ਲੈਂਸੇਟ ਕਮਿਸ਼ਨ ਦੀ ਇੱਕ ਤਾਜ਼ਾ ਰਿਪੋਰਟ ਨੇ ਭਾਰਤ ਵਿੱਚ ਇੱਕ ਪ੍ਰੇਸ਼ਾਨ ਕਰਨ ਵਾਲੇ ਮੁੱਦੇ ‘ਤੇ ਰੌਸ਼ਨੀ ਪਾਈ ਹੈ। ਇਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕੈਂਸਰ ਤੋਂ ਪੀੜਤ ਔਰਤਾਂ ਦੀ ਇੱਕ ਵੱਡੀ ਗਿਣਤੀ ਨੂੰ ਸਮੇਂ ਸਿਰ ਇਲਾਜ ਨਹੀਂ ਮਿਲਦਾ ਹੈ। ਰਿਪੋਰਟ ਦੱਸਦੀ ਹੈ ਕਿ ਭਾਰਤੀ ਔਰਤਾਂ ਵਿੱਚ ਕੈਂਸਰ ਨਾਲ ਹੋਣ ਵਾਲੀਆਂ ਮੌਤਾਂ ਵਿੱਚੋਂ ਲਗਭਗ 63% ਨੂੰ ਜਲਦੀ ਜਾਂਚ ਅਤੇ ਨਿਦਾਨ ਦੁਆਰਾ ਰੋਕਿਆ ਜਾ ਸਕਦਾ ਸੀ, ਜਦੋਂ ਕਿ 37% ਨੂੰ ਸਮੇਂ ਸਿਰ ਇਲਾਜ ਨਾਲ ਰੋਕਿਆ ਜਾ ਸਕਦਾ ਸੀ। ਮਰਦਾਂ ਨੂੰ ਕੈਂਸਰ ਹੋਣ ਦਾ ਖਤਰਾ ਜ਼ਿਆਦਾ ਹੋਣ ਦੇ ਬਾਵਜੂਦ, ਔਰਤਾਂ ਵਿਚ ਇਸ ਦੀ ਮੌਤ ਦਰ ਜ਼ਿਆਦਾ ਹੈ।ਰਿਪੋਰਟ ਦਰਸਾਉਂਦੀ ਹੈ ਕਿ ਭਾਰਤੀ ਔਰਤਾਂ ਵਿੱਚ ਕੈਂਸਰ ਨਾਲ ਹੋਣ ਵਾਲੀਆਂ ਲਗਭਗ 69 ਲੱਖ ਮੌਤਾਂ ਨੂੰ ਰੋਕਿਆ ਜਾ ਸਕਦਾ ਸੀ, ਅਤੇ 40 ਲੱਖ ਔਰਤਾਂ ਇਲਾਜ ਕਰਵਾ ਸਕਦੀਆਂ ਸਨ। ਵਿਸ਼ਵ ਪੱਧਰ ‘ਤੇ, ਕੈਂਸਰ ਦੇ ਨਵੇਂ ਕੇਸਾਂ ਵਿੱਚੋਂ 48% ਔਰਤਾਂ ਅਤੇ ਕੈਂਸਰ ਨਾਲ ਹੋਣ ਵਾਲੀਆਂ ਮੌਤਾਂ ਵਿੱਚ 44% ਹਨ। ਇਹ ਖਾਸ ਤੌਰ ‘ਤੇ ਚਿੰਤਾਜਨਕ ਹੈ ਕਿਉਂਕਿ ਔਰਤਾਂ ਵਿੱਚ ਪ੍ਰਚਲਿਤ ਛਾਤੀ ਅਤੇ ਸਰਵਾਈਕਲ ਕੈਂਸਰ, ਨੂੰ ਰੋਕਿਆ ਜਾ ਸਕਦਾ ਹੈ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਇਸ ਦਾ ਇਲਾਜ ਵੀ ਕੀਤਾ ਜਾ ਸਕਦਾ ਹੈ। ਹਾਲਾਂਕਿ, ਬਹੁਤ ਸਾਰੀਆਂ ਔਰਤਾਂ ਨੂੰ ਸਮੇਂ ਸਿਰ ਅਤੇ ਢੁਕਵੀਂ ਦੇਖਭਾਲ ਤੱਕ ਪਹੁੰਚ ਕਰਨ ਵਿੱਚ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਵੇਂ ਕਿ ਸੀਮਤ ਜਾਣਕਾਰੀ, ਵਿੱਤੀ ਰੁਕਾਵਟਾਂ, ਅਤੇ ਨਾਕਾਫ਼ੀ ਪ੍ਰਾਇਮਰੀ ਹੈਲਥਕੇਅਰ ਸੇਵਾਵਾਂ।
ਮਾਹਰ ਕੈਂਸਰ ਦੀ ਦੇਖਭਾਲ ਵਿੱਚ ਲਿੰਗ ਅਸਮਾਨਤਾ ਦੀ ਭੂਮਿਕਾ ‘ਤੇ ਜ਼ੋਰ ਦਿੰਦੇ ਹੋਏ ਇਸ ਮੁੱਦੇ ‘ਤੇ ਵਿਚਾਰ ਕਰਨ ਦੀ ਸਲਾਹ ਦਿੰਦੇ ਹਨ। ਡਾ. ਅਭਿਸ਼ੇਕ ਸ਼ੰਕਰ, ਨਵੀਂ ਦਿੱਲੀ ਏਮਜ਼ ਵਿਖੇ ਓਨਕੋਲੋਜੀ ਵਿਭਾਗ ਵਿੱਚ ਇੱਕ ਸਹਾਇਕ ਪ੍ਰੋਫੈਸਰ ਹਨ, ਉਨ੍ਹਾਂ ਨੇ ਔਰਤਾਂ ਲਈ ਸਿਹਤ ਸੰਭਾਲ ਜਾਣਕਾਰੀ ਤੱਕ ਪਹੁੰਚ ਵਿੱਚ ਅਸਮਾਨਤਾ ਨੂੰ ਉਜਾਗਰ ਕੀਤਾ ਹੈ। ਜਦੋਂ ਕਿ ਮਰਦਾਂ ਅਤੇ ਔਰਤਾਂ ਦੋਵਾਂ ਨੂੰ ਤੰਬਾਕੂਨੋਸ਼ੀ ਅਤੇ ਤੰਬਾਕੂ ਵਰਗੇ ਕਾਰਕਾਂ ਤੋਂ ਕੈਂਸਰ ਦੇ ਬਰਾਬਰ ਖਤਰੇ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਔਰਤਾਂ ਦਾ ਇਲਾਜ ਅਕਸਰ ਪਿੱਛੇ ਰਹਿ ਜਾਂਦਾ ਹੈ। ਇਹ ਰਿਪੋਰਟ ਸੁਝਾਅ ਦਿੰਦੀ ਹੈ ਕਿ ਕੈਂਸਰ ਦੀ ਰੋਕਥਾਮ ਦੀ ਜਾਣਕਾਰੀ ਤੋਂ ਇਲਾਵਾ, ਸਮਾਜਕ ਤਬਦੀਲੀ ਮਹੱਤਵਪੂਰਨ ਹੈ। ਇਹਨਾਂ ਚੁਣੌਤੀਆਂ ਨੂੰ ਹੱਲ ਕਰਨ ਲਈ, ਔਰਤਾਂ ਕੈਂਸਰ ਨੂੰ ਰੋਕਣ ਲਈ ਪੰਜ ਮਹੱਤਵਪੂਰਨ ਕਦਮ ਚੁੱਕ ਸਕਦੀਆਂ ਹਨ:
-ਮਾਸਿਕ ਛਾਤੀਆਂ ਦੀ ਸਵੈ-ਜਾਂਚ ਕਰੋ ਅਤੇ ਡਾਕਟਰ ਦੁਆਰਾ ਸਾਲਾਨਾ ਜਾਂਚ ਕਰਾਓ।
-40 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਛਾਤੀ ਦੇ ਕੈਂਸਰ ਦੀ ਜਾਂਚ ਲਈ ਸਾਲਾਨਾ ਮੈਮੋਗ੍ਰਾਫੀ ਕਰਵਾਉਣੀ ਚਾਹੀਦੀ ਹੈ।
-ਜੇਕਰ ਸਵੈ-ਜਾਂਚ ਦੌਰਾਨ ਛਾਤੀ ਵਿੱਚ ਗੰਢਾਂ ਦਾ ਪਤਾ ਲੱਗਦਾ ਹੈ ਤਾਂ ਤੁਰੰਤ ਡਾਕਟਰ ਨਾਲ ਸਲਾਹ ਕਰੋ।
-25 ਤੋਂ 65 ਸਾਲ ਦੀ ਉਮਰ ਦੀਆਂ ਔਰਤਾਂ ਨੂੰ ਸਰਵਾਈਕਲ ਕੈਂਸਰ ਦਾ ਪਤਾ ਲਗਾਉਣ ਲਈ ਨਿਯਮਤ ਪੈਪ ਸਮੀਅਰ ਟੈਸਟ ਕਰਵਾਉਣੇ ਚਾਹੀਦੇ ਹਨ।
-ਮਨੁੱਖੀ ਪੈਪੀਲੋਮਾਵਾਇਰਸ ਦੀ ਜਾਂਚ ਕਰਨ ਲਈ ਹਰ 5 ਤੋਂ 10 ਸਾਲਾਂ ਵਿੱਚ ਇੱਕ HPV ਟੈਸਟ ਕਰਵਾਓ।