
ਸ਼ਬਦਾਂ ਅਤੇ ਸੋਚਾਂ ਦਾ ਜਾਦੂਗਰ – ਕਮਲ ਬੰਗਾ
ਦਮਨ, ਪੀੜ, ਪੀੜ ਦਾ ਅਹਿਸਾਸ, ਪੀੜ ਦੀ ਅਵਚੇਤਨੀ ਸੂਝ ਅਤੇ ਪੀੜ ਦਾ ਸੰਦਰਭ ਪ੍ਰਸਿੱਧ ਕਵੀ ਕਮਲ ਬੰਗਾ ਦੀ ਪੁਸਤਕ ਨਵੀਂ-ਬੁਲਬੁਲ ਦਾ ਅਧਾਰ ਹੈ।
ਕਿਸੇ ਵੀ ਅਧਾਰ ਤੇ ਕੀਤਾ ਪੱਖਪਾਤ, ਅਨਿਆਂ ਅਤੇ ਦਮਨ ਮਨੁੱਖ ਨੂੰ ਪੀੜਾ ਦਿੰਦਾ ਹੈ। ਇਸ ਪੱਖਪਾਤ, ਦਮਨ ਅਤੇ ਅਨਿਆਂ ਦੇ ਬੀਜਾਂ ਨੂੰ ਚਿੰਤਕ ਅਤੇ ਅਦੀਬ ਲੋਕ ਪਹਿਚਾਣਦੇ ਹਨ ਅਤੇ ਇਸ ਉੱਪਰ ਚਿੰਤਨੀ ਸੰਵਾਦ ਰਚਾਉਂਦੇ ਹਨ। ਕਮਲ ਬੰਗਾ ਉਹਨਾਂ ਚਿੰਤਕਾਂ ’ਚੋਂ ਇਕ ਹੈ, ਜੋ ਪੌੜੀ-ਦਰ-ਪੌੜੀ 2008 ਤੋਂ 2023 ਤੱਕ 17 ਪੁਸਤਕਾਂ ਪਾਠਕਾਂ ਦੀ ਝੋਲੀ ਪਾ ਕੇ ਇਹ ਸੰਵਾਦ ਰਚਾਉਂਦਾ ਰਿਹਾ ਹੈ।
‘‘ਜਿਵੇਂ ਦੀਵੇ ਨਾਲ ਦੀਵਾ ਲਾ ਕੇ ਰੌਸ਼ਨ ਕਰੀਦਾ ਬਨੇਰਾ,
ਉਵੇਂ ਦਿਲ ਤੋਂ ਦਿਲ ਤੀਕ, ਮੇਰਾ ਪਹੁੰਚ ਜਾਂਦਾ ਸੁਨੇਹਾ।’’
ਪੁਰਤਗਾਲ ਦੇ ਨੋਬਲ ਪੁਰਸਕਾਰ ਜੇਤੂ ਜੋਸੇ ਸਰਾਮਾਗੋ ਨੇ ਨੋਬਲ ਪੁਰਸਕਾਰ ਪ੍ਰਾਪਤ ਕਰਨ ਵੇਲੇ ਲਿਖਿਆ ਸੀ ‘‘ਅਸੀਂ ਤਰਕ ਦਾ ਵਿਨਾਸ਼ ਕਰਦੇ ਹਾਂ। ਜੇ ਤੁਸੀਂ ਵੇਖ ਸਕਦੇ ਹੋ ਤਾਂ ਘੋਖੋ, ਜੇ ਤੁਸੀਂ ਘੋਖ ਸਕਦੇ ਹੋ ਤਾਂ ਨਿਰਖੋ’’ ਅਸਲ ਵਿਚ ਇਹ ਨਿਰਖਣਾ ਹੀ ਸਾਹਿੱਤਕ ਰਚਨਾ ਨੂੰ ਜਨਮ ਦਿੰਦਾ ਹੈ। ਸਾਹਿਤਕਾਰ ਦੀ ਇਹੀ ਦੂਰਦਿ੍ਰਸ਼ਟੀ ਹੁੰਦੀ ਹੈ।
ਦੂਰਦਿ੍ਰਸ਼ਟੀ ਵਾਲਾ ਕਮਲ ਬੰਗਾ ਆਪਣੀ ਕਵਿਤਾ ਵਿਚ ਮਨੁੱਖੀ ਮਾਨਸਿਕਤਾ, ਰਿਸ਼ਤਿਆਂ, ਘਰ-ਪਰਿਵਾਰ, ਪਿਆਰ/ਮੁਹੱਬਤ ਆਦਿ ਦੀ ਗੱਲ ਕਰਦਾ ਹੈ। ਜੀਵਨ ’ਚ ਦਰਪੇਸ਼ ਸਮਾਜਿਕ, ਮਾਨਸਿਕ, ਆਰਥਿਕ ਮੁਸ਼ਕਲਾਂ ਉੱਤੇ ਉਸ ਦੀ ਕਵਿਤਾ ਦਾ ਫੋਕਸ ਹੈ। ਉਹਦੀ ਕਵਿਤਾ ਝਰਨੇ ਵਾਂਗਰ ਵਹਿੰਦੀ ਹੈ, ਲਗਾਤਾਰ ਤੁਰਦੀ ਹੈ, ਅਡੋਲ।
‘‘ਖ਼ਿਆਲਾਂ ’ਚ ਪਾਣੀ ਵਾਂਗ ਵਹਿ ਰਿਹਾ ਹਾਂ।
ਬਸ ਉੱਚੇ ਤੋਂ ਨੀਵੇਂ ਵੱਲ ਪੈ ਰਿਹਾ ਹਾਂ।’’
‘‘ਮੈਥੋਂ ਖੁਸ਼ਕ ਜ਼ਮੀਨ ਵਾਂਗ, ਤਿੜ ਨਹੀਂ ਹੁੰਦਾ।
ਨਾਲੇ ਗੁਲਾਮੀ ’ਚ ਮੈਥੋਂ, ਖਿੜ ਨਹੀਂ ਹੁੰਦਾ।’’
ਕਮਲ ਬੰਗਾ ਦੀ ਕਵਿਤਾ ਸੁਹਜ ਰੂਪ ਵਿਚ ਪਾਠਕਾਂ ਸਾਹਮਣੇ ਆਉਂਦੀ ਹੈ। ਉਸਦੀ ਕਵਿਤਾ ਵਿਚ ਸਮਾਜਕ ਊਣਤਾਈਆਂ ਦਾ ਖਾਸ ਤੌਰ ’ਤੇ ਜ਼ਿਕਰ ਹੈ। ਕਵਿਤਾ ਦੀ ਵੰਨਗੀ ਗ਼ਜ਼ਲ ਵਿਚ ਕਮਲ ਬੰਗਾ ਨੇ ਅਲੱਗ ਥਾਂ ਹਾਸਲ ਕੀਤੀ ਹੈ। ਉਸ ਦੀ ਰਚਨਾ ਸਮਰੱਥ ਹੈ। ਉਹ ਵੱਡੀਆਂ-ਵੱਡੀਆਂ ਪੁਲਾਘਾਂ ਪੁੱਟਦੀ ਹੈ, ਤੇਜ਼ੀ ਨਾਲ ਆਪਣੇ ਨਿਸ਼ਾਨੇ ਵੱਲ ਝਪਟਦੀ ਹੈ, ਅਤੇ ਫਿਰ ਮਨੁੱਖੀ ਭਾਵਨਾਵਾਂ ਉੱਤੇ ਚੋਟ ਕਰਦੀ ਹੈ। ਇਹੀ ਉਹਦੀ ਵਿਲੱਖਣਤਾ ਹੈ।
ਭਾਈਚਾਰੇ ’ਚ ਪਈਆਂ ਤ੍ਰੇੜਾਂ, ਨਫ਼ਰਤੀ ਵਰਤਾਰਾ, ਅਵਿਸ਼ਵਾਸ਼ ਨੂੰ ਜਦੋਂ ਉਹ ਮਨੁੱਖੀ ਕਾਲੀਨ ਉੱਤੇ ਵਿਛਿਆ ਵੇਖਦਾ ਹੈ ਤਾਂ ਤੜਪ ਉੱਠਦਾ ਹੈ। ਉਹ ਕਹਿੰਦਾ ਹੈ, ਆਖਿਰ ਮਨੱੁਖ ਇਸ ਵਰਤਾਰੇ ਵਿਚੋਂ ਕਦੋਂ ਬਾਹਰ ਆਏਗਾ, ਕਦੋਂ ਇਕ ਧਰਮ ਦੂਜੇ ਧਰਮ ਨੂੰ ਪਿਆਰ ਕਰੇਗਾ, ਕਦੋਂ ਮਨੁੱਖ ਜ਼ਿੰਦਗੀ ਦੀ ਖੂਬਸੂਰਤੀ ਨੂੰ ਪਛਾਣ ਸਕੇਗਾ?
ਜਦੋਂ ਉਹ ਧਰਮ ਦੇ ਨਾਮ ਉੱਤੇ ਪਾੜੇ, ਕਤਲ ਵੇਖਦਾ ਹੈ, ਦੰਗੇ ਵੇਖਦਾ ਹੈ ਤਾਂ ਉਹ ਤ੍ਰਾਹ ਉੱਠਦਾ ਹੈ, ਉਹ ਨੋਬਲ ਪੁਰਸਕਾਰ ਜੇਤੂ ਵਿਸਲਾਵਾ ਸ਼ਿੰਬੋਰਸਕਾ ਦੇ ਉਹਨਾਂ ਸ਼ਬਦਾਂ ਦਾ ਚਿੰਤਨ ਕਰਦਾ ਹੈ, ‘‘ਕੀ ਉਹ ‘ਬੰਦੇ’ ਕਹਾਉਣ ਦੇ ਲਾਇਕ ਵੀ ਹਨ ਜਾਂ ਨਹੀਂ? ਉਨਾਂ ਨੂੰ ‘ਜਾਨਵਰ’ ਕਹਿਣਾ ਤਾਂ ਵਿਚਾਰੇ ਜਾਨਵਰਾਂ ਦੀ ਬੇਅਦਬੀ ਹੈ। ਜਾਨਵਰ ਕਦੇ ਇੰਜ ਨਹੀਂ ਕਰਦੇ’’ ਉਸਦੀ ਇਸੇ ਚੇਤਨਾ ਕਾਰਨ ਉਹ ਉੱਚ ਪਾਏ ਦੇ ਸ਼ਿਅਰ ਲਿਖਦਾ ਹੈ, ਸੰਕੇਤਾਂ ’ਚ ਗੱਲ ਕਰਦਾ ਹੈ।
‘‘ਖ਼ਾਲੀ ਸੜਕ-ਖ਼ਾਲੀ ਰਾਹ ’ਤੇ, ਕੋਈ ਕੋਈ ਦੌੜਦੈ,
ਕਾਰਾਂ ਵਿਚ ਤਾਂ ਦੌੜਦੇ, ਸਾਰੇ ਜਣੇ-ਨੇ।’’
‘‘ਗਰੀਬ ਦੇਸ਼ਾਂ ਨੂੰ ਮਾਰਿਆ, ਰੋਟੀ-ਕਪੜੇ-ਮਕਾਨ ਨੇ,
ਨਾਲ ਨਾਲ ਝੰਬਿਆ ਹੈ, ਮੰਗਿਆਈ ਦੇ ਤੂਫ਼ਾਨਾਂ।’’
ਕਮਲ ਬੰਗਾ ਦੀ ਕਵਿਤਾ ਉੱਚ ਪਾਏ ਦੀ ਹੈ। ਲੋਕਾਂ ਦੀ ਗੱਲ ਕਰਦੀ ਹੈ। ਮਨੁੱਖੀ ਭਾਵਨਾਵਾਂ ਦੀ ਗੱਲ ਕਰਦੀ ਹੈ। ਉਸ ਦੀ ਕਵਿਤਾ/ਗ਼ਜ਼ਲ, ਉਸਦੇ ਜੀਵਨ ਦਾ ਅਨੁਭਵ ਹੈ, ਜੋ ਉਸਦੇ ਅੰਗ-ਸੰਗ ਰਹਿੰਦੀ ਹੈ, ਵਿਚਰਦੀ ਹੈ।
ਉਸਦੀ 17ਵੀਂ ਨਵੀਂ ਪੁਸਤਕ ਨੂੰ ਪੰਜਾਬੀ ਸੰਸਾਰ ’ਚ ‘ਜੀ ਆਇਆਂ’।
‘‘ਨਵੀਂ-ਬੁਲਬੁਲ’’ ਬਨਾਮ ਨਵੀਂ ਉੱਡਾਰੀ ਤੇ ਫ਼ਖ਼ਰ ਹੈ।
ਕਮਲ ਬੰਗਾ ਸ਼ਬਦਾਂ ’ਤੇ ਸੋਚਾਂ ਦਾ ਜਾਦੂਗਰ ਹੈ।’’
ਗੁਰਮੀਤ ਸਿੰਘ ਪਲਾਹੀ
98158-02070