‘ਇੰਡੀਆ’ ਦੇ ਭਾਈਵਾਲਾਂ ਨਾਲ ਸੀਟਾਂ ਦੀ ਵੰਡ ਬਾਰੇ ਗੱਲਬਾਤ ਸ਼ੁਰੂ

ਪਾਰਟੀ ਅੰਦਰ ਵਿਸਥਾਰ ਨਾਲ ਸਲਾਹ-ਮਸ਼ਵਰੇ ਮਗਰੋਂ ਕਾਂਗਰਸ ਨੇ ਲੋਕ ਸਭਾ ਚੋਣਾਂ ਲਈ ‘ਇੰਡੀਆ’ ਗੱਠਜੋੜ ਦੀਆਂ ਹਮਖ਼ਿਆਲ ਧਿਰਾਂ ਨਾਲ ਕੁਝ ਸੂਬਿਆਂ ’ਚ ਸੀਟਾਂ ਦੀ ਵੰਡ ਨੂੰ ਲੈ ਕੇ ਗੱਲਬਾਤ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਨੇ ਕਿਹਾ ਕਿ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਗੱਠਜੋੜ ਦੇ ਹੋਰ ਆਗੂਆਂ ਤੱਕ ਪਹੁੰਚ ਬਣਾਉਣ ਲਈ ਆਖਿਆ ਗਿਆ ਹੈ। ਸੂਤਰਾਂ ਨੇ ਕਿਹਾ ਕਿ ‘ਆਪ’ ਨਾਲ ਪੰਜਾਬ ਅਤੇ ਦਿੱਲੀ ’ਚ ਸੀਟਾਂ ਦੀ ਵੰਡ ਨੂੰ ਲੈ ਕੇ ਰਸਮੀ ਗੱਲਬਾਤ ਸੋਮਵਾਰ ਨੂੰ ਸ਼ੁਰੂ ਹੋਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ’ਚ ਕਾਂਗਰਸ ਅਤੇ ‘ਆਪ’ ਆਗੂ ਆਪਣੀ ਜਿੱਤ ਯਕੀਨੀ ਹੋਣ ਦਾ ਦਾਅਵਾ ਕਰਦਿਆਂ ਇਕੱਲਿਆਂ ਹੀ ਲੋਕ ਸਭਾ ਚੋਣ ਲੜਨ ਦੀ ਗੱਲ ਆਖ ਚੁੱਕੇ ਹਨ। ਸੀਟਾਂ ਦੀ ਵੰਡ ਬਾਰੇ ਕਾਂਗਰਸ ਦੀ ਪੰਜ ਮੈਂਬਰੀ ਕਮੇਟੀ, ਜਿਸ ਦੇ ਕਨਵੀਨਰ ਮੁਕੁਲ ਵਾਸਨਿਕ ਅਤੇ ਮੈਂਬਰ ਅਸ਼ੋਕ ਗਹਿਲੋਤ ਤੇ ਭੁਪੇਸ਼ ਬਘੇਲ ਹਨ, ਨੇ ਪਹਿਲਾਂ ਹੀ ਸੂਬਿਆਂ ਦੇ ਪਾਰਟੀ ਪ੍ਰਧਾਨਾਂ ਨਾਲ ਅੰਦਰੂਨੀ ਵਿਚਾਰ-ਵਟਾਂਦਰਾ ਕਰਕੇ ਰਿਪੋਰਟ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਸੌਂਪ ਦਿੱਤੀ ਹੈ। ਕਾਂਗਰਸ ਦਾ ਤਾਮਿਲ ਨਾਡੂ ’ਚ ਡੀਐੱਮਕੇ, ਬਿਹਾਰ ’ਚ ਆਰਜੇਡੀ ਤੇ ਜੇਡੀਯੂ, ਝਾਰਖੰਡ ’ਚ ਜੇਐੱਮਐੱਮ ਅਤੇ ਅਸਾਮ ’ਚ ਹੋਰ ਪਾਰਟੀਆਂ ਨਾਲ ਪਹਿਲਾਂ ਤੋਂ ਹੀ ਗੱਠਜੋੜ ਹੈ ਪਰ ਕੁਝ ਅਹਿਮ ਸੂਬਿਆਂ ’ਚ ਮੁੱਖ ਪਾਰਟੀਆਂ ਨਾਲ ਕੋਈ ਤਾਲਮੇਲ ਨਹੀਂ ਹੈ। ਇਨ੍ਹਾਂ ’ਚੋਂ ਕੇਰਲਾ, ਪੱਛਮੀ ਬੰਗਾਲ, ਦਿੱਲੀ ਅਤੇ ਪੰਜਾਬ ਸ਼ਾਮਲ ਹਨ ਜਿਥੇ ਸੀਟਾਂ ਦੀ ਵੰਡ ਨੂੰ ਲੈ ਕੇ ਰੇੜਕਾ ਚਲ ਰਿਹਾ ਹੈ। ਪੱਛਮੀ ਬੰਗਾਲ ’ਚ ਟੀਐੱਮਸੀ ਅਤੇ ਖੱਬੇ ਪੱਖੀ ‘ਇੰਡੀਆ’ ਗੱਠਜੋੜ ’ਚ ਸ਼ਾਮਲ ਹਨ ਪਰ ਉਹ ਇਕ-ਦੂਜੇ ਨਾਲ ਰਲ ਕੇ ਚੋਣ ਨਹੀਂ ਲੜਨਾ ਚਾਹੁੰਦੇ ਹਨ ਜਦਕਿ ਕਾਂਗਰਸ ਨੂੰ ਗੱਠਜੋੜ ਲਈ ਦੋਹਾਂ ’ਚੋਂ ਇਕ ਦੀ ਚੋਣ ਕਰਨੀ ਪੈ ਸਕਦੀ ਹੈ। ਟੀਐੱਮਸੀ ਆਗੂਆਂ ਅਤੇ ਕਾਂਗਰਸ ਪ੍ਰਦੇਸ਼ ਪ੍ਰਧਾਨ ਅਧੀਰ ਰੰਜਨ ਚੌਧਰੀ ਦੇ ਬਿਆਨਾਂ ਕਾਰਨ ਵੀ ਦੋਵੇਂ ਪਾਰਟੀਆਂ ਵਿਚਕਾਰ ਸੰਭਾਵੀ ਗੱਠਜੋੜ ਹੋਣਾ ਮੁਸ਼ਕਲ ਹੋ ਗਿਆ ਹੈ। ਕੇਰਲਾ ’ਚ ਕਾਂਗਰਸ ਦੇ 20 ’ਚੋਂ 19 ਸੰਸਦ ਮੈਂਬਰ ਹਨ ਅਤੇ ਉਸ ਦਾ ਸੀਪੀਐੱਮ ਨਾਲ ਗੱਠਜੋੜ ਹੋਣਾ ਮੁਸ਼ਕਲ ਜਾਪਦਾ ਹੈ। ਉੱਤਰ ਪ੍ਰਦੇਸ਼ ’ਚ ਵੀ ਕਾਂਗਰਸ ਅਤੇ ਸਮਾਜਵਾਦੀ ਪਾਰਟੀ ਵਿਚਕਾਰ ਸਭ ਕੁਝ ਚੰਗਾ ਨਹੀਂ ਹੈ। ਉਂਜ ਪਾਰਟੀ ਵੱਲੋਂ ਸਾਰੇ ਭਾਈਵਾਲਾਂ ਨਾਲ ਸੀਟਾਂ ਦੀ ਵੰਡ ਨੂੰ ਲੈ ਕੇ ਗੱਲਬਾਤ ਹੋ ਰਹੀ ਹੈ ਤਾਂ ਜੋ ਕੋਈ ਵਿਚਕਾਰਲਾ ਰਾਹ ਕੱਢ ਕੇ ਭਾਜਪਾ ਖ਼ਿਲਾਫ਼ ਮਜ਼ਬੂਤ ਵਿਰੋਧੀ ਧਿਰ ਖੜ੍ਹੀ ਕੀਤੀ ਜਾ ਸਕੇ।

ਸਾਂਝਾ ਕਰੋ

ਪੜ੍ਹੋ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ

ਅੰਮ੍ਰਿਤਸਰ, 25 ਨਵੰਬਰ – ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ...