ਭਾਰਤ ਵਿਚ ਪਹਿਲੀ ਵਾਰ ਨੀਟ (ਯੂ ਜੀ) ਦੀ ਪ੍ਰੀਖਿਆ 12 ਸਤੰਬਰ ਨੂੰ 13 ਭਾਸ਼ਾਵਾਂ ਵਿਚ ਕਰਵਾਈ ਜਾਵੇਗੀ। ਨੀਟ2021 ਲਈ ਰਜਿਸਟ੍ਰੇਸ਼ਨ 13 ਜੁਲਾਈ ਦੀ ਸ਼ਾਮ 5 ਵਜੇ ਤੋਂ http://ntaneet.nic.in ‘ਤੇ ਸ਼ੁਰੂ ਹੋ ਗਈ ਹੈ। ਨੀਟ ਪ੍ਰੀਖਿਆ ਦੇ ਇਤਿਹਾਸ ਵਿਚ ਅਤੇ ਮੱਧ ਪੂਰਬ ਵਿਚ ਭਾਰਤੀ ਵਿਦਿਆਰਥੀ ਭਾਈਚਾਰੇ ਦੀ ਸਹੂਲਤ ਲਈ ਪਹਿਲੀ ਵਾਰ ਕੁਵੈਤ ਵਿਚ ਵੀ ਪ੍ਰੀਖਿਆ ਕੇਂਦਰ ਖੋਲ੍ਹਿਆ ਗਿਆ ਹੈ। ਇਹ ਜਾਣਕਾਰੀ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਪਹਿਲੀ ਵਾਰ ਨੀਟ 2021 ਪੰਜਾਬੀ ਅਤੇ ਮਲਿਆਲਮ ਦੇ ਨਾਲ-ਨਾਲ 13 ਭਾਸ਼ਾਵਾਂ ਵਿਚ ਕਰਵਾਈ ਜਾਵੇਗੀ। ਹੁਣ ਵਿਦਿਆਰਥੀ ਹਿੰਦੀ, ਪੰਜਾਬੀ, ਅਸਾਮੀ, ਬੰਗਾਲੀ, ਉੜੀਆ, ਗੁਜਰਾਤੀ, ਮਰਾਠੀ, ਤੇਲਗੂ, ਮਲਿਆਲਮ, ਕੰਨੜ, ਤਾਮਿਲ, ਉਰਦੂ ਅਤੇ ਅੰਗਰੇਜ਼ੀ ਭਾਸ਼ਾਵਾਂ ਵਿਚ ਇਹ ਪ੍ਰੀਖਿਆ ਦੇ ਸਕਣਗੇ। ਕੇਂਦਰੀ ਮੰਤਰੀ ਨੇ ਕਿਹਾ ਕਿ ਇਹ ਨਵੀਂ ਸਿੱਖਿਆ ਨੀਤੀ 2020 ਤਹਿਤ ਖੇਤਰੀ ਭਾਸ਼ਾਵਾਂ ਨੂੰ ਉਤਸ਼ਾਹਤ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੋਚ ਦੇ ਅਨੁਸਾਰ ਹੈ।
ਡਾਕਟਰ ਬਣਨ ਦੇ ਚਾਹਵਾਨ ਵਿਦਿਆਰਥੀ ਰਜਿਸਟ੍ਰੇਸ਼ਨ ਪੋਰਟਲ ਤੇ ਲਾਗਇਨ ਕਰਕੇ ਨੀਟ 2021 ਲਈ ਬਿਨੈ-ਪੱਤਰ ਭਰ ਸਕਦੇ ਹਨ। ਬਿਨੈ-ਪੱਤਰ ਜਮ੍ਹਾਂ ਕਰਨ ਦੀ ਆਖ਼ਰੀ ਤਰੀਕ 06 ਅਗਸਤ ਹੈ। ਇਸ ਦੇ ਨਾਲ ਹੀ 08 ਤੋਂ 12 ਅਗਸਤ ਤਕ ਉਮੀਦਵਾਰਾਂ ਨੂੰ ਆਪਣੇ ਬਿਨੈ-ਪੱਤਰ ਨੂੰ ਸੋਧਣ ਦੀ ਆਗਿਆ ਦਿੱਤੀ ਜਾਏਗੀ। ਬਿਨੈ-ਪੱਤਰਾਂ ਦੀ ਜਾਂਚ ਅਤੇ ਸੰਸ਼ੋਧਨ ਕਰਨ ਦਾ ਇਹ ਇਕੋ ਇਕ ਮੌਕਾ ਹੋਵੇਗਾ।