ਆਮ ਆਦਮੀ ਪਾਰਟੀ ਨੇ ਪੰਜਾਬ ਵਿਚ ਅਗਲੀਆਂ ਲੋਕ ਸਭਾ ਚੋਣਾਂ ਇਕੱਲੇ ਤੌਰ ’ਤੇ ਲੜਨ ਦਾ ਫ਼ੈਸਲਾ ਗੈਰਰਸਮੀ ਤੌਰ ’ਤੇ ਕਰ ਲਿਆ ਹੈ ਜਿਸ ਦਾ ਜਨਤਕ ਤੌਰ ’ਤੇ ਖੁਲਾਸਾ ‘ਇੰਡੀਆ’ ਗੱਠਜੋੜ ਦੀ ਅਗਲੀ ਮੀਟਿੰਗ ਵਿਚ ਹੋਵੇਗਾ। ਲੰਘੇ ਦਿਨੀਂ ਦਿੱਲੀ ’ਚ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿਚ ਮੀਟਿੰਗ ਹੋਈ ਸੀ ਜਿਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਸ਼ਾਮਿਲ ਹੋਏ ਸਨ। ਸੀਨੀਅਰ ਲੀਡਰਸ਼ਿਪ ਕੋਲ ਭਗਵੰਤ ਮਾਨ ਨੇ ਪੰਜਾਬ ਦੇ ਮੌਜੂਦਾ ਸਿਆਸੀ ਹਾਲਾਤ ’ਤੇ ਚਾਨਣਾ ਪਾਇਆ ਅਤੇ ਇਕੱਲੇ ਤੌਰ ’ਤੇ ਚੋਣ ਲੜਨ ਬਾਰੇ ਕਿਹਾ। ਸੂਤਰਾਂ ਅਨੁਸਾਰ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨੇ ਭਗਵੰਤ ਮਾਨ ਦੀ ਤਜਵੀਜ਼ ਪ੍ਰਵਾਨ ਕਰ ਲਈ ਹੈ ਅਤੇ ਪੰਜਾਬ ਵਿਚ ਕਾਂਗਰਸ ਨਾਲ ਕਿਸੇ ਤਰ੍ਹਾਂ ਦਾ ਕੋਈ ਸਿਆਸੀ ਗੱਠਜੋੜ ਨਾ ਕਰਨ ਦਾ ਫ਼ੈਸਲਾ ਲਿਆ ਹੈ। ਮੀਟਿੰਗ ਵਿਚ ਫ਼ੈਸਲਾ ਹੋਇਆ ਕਿ ਇੰਡੀਆ ਗੱਠਜੋੜ ਦੀ ਅਗਲੀ ਮੀਟਿੰਗ ਵਿੱਚ ‘ਆਪ’ ਪੰਜਾਬ ਨੂੰ ਲੈ ਕੇ ਆਪਣੇ ਫ਼ੈਸਲੇ ਬਾਰੇ ਜਾਣੂ ਕਰਾਏਗੀ। ਮੁੱਖ ਮੰਤਰੀ ਭਗਵੰਤ ਮਾਨ ਤਾਂ ਸ਼ੁਰੂ ਤੋਂ ਹੀ ਕਾਂਗਰਸ ਨਾਲ ਪੰਜਾਬ ਵਿਚ ਗੱਠਜੋੜ ਦੇ ਪੱਖ ਵਿਚ ਨਹੀਂ ਸਨ ਪਰ ਹੁਣ ਹਾਈ ਕਮਾਂਡ ਨੇ ਵੀ ਗੈਰਰਸਮੀ ਤੌਰ ’ਤੇ ਮੋਹਰ ਲਗਾ ਦਿੱਤੀ ਹੈ। ਸੂਤਰ ਦੱਸਦੇ ਹਨ ਕਿ ਇੰਡੀਆ ਗੱਠਜੋੜ ਦੀ ਅਗਲੀ ਮੀਟਿੰਗ ਤੋਂ ਪਹਿਲਾਂ ‘ਆਪ’ ਨੇ ਕੁਝ ਹਲਕਿਆਂ ਤੋਂ ਆਪਣੇ ਉਮੀਦਵਾਰਾਂ ਦੀ ਮੁੱਢਲੀ ਸ਼ਨਾਖਤ ਕੀਤੀ ਹੈ। ਪਾਰਟੀ ਨੇ ਤੈਅ ਕੀਤਾ ਹੈ ਕਿ ਹਰ ਲੋਕ ਸਭਾ ਹਲਕੇ ਤੋਂ ਮੁੱਢਲੇ ਪੜਾਅ ’ਤੇ ਤਿੰਨ ਸੰਭਾਵੀ ਉਮੀਦਵਾਰਾਂ ਦੀ ਸੂਚੀ ਤਿਆਰ ਕੀਤੀ ਜਾਵੇਗੀ। 13 ਲੋਕ ਸਭਾ ਹਲਕਿਆਂ ਲਈ 39 ਉਮੀਦਵਾਰਾਂ ਦੀ ਸੂਚੀ ਤਿਆਰ ਹੋਵੇਗੀ ਤੇ ਇਨ੍ਹ੍ਵਾਂ ਉਮੀਦਵਾਰਾਂ ’ਚੋਂ ਹੀ ਇੱਕ ਉਮੀਦਵਾਰ ਫਾਈਨਲ ਕੀਤਾ ਜਾਵੇਗਾ। ਪਤਾ ਲੱਗਾ ਹੈ ਕਿ ਉਮੀਦਵਾਰਾਂ ਦੀ ਚੋਣ ਸਮੇਂ ਪਾਰਟੀ ਦੀ ਹੀ ਸੀਨੀਅਰ ਲੀਡਰਸ਼ਿਪ ਨੂੰ ਤਰਜੀਹ ਦਿੱਤੀ ਜਾਵੇਗੀ। ਚੋਣ ਮੌਕੇ ਨੌਜਵਾਨਾਂ ਤੇ ਔਰਤਾਂ ਨੂੰ ਵੀ ਬਣਦੀ ਹਿੱਸੇਦਾਰੀ ਦਿੱਤੀ ਜਾਣੀ ਹੈ। ਦੂਜੇ ਪਾਸੇ ਕਾਂਗਰਸ ਦੀ ਪੰਜਾਬ ਲੀਡਰਸ਼ਿਪ ਵੀ ਇਕੱਲੇ ਤੌਰ ’ਤੇ ਚੋਣ ਮੈਦਾਨ ਵਿਚ ਉਤਰਨਾ ਚਾਹੁੰਦੀ ਹੈ। ਸਿਆਸੀ ਮਾਹਿਰ ਆਖਦੇ ਹਨ ਕਿ ਜਦੋਂ ਪੰਜਾਬ ਵਿਚ ਦੋਵੇਂ ਧਿਰਾਂ ਹੀ ਵੱਖੋ ਵੱਖਰੇ ਤੌਰ ’ਤੇ ਚੋਣ ਲੜਨਾ ਚਾਹੁੰਦੀ ਹਨ ਤਾਂ ਇੰਡੀਆ ਗੱਠਜੋੜ ਦੀ ਲੀਡਰਸ਼ਿਪ ਨੂੰ ਵੀ ਕੋਈ ਬਹੁਤੀ ਦਿੱਕਤ ਨਹੀਂ ਰਹੇਗੀ। ਜੇਕਰ ‘ਆਪ’ ਅਤੇ ਕਾਂਗਰਸ ਵੱਖੋ ਵੱਖਰੀ ਚੋਣ ਲੜਦੀਆਂ ਹਨ ਤਾਂ ਇਸ ਨਾਲ ‘ਆਪ’ ਸਰਕਾਰ ਦੋ ਵਰ੍ਹਿਆਂ ਦੀ ਕਾਰਗੁਜ਼ਾਰੀ ਮਾਪੀ ਜਾ ਸਕੇਗੀ ਅਤੇ ਇਸੇ ਤਰ੍ਹਾਂ ਵਿਰੋਧੀ ਧਿਰ ਦੀ ਭੂਮਿਕਾ ਵੀ ਚੋਣ ਵਿਚ ਪਰਖੀ ਜਾਵੇਗੀ। ‘ਆਪ’ ਦੀ ਸਟੇਟ ਲੀਡਰਸ਼ਿਪ ਨੇ ਤਰਕ ਦਿੱਤਾ ਕਿ ‘ਆਪ’ ਦਾ ਮੁੱਖ ਏਜੰਡਾ ਹੀ ਭ੍ਰਿਸ਼ਟਾਚਾਰ ਦੇ ਵਿਰੁੱਧ ਹੈ ਅਤੇ ਉਹ ਕਿਹੜੇ ਮੂੰਹ ਨਾਲ ਇਕੱਠੇ ਚੋਣ ਲੜਨ ਦੀ ਸੂਰਤ ਵਿਚ ਲੋਕਾਂ ਵਿਚ ਜਾਣਗੇ। ਦੂਜੇ ਪਾਸੇ ਕਾਂਗਰਸ ਦੀ ਸਟੇਟ ਲੀਡਰਸ਼ਿਪ ਦੀ ਵੀ ਇਹੋ ਸਮੱਸਿਆ ਹੈ ਕਿ ਜਿਸ ਸਰਕਾਰ ਨੂੰ ਉਹ ਭੰਡਦੇ ਹਨ, ਉਨ੍ਹਾਂ ਨਾਲ ਕਿਸੇ ਲਹਿਜੇ ਵਿੱਚ ਸਟੇਜ ਸਾਂਝੀ ਕਰ ਸਕਦੇ ਹਨ।