ਮਨੁੱਖੀ ਸਿਹਤ ਨੂੰ ਤਕੜਾ, ਸੁਡੋਲ ਬਨਾਉਣ ਅਤੇ ਬਣਾਈ ਰੱਖਣ ਲਈ ਚੰਗੀ, ਸਾਵੀਂ ਖੁਰਾਕ ਖਾਣੀ ਹੀ ਜ਼ਰੂਰੀ ਨਹੀਂ ਹੈ, ਸਗੋਂ ਕਸਰਤ ਬਹੁਤ ਜ਼ਰੂਰੀ ਹੈ। ਕਸਰਤ ਵੀ ਇਹੋ ਜਿਹੀ, ਜਿਹੜੀ ਤਨ ਅਤੇ ਮਨ ਦੋਹਾਂ ਨੂੰ ਸ਼ਕਤੀ ਪ੍ਰਦਾਨ ਕਰਦੀ ਹੋਵੇ। ਯੋਗ ਇਸ ਕਾਰਜ ਵਿੱਚ ਮਹੱਤਵਪੂਰਨ ਰੋਲ ਅਦਾ ਕਰਦਾ ਹੈ।
ਔਰਤਾਂ ਦੇ ਲਈ ਤਾਂ ਯੋਗ ਬਹੁਤ ਜ਼ਰੂਰੀ ਹੈ। ਜਵਾਨੀ ਵਿੱਚ, ਬੱਚਾ ਜਨਣ ਉਪਰੰਤ, ਬੁਢਾਪੇ ਵਿੱਚ, ਮਰਦ ਨਾਲੋਂ ਔਰਤ ਦੇ ਸਰੀਰ ਵਿੱਚ ਵੱਧ ਤਬਦੀਲੀ ਆਉਂਦੀ ਹੈ। ਉਸਨੂੰ ਮਰਦ ਨਾਲੋਂ ਵੱਧ ਮਾਨਸਿਕ, ਸਰੀਰਕ ਕਸ਼ਟਾਂ ਵਿਚੋਂ ਗੁਜ਼ਰਨਾ ਪੈਂਦਾ ਹੈ। ਇਹਨਾ ਕਸ਼ਟਾਂ ਦੀ ਨਵਿਰਤੀ ਲਈ ਯੋਗ ਕਿਰਿਆਵਾਂ ਅਤਿਅੰਤ ਸਹਾਈ ਹੁੰਦੀਆਂ ਹਨ।
ਇਹ ਵਿਸ਼ਵ ਵਿਆਪੀ ਸੱਚ ਹੈ ਕਿ ਤਿੰਨ ਵਿਚੋਂ ਇੱਕ ਔਰਤ ਨਾਲ ਕਿਸੇ ਨਾ ਕਿਸੇ ਸਮੇਂ ਸਰੀਰਕ, ਮਾਨਸਿਕ ਜਾਂ ਆਰਥਿਕ ਤੌਰ ‘ਤੇ ਸੋਸ਼ਣ ਹੋਇਆ ਹੀ ਹੈ। ਇਸ ਸਭ ਕੁਝ ਦੇ ਬਾਵਜੂਦ ਵੀ ਔਰਤ ਨਿਰੋਏ ਸਮਾਜ ਦੀ ਸਿਰਜਣਾ ਲਈ ਸਮਰਪਣ ਭਾਵ ਨਾਲ ਕੰਮ ਕਰਦੀ ਹੈ। ਯੋਗ ਵੀ ਸਮਾਜ ਦੇ ਨਵਨਿਰਮਾਣ ਦਾ ਪੈਗ਼ਾਮ ਦਿੰਦਾ ਹੈ ਅਤੇ ਇਸ ਵਿੱਚ ਔਰਤਾਂ ਦਾ ਯੋਗਦਾਨ, ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ।
ਔਰਤ ਸਿਹਤ ਦੇ ਪੱਖੋਂ ਨਿਰੋਗ ਤਦ ਹੀ ਰਹਿ ਸਕਦੀ ਹੈ ਜੇਕਰ ਉਹ ਮਾਨਸਿਕ ਤੌਰ ‘ਤੇ ਤੱਕੜੀ ਹੋਏਗੀ। ਉਸ ਦੀ ਮਾਨਸਿਕਤਾ ਤਦੇ ਹੀ ਤੱਕੜੀ ਰਹੇਗੀ ਜੇਕਰ ਉਹ ਆਰਥਿਕ ਪੱਖੋਂ ਖੁਸ਼ਹਾਲ ਅਤੇ ਸਵੈ-ਨਿਰਭਰ ਹੋਏਗੀ।
ਜ਼ਰਾ ਕੁ ਕਿਆਸ ਕਰੋ, ਜੇਕਰ ਔਰਤ ਜਾਂ ਕੋਈ ਵੀ ਮਨੁੱਖ ਕਸਰਤ ਜਾਂ ਯੋਗ ਕਰਨ ਲਈ, ਆਪਣੀ ਸਿਹਤ ਠੀਕ ਰੱਖਣ ਲਈ ਤਤਪਰ ਦਿਖਦਾ ਹੈ, ਪਰ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਹੈ ਜਾਂ ਘਰੇਲੂ ਤੌਰ ‘ਤੇ ਪ੍ਰੇਸ਼ਾਨ ਹੈ ਜਾਂ ਸਮਾਜਿਕ ਤੌਰ ‘ਤੇ ਪ੍ਰੇਸ਼ਾਨ ਹੈ ਤਾਂ ਉਹ ਕਸਰਤ ਜਾਂ ਯੋਗ ਕਿਵੇਂ ਵੀ ਨਹੀਂ ਕਰ ਸਕਦਾ।
ਬਿਨ੍ਹਾਂ ਸ਼ੱਕ ਯੋਗ ਮਨੁੱਖੀ ਸਿਹਤ ਲਈ ਦਾਰੂ ਸਮਾਨ ਹੈ, ਔਰਤਾਂ ਲਈ ਤਾਂ ਇਸਦੀ ਅਹਿਮੀਅਤ ਬਹੁਤ ਜ਼ਿਆਦਾ ਹੈ। ਘਰਾਂ ਦੇ ਕੰਮਾਂ-ਕਾਰਾਂ ਜਾਂ ਕੰਮ ਕਾਜੀ ਔਰਤਾਂ ਦੇ ਵਧ ਰੁਝੇਵਿਆਂ ਮਗਰੋਂ ਵਿਹਲ ਦੇ ਕੁਝ ਸਮੇਂ ‘ਚ ਯੋਗ ਨਾਲ ਜੁੜਨਾ ਸਾਰਥਿਕ ਹੈ।
ਅੱਜ ਦੇ ਯੁੱਗ ਵਿੱਚ ਵੀ ਔਰਤਾਂ ਦਾ ਤ੍ਰਿਸਕਾਰ ਹੋ ਰਿਹਾ ਹੈ। ਉਹ ਘਰਾਂ ਵਿੱਚ, ਸਮਾਜ ਵਿੱਚ ਵਿਤਕਰੇ ਅਤੇ ਅਨਿਆਂ ਦਾ ਸ਼ਿਕਾਰ ਹੁੰਦੀਆਂ ਹਨ। ਸਮਾਜ ਵਿੱਚ ਅੱਜ ਵੀ ਰੀਤੀ-ਰਿਵਾਜ਼ਾਂ, ਪਰੰਪਰਾਵਾਂ ਦੇ ਨਾਮ ਉਤੇ ਔਰਤਾਂ ਦਾ ਸੋਸ਼ਣ ਹੁੰਦਾ ਹੈ।
ਲੜਕੀਆਂ ਦਾ ਬਚਪਨ ਗੁਆਚ ਜਾਂਦਾ ਹੈ। ਘਰੇਲੂ ਔਰਤਾਂ ਉਤੇ ਪਤੀ ਅਤੇ ਪਰਿਵਾਰ ਇਸ ਕਰਕੇ ਹਾਵੀ ਰਹਿੰਦੇ ਹਨ ਕਿ ਉਹ ਆਰਥਿਕ ਪੱਖੋਂ ਸਵੈ-ਨਿਰਭਰ ਨਹੀਂ ਹੈ। ਉਹ ਪੈਸੇ -ਪੈਸੇ ਲਈ ਮੁਥਾਜ ਰਹਿੰਦੀ ਹੈ, ਜਿਸ ਨਾਲ ਪਹਿਲਾਂ ਉਸਦੀ ਮਾਨਸਿਕਤਾ ਅਤੇ ਫਿਰ ਸਿਹਤ ਵਿੱਚ ਵਿਗਾੜ ਆਉਂਦਾ ਹੈ। ਕਹਿਣ ਦਾ ਭਾਵ ਇਹ ਹੈ ਕਿ ਔਰਤ ਦੀ ਸਿਹਤ, ਉਸਦੀ ਮਾਨਸਿਕਤਾ ਅਤੇ ਆਰਥਿਕ ਮਜ਼ਬੂਤੀ ਨਾਲ ਜੁੜੀ ਹੋਈ ਹੈ।
ਬਿਨ੍ਹਾਂ ਸ਼ੱਕ ਸਰਕਾਰਾਂ ਔਰਤਾਂ ਦੇ ਸਸ਼ਕਤੀਕਰਨ ਲਈ ਯਤਨਸ਼ੀਲ ਹਨ। ‘ਬੇਟੀ ਬਚਾਓ, ਬੇਟੀ ਪੜ੍ਹਾਓ’ ਅਤੇ ਹੋਰ ਯਤਨਾਂ ਦੇ ਬਾਵਜੂਦ ਉਸਨੂੰ ਉਦੋਂ ਤੱਕ ਰਾਹਤ ਨਹੀਂ ਮਿਲ ਸਕਦੀ ਜਦੋਂ ਤੱਕ “ਬੇਟਾ ਪੜ੍ਹਾਓ’ ਦਾ ਸ਼ਬਦ ਵੀ ਇਸ ਨਾਹਰੇ ਨਾਲ ਨਹੀਂ ਜੁੜਦਾ। ਕਿਉਂਕਿ ਅਨਪੜ੍ਹ ਜਾਂ ਘੱਟ ਪੜ੍ਹੇ ਮਰਦ, ਔਰਤਾਂ/ ਲੜਕੀਆਂ ਨਾਲ ਦੁਰਵਿਵਹਾਰ ਕਰਦੇ ਹਨ ਅਤੇ ਉਹਨਾ ਦੇ ਉਤਪੀੜਣ ਦਾ ਕਾਰਨ ਬਣਦੇ ਹਨ। ਘਰ ‘ਚ, ਕੰਮਾਂ-ਕਾਰਾਂ ਤੋਂ ਪਰਤਦਿਆਂ, ਸਮਾਜ ‘ਚ ਵਿਚਰਦਿਆਂ ਉਸਦਾ ਤ੍ਰਿਸਕਾਰ ‘ਮੰਦ ਬੁਧੀ ਸੋਚ’ ਵਾਲੇ ਮਰਦ ਹੀ ਕਰਦੇ ਹਨ, ਜਿਹੜਾ ਉਹਨਾ ਨੂੰ ਮਾਨਸਿਕ ਤੇ ਸਰੀਰਕ ਤੌਰ ‘ਤੇ ਪ੍ਰੇਸ਼ਾਨ ਕਰਦਾ ਹੈ।
ਕਿਉਂਕਿ ਮਨੁੱਖੀ ਫਿਤਰਤ ਹੈ ਕਿ ਉਹ ਜ਼ਿੰਦਗੀ ਦੇ ਕੁਝ ਪਲ ਸਿਰਫ਼ ਆਪਣੇ ਲਈ ਜੀਊਣ ‘ਤੇ ਹੀ ਵਧ ਖੁਸ਼ੀ ਮਹਿਸੂਸ ਕਰਦਾ ਹੈ। ਯੋਗ ਇਹਨਾ ਪਲਾਂ ਦਾ ਸਾਰਥੀ ਬਣਦਾ ਹੈ। ਯੋਗ ਘਰ ਵਿੱਚ ਹੋਵੇ ਚੰਗੀ ਗੱਲ ਹੋ ਸਕਦੀ ਹੈ, ਪਰ ਇਕੱਠ ਵਿੱਚ ਯੋਗ ਅਧਿਆਪਕਾਂ ਦੀ ਦੇਖ-ਰੇਖ ਇਹ ਕਾਰਜ ਸੋਨੇ ‘ਤੇ ਸੁਹਾਗੇ ਵਾਂਗ ਹੈ।
ਭਾਰਤੀਯ ਯੋਗ ਸੰਸਥਾਨ ਵਲੋਂ ਇਸ ਪਵਿੱਤਰ ਕਾਰਜ ਲਈ ਦਿੱਤੀਆਂ ਸੇਵਾਵਾਂ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਘੱਟ ਹੈ। ਔਰਤਾਂ ਲਈ ਤਾਂ ਯੋਗ ਕਲਾਸਾਂ, ਉਹਨਾ ‘ਚ ਆਤਮ ਵਿਸ਼ਵਾਸ ਜਗਾਉਣ ‘ਚ ਮਹੱਤਵਪੂਰਨ ਭੂਮਿਕਾ ਅਦਾ ਕਰ ਰਹੀਆਂ ਹਨ। ਇਹ ਅਸਲ ਵਿੱਚ ਔਰਤਾਂ ‘ਚ ‘ਨਾਰੀ ਸ਼ਕਤੀ’ ਪੈਦਾ ਕਰਨ ਦੀ ਸ਼ੁਰੂਆਤ ਬਣਦਾ ਹੈ।
-ਗੁਰਮੀਤ ਸਿੰਘ
-9815802070