ਮਨਾਹੀ ਹੋਵੇਗੀ। ‘ਆਪ’ ਕੁਲਦੀਪ ਕੁਮਾਰ ਨੇ 6 ਫਰਵਰੀ ਨੂੰ ਮੇਅਰ ਦੀ ਚੋਣਾਂ ਕਰਵਾਉਣ ਸਬੰਧੀ ਜਾਰੀ ਨੋਟੀਫਿਕੇਸ਼ਨ ਨੂੰ ਚੁਣੌਤੀ ਦਿੱਤੀ ਸੀ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਤੇ ਤ੍ਰਿਣਮੂਲ ਕਾਂਗਰਸ ਸੁਪਰੀਮੋ ਮਮਤਾ ਬੈਨਰਜੀ ਨੇ ਅੱਜ ਐਲਾਨ ਕੀਤਾ ਕਿ ਉਨ੍ਹਾਂ ਦੀ ਪਾਰਟੀ ਨੇ ਸੂਬੇ ਵਿੱਚ ਆਗਾਮੀ ਲੋਕ ਸਭਾ ਚੋਣਾਂ ਇਕੱਲਿਆਂ ਆਪਣੇ ਦਮ ’ਤੇ ਲੜਨ ਦਾ ਫੈਸਲਾ ਕੀਤਾ ਹੈ। ਬੈਨਰਜੀ ਦਾ ਇਹ ਦਾਅਵਾ ਵਿਰੋਧੀ ਧਿਰਾਂ ਦੇ ‘ਇੰਡੀਆ’ ਗੱਠਜੋੜ ਲਈ ਵੱਡਾ ਝਟਕਾ ਹੈ। ਬੰਗਾਲ ਵਿੱਚ ਸੀਟਾਂ ਦੀ ਵੰਡ ਨੂੰ ਲੈ ਕੇ ਕਾਂਗਰਸ ਤੇ ਟੀਐੱਮਸੀ ਦਰਮਿਆਨ ਚੱਲ ਰਹੀ ਤਲਖੀ ਦਰਮਿਆਨ ਬੈਨਰਜੀ ਨੇ ਕਿਹਾ, ‘‘ਮੈਂ ਉਨ੍ਹਾਂ (ਕਾਂਗਰਸ) ਨੂੰ ਇਕ ਤਜਵੀਜ਼ (ਸੀਟਾਂ ਦੀ ਵੰਡ ਬਾਰੇ) ਦਿੱਤੀ ਸੀ, ਪਰ ਉਨ੍ਹਾਂ ਸ਼ੁਰੂਆਤ ਵਿਚ ਹੀ ਇਸ ਤੋਂ ਨਾਂਹ ਕਰ ਦਿੱਤੀ। ਸਾਡੀ ਪਾਰਟੀ ਨੇ ਹੁਣ ਬੰਗਾਲ ਵਿੱਚ ਇਕੱਲਿਆਂ ਚੋਣਾਂ ਲੜਨ ਦਾ ਫੈਸਲਾ ਕੀਤਾ ਹੈ।’’ ਮੁੱਖ ਮੰਤਰੀ ਨੇ ਸੀਟਾਂ ਦੀ ਵੰਡ ਬਾਰੇ ਗੱਲਬਾਤ ਸਬੰਧੀ ਮੀਡੀਆ ਰਿਪੋਰਟਾਂ ਨੂੰ ਵੀ ਖਾਰਜ ਕਰ ਦਿੱਤਾ। ਬੈਨਰਜੀ ਨੇ ਜ਼ੋਰ ਦੇ ਕੇ ਆਖਿਆ ਕਿ ਉਨ੍ਹਾਂ ਇਸ ਮੁੱਦੇ ਨੂੰ ਲੈ ਕੇ ਕਾਂਗਰਸ ਵਿੱਚ ਕਿਸੇ ਨਾਲ ਕੋਈ ਗੱਲਬਾਤ ਨਹੀਂ ਕੀਤੀ। ਉਨ੍ਹਾਂ ਕਿਹਾ, ‘‘ਅਸੀਂ ਹੁਣ ਬੰਗਾਲ ਵਿੱਚ ਕਾਂਗਰਸ ਨਾਲ ਕੋਈ ਰਿਸ਼ਤਾ ਨਾ ਰੱਖਣ ਦਾ ਫੈਸਲਾ ਕੀਤਾ ਹੈ।’’ ਸੂਤਰਾਂ ਮੁਤਾਬਕ ਤ੍ਰਿਣਮੂਲ ਕਾਂਗਰਸ ਨੇ 2019 ਲੋਕ ਸਭਾ ਚੋਣਾਂ ਦੀ ਕਾਰਗੁਜ਼ਾਰੀ ਦੇ ਆਧਾਰ ’ਤੇ ਕਾਂਗਰਸ ਨੂੰ ਦੋ ਸੀਟਾਂ ਦੇਣ ਦੀ ਪੇਸ਼ਕਸ਼ ਕੀਤੀ ਸੀ ਜਿਸ ਮਗਰੋਂ ਦੋਵਾਂ ਧਿਰਾਂ ’ਚ ਤਲਖੀ ਪੈਦਾ ਹੋ ਗਈ ਸੀ। ਕਾਂਗਰਸ ਨੇ ਟੀਐੱਮਸੀ ਦੀ ਇਸ ਪੇਸ਼ਕਸ਼ ਨੂੰ ‘ਗੈਰਵਾਜਬ’ ਦੱਸਿਆ ਸੀ। ਸੀਪੀਆਈ(ਐੱਮ) ਦੀ ਅਗਵਾਈ ਵਾਲਾ ਲੈਫਟ ਫਰੰਟ, ਕਾਂਗਰਸ ਤੇ ਟੀਐੱਮਸੀ ‘ਇੰਡੀਆ’ ਗੱਠਜੋੜ ’ਚ ਸ਼ਾਮਲ 28 ਪਾਰਟੀਆਂ ਦਾ ਹਿੱਸਾ ਹਨ। ਬੈਨਰਜੀ ਨੇ ਕਿਹਾ, ‘‘ਕਾਂਗਰਸ ਨੂੰ ਆਪਣੇ ਦਮ ’ਤੇ 300 ਸੀਟਾਂ ’ਤੇ ਲੜਨ ਦਿੱਤਾ ਜਾਵੇ। ਖੇਤਰੀ ਪਾਰਟੀਆਂ ਇਕੱਠੀਆਂ ਹਨ ਤੇ ਬਾਕੀ ਸੀਟਾਂ ’ਤੇ ਲੜ ਸਕਦੀਆਂ ਹਨ। ਅਸੀਂ ਉਨ੍ਹਾਂ (ਕਾਂਗਰਸ) ਦੇ ਬੰਗਾਲ ਵਿੱਚ ਦਖਲ ਨੂੰ ਬਿਲਕੁਲ ਸਵੀਕਾਰ ਨਹੀਂ ਕਰਾਂਗੇ।’’ ਟੀਐੱਮਸੀ ਮੁਖੀ ਨੇ ਪਿਛਲੇ ਦਿਨੀਂ ਕੋਲਕਾਤਾ ਵਿੱਚ ਕੀਤੀ ਰੈਲੀ ਦੌਰਾਨ ਵੀ ਇਹੀ ਗੱਲ ਕਹੀ ਸੀ। ‘ਇੰਡੀਆ’ ਗੱਠਜੋੋੜ ਲਈ ਆਪਣੀ ਵਚਨਬੱਧਤਾ ਜ਼ਾਹਰ ਕਰਦਿਆਂ ਬੈਨਰਜੀ ਨੇ ਕਿਹਾ, ‘‘ਕੌਮੀ ਪੱਧਰ ’ਤੇ ਇੰਡੀਆ ਗੱਠਜੋੜ ਦਾ ਹਿੱਸਾ ਹੋਣ ਦੇ ਨਾਤੇ ਅਸੀਂ ਲੋਕ ਸਭਾ ਚੋਣਾਂ ਤੋਂ ਬਾਅਦ ਆਪਣੀ ਰਣਨੀਤੀ ਬਾਰੇ ਫੈਸਲਾ ਕਰਾਂਗੇ। ਭਾਜਪਾ ਨੂੰ ਹਰਾਉਣ ਲਈ ਜੋ ਕੁਝ ਕਰਨਾ ਪਿਆ ਕਰਾਂਗੇ।’’ ਰਾਹੁਲ ਗਾਂਧੀ ਦੀ ਅਗਵਾਈ ਵਾਲੀ ਭਾਰਤ ਜੋੜੋ ਨਿਆਏ ਯਾਤਰਾ, ਜਿਸ ਦੇ ਵੀਰਵਾਰ ਨੂੰ ਪੱਛਮੀ ਬੰਗਾਲ ’ਚ ਦਾਖਲ ਹੋਣ ਦੀ ਸੰਭਾਵਨਾ ਹੈ, ਦੀ ਗੱਲ ਕਰਦਿਆਂ ਬੈਨਰਜੀ ਨੇ ਦਾਅਵਾ ਕੀਤਾ ਕਿ ਕਾਂਗਰਸ ਨੇ ਸੂਬੇ ਵਿੱਚ ਯਾਤਰਾ ਦੇ ਪ੍ਰੋਗਰਾਮ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਮੁੱਖ ਮੰਤਰੀ ਨੇ ਕਿਹਾ, ‘‘ਕੀ ਮੂੰਹ-ਮੁਲਾਹਜ਼ੇ ਨੂੰ ਉਨ੍ਹਾਂ ਦਾ ਫ਼ਰਜ਼ ਨਹੀਂ ਬਣਦਾ ਸੀ ਕਿ ਉਹ ਮੈਨੂੰ ਯਾਤਰਾ ਦੇ ਬੰਗਾਲ ਵਿਚ ਆਉਣ ਬਾਰੇ ਦੱਸਣ? ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।’’ ਉਧਰ ਕਾਂਗਰਸ ਦੀ ਬੰਗਾਲ ਇਕਾਈ ਦੇ ਪ੍ਰਧਾਨ ਅਧੀਰ ਚੌਧਰੀ ਨੇ ਕਿਹਾ ਕਿ ਉਹ ਸੀਟਾਂ ਲਈ ਬੰਗਾਲ ਦੀ ਸੱਤਾਧਾਰੀ ਪਾਰਟੀ ਅੱਗੇ ‘ਹੱਥ ਨਹੀਂ ਅੱਡਣਗੇ’। ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਟੀਐੱਮਸੀ ਨੇ 22, ਕਾਂਗਰਸ ਨੇ ਦੋ ਤੇ ਭਾਜਪਾ ਨੇ 18 ਸੀਟਾਂ ’ਤੇ ਜਿੱਤ ਦਰਜ ਕੀਤੀ ਸੀ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਮੱਥੇ ’ਤੇ ਅੱਜ ਉਸ ਵੇਲੇ ਸੱਟ ਲੱਗ ਗਈ ਜਦੋਂ ਉਨ੍ਹਾਂ ਦੀ ਕਾਰ ਦੇ ਚਾਲਕ ਨੇ ਇਕ ਹੋਰ ਵਾਹਨ ਨਾਲ ਟੱਕਰ ਤੋਂ ਬਚਣ ਲਈ ਯਕਦਮ ਬਰੇਕ ਲਾ ਦਿੱਤੀ। ਸੀਨੀਅਰ ਅਧਿਕਾਰੀ ਨੇ ਕਿਹਾ ਕਿ ਬੈਨਰਜੀ, ਜੋ ਡਰਾਈਵਰ ਨਾਲ ਮੂਹਰਲੀ ਸੀਟ ’ਤੇ ਬੈਠੇ ਸਨ, ਦਾ ਸਿਰ ਕਾਰ ਦੇ ਸਾਹਮਣੇ ਸ਼ੀਸ਼ੇ ’ਤੇੇ ਵੱਜਾ। ਮੁੱਖ ਮੰਤਰੀ ਨੂੰ ਵਾਪਸ ਕੋਲਕਾਤਾ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਦੀ ਮੱਲ੍ਹਮ ਪੱਟੀ ਕੀਤੀ। ਬੈਨਰਜੀਪ੍ਰਸ਼ਾਸਕੀ ਨਜ਼ਰਸਾਨੀ ਬੈਠਕ ਲਈ ਅੱਜ ਦੁਪਹਿਰੇ ਪੂਰਬੀ ਬਰਧਮਾਨ ਗਏ ਸਨ। -ਪੀਟੀਆਈ ਮਮਤਾ ਬੈਨਰਜੀ ਵੱਲੋਂ ਬੰਗਾਲ ’ਚ ਲੋਕ ਸਭਾ ਚੋਣਾਂ ਇਕੱਲਿਆਂ ਲੜਨ ਦੇ ਐਲਾਨ ਤੋਂ ਫੌਰੀ ਮਗਰੋਂ ਕਾਂਗਰਸ ਨੇ ਕਿਹਾ ਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਤੇ ਟੀਐੱਮਸੀ ਸੁਪਰੀਮੋ (ਬੈਨਰਜੀ) ਤੋਂ ਬਗੈਰ ਇੰਡੀਆ ਗੱਠਜੋੜ ਦੀ ਹੋਂਦ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਅਸਾਮ ਦੇ ਉੱਤਰੀ ਸਲਮਾਰਾ ਵਿੱਚ ‘ਭਾਰਤ ਜੋੜੋ ਨਿਆਏ ਯਾਤਰਾ’ ਦੀ ਕੜੀ ਵਿੱਚ ਕੀਤੀ ਪ੍ਰੈੈੱਸ ਕਾਨਫਰੰਸ ਦੌਰਾਨ ਕਿਹਾ,‘‘ਤ੍ਰਿਣਮੂਲ ਕਾਂਗਰਸ ਵਿਰੋਧੀ ਧਿਰਾਂ ਦੇ ਗੱਠਜੋੜ ਦਾ ‘ਅਹਿਮ ਥੰਮ੍ਹ’ ਹੈ। ਅਸੀਂ ਮਮਤਾ ਜੀ ਤੋਂ ਬਗੈਰ ਇੰਡੀਆ ਗੱਠਜੋੜ ਦੀ ਕਲਪਨਾ ਨਹੀਂ ਕਰ ਸਕਦੇ। ਇੰਡੀਆ ਗੱਠਜੋੜ ਪੱਛਮੀ ਬੰਗਾਲ ਵਿੱਚ ਲੋਕ ਸਭਾ ਚੋਣਾਂ ਲੜੇੇਗਾ ਤੇ ਸਾਰੇ(ਭਾਈਵਾਲ) ਸ਼ਾਮਲ ਹੋਣਗੇ।’’ ਰਮੇਸ਼ ਨੇ ਕਿਹਾ, ‘‘ਬੈਨਰਜੀ ਹੁਰਾਂ ਕਿਹਾ ਹੈ ਕਿ ਭਾਜਪਾ ਨੂੰ ਹਰਾਉਣਾ ਸਾਡੀ ਸਾਰਿਆਂ ਦੀ ਤਰਜੀਹ ਤੇ ਪ੍ਰਮੁੱਖ ਜ਼ਿੰਮੇਵਾਰੀ ਹੈ। ਇਸੇ ਭਾਵਨਾ ਨਾਲ ਸਾਡੀ ‘ਭਾਰਤ ਜੋੜੋ ਨਿਆਏ ਯਾਤਰਾ’ ਭਲਕੇ ਪੱਛਮੀ ਬੰਗਾਲ ਵਿੱਚ ਦਾਖਲ ਹੋਵੇਗੀ।’’ ਰਮੇਸ਼ ਨੇ ਕਿਹਾ, ‘‘ਕਈ ਵਾਰ ਲੰਮੇ ਸਫ਼ਰ ਦੌਰਾਨ ਸਾਨੂੰ ਰਸਤੇ ਵਿੱਚ ਸਪੀਡ ਬ੍ਰੇਕਰ ਤੇ ਲਾਲ ਬੱਤੀ ਮਿਲਦੀ ਹੈ। ਯਾਤਰਾ ਸਪੀਡ ਬ੍ਰੇਕਰਾਂ ਨੂੰ ਪਾਰ ਕਰ ਜਾਂਦੀ ਹੈ ਤੇ ਲਾਲ ਬੱਤੀ ਹਰੀ ਹੋ ਜਾਂਦੀ ਹੈ।’’ ਕਾਂਗਰਸ ਆਗੂ ਰਾਹੁਲ ਗਾਂਧੀ ਦੇ ਹਵਾਲੇ ਨਾਲ ਰਮੇਸ਼ ਨੇ ਜ਼ੋਰ ਦੇ ਕੇ ਕਿਹਾ ਕਿ ਟੀਐੱਮਸੀ ਤੇ ਖਾਸ ਕਰਕੇ ਬੈਨਰਜੀ, ਜੋ ਪੱਛਮੀ ਬੰਗਾਲ ਤੇ ਭਾਰਤ ਦੀ ਆਗੂ ਹੈ, ‘ਇੰਡੀਆ ਗੱਠਜੋੜ ਦੇ ਬਹੁਤ ਅਹਿਮ ਥੰਮ੍ਹ ਹਨ।’’ ਰਮੇਸ਼ ਨੇ ਦਾਅਵਾ ਕੀਤਾ ਕਿ ‘ਸੀਟਾਂ ਦੀ ਵੰਡ’ ਨੂੰ ਲੈ ਕੇ ਪੱਛਮੀ ਬੰਗਾਲ ਵਿੱਚ ਟੀਐੱਮਸੀ ਨਾਲ ਗੱਲਬਾਤ ਜਾਰੀ ਹੈ ਤੇ ਜਲਦੀ ਹੀ ਜਮੂਦ ਦਾ ਕੋਈ ਹੱਲ ਕੱਢ ਲਿਆ ਜਾਵੇਗਾ। ਬੈਨਰਜੀ ਦੇ ਇਸ ਬਿਆਨ ਕਿ ਉਨ੍ਹਾਂ ਨੂੰ ‘ਭਾਰਤ ਜੋੜੋ ਨਿਆਏ ਯਾਤਰਾ’ ਲਈ ਕੋਈ ਸੱਦਾ ਨਹੀਂ ਮਿਲਿਆ ਬਾਰੇ ਗੱਲ ਕਰਦਿਆਂ ਰਮੇਸ਼ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਰਾਹੁਲ ਗਾਂਧੀ ਤੇ ਪਾਰਟੀ ਦੇ ਪੱਛਮੀ ਬੰਗਾਲ ਦੇ ਇੰਚਾਰਜ ਨੇ ਇਸ ਬਾਰੇ ਉਨ੍ਹਾਂ (ਮਮਤਾ) ਨਾਲ ਗੱਲ ਕੀਤੀ ਸੀ। ਰਮੇੇਸ਼ ਨੇ ਕਿਹਾ, ‘‘ਮੈਨੂੰ ਯਾਦ ਹੈ ਕਿ ਖੜਗੇ ਜੀ ਨੇ ਆਪਣੀ ਤਕਰੀਰ ਵਿੱਚ 3-4 ਵਾਰ ਜ਼ਿਕਰ ਕੀਤਾ ਸੀ ਕਿ ਇੰਡੀਆ ਗੱਠਜੋੜ ਦੇ ਸਾਰੇ ਭਾਈਵਾਲਾਂ ਨੂੰ ਯਾਤਰਾ ਵਿੱਚ ਸ਼ਾਮਲ ਹੋਣ ਦਾ ਸੱਦਾ ਹੈ ਤੇ ਸਾਰੀਆਂ ਪਾਰਟੀਆਂ ਨੂੰ ਸੱਦਾ ਪੱਤਰ ਭੇਜੇ ਗਏ ਹਨ। ਮੈਨੂੰ ਨਹੀਂ ਪਤਾ ਕਿ ਉਨ੍ਹਾਂ (ਮਮਤਾ) ਕਿਸ ਸੰਦਰਭ ’ਚ ਗੱਲ ਕੀਤੀ ਹੈ।’’ ਇਸ ਦੌਰਾਨ ਸ਼ਰਦ ਪਵਾਰ ਨਾਲ ਸਬੰਧਤ ਐੱਨਸੀਪੀ ਦੇ ਧੜੇ ਨੇ ਕਿਹਾ ਕਿ ਮੁੱਖ ਮੰਤਰੀ ਮਮਤਾ ਬੈਨਰਜੀ ਵੱਲੋਂ ਕੀਤਾ ਐਲਾਨ ‘ਰਣਨੀਤੀ’ ਦਾ ਹਿੱਸਾ ਹੋ ਸਕਦਾ ਹੈ। ਪਾਰਟੀ ਨੇ ਜ਼ੋਰ ਦੇ ਕੇ ਆਖਿਆ ਕਿ ਇੰਡੀਆ ਗੱਠਜੋੜ ਭਾਜਪਾ ਖਿਲਾਫ਼ ਇਕਜੁੱਟ ਹੋ ਕੇ ਖੜ੍ਹਾ ਹੈ।