‘ਰੱਬ ਦੇ ਆਪਣੇ ਦੇਸ਼’ ’ਚ ‘ਫੁੱਟਬਾਲ ਦੇ ਰੱਬ’

ਅੱਤ ਦੀ ਕੁਦਰਤੀ ਸੰੁਦਰਤਾ ਵਾਲਾ ਰਾਜ ਕੇਰਲਾ ‘ਰੱਬ ਦਾ ਆਪਣਾ ਦੇਸ਼’ ਵਜੋਂ ਮਸ਼ਹੂਰ ਹੈ। ਇਸ ਨੂੰ ਹੋਰ ਚਾਰ ਚੰਨ ਲੱਗ ਜਾਣਗੇ, ਜਦੋਂ ‘ਫੁੱਟਬਾਲ ਦੇ ਰੱਬਾਂ’ ਦੀ ਵਿਸ਼ਵ ਫੁੱਟਬਾਲ ਚੈਂਪੀਅਨ ਅਰਜਨਟੀਨਾ ਦੀ ਟੀਮ ਇੱਥੇ ਦੋਸਤਾਨਾ ਮੈਚ ਖੇਡੇਗੀ। ਕੇਰਲਾ ਦੇ ਖੇਡ ਮੰਤਰੀ ਵੀ ਅਬਦੁਰਹੀਮਨ ਨੇ ਪੁਸ਼ਟੀ ਕੀਤੀ ਹੈ ਕਿ ਅਰਜਨਟੀਨਾ ਫੁੱਟਬਾਲ ਐਸੋਸੀਏਸ਼ਨ ਨੇ ਟੀਮ ਘੱਲਣ ਦੀ ਹਾਮੀ ਭਰ ਦਿੱਤੀ ਹੈ। ਰਾਜ ਸਰਕਾਰ ਨੇ ਇਸ ਦਾ ਸੱਦਾ ਪਿਛਲੇ ਸਾਲ ਜੂਨ ਵਿਚ ਦਿੱਤਾ ਸੀ। ਰਾਜ ਸਰਕਾਰ ਹੁਣ ਕਰਾਰ ’ਤੇ ਦਸਤਖਤ ਕਰਨ ਦੀਆਂ ਤਿਆਰੀਆਂ ਕਰ ਰਹੀ ਹੈ। ਅਰਜਨਟੀਨਾ ਦਾ ਕੇਰਲਾ ਵਿਚ ਖੇਡਣਾ ਨਾ ਸਿਰਫ ਕੇਰਲਾ ਸਗੋਂ ਦੇਸ਼ ਭਰ ਦੇ ਫੁੱਟਬਾਲ ਪ੍ਰੇਮੀਆਂ ਨੂੰ ਭਰਪੂਰ ਆਨੰਦ ਦੇਵੇਗਾ। ਅਰਜਨਟੀਨਾ ਨੇ ਜੁਲਾਈ ਵਿਚ ਆਉਣ ਦੀ ਇੱਛਾ ਪ੍ਰਗਟਾਈ ਹੈ। ਕੇਰਲਾ ਲਈ ਸਮੱਸਿਆ ਇਹ ਹੈ ਕਿ ਉਦੋਂ ਮਾਨਸੂਨ ਜੋਬਨ ’ਤੇ ਹੁੰਦੀ ਹੈ। ਫਿਰ ਵੀ ਰਾਜ ਸਰਕਾਰ ਅਰਜਨਟੀਨਾ ਦੀ ਟੀਮ ਦੀ ਮੇਜ਼ਬਾਨੀ ਕਰਨ ਦਾ ਮੌਕਾ ਗੁਆਉਣਾ ਨਹੀਂ ਚਾਹੁੰਦੀ। ਉਸ ਦੀ ਕੋਸ਼ਿਸ਼ ਹੋਵੇਗੀ ਕਿ ਅਰਜਨਟੀਨਾ ਆਪਣੀ ਆਮਦ ਨੂੰ ਮਾਨਸੂਨ ਤੋਂ ਥੋੜ੍ਹਾ ਅੱਗੜ-ਪਿੱਛੜ ਕਰ ਲਵੇ। ਮੰਤਰੀ ਨੇ ਇਹ ਨਹੀਂ ਦੱਸਿਆ ਕਿ ਅਰਜਨਟੀਨਾ ਦੀ ਟੀਮ ਨੂੰ ਕਿੰਨਾ ਖਰਚਾ ਦੇਣਾ ਪਵੇਗਾ। ਹਾਲਾਂਕਿ ਦੱਸਿਆ ਇਹ ਜਾਂਦਾ ਹੈ ਕਿ ਉਹ 32 ਤੋਂ 40 ਕਰੋੜ ਤੱਕ ਲੈਂਦੀ ਹੈ। ਅਰਜਨਟੀਨਾ ਦੀ ਟੀਮ ਜੂਨ 2023 ਵਿਚ ਵੀ ਆਉਣਾ ਮੰਨ ਗਈ ਸੀ, ਪਰ ਆਲ ਇੰਡੀਆ ਫੁੱਟਬਾਲ ਐਸੋਸੀਏਸ਼ਨ ਉੱਚੀ ਕੀਮਤ ਤਾਰਨ ਲਈ ਰਾਜ਼ੀ ਨਹੀਂ ਹੋਈ ਸੀ ਤੇ ਫਿਰ ਉਹ ਜਕਾਰਤਾ ਵਿਚ ਇੰਡੋਨੇਸ਼ੀਆ ਅਤੇ ਬੀਜਿੰਗ ਵਿਚ ਆਸਟਰੇਲੀਆ ਨਾਲ ਦੋਸਤਾਨਾ ਮੈਚ ਖੇਡੀ ਸੀ। ਇੰਡੋਨੇਸ਼ੀਆ ਖਿਲਾਫ ਮਹਾਨ ਫੁੱਟਬਾਲਰ ਮੈਸੀ ਵੀ ਖੇਡਿਆ ਸੀ। ਉਜ ਅਰਜਨਟੀਨਾ ਦੀ ਟੀਮ 2011 ਵਿਚ ਕਲਕੱਤਾ ਦੇ ਸਾਲਟ ਲੇਕ ਸਟੇਡੀਅਮ ਵਿਚ ਵੈਨਜ਼ੁਏਲਾ ਖਿਲਾਫ ਦੋਸਤਾਨਾ ਮੈਚ ਖੇਡ ਚੁੱਕੀ ਹੈ, ਜਿੱਥੇ 85 ਹਜ਼ਾਰ ਦਰਸ਼ਕਾਂ ਸਾਹਵੇਂ ਮੈਸੀ ਨੇ ਗੋਲ ਕੀਤਾ ਸੀ। ਪੱਛਮੀ ਬੰਗਾਲ ਵਾਂਗ ਕੇਰਲਾ ਦੇ ਲੋਕ ਵੀ ਫੁੱਟਬਾਲ ਦੇ ਕਾਫੀ ਦੀਵਾਨੇ ਹਨ। ਕਤਰ ਵਿਚ 2022 ਵਿਚ ਹੋਏ ਵਿਸ਼ਵ ਕੱਪ ਦੌਰਾਨ ਉੱਥੇ ਕੰਮ ਕਰਦੇ ਕੇਰਲਾ ਦੇ ਲੋਕਾਂ ਦੇ ਨਾਲ-ਨਾਲ ਕੇਰਲਾ ਤੋਂ ਵੀ ਵੱਡੀ ਗਿਣਤੀ ਵਿਚ ਫੁੱਟਬਾਲ ਪ੍ਰੇਮੀ ਫੁੱਟਬਾਲ ਦੇ ਸਿਤਾਰਿਆਂ ਨੂੰ ਦੇਖਣ ਪੁੱਜੇ ਸਨ। ਵਿਸ਼ਵ ਕੱਪ ਦੌਰਾਨ ਕੇਰਲਾ ਵਿਚ ਮੇਲਿਆਂ ਵਰਗਾ ਮਾਹੌਲ ਹੁੰਦਾ ਹੈ। ਮੈਸੀ, ਰੋਨਾਲਡੋ ਤੇ ਨੇਮਾਰ ਜੂਨੀਅਰ ਦੇ ਵੱਡੇ-ਵੱਡੇ ਕੱਟਆਊਟ ਥਾਂ-ਥਾਂ ਨਜ਼ਰ ਆਉਦੇ ਹਨ। ਨਿੱਕੇ-ਨਿੱਕੇ ਪਿੰਡ ਫੈਨ ਪਾਰਕਾਂ ਬਣਾ ਕੇ ਵੱਡੀ ਸਕਰੀਨ ’ਤੇ ਮੈਚ ਦੇਖਦੇ ਹਨ। ਅਰਜਨਟੀਨਾ ਦੇ ਖਿਡਾਰੀਆਂ ਨੇ ਕੇਰਲਾ ਵਾਲਿਆਂ ਦੇ ਸੱਦੇ ਦਾ ਹਮੇਸ਼ਾ ਹਾਂ-ਪੱਖੀ ਹੁੰਗਾਰਾ ਭਰਿਆ ਹੈ। ਅਰਜਨਟੀਨਾ ਦਾ ਇਕ ਹੋਰ ਵਿਸ਼ਵ ਕੱਪ ਜੇਤੂ ਮਾਰਾਡੋਨਾ ਵੀ 2012 ਵਿਚ ਕਨੂੰਰ ਆਇਆ ਸੀ। ਪਹਿਲੀ ਵਾਰ ਜਦੋਂ ਉਹ 2008 ਵਿਚ ਕਲਕੱਤਾ ਆਇਆ ਸੀ ਤਾਂ ਉਸ ਦਾ ਫੁੱਟਬਾਲ ਪ੍ਰੇਮੀਆਂ ਨੇ ਯਾਦਗਾਰੀ ਸਵਾਗਤ ਕੀਤਾ ਸੀ। ਉਸ ਦਾ ਸ਼ਹਿਰ ਵਿਚ ਚੱਕਰ ਲੁਆਇਆ ਸੀ ਤਾਂ ਕਿ ਆਮ ਲੋਕ ਮਹਾਨ ਫੁੱਟਬਾਲਰ ਦਾ ਦੀਦਾਰ ਕਰ ਸਕਣ।
ਇਕ ਦੌਰ ਸੀ, ਜਦੋਂ ਭਾਰਤੀ ਫੁੱਟਬਾਲ ਟੀਮ ਦਾ ਵੀ ਜਲਵਾ ਹੁੰਦਾ ਸੀ। ਬਾਅਦ ਵਿਚ ਸਰਕਾਰਾਂ ਤੇ ਐਸੋਸੀਏਸ਼ਨਾਂ ਦੀ ਨਾਅਹਿਲੀ ਕਾਰਨ ਪਤਨ ਹੁੰਦਾ ਗਿਆ । ਹੁਣ ਕੁਝ-ਕੁਝ ਸੁਧਾਰ ਨਜ਼ਰ ਆ ਰਿਹਾ ਹੈ। ਅਰਜਨਟੀਨਾ ਦੇ ਸਿਤਾਰਿਆਂ ਦੇ ਕੇਰਲਾ ਆਉਣ ਨਾਲ ਮੁੰਡਿਆਂ ਵਿਚ ਫੁੱਟਬਾਲ ਦੀ ਚਿਣਗ ਪੈਦਾ ਕਰਨ ਵਿਚ ਸਹਾਇਤਾ ਮਿਲੇਗੀ। ਕੇਰਲਾ ਤੇ ਪੱਛਮੀ ਬੰਗਾਲ ਵਾਂਗ ਪੰਜਾਬ ਦਾ ਵੀ ਫੁੱਟਬਾਲ ਵਿਚ ਕਾਫੀ ਨਾਂਅ ਰਿਹਾ ਹੈ। ਇਸ ਨੇ ਇੰਦਰ ਸਿੰਘ ਇੰਦਰਾ, ਜਰਨੈਲ ਸਿੰਘ, ਮਨਜੀਤ ਸਿੰਘ, ਸੁਖਵਿੰਦਰ ਸਿੰਘ, ਪਰਮਿੰਦਰ ਸਿੰਘ, ਨਰਿੰਦਰ, ਗੁਰਪ੍ਰੀਤ ਸਿੰਘ ਸੰਧੂ ਤੇ ਅਨਵਰ ਅਲੀ ਵਰਗੇ ਫੁੱਟਬਾਲਰ ਪੈਦਾ ਕੀਤੇ ਹਨ, ਪਰ ਅੱਜਕੱਲ੍ਹ ਪੰਜਾਬ ਵਿਚ ਅਜਿਹੇ ਟੂਰਨਾਮੈਂਟ ਨਹੀਂ ਹੁੰਦੇ, ਜਿਨ੍ਹਾਂ ਨੂੰ ਦੇਖ ਕੇ ਮੁੰਡਿਆਂ ਦੇ ਦਿਲਾਂ ਵਿਚ ਫੁੱਟਬਾਲ ਖੇਡਣ ਦਾ ਵਲਵਲਾ ਪੈਦਾ ਹੋਵੇ। ‘ਰੱਬ ਦਾ ਆਪਣਾ ਦੇਸ਼’ ਕੇਰਲਾ ਅਰਜਨਟੀਨਾ ਨੂੰ ਸੱਦ ਕੇ ਫੁੱਟਬਾਲ ਨੂੰ ਹੋਰ ਹਰਮਨਪਿਆਰਾ ਬਣਾਉਣ ਦਾ ਜਤਨ ਕਰ ਰਿਹਾ ਹੈ। ਚੰਗਾ ਹੋਵੇਗਾ ਜੇ ‘ਗੁਰੂਆਂ ਦੀ ਧਰਤੀ’ ਪੰਜਾਬ ਦੀ ਸਰਕਾਰ ਵੀ ਅਰਜਨਟੀਨਾ ਦੀ ਫੁੱਟਬਾਲ ਐਸੋਸੀਏਸ਼ਨ ਨਾਲ ਗੱਲ ਕਰਕੇ ਉਸ ਨੂੰ ਪੰਜਾਬ ਵਿਚ ਇਕ ਦੋਸਤਾਨਾ ਮੈਚ ਖੇਡਣ ਲਈ ਮਨਾ ਲਵੇ। ਇਹ ਸੰਭਵ ਹੋ ਜਾਵੇ ਤਾਂ ਪੰਜਾਬ ਵਿਚ ਫੁੱਟਬਾਲ ਦੀ ਖੇਡ ਨੂੰ ਕਾਫੀ ਹੁਲਾਰਾ ਮਿਲ ਸਕਦਾ ਹੈ।

ਸਾਂਝਾ ਕਰੋ

ਪੜ੍ਹੋ

ਸੂਬਾ ਕਮੇਟੀ ਦੇ ਮੈਂਬਰਾਂ ਨੇ ਕੇਂਦਰ ਸਰਕਾਰ

*ਪੰਜਾਬ ਸਰਕਾਰ ਨੂੰ ਰਾਜਾਂ ਦੇ ਅਧਿਕਾਰਾਂ ਵਿਚ ਕੇਂਦਰ ਸਰਕਾਰ ਦੀ...