ਚਿਰ ਹੋਇਆ ਏ ਬਾਪੂ ਜੀ ਤਾਂ ਤੁਰ ਗਏ ਲੰਮੀ ਵਾਟੇ।
ਚੇਤੇ ਆ ਗਏ ਅੱਜ ਉਨ੍ਹਾਂ ਦੇ, ਪੈਰ ਬਿਆਈਆਂ ਪਾਟੇ।
ਤੁਰਦੇ-ਤੁਰਦੇ ਤੁਰਦੇ ਭਾਵੇਂ, ਜਾਂਦੇ ਅੱਖੀਂ ਵੇਖੇ,
ਪਰ ਤੇਰੇ ਵਿਚ ਹਾਜ਼ਰ ਨਾਜ਼ਰ ਅੱਜ ਵੀ ਸੂਹੀ ਲਾਟੇ।
ਘਰ ਤੋਂ ਮੰਜ਼ਿਲ ਤੀਕ ਪਹੁੰਚਦੇ, ਮਿਥਦੇ ਪਹਿਲਾਂ ਦਾਈਆ,
ਸੁਪਨੇ ਵਿਚ ਵੀ ਮੈਂ ਨਹੀਂ ਵੇਖੇ, ਖੜ੍ਹੇ ਕਿਤੇ ਅਧਵਾਟੇ।
ਰਿਸ਼ਤੇ ਦੀ ਪਾਕੀਜ਼ ਡੋਰ ਨੂੰ, ਧਰਮ ਦੇ ਵਾਂਗੂੰ ਫੜਦੇ,
ਮਰਦੇ ਦਮ ਤੱਕ ਡਿੱਠੇ ਹੀ ਨਹੀਂ, ਗਿਣਦੇ ਵਾਧੇ ਘਾਟੇ।
ਅਨਪੜ੍ਹ ਸੀ ਪਰ ਸਦਾ ਆਖਦੇ ਤੇ ਸਮਝਾਉਂਦੇ ਸਾਨੂੰ,
ਢਿੱਡੋਂ ਇਕ ਨੇ, ਕੁਰਸੀਆਂ ਵਾਲੇ, ਟਾਟੇ ਬਿਰਲੇ ਬਾਟੇ।
ਨਿਰਭਉ ਤੇ ਨਿਰਵੈਰ ਜਿਸਮ ਵਿਚ ਰਹਿੰਦਾ ਰੱਬ ਸੀ ਓਹੀ,
ਕਾਲ ਮੁਕਤ ਸਮਕਾਲੀ ਬਾਬਲ, ਅੱਜ ਵੀ ਬੰਧਨ ਕਾਟੇ।
ਅਸਲ ਨਸ਼ਾ ਤਾਂ ਕਿਰਤ ਕਮਾਈ, ਜਾਗਿਓ, ਰਾਖੀ ਕਰਿਉ,
ਚਾਤਰ ਸ਼ਾਤਰ ਬੜਾ ਚਾਹੁਣਗੇ, ਲਾਉਣਾ ਪੁੱਠੀ ਚਾਟੇ।
ਧਰਤੀ ਧਰਮ ਨਿਭਾਉਣਾ ਦੱਸਿਆ ਤੇ ਏਦਾਂ ਸਮਝਾਇਆ,
ਮਰਿਆਦਾ ਦੀ ਸ਼ਕਤੀ ਸਾਂਭੋ, ਰੱਖ ਕੇ ਸਿੱਧੇ ਗਾਟੇ।
ਅਣਖ਼ ਦੀ ਰੋਟੀ ਸਦਾ ਕਮਾਇਓ, ਮੇਰੇ ਬਰਖੁਰਦਾਰੋ,
ਪੈਸੇ ਦੇ ਪੁੱਤ ਕਰਨ ਹਕੂਮਤ, ਖੇਡਣ ਝੂਟੇ ਮਾਟੇ।
-ਗੁਰਭਜਨ ਗਿੱਲ