ਫਿਲਮਾਂ ’ਚ ਤੁਸੀਂ ਕਈ ਵਾਰ ਦੇਖਿਆ ਹੋਵੇਗਾ ਕਿ ਵਿਅਕਤੀ ਦੇ ਸੋਚਦਿਆਂ ਹੀ ਮਸ਼ੀਨ ਜਾਂ ਉਪਕਰਨ ਨਿਰਦੇਸ਼ਾਂ ਦੀ ਪਾਲਣਾ ਕਰਨ ਲੱਗਦੀ ਹੈ। ਹਕੀਕਤ ’ਚ ਵੀ ਹੁਣ ਉਹ ਸਮਾਂ ਦੂਰ ਨਹੀਂ ਜਦੋਂ ਤੁਹਾਡੀ ਇੱਛਾ ਅਨੁਸਾਰ ਸਾਹਮਣੇ ਖੜ੍ਹਾ ਰੋਬੋਟ ਕੰਮ ਕਰਨ ਲੱਗੇਗਾ, ਅੰਗਹੀਣਾਂ ਦੇ ਬਣਾਓਟੀ ਅੰਗ ਦਿਮਾਗ਼ ’ਚ ਵਿਚਾਰ ਆਉਂਦਿਆਂ ਹੀ ਸਰਗਰਮ ਹੋ ਜਾਣਗੇ। ਯੂਨੀਵਰਸਿਟੀ ਆਫ ਟੈਕਨੋਲਾਜੀ ਸਿਡਨੀ (ਯੂਟੀਐੱਸ) ’ਚ ਵਿਗਿਆਨੀਆਂ ਨੇ ਸਿਰ ’ਤੇ ਪਹਿਨੀ ਜਾਣ ਵਾਲੀ ਬਾਇਓਸੈਂਸਰ ਆਧਾਰਤ ਅਜਿਹੀ ਡਿਵਾਈਸ ਵਿਕਸਤ ਕੀਤੀ ਹੈ ਜੋ ਇਸ ਨੂੰ ਵਰਤਣ ਵਾਲੇ ਦੇ ਵਿਚਾਰਾਂ ਨੂੰ ਪੜ੍ਹ ਕੇ ਰੋਬੋਟ, ਬਣਾਓਟੀ ਅੰਗਾਂ ਤੇ ਮਸ਼ੀਨਾਂ ਨੂੰ ਕੰਮ ਕਰਨ ਦਾ ਹੁਕਮ ਦੇਵੇਗੀ। ਪ੍ਰੈਕਟੀਕਲ ’ਚ ਆਉਣ ’ਤੇ ਇਹ ਤਕਨੀਕ ਇੰਟਰਫੇਸ ਦੀ ਦੁਨੀਆ ਨੂੰ ਬਦਲ ਕੇ ਰੱਖ ਦੇਵੇਗੀ। ਵਿਗਿਆਨੀਆਂ ਦਾ ਕਹਿਣਾ ਹੈ ਕਿ ਕੰਸੋਲ, ਕੀ ਬੋਰਡ, ਟੱਚ ਸਕਰੀਨ ਤੇ ਹੱਥ ਦੇ ਸੰਕੇਤ ਜਿਹੇ ਤਰੀਕੇ ਪੁਰਾਣੇ ਹੋ ਜਾਣਗੇ ਤੇ ਕੇਵਲ ਸੋਚਣ ਨਾਲ ਹੀ ਮਸ਼ੀਨਾਂ ਹੁਕਮ ਦਾ ਪਾਲਣ ਕਰਨਗੀਆਂ।
ਇਹ ਅਤਿ ਆਧੁਨਿਕ ਦਿਮਾਗ਼ ਕੰਪਿਊਟਰ ਇੰਟਰਫੇਸ ਯੂਟੀਐੱਸ ਦੇ ਪ੍ਰੋਫੈਸਰ ਚਿੰਗ ਤੇਂਗ ਲਿਨ ਤੇ ਪ੍ਰੋਫੈਸਰ ਫ੍ਰਾਂਸੇਸਕਾ ਲੈਕੋਪੀ ਨੇ ਵਿਕਸਤ ਕੀਤਾ ਹੈ। ਯੂਟੀਐੱਸ ਦੇ ਇੰਜੀਨੀਅਰਿੰਗ ਤੇ ਆਈਟੀ ਵਿਭਾਗ ’ਚ ਇਸ ਨੂੰ ਵਿਕਸਤ ਕਰਨ ’ਚ ਆਸਟ੍ਰੇਲੀਆ ਦੀ ਫ਼ੌਜ ਤੇ ਡਿਫੈਂਸ ਇਨੋਵੇਸ਼ਨ ਹੱਬ ਦਾ ਵੀ ਸਹਿਯੋਗ ਰਿਹਾ ਹੈ। ਰੱਖਿਆ ਖੇਤਰ ਤੋਂ ਇਲਾਵਾ ਇਹ ਤਕਨੀਕ ਉਸਾਰੀ, ਏਅਰੋਸਪੇਸ ਤੇ ਸਿਹਤ ਖੇਤਰ ਲਈ ਵਿਸ਼ੇਸ਼ ਲਾਭਦਾਇਕ ਸਾਬਤ ਹੋ ਸਕਦੀ ਹੈ। ਪ੍ਰੋਫੈਸਰ ਲਿਨ ਦਾ ਕਹਿਣਾ ਹੈ ਕਿ ਸਾਡੀ ਤਕਨੀਕ ਦੋ ਸਕਿੰਟਾਂ ’ਚ ਘੱਟੋ-ਘੱਟ ਨੌਂ ਨਿਰਦੇਸ਼ ਦੇ ਸਕਦੀ ਹੈ।ਪ੍ਰੋਫੈਸਰ ਲੈਕੋਪੀ ਨੇ ਦੱਸਿਆ ਕਿ ਹੈਂਡ ਫਰੀ, ਵੁਆਇਸ ਫਰੀ ਤਕਨੀਕ ਦੀ ਵਰਤੋਂ ਕਿਤੇ ਵੀ, ਕਦੇ ਵੀ ਕੀਤੀ ਜਾ ਸਕਦੀ ਹੈ। ਇਹ ਤਕਨੀਕ ਗ੍ਰੈਫੀਨ ਤੇ ਸਿਲੀਕਾਨ ਨੂੰ ਮਿਲਾ ਕੇ ਤਿਆਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅਸੀਂ ਜ਼ੰਗ ਲੱਗਣ, ਟਿਕਾਊਪਣ ਤੇ ਚਮੜੀ ਦੇ ਸੰਪਰਕ ਨਾਲ ਹੋਣ ਵਾਲੇ ਅੜਿੱਕੇ ਜਿਹੇ ਕਾਰਕਾਂ ਦਾ ਹੱਲ ਖੋਜ ਕੇ ਪਹਿਨੇ ਜਾ ਸਕਣ ਵਾਲੇ ਖ਼ੁਸ਼ਕ ਸੈਂਸਰ ਬਣਾਉਣ ’ਚ ਸਫਲ ਰਹੇ ਹਾਂ। ਯੂਟੀਐੱਸ ’ਚ ਬਣਾਏ ਗਏ ਸੈਂਸਰ ਆਸਾਨੀ ਨਾਲ ਵਰਤੋਂ ਯੋਗ ਅਤੇ ਮਜ਼ਬੂਤ ਹਨ।