ਅੰਮ੍ਰਿਸਤਰ (ਏ.ਡੀ. ਪੀ. ਨਿਊਜ਼) 1 ਸਤੰਬਰ 2023 :- ਅੰਮ੍ਰਿਸਤਰ ਵਿਕਾਸ ਮੰਚ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡੀਨ ਸਾਇੰਸਜ਼ ਅਤੇ ਸਾਬਕਾ ਮੁੱਖੀ ਰਸਾਇਣਕ ਵਿਗਿਆਨ ਤੇ ਅੰਮ੍ਰਿਸਤਰ ਵਿਕਾਸ ਮੰਚ ਦੇ ਮੋਢੀਆਂ ਵਿੱਚੋਂ ਡਾ. ਭਜਨ ਸਿੰਘ ਲਾਰਕ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਮੰਚ ਦੇ ਸਰਪ੍ਰਸਤ ਪ੍ਰੋ. ਮੋਹਨ ਸਿੰਘ, ਡਾ. ਚਰਨਜੀਤ ਸਿੰਘ ਗੁਮਟਾਲਾ, ਮਨਮੋਹਨ ਸਿੰਘ ਬਰਾੜ, ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ, ਹਰਦੀਪ ਸਿੰਘ ਚਾਹਲ ,ਪ੍ਰਧਾਨ ਇੰਜ. ਹਰਜਾਪ ਸਿੰਘ ਔਜਲਾ, ਜਨਰਲ ਸਕੱਤਰ ਸੁਰਿੰਦਰਜੀਤ ਸਿੰਘ ਤੇ ਸਮੂਹ ਮੈਂਬਰਾਨ ਵਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਡਾ. ਲਾਰਕ ਜਿੱਥੇ ਇੱਕ ਅੰਤਰ-ਰਾਸ਼ਟਰੀ ਪੱਧਰ ਦੇ ਮੰਨੇ ਪ੍ਰਮੰਨੇ ਵਿਗਿਆਨੀ ਸਨ, ਉੱਥੇ ਅੰਗਰੇਜ਼ੀ ਤੇ ਪੰਜਾਬੀ ਦੇ ਨਾਮਵਰ ਲੇਖਕਾਂ ਵਿੱਚ ਵੀ ਉਨਾਂ ਦਾ ਨਾਂ ਸ਼ਾਮਲ ਸੀ। ਉਨਾਂ ਦੀ ਅਗਵਾਈ ਵਿੱਚ ਬਹੁਤ ਸਾਰੇ ਵਿਦਿਆਰਥੀਆਂ ਪੀਐਚ.ਡੀ, ਐਮ.ਐਸਸੀ. ਆਨਰਜ਼ ਅਤੇ ਐਮ.ਫ਼ਿਲਦੀਆਂ ਡਿਗਰੀਆਂ ਪ੍ਰਾਪਤ ਕੀਤੀਆਂ। ਉਨਾਂ ਨੇ 20 ਦੇ ਕਰੀਬ ਫਿਜ਼ੀਕਲ ਕੈਮਿਸਟਰੀ ਦੀਆਂ ਵੱਖ ਵੱਖ ਯੂਨੀਸਰਸਿਟੀਆਂ ਦੇ ਬੀ.ਐਸ.ਸੀ ਦੇ ਵਿਦਿਆਰਥੀਆਂ ਦੇ ਲਈ ਪਾਠ ਪੁਸਤਕਾਂ ਲਿਖੀਆਂ। ਉਨਾਂ ਦੇ 100 ਤੋਂ ਵੱਧ ਖ਼ੋਜ਼ ਪੱਤਰ ਪ੍ਰਕਾਸ਼ਿਤ ਹੋਇ । ਉਨਾਂ ਨੇ ਪੰਜਾਬੀ ਵਿੱਚ ਬਾਰਾਮਾਂਹ, ਯਾਦਾਂਜਲੀ, ਪਵਨ ਸੰਦੇਸ਼ਾ, ਆਓ ਪੜੀਏ ਗਾਈਏ, ਪ੍ਰੈਕਟੀਕਲ ਕੈਮਿਸਟਰੀ, ਬਾਇਡਾਇਵਰਸਿਟੀ, ਆਵਾਜ਼ ਪ੍ਰਦੂਸ਼ਣ ਲਿਖੀਆਂ । ਜਪੁਜੀ ਦਾ ਸਾਧਾਰਨ ਅੰਗਰੇਜ਼ੀ ਵਿੱਚ ਅਨੁਵਾਦ ਕੀਤਾ। ਫਰੌਗੀਜ਼ ਇਨਵੈਲ (ਅੰਗਰੇਜ਼ੀ ਤੇ ਪੰਜਾਬੀ) ਵਿੱਚ, ਪ੍ਰਦੂਸ਼ਣ ਪ੍ਰਾਈਮਰ(ਅੰਗਰੇਜ਼ੀ ਤੇ ਪੰਜਾਬੀ )ਵਿੱਚ। ਉਨਾਂ ਨੇ ਅੰਗਰੇਜ਼ੀ ਵਿੱਚ ਆਪਣੀ ਜੀਵਨੀ ਮੈਮਰੀਜ਼ ਐਂਡ ਡਰੀਮਜ਼ ਆਫ਼ ਲਾਇਫ਼ ਲਿੱਖੀ। ਅੰਗਰਜ਼ੀ ਵਿੱਚ ਗਰੇਅਮੈਟਰ, ਦਾ ਰੇਨਬੋਅ ਅਤੇ ਗੁਡ ਫਰਾਇੰਡਜ਼ ਲਿਖੀਆਂ। ਉਨਾਂ ਦੇ 7 ਖ਼ਰੜੇ ਅਣ ਛੱਪੇ ਪਏ ਹਨ। ਉਹ ਇੰਡੀਅਨ ਕੈਮੀਕਲ ਸੁਸਾਇਟੀ ਦੇ ਜੀਵਨ ਮੈਂਬਰ, ਇੰਡੀਅਨ ਨੈਸ਼ਨਲ ਅਕੈਡਮੀ ਆਫ਼ ਸਾਇੰਸ, ਇੰਡੀਅਨ ਕੌਂਸਲ ਆਫ਼ ਕੈਮਿਸਟਸ ਤੇ ਅੰਮ੍ਰਿਸਤਰ ਵਿਕਾਸ ਮੰਚ ਦੇ ਜੀਵਨ ਮੈਂਬਰ ਸਨ। ਉਨਾਂ ਕਈ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਕਾਨਫ਼ਰੰਸਾਂ ਵਿੱਚ ਭਾਗ ਲਿਆ।
ਉਨਾਂ ਨੂੰ 1971 ਵਿੱਚ ਵਿਗਿਆਨਕ ਲਿਖਤਾਂ ਲ਼ਿੱਖਣ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਸਨਮਾਨਿਤ ਕੀਤਾ ਗਿਆ। 2009 ਵਿੱਚ ਉਨਾਂ ਨੂੰ ਡਾ. ਗੁਰਦਿਆਲ ਸਿੰਘ ਬਾਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
ਜਿੱਥੋਂ ਤੀਕ ਉਨਾਂ ਦੀ ਵਿਦਿਆ ਦਾ ਸੰਬੰਧ ਹੈ। ਉਨਾਂ ਨੇ ਮੁਢਲੀ ਸਿੱਖਿਆ ਸ੍ਰੀ ਗੁਰੂ ਰਾਮਦਾਸ ਖ਼ਾਲਸਾ ਸੀਨੀਅਰ ਸਕੈਡੰਰੀ ਸਕੂਲ ਅੰਮ੍ਰਿਸਤਰ ਤੋਂ ਲਈ । ਉਨਾਂ ਬੀ. ਐਸ.ਸੀ ਖਾਲਸਾ ਕਾਲਜ ਅੰਮ੍ਰਿਸਤਰ, ਐਮ.ਐਸ.ਸੀ ਤੇ ਪੀ ਐਚ ਡੀ ਕੈਮਿਸਟਰੀ ਪੰਜਾਬ ਯੂਨੀਵਰਸਿਟੀ ਚੰਡੀਗੜ ਤੋਂ ਕੀਤੀ। ਉਨਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਸਤਰ ਵਿੱਚ 1972-1979 ਤੀਕ ਬਤੌਰ ਲੈਕਚਰਾਰ 1979-87 ਤੀਕ ਬਤੌਰ ਰੀਡਰ ਅਤੇ 1987-2001 ਪ੍ਰੋਫੈਸਰ ,ਮੁੱਖੀ ਰਸਾਇਣਕ ਵਿਭਾਗ ਤੇ ਡੀਨ ਸਾਇੰਸਜ਼ ਸੇਵਾਵਾਂ ਨਿਭਾਈਆਂ।ਉਹ 1971-72 ਵਿੱਚ ਇਕ ਸਾਲ ਨਾਰਵੇ ਵਿੱਚ ਬਤੌਰ ਐਨ ਓ ਆਰ ਏ ਡੀ ਫ਼ੈਲੋ ਰਹੇ। ਉਹ 1975-76 ਵਿੱਚ ਬਤੌਰ ਯੂਨੈਸਕੋ ਫ਼ੈਲੋ ਜਪਾਨ ਗਏ।
ਅੱਜ ਕੱਲ ਉਹ ਆਪਣੇ ਬੇਟੇ ਹਰਿੰਦਰਜੀਤ ਸਿੰਘ ਪਾਸ ਆਸਟਰੇਲੀਆ ਦੇ ਸ਼ਹਿਰ ਸਿਡਨੀ ਵਿੱਚ ਰਹਿੰਦੇ ਸਨ। ਉਹ 29 ਅਗਸਤ 2023 ਨੂੰ ਇਸ ਫ਼ਾਨੀ ਦੁਨੀਆਂ ਤੋਂ ਕੂਚ ਕਰ ਗਏ। ਉਹ ਆਪਣੇ ਪਿੱਛੇ ਇੱਕ ਬੇਟਾ ਹਰਿੰਦਰਜੀਤ ਸਿੰਘ ਤੇ ਇੱਕ ਬੇਟੀ ਡਾ. ਅਨੁਪ੍ਰੀਤ ਕੌਰ ਜੋ ਕਿ ਅਮਰੀਕਾ ਰਹਿੰਦੇ ਛੱਡ ਗਏ। ਉਨਾਂ ਦੀ ਯਾਦ ਵਿੱਚ ਭੋਗ ਤੇ ਅੰਤਿਮ ਅਰਦਾਸ ਆਸਟਰੇਲੀਆ ਵਿਖੇ ਉਨਾਂ ਦੇ ਘਰ ਵਿੱਚ 3 ਸਤੰਬਰ ਨੂੰ ਹੋਵੇਗੀ। ਉਹ ਭਾਵੇਂ ਅੱਜ ਸਾਡੇ ਵਿੱਚ ਨਹੀਂ ਰਹੇ ਪਰ ਵਿਦਿਅਕ ਤੇ ਸਾਹਿਤਕ ਕਾਰਜਾਂ ਕਰਕੇ ਉਨਾਂ ਦਾ ਨਾਂ ਹਮੇਸ਼ਾ ਕਾਇਮ ਰਹੇਗਾ।