ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਮੱਦੇਨਜ਼ਰ ਵੱਧ ਤੋਂ ਵੱਧ ਸਿੱਖ ਵੋਟਰਾਂ ਨੂੰ ਵੋਟਾਂ ਬਣਾਉਣ ਸਬੰਧੀ ਪ੍ਰੇਰਿਤ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿੱਢੀ ਵਿਸ਼ੇਸ਼ ਮੁਹਿੰਮ ਦੇ ਚੰਗੇ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਪਹਿਲਾਂ ਜਿੱਥੇ ਲੋਕਾਂ ਵੱਲੋਂ ਵੋਟ ਬਣਾਉਣ ਨੂੰ ਬਹੁਤੀ ਤਵੱਜੋ ਨਹੀਂ ਦਿੱਤੀ ਜਾ ਰਹੀ ਸੀ, ਉੱਥੇ ਹੁਣ ਗੁਰਦੁਆਰਾ ਕਮੇਟੀਆਂ ਵੀ ਸਰਗਰਮ ਹੋ ਗਈਆਂ ਹਨ ਅਤੇ ਸਿੱਖ ਵੋਟਰ ਵੀ ਆਪ ਮੁਹਾਰੇ ਇਸ ਮੁਹਿੰਮ ਦਾ ਹਿੱਸਾ ਬਣ ਰਹੇ ਹਨ। ਔਰਤਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਮੁਹਾਲੀ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਵਿਸ਼ੇਸ਼ ਕੈਂਪ ਲਗਾਉਣ ਤੋਂ ਇਲਾਵਾ ਅੱਜ ਛੁੱਟੀ ਵਾਲੇ ਦਿਨ ਪਟਵਾਰੀਆਂ ਅਤੇ ਨਗਰ ਨਿਗਮ ਤੇ ਨਗਰ ਕੌਂਸਲਾਂ ਦੇ ਸਟਾਫ਼ ਸਮੇਤ ਬੀਐੱਲਓਜ਼ ਨੇ ਘਰ-ਘਰ ਜਾ ਕੇ ਫਾਰਮ ਇਕੱਤਰ ਕੀਤੇ ਗਏ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਚੋਣਾਂ ਲਈ ਵੱਧ ਤੋਂ ਵੱਧ ਵਿਅਕਤੀਆਂ ਨੂੰ ਵੋਟਰ ਵਜੋਂ ਨਾਮਜ਼ਦ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਯਤਨਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਕਿਉਂਕਿ ਹੁਣ ਤੱਕ 48 ਹਜ਼ਾਰ ਤੋਂ ਵੱਧ ਵਿਅਕਤੀਆਂ ਵੱਲੋਂ ਵੋਟ ਬਣਾਉਣ ਲਈ ਫ਼ਾਰਮ ਪ੍ਰਾਪਤ ਕੀਤੇ ਜਾ ਚੁੱਕੇ ਹਨ। ਜਦੋਂਕਿ ਕੁਝ ਦਿਨ ਪਹਿਲਾਂ ’ਚ ਇਹ ਗਿਣਤੀ 10,000 ਸੀ। ਉਨ੍ਹਾਂ ਦੱਸਿਆ ਕਿ ਪੁਰਸ਼ਾਂ ਦੇ ਮੁਕਾਬਲੇ ਔਰਤਾਂ ਦੀ ਗਿਣਤੀ ਵੱਧ ਹੈ। ਔਰਤਾਂ ਨੇ 27418 ਅਤੇ ਪੁਰਸ਼ਾਂ ਵੱਲੋਂ 20480 ਫਾਰਮ ਜਮ੍ਹਾਂ ਕਰਵਾਏ ਗਏ ਹਨ। ਪਿਛਲੀ ਵਾਰ ਗੁਰਦੁਆਰਾ ਚੋਣਾਂ ਤਹਿਤ ਵੋਟਰਾਂ ਦੀ ਗਿਣਤੀ 70 ਹਜ਼ਾਰ ਸੀ। ਇਸ ਵਾਰ ਹਰੇਕ ਯੋਗ ਵੋਟਰ ਨੂੰ ਰਜਿਸਟਰ ਕਰਨ ਦਾ ਟੀਚਾ ਮਿਥਿਆ ਗਿਆ ਹੈ।