
ਬੱਬਰ ਅਕਾਲੀ ਲਹਿਰ ਨੂੰ ਮੁੜ ਫਰੋਲਦਿਆਂ ਪ੍ਰਤੀਬੱਧ ਲੇਖਕ ਵਿਜੈ ਬੰਬੇਲੀ ਦੀ ਨਵੀਂ ਪੁਸਤਕ ਹੈ ਜਿਸ ਚ ਉਸ ਨੇ ਬੱਬਰ ਲਹਿਰ ਤੇ ਇਸਦੇ ਪਏ ਪ੍ਰਭਾਵਾਂ ਨੂੰ ਬਹੁਤ ਖੋਜ ਭਰਪੂਰ ਢੰਗ ਨਾਲ ਪੇਸ਼ ਕੀਤਾ ਹੈ। ਇਹੋ ਜਿਹੀਆਂ ਪੁਸਤਕਾਂ ਬਹੁਤ ਮਿਹਨਤ ਤੇ ਸਿਰੜ ਮੰਗਦੀਆਂ ਹਨ ਜੋ ਵਿਜੈ ਬੰਬੇਲੀ ਚ ਹੈ। ਇਸ ਤੋਂ ਪਹਿਲਾਂ ਵੀ ਉਹ ਧਰਤੀ ਪੁੱਤਰ,ਗਦਰ ਦੀਆਂ ਪੈੜਾਂ,ਕੰਢੀ ਦੇ ਪਿੰਡਾਂ ਦਾ ਇਤਿਹਾਸ ਜਿਸ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲ਼ਾ ਨੇ ਛਾਪਿਆ ਤੇ ਰੁੜਕੀ ਖ਼ਾਸ ਪਿੰਡਾਂ ਬਾਰੇ ਲਿਖ ਚੁੱਕਿਆ ਹੈ। ਵਿਜੈ ਬੰਬੇਲੀ ਵਾਤਾਵਰਨ ਪ੍ਰੇਮੀ ਹੈ ਜਿਸ ਨੇ ਆਪਣੀ ਮੌਤ ਨੂੰ ‘ਵਾਜਾਂ ਮਾਰ ਰਿਹਾ ਮਨੁੱਖ ,ਟਾਵਾਂ ਟਾਵਾਂ ਤਾਰਾ ਪੁਸਤਕਾਂ ਲਿਖੀਆਂ। ਦੇਸ਼ ਦੀ ਵੰਡ ਬਾਰੇ ਉਸ ਦੀ ਪੁਸਤਕ ਬੀਤੇ ਨੂੰ ਫਰੋਲਦਿਆਂ ਬਹਤ ਚਰਚਿਤ ਹੋਈ।
ਬੱਬਰ ਅਕਾਲੀ ਲਹਿਰ ਸਰਕਾਰੀ ਜਬਰ ਦੇ ਖ਼ਿਲਾਫ਼ ਉੱਠੀ ਲਹਿਰ ਸੀ ਜਿਹੜੀ ਮਾਸਟਰ ਮੋਤਾ ਸਿੰਘ ਪਤਾਰਾ ਦੇ ਦਿਮਾਗ਼ ਦੀ ਕਾਢ ਸੀ ਜਿਸ ਨੂੰ ਸ੍ਰ ਕਿਸ਼ਨ ਸਿੰਘ ਬੜਿੰਗ ਨੇ ਜ਼ੋਰਦਾਰ ਢੰਗ ਨਾਲ ਅੱਗੇ ਵਧਾਇਆ। ਬੰਬੇਲੀ ਨੇ ਬਹੁਤ ਨਿੱਗਰ ਜਾਣਕਾਰੀ ਦਿੱਤੀ ਹੈ ਕਿ ਮਾਰਚ 1921 ਦੀ ਸਿੱਖ ਐਜੂਕੇਸ਼ਨਲ ਕਾਨਫਰੰਸ ਹੁਸ਼ਿਆਰਪੁਰ ਤੋਂ ਮੰਨੀ ਜਾਂਦੀ ਹੈ ਜਿਸ ਚ ਮਾਸਟਰ ਮੋਤਾ ਸਿੰਘ ਤੇ ਕਿਸ਼ਨ ਸਿੰਘ ਬੜਿੰਗ ਤੋਂ ਬਿਨਾ ਅਮਰ ਸਿੰਘ ਦਿੱਲੀ , ਬੇਲਾ ਸਿੰਘ ਫ਼ਿਰੋਜ਼ਪੁਰ ,ਸੁੰਦਰ ਸਿੰਘ ਪਡੋਰੀ ਬੀਬੀ, ਅਮਰ ਸਿੰਘ ਗੁਜਰਾਂਵਾਲਾ ਤੋਂ ਬਿਨਾ ਹੋਰ ਅਨੇਕਾਂ ਗਰਮ ਖ਼ਿਆਲੀ ਸ਼ਾਮਿਲ ਸਨ। ਇਹ ਹਥਿਆਰਬੰਦ ਲਹਿਰ ਸੀ ਜਿਸ ਨੇ ਪੰਥ ਦੋਖੀਆਂ ਨੂੰ ਸੋਧਣ ਦਾ ਫੈਸਲਾ ਕੀਤਾ। ਇਸ ਲਹਿਰ ਨੇ ਕਰਮ ਸਿੰਘ ਦੌਲਤਪੁਰ,ਧੰਨਾ ਸਿੰਘ ਬਹਿਬਲਪੁਰ, ਉਦੈ ਸਿੰਘ ਝੁੰਗੀਆਂ ,ਸੁੰਦਰ ਸਿੰਘ ਮਖਸੂਸਪੁਰ,ਕਰਮ ਸਿੰਘ ਝਿੰਗੜ ,ਕਰਤਾਰ ਸਿੰਘ ਗੋਂਦਪੁਰ,ਮਾਸਟਰ ਦਲੀਪ ਸਿੰਘ ਗੋਸਲ
ਹਰੀ ਸਿੰਘ ਸੂੰਢ ਤੇ ਸ੍ਰ ਕਿਸ਼ਨ ਸਿੰਘ ਗੜਗੱਜ ਵਰਗੇ ਅਨੇਕਾਂ ਸਿਰਲੱਥ ਯੋਧੇ ਪੈਦਾ ਕੀਤੇ ਜਿਨ੍ਹਾਂ ਨੇ ਮੁਖਬਰਾਂ ਨੂੰ ਸੋਧਿਆ। ਬੰਬੇਲੀ ਇਸ ਲਹਿਰ ਦਾ ਸੰਬੰਧ ਗਦਰ ਲਹਿਰ ਨਾਲ ਸਿੱਧ ਕਰਦਿਆਂ ਲਿਖਦਾ ਹੈ ਕਿ ਐਡੀਟਰ ਕਰਮ ਸਿੰਘ ਦੌਲਤਪੁਰ ਗਦਰ ਲਹਿਰ ਨਾਲ ਸੰਬੰਧ ਰੱਖਦਾ ਸੀ। ਅਗੱਸਤ 1922 ਚ ਬੱਬਰ ਅਕਾਲੀ ਦੋਆਬਾ ਨਾਂ ਦਾ ਅਖਬਾਰ ਵੀ ਚਾਲੂ ਕੀਤਾ। ਬੰਬੇਲੀ ਦੋ ਉਡਾਰੂ ਪ੍ਰੈੱਸਾਂ ਦਾ ਜ਼ਿਕਰ ਕਰਦਾ ਹੈ ਜਿਹੜੀਆਂ ਪਿੰਡ ਕੋਟ ਫਤੂਹੀ ਤੇ ਫਤਿਹਪੁਰ ਕੋਠੀ ਚ ਚੱਲਦੀਆਂ ਸਨ। ਪਿੰਡ ਜੱਸੋਵਾਲ ਸਮੇਤ ਬੰਬੇਲੀ ਨੇ ਬਹੁਤ ਸਾਰੇ ਪਿੰਡਾਂ ਬਾਰੇ ਜਾਣਕਾਰੀ ਇਕੱਠੀ ਕੀਤੀ ਹੈ। ਪਿੰਡ ਕੋਟ ਫਤੂਹੀ ਦਾ ਪੰਡਿਤ ਸੁੰਦਰ ਦਾਸ ਇਸ ਲਹਿਰ ਚ ਸ਼ਾਮਿਲ ਹੋ ਕੇ ਸਿੰਘ ਸਜ ਗਿਆ ਤੇ ਭਾਈ ਉੱਦੈ ਸਿੰਘ ਝੁੰਗੀਆਂ ਦਾ ਦਵਾ ਦਾਰੂ ਕੀਤਾ।ਪਿੰਡ ਕੋਟ ਫਤੂਹੀ ਦਾ ਬੱਬਰ ਲਹਿਰ ਚ ਬਹੁਤ ਵੱਡਾ ਯੋਗਦਾਨ ਰਿਹਾ ਹੈ। ਪਿੰਡ ਕੋਟ ਫਤੂਹੀ ਚ ਬੱਬਰਾਂ ਦੀ ਯਾਦਗਾਰ ਵੀ ਬਣੀ ਹੋਈ ਹੈ।ਬੰਬੇਲੀ ਪਿੰਡ ਕੋਟ ਫਤੂਹੀ ਦੇ ਭਾਈ ਪ੍ਰਤਾਪ ਸਿੰਘ ਤੇ ਹਰਦਿੱਤ ਸਿੰਘ ਦਾ ਜ਼ਿਕਰ ਕਰਦਾ ਹੈ ਜਿਸ ਦੀ ਹਵੇਲੀ ਚ ਪ੍ਰੈੱਸ ਚੱਲਦੀ ਰਹੀ।ਧੰਨਾ ਸਿੰਘ ਬਹਿਬਲਪੁਰ ਦੇ ਮੰਨਣਹਾਨਾ ਪਿੰਡ ਚ ਧੋਖੇ ਨਾਲ ਹੋਏ ਕਤਲ ਬਾਰੇ ਉਸ ਵੱਲੋਂ ਦਿੱਤੀ ਜਾਣਕਾਰੀ ਵਡਮੁੱਲੀ ਹੈ। ਹੋਰ ਪਿੰਡਾਂ ਚ ਹੋਈਆਂ ਵਾਰਦਾਤਾਂ ਬਾਰੇ ਵੀ ਉਹ ਵਿਸਥਾਰ ਨਾਲ ਲਿਖਦਾ ਹੈ। ਬੱਬਰ ਲਹਿਰ ਸਰਕਾਰ ਪ੍ਰਤੀ ਰੋਸ ਵਜੋਂ ਪੈਦਾ ਹੋਈ ਤੇ ਇਸਦਾ ਵੱਧ ਪ੍ਰਭਾਵ ਵੀ ਦੁਆਬੇ ਤੱਕ ਹੀ ਰਿਹਾ। ਪਰ ਇੱਕ ਵਾਰ ਬੱਬਰਾਂ ਨੇ ਹਕੂਮਤ ਨੂੰ ਹੱਥਾਂ ਪੈਰਾਂ ਦੀ ਪਾ ਦਿੱਤੀ ਸੀ। ਆਪਣੇ ਵਿਰਸੇ ਤੇ ਇਤਿਹਾਸ ਬਾਰੇ ਜਾਨਣ ਲਈ ਇਹ ਬਹੁਤ ਹੀ ਵਧੀਆ ਪੁਸਤਕ ਹੈ। ਬੰਬੇਲੀ ਵਰਗੇ ਅਣਥੱਕ ਤੇ ਵਿਦਵਾਨ ਸਿਰੜੀ ਲੇਖਕ ਤੋਂ ਹੋਰ ਬਹੁਤ ਉਮੀਦਾਂ ਹਨ। ਪੁਸਤਕ ਪੜ੍ਹਣਯੋਗ ਹੈ ਤੇ ਵਿਜੈ ਬੰਬੇਲੀ ਦੀ ਮਿਹਨਤ ਤੇ ਸਿਰੜ ਨੂੰ ਸਲਾਮ ਹੈ।
ਜਗਤਾਰ ਸਿੰਘ , ਕੋਟ ਫਤੂਹੀ