ਨਫ਼ਰਤ ਦੀ ਫੈਕਟਰੀ

ਭਾਰਤੀ ਜਨਤਾ ਦੀ ਸਦੀਆਂ ਪੁਰਾਣੀ ਅਟੁੱਟ ਏਕਤਾ ਵਿਸ਼ਵ ਦੀਆਂ ਸਾਰੀਆਂ ਸੱਭਿਅਤਾਵਾਂ ਵਿਚ ਅਨੋਖੀ ਮਿਸਾਲ ਹੈ, ਜਿਸ ਨੂੰ ਤੋੜਨ ਦਾ ਕੰਮ ਅੱਜਕੱਲ੍ਹ ਭਾਰਤੀ ਜਨਤਾ ਦੇ ਨਾਂਅ ’ਤੇ ਹੀ ਬਣੀ ਇਕ ਪਾਰਟੀ ਦੀ ਅਗਵਾਈ ਵਿਚ ਕੀਤਾ ਜਾ ਰਿਹਾ ਹੈ। ਇਹ ਪਾਰਟੀ (ਭਾਜਪਾ) ਰਾਸ਼ਟਰੀ ਸੋਇਮ ਸੇਵਕ ਸੰਘ ਦਾ ਮੁਖੌਟਾ ਹੈ, ਜਿਹੜਾ ਇਹ ਕੰਮ ਕਰੀਬ ਇਕ ਸੌ ਸਾਲ ਤੋਂ ਕਰ ਰਿਹਾ ਹੈ, ਪਰ ਦੇਸ਼ ਲੁੱਟਣ ਵਾਲੇ ਕਾਰਪੋਰੇਟਾਂ ਨਾਲ ਗੱਠਜੋੜ ਦੇ ਬਾਅਦ ਇਸ ਕੰਮ ਵਿਚ ਕੁਝ ਜ਼ਿਆਦਾ ਹੀ ਤੇਜ਼ੀ ਆਈ ਹੈ। ਫਿਲਮ ‘ਕਸ਼ਮੀਰ ਫਾਈਲਜ਼’ ਝੂਠ ਤੇ ਅੱਧੇ ਸੱਚ ਦਾ ਘਾਲਮੇਲ ਸੀ ਤਾਂ ‘ਕੇਰਲਾ ਸਟੋਰੀ’ ਉਸ ਤੋਂ ਵੀ ਵੱਧ ਨਫਰਤੀ ਫੈਕਟਰੀ ’ਚ ਜ਼ਹਿਰ ’ਚ ਡੁਬੋਏ ਝੂਠਾਂ ਦਾ ਉਤਪਾਦਨ ਹੈ। ਅਪਰਾਧਕ ਧਰੁਵੀਕਰਨ ਤੇ ਨਫਰਤ ਫੈਲਾਉਣ ਲਈ ਉਸ ‘ਈਸ਼ਵਰ ਦੇ ਖੁਦ ਦੇ ਦੇਸ਼’ (ਗੌਡਸ ਓਨ ਕੰਟਰੀ) ਕੇਰਲਾ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਜਿਸ ਦੇ ਵਿਦੇਸ਼ਾਂ ਵਿਚ ਰਹਿਣ ਵਾਲੇ ਲੋਕਾਂ ਨੇ 2020 ਵਿਚ ਆਪਣੀ ਮਿਹਨਤ ਨਾਲ 2.3 ਲੱਖ ਕਰੋੜ ਰੁਪਏ ਭਾਰਤ ਭੇਜੇ। ਇਹ ਬਾਹਰ ਰਹਿੰਦੇ ਭਾਰਤੀਆਂ ਵੱਲੋਂ ਭੇਜੇ ਗਏ ਕੁਲ ਪੈਸੇ ਦਾ 34 ਫੀਸਦੀ ਬਣਦੇ ਹਨ। ਕੇਰਲਾ ਦੀ ਪ੍ਰਤੀ ਵਿਅਕਤੀ ਆਮਦਨ ਬਾਕੀ ਦੇਸ਼ ਨਾਲੋਂ 60 ਫੀਸਦੀ ਵੱਧ ਹੈ। ਇਥੇ ਇਕ ਫੀਸਦੀ ਤੋਂ ਵੀ ਘੱਟ (0.71 ਫੀਸਦੀ) ਲੋਕ ਗਰੀਬੀ ਰੇਖਾ ਤੋਂ ਹੇਠਾਂ ਹਨ, ਜਦਕਿ ਕੌਮੀ ਔਸਤ 22 ਫੀਸਦੀ ਹੈ। ਇੱਥੇ 96 ਫੀਸਦੀ ਲੋਕ ਪੜ੍ਹੇ-ਲਿਖੇ ਹਨ, ਜਦਕਿ ਕੌਮੀ ਔਸਤ 77 ਫੀਸਦੀ ਹੈ। ਬਾਲ ਮੌਤ ਦਰ ਕੇਰਲਾ ਵਿਚ ਇਕ ਹਜ਼ਾਰ ਪਿੱਛੇ 6 ਹੈ, ਜਦਕਿ ਭਾਜਪਾ ਸ਼ਾਸਤ ਆਸਾਮ ਵਿਚ 40, ਮੱਧ ਪ੍ਰਦੇਸ਼ ਵਿਚ 41 ਤੇ ਯੂ ਪੀ ਵਿਚ 46 ਹੈ। ਇਸਤਰੀ ਸੁਰੱਖਿਆ ਸਣੇ ਮਨੁੱਖੀ ਵਿਕਾਸ ਸੂਚਕ ਅੰਕ ਵਿਚ ਕੇਰਲਾ ਦੇਸ਼ ’ਚ ਹੀ ਅੱਵਲ ਨਹੀਂ, ਸਗੋਂ ਯੂਰਪ ਦੇ ਕਈ ਵਿਕਸਤ ਦੇਸ਼ਾਂ ਤੋਂ ਵੀ ਅੱਗੇ ਹੈ। ਇਸ ਦੇ ਮੁਕਾਬਲੇ ਸੰਘ-ਭਾਜਪਾ ਸ਼ਾਸਤ ਰਾਜਾਂ ਵਿਚ ਹਰ ਉਮਰ ਦੀਆਂ ਮਹਿਲਾਵਾਂ ਦੀ ਹਾਲਤ ਏਨੀ ਖਰਾਬ ਹੈ ਕਿ ਇਹ ਬ੍ਰਹਮਾ ਜੀ ਦੇ ਆਪਣੇ ਗੁਜਰਾਤ ਵਿਚ 2016-2020 ਵਿਚਾਲੇ ਲਾਪਤਾ ਹੋਈਆਂ 41621 ਕੁੜੀਆਂ ਤੇ ਮਹਿਲਾਵਾਂ ਦੀ ਗਿਣਤੀ ਤੋਂ ਹੀ ਸਾਹਮਣੇ ਆ ਗਿਆ ਸੀ। ਬਾਕੀ ਭਾਜਪਾ ਰਾਜਾਂ ਵਿਚ ਵੀ ਇਹੀ ਹਾਲਤ ਹੈ। ਸਿਰਫ ਮੱਧ ਪ੍ਰਦੇਸ਼ ਦੇ ਅੰਕੜੇ ਕਾਫੀ ਕੁਝ ਦੱਸ ਦਿੰਦੇ ਹਨ, ਜਿੱਥੇ ਦੋ ਦਹਾਕਿਆਂ ਤੋਂ ਭਾਜਪਾ ਰਾਜ ਕਰ ਰਹੀ ਹੈ ਤੇ ਜਿੱਥੋਂ ਦੇ ਮੁੱਖ ਮੰਤਰੀ ਖੁਦ ਨੂੰ ਮਾਮਾ ਕਹਾਉਦੇ ਹਨ। ਸਰਕਾਰੀ ਏਜੰਸੀ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਮੁਤਾਬਕ ਮੱਧ ਪ੍ਰਦੇਸ਼ ਵਿਚ ਹਰ 55 ਮਿੰਟਾਂ ਵਿਚ ਇਕ ਨਾਬਾਲਗ ਗਾਇਬ ਹੋ ਜਾਂਦੀ ਹੈ। 2021 ਵਿਚ ਇਹ ਗਿਣਤੀ 9407 ਸੀ, ਜਿਹੜੀ ਦੇਸ਼ ਵਿਚ ਸਭ ਤੋਂ ਵੱਧ ਸੀ। ਕੁੜੀਆਂ ਹੀ ਨਹੀਂ, ਮੁੰਡੇ ਵੀ ਗਾਇਬ ਹੁੰਦੇ ਹਨ। 2021 ਵਿਚ 22 ਹਜ਼ਾਰ ਨਾਬਾਲਗ ਮੁੰਡੇ ਗਾਇਬ ਹੋਏ। 2011-2021 ਵਿਚ ਯੌਨ ਅਪਰਾਧਾਂ ’ਚ 337 ਫੀਸਦੀ ਦਾ ਵਾਧਾ ਹੋਇਆ। ਬਾਲਾਂ ਵਿਰੁੱਧ ਯੌਨ ਹਮਲੇ ਰੋਕਣ ਵਾਲੇ ਕਾਨੂੰਨ ‘ਪੌਕਸੋ’ ਤਹਿਤ ਆਉਣ ਵਾਲੇ ਅਪਰਾਧਾਂ ਦੀ ਗਿਣਤੀ 6070 ਰਹੀ, ਜਿਹੜੀ ਕੁਲ ਅਪਰਾਧਾਂ ਦਾ 31.7 ਫੀਸਦੀ ਬਣਦੀ ਹੈ। ਮਾਮੇ ਦੀ ਸਰਕਾਰ ਵਿਚ ਪਿਛਲੇ ਪੰਜ ਸਾਲਾਂ ਵਿਚ 68738 ਮਹਿਲਾਵਾਂ ਵੀ ਲਾਪਤਾ ਹੋਈਆਂ ਹਨ। ਇਨ੍ਹਾਂ ਵਿੱਚੋਂ 33274 ਦਾ ਤਾਂ 2021 ਤੱਕ ਪਤਾ ਨਹੀਂ ਚੱਲਿਆ। ‘ਕੇਰਲਾ ਸਟੋਰੀ’ ਦੇ ਟਰੇਲਰ ਤੇ ਟੀਜ਼ਰ ਵਿਚ ਫਿਲਮ ਨਿਰਮਾਤਾ ਜਿਨ੍ਹਾਂ 32 ਹਜ਼ਾਰ ਮਹਿਲਾਵਾਂ ਦਾ ਦਾਅਵਾ ਕਰ ਰਹੇ ਸਨ ਤੇ ਬਾਅਦ ਵਿਚ ਹਾਈ ਕੋਰਟ ’ਚ ਸਿਰਫ 3 ’ਤੇ ਆ ਗਏ ਸੀ, ਲਗਦਾ ਹੈ ਉਹ 32 ਹਜ਼ਾਰ ਦਾ ਅੰਕੜਾ ਉਨ੍ਹਾਂ ਭਾਜਪਾ ਸ਼ਾਸਤ ਮੱਧ ਪ੍ਰਦੇਸ਼ ਤੋਂ ਹੀ ਲਿਆ ਸਨ। ਪੁਲਸ ਦੀ ਸੰਵੇਦਨਸ਼ੀਲਤਾ ਦੀ ਹਾਲਤ ਇਹ ਹੈ ਕਿ ਜਦ 14-15 ਜਾਂ ਉਸ ਤੋਂ ਵੱਧ ਉਮਰ ਦੀ ਕੁੜੀ ਦੇ ਲਾਪਤਾ ਹੋਣ ਦੀ ਰਿਪਰੋਟ ਲਿਖਾਉਣ ਉਸ ਦੇ ਘਰ ਦੇ ਜਾਂਦੇ ਹਨ ਤਾਂ ਥਾਣੇ ਤੋਂ ਇਹ ਕਹਿ ਕੇ ਪਰਤਾ ਦਿੱਤਾ ਜਾਂਦਾ ਹੈ ਕਿ ਕਿਸੇ ਨਾਲ ਭੱਜ ਗਈ ਹੋਵੇਗੀ, 10-15 ਦਿਨ ਉਡੀਕ ਕਰੋ, ਉਸ ਦੇ ਬਾਅਦ ਆਉਣਾ। ਭਾਜਪਾ ਸ਼ਾਸਤ ਰਾਜਾਂ ਦੇ ਇਨ੍ਹਾਂ ਸਰਕਾਰੀ ਅੰਕੜਿਆਂ ਦੇ ਬਾਅਦ ਵੀ ਜੇ ਕਿਸੇ ਇਕ ਖਾਸ ਰਾਜ (ਕੇਰਲਾ) ਦੇ ਇਕ ਖਾਸ ਫਿਰਕੇ ਖਿਲਾਫ ਏਨੇ ਜ਼ਬਰਦਸਤ ਆਤਮਵਿਸ਼ਵਾਸ ਨਾਲ ਨਫਰਤ ਫੈਲਾਉਣ ਦੀ ਰਾਕਸ਼ਸ਼ੀ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਉਸ ਦੀ ਅਸਲੀ ਵਜ੍ਹਾ ਸਮਝਣੀ ਹੋਵੇਗੀ। ਨਾਨੀ ਦੀਆਂ ਕਹਾਣੀਆਂ ਦੱਸਦੀਆਂ ਹਨ ਕਿ ਰਾਕਸ਼ਸ਼ ਦੀ ਜਾਨ ਕਿਤੇ ਹੋਰ ਹੁੰਦੀ ਹੈ। ਇਨ੍ਹਾਂ ਦੀ ਜਾਨ ਵੀ ਮੀਡੀਆ ਨਾਂਅ ਦੇ ਕਾਂ, ਅਗਿਆਨ-ਅੰਧਵਿਸ਼ਵਾਸ ਨਾਂਅ ਦੇ ਗਿੱਧ ਤੇ ਕਾਰਪੋਰੇਟ ਨਾਂਅ ਦੇ ਮਗਰਮੱਛ ਵਿਚ ਹੈ। ਇਸ ਲਈ ਝੂਠ ਨੂੰ ਬੇਪਰਦ ਕਰਨ ਲਈ ਇਨ੍ਹਾਂ ਤਿੰਨਾਂ ਨੂੰ ਬੇਅਸਰ ਕਰਨ ਦੇ ਰਾਹ ਲੱਭਣੇ ਪੈਣੇ ਹਨ।

ਸਾਂਝਾ ਕਰੋ

ਪੜ੍ਹੋ