ਚੰਡੀਗੜ੍ਹ ਮੇਅਰ ਦੀ ਚੋਣ ‘ਇੰਡੀਆ’ ਤੇ ਭਾਜਪਾ ਵਿਚਾਲੇ ਹੋਣ ਜਾ ਰਿਹਾ ਹੈ ਪਹਿਲਾ ਮੁਕਾਬਲਾ।

ਲੋਕ ਸਭਾ ਚੋਣਾਂ ਤੋਂ ਪਹਿਲਾਂ ਚੰਡੀਗੜ੍ਹ ਮੇਅਰ ਦੀ ਚੋਣ ’ਚ ‘ਇੰਡੀਆ’ ਤੇ ਭਾਜਪਾ ਵਿਚਾਲੇ ਪਹਿਲਾ ਮੁਕਾਬਲਾ ਹੋਣ ਜਾ ਰਿਹਾ ਹੈ। 18 ਜਨਵਰੀ ਨੂੰ ਹੋਣ ਵਾਲੀ ਚੰਡੀਗੜ੍ਹ ਮੇਅਰ ਦੀ ਚੋਣ ਇੰਡੀਆ ਗਠਜੋੜ ਵੱਲੋਂ ਸਾਂਝੇ ਤੌਰ ’ਤੇ ਲੜੀ ਜਾਵੇਗੀ। ਆਮ ਆਦਮੀ ਪਾਰਟੀ ਨੇ ਅੱਜ ਇਸ ਦਾ ਐਲਾਨ ਕੀਤਾ। ਚੰਡੀਗੜ੍ਹ ਮੇਅਰ ਚੋਣਾਂ ਸਬੰਧੀ ‘ਆਪ’ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਅੱਜ ਪਾਰਟੀ ਹੈੱਡਕੁਆਰਟਰ ’ਚ ਪ੍ਰੈੱਸ ਕਾਨਫਰੰਸ ਕੀਤੀ।

ਰਾਘਵ ਚੱਢਾ ਨੇ ਕਿਹਾ ਕਿ ਇਹ ‘ਇੰਡੀਆ’ ਬਨਾਮ ਭਾਜਪਾ ਦਾ ਪਹਿਲਾ ਮੈਚ ਹੋਵੇਗਾ ਜੋ ਦੇਸ਼ ਦੀ ਰਾਜਨੀਤੀ ਦੀ ਕਿਸਮਤ, ਤਸਵੀਰ, ਦਸ਼ਾ ਅਤੇ ਦਿਸ਼ਾ ਬਦਲ ਦੇਵੇਗਾ। ਇਸ ਤੋਂ ਇਲਾਵਾ ਇਹ ਚੋਣ 2024 ਦੀਆਂ ਲੋਕ ਸਭਾ ਚੋਣਾਂ ਦੀ ਸ਼ੁਰੂਆਤ ਵੀ ਹੋਵੇਗੀ। ਇੰਡੀਆ ਗੱਠਜੋੜ ਇਹ ਚੋਣ ਪੂਰੀ ਤਾਕਤ ਨਾਲ ਲੜੇਗਾ ਅਤੇ ਇਤਿਹਾਸਕ ਜਿੱਤ ਦਰਜ ਕਰੇਗਾ। ਉਨ੍ਹਾਂ ਕਿਹਾ ਕਿ ਜਦੋਂ ਵੀ ਟੀਮ ਇੰਡੀਆ ਨੇ ਦੁਨੀਆ ਦੀ ਕਿਸੇ ਵੀ ਟੀਮ ਦਾ ਸਾਹਮਣਾ ਕੀਤਾ ਹੈ ਤਾਂ ਭਾਰਤੀਆਂ ਨੇ ਹੀ ਟੀਮ ਇੰਡੀਆ ਨੂੰ ਜਿੱਤ ਦਿਵਾਈ ਹੈ। ਭਾਰਤੀ ਲੋਕ ਇਕਜੁੱਟ ਹੋ ਕੇ ਚੰਡੀਗੜ੍ਹ ਮੇਅਰ ਦੀਆਂ ਚੋਣਾਂ ਵਿੱਚ ਵੀ ਟੀਮ ਇੰਡੀਆ ਨੂੰ ਜਿਤਾਉਣਗੇ। ਟੀਮ ਇੰਡੀਆ ਦੀ ਜਿੱਤ ਦਾ ਇਹ ਰੱਥ ਸਿਰਫ਼ ਚੰਡੀਗੜ੍ਹ ਤੱਕ ਹੀ ਸੀਮਤ ਨਹੀਂ ਰਹੇਗਾ, ਸਗੋਂ ਕਸ਼ਮੀਰ ਤੋਂ ਕੰਨਿਆਕੁਮਾਰੀ ਅਤੇ ਮਨੀਪੁਰ ਤੋਂ ਮੁੰਬਈ ਤੱਕ ਜਾਵੇਗਾ ਅਤੇ 2024 ਦੀ ਲੋਕ ਸਭਾ ਵਿੱਚ ਕੇਂਦਰ ਵਿੱਚ ਬੈਠੀ ਤਾਨਾਸ਼ਾਹ ਭਾਜਪਾ ਸਰਕਾਰ ਤੋਂ ਦੇਸ਼ ਦੇ ਲੋਕਾਂ ਨੂੰ ਆਜ਼ਾਦ ਕਰਵਾਏਗਾ। ਉਨ੍ਹਾਂ ਕਿਹਾ ਕਿ 18 ਜਨਵਰੀ ਨੂੰ ਹੋਣ ਵਾਲੀ ਚੰਡੀਗੜ੍ਹ ਮੇਅਰ ਦੀ ਚੋਣ ਇੰਡੀਆ ਗਠਜੋੜ ਸਾਂਝੇ ਤੌਰ ’ਤੇ ਲੜੇਗਾ ਤੇ ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਇਨ੍ਹਾਂ ਚੋਣਾਂ ਵਿੱਚ ਭਾਰਤੀ ਇਕਜੁੱਟ ਹੋ ਕੇ ਟੀਮ ਇੰਡੀਆ ਨੂੰ ਜਿਤਾਉਣਗੇ।

ਸਾਂਝਾ ਕਰੋ

ਪੜ੍ਹੋ