ਹਰਜਿੰਦਰ ਕੰਗ ਦੀ ਕਿਤਾਬ/ਆਪਾਂ ਦੋਵੇਂ ਰੁੱਸ ਬੈਠੇ(ਗੀਤ-ਸੰਗ੍ਰਹਿ)

ਕਿਤਾਬਾਂ ਜੋ ਮੈਂ ਪੜ੍ਹੀਆਂ/ਗੁਰਮੀਤ ਸਿੰਘ ਪਲਾਹੀ

ਹਰਜਿੰਦਰ ਕੰਗ ਦੇ ਗੀਤ ਧੁਰ ਰੂਹ ਅੰਦਰ ਇਵੇਂ ਨਿਵਾਸ ਕਰ ਜਾਂਦੇ ਹਨ ਜਿਵੇਂ ਅੱਖਾਂ ‘ਚ ਅੱਥਰੂ ਛਲਕਦੇ ਹਨ, ਲੋੜ ਪਿਆਂ ਮੀਂਹ ਵਾਂਗਰ ਵਰਸ ਪੈਂਦੇ ਹਨ ਅਤੇ ਆਪਣੇ ਦਿਲ ਦੀ ਦਾਸਤਾਨ ਕਹਿ ਦਿੰਦੇ ਹਨ।

“ਤੇਰੀ ਯਾਦ ਚੰਦਰੀਏ ਆਈ ਨੀ ਛਮ ਛਮ ਰੋਣ ਅੱਖੀਆਂ” ਹਰਜਿੰਦਰ ਕੰਗ ਦੇ ਗੀਤ ਮਹਿਫ਼ਲਾਂ ਦੀ ਸ਼ਿੰਗਾਰ ਹਨ। ਪਰਿਆ ‘ਚ ਸੁਨਣ  ਵਾਲੇ ਹਨ। ਮੁਟਿਆਰਾਂ ਦੀਆਂ ਮਹਿਫ਼ਲਾਂ ‘ਚ ਗੁੰਦੇ ਫੁੱਲ ਵਰਗੇ ਹਨ। ਕੰਗ ਦੇ ਆਪਣੇ ਸ਼ਬਦਾਂ ‘ਚ “ਗੀਤ ਬੜੀ ਕੋਮਲ ਤੇ ਸੁਰੀਲੀ ਸਿਨਫ਼ ਹੈ-ਲੋਕ ਮਨਾਂ ਦੇ ਸਭ ਤੋਂ ਨੇੜੇ”

ਹਰਜਿੰਦਰ ਕੰਗ ਦੇ ਗੀਤਾਂ ‘ਚ ਦਰਦ ਹੈ। ਹੰਝੂਆਂ ਦੇ ਤੁਪਕੇ ਹਨ, ਪੌਣਾਂ  ਦੇ ਵਾਵਰੋਲੇ ਹਨ, ਯਾਦਾਂ ਦੀਆਂ ਛੱਲਾਂ ਹਨ, ਪਲਕਾਂ ਦੀ ਛਾਂ ਹੈ, ਕੋਮਲ ਕੋਮਲ ਕਲੀਆਂ ਦੇ ਘੁੱਟ-ਘੁੱਟ ਕੇ ਨਿੱਤ ਮਰਨ ਦਾ ਵਿਰਲਾਪ ਹੈ। ਪਰ ਇਸ ਸਭ ਕੁਝ ਦੇ ਪਿੱਛੇ ‘ਕੰਗ’ ਦੇ ਮਨ ਦੀ ਉਹ ਚੇਤਨਾ ਹੈ, ਜਿਹੜੀ ਪੰਜਾਬੀ ਸਮਾਜ ਦੇ ਮਾਂਵਾਂ, ਧੀਆਂ, ਕੁੜੀਆਂ ਦੇ ਦੁੱਖਾਂ ਦੀ ਦਾਸਤਾਨ ਬਿਆਨਦੀ ਹੈ।

ਹਰਜਿੰਦਰ ਕੰਗ ਦੇ ਸ਼ਬਦਾਂ ‘ਚ ‘ਕੁਝ ਗੀਤ ਮੇਰੇ ਗੀਤਾਂ ਦੀ ਆਵਾਜ਼ ਹਨ’, ‘ਕੁਝ ਗੀਤ ਮੇਰੇ ਸ਼ਿਅਰਾਂ ਦੀ ਪਰਵਾਜ਼ ਹਨ’ ਇਹਨਾ ਗੀਤਾਂ ਦੇ ਰੰਗ ਵੱਖੋ-ਵੱਖਰੇ ਹਨ।

ਇੱਕ ਵੰਨਗੀ ਦੇਖੋ:- ਆਪਾਂ ਦੋਵੇਂ ਰੁਸ ਬੈਠੇ, ਛਮ ਛਮ ਰੋਣ ਅੱਖੀਆਂ, ਦੂਰ ਜਾਣ ਵਾਲਿਆਂ ਵੇ, ਸਾਡੀ ਗੱਲ ਘੱਟ ਮੰਨਦੀ, ਰੋਈਏ ਪਰਦੇਸਾਂ ਵਿੱਚ, ਕੁੜੀਆਂ, ਚਿੜੀਆਂ, ਇੱਕ ਕੁੜੀ ਸੀ ਉਹ ਤਾਰਿਆਂ ਦੀ ਲੋਅ ਵਰਗੀ, ਕੁੜੀ ਝੰਮ ਦੀ।

ਇੱਕ ਹੋਰ ਵੰਨਗੀ ਦੇ ਗੀਤ ਵੇਖੋ:- ਸੱਤ ਸਮੁੰਦਰ ਦੂਰ, ਪਿੰਡ ਰੋਂਦਾ ਹੈ, ਪਿੰਡ ਹੱਸਦਾ ਹੈ ਅਤੇ ਫਿਰ ਸਰਦਾਰ ਭਗਤ ਸਿੰਘ, ਦੇਸ਼ ਨੂੰ ਸੀ ਦੇਸ਼ ਭਗਤਾਂ।

ਕੰਗ ਦੇ ਗੀਤ ਭਾਵੇਂ ਦਰਦ ਵਾਲੇ ਹਨ, ਦੇਸ਼ ਭਗਤੀ ਵਾਲੇ ਹਨ, ਸਮਾਜਕ ਚੇਤਨਾ ਵਾਲੇ ਹਨ, ਪਰ ਇਹਨਾ ਗੀਤਾਂ ਦਾ ਸੁਹਜਮਈ ਪੱਖ ਜੀਵਨ ਦੀ ਖੁਬਸੂਰਤੀ ਅਤੇ ਸੱਚਾਈ ਨੂੰ ਬਿਆਨਣ ਦਾ ਹੈ, ਜੋ ਮਨੁੱਖੀ ਮਨ ‘ਚ ਧੂ ਪਾਉਂਦੀ ਹੈ। ਉਸ ਦੇ ਗੀਤਾਂ ‘ਚ ਲੈਅ ਹੈ, ਤਾਲ ਹੈ, ਪਰ ਸਭ ਤੋਂ ਵੱਡੀ ਗੱਲ  ਵਿਚਾਰ ਹੈ, ਜੋ ਸੁਨਣ ਵਾਲੇ ਦੇ ਮਨ ਨੂੰ ਸੁੰਨ ਨਹੀਂ ਕਰਦੇ, ਸਗੋਂ ਇੱਕ ਨਵੀਂ ਚੇਤਨਾ ਪੈਦਾ ਕਰਦੇ ਹਨ, ਜੋ ਉਸ ‘ਚ ਜੀਊਣ ਦੀ ਹੋਰ ਲਾਲਸਾ ਪੈਦਾ ਕਰਦੀ ਹੈ।

ਗੀਤਾ ਦੇ ਕੁਝ ਬੋਲ ਆਪਦੀ ਨਜ਼ਰ ‘ਚ:-

  • ਮੈਨੂੰ ਕੀ ਮਨਾਉਣਾ ਸੀ ਵੇ ਤੂੰ ਵੀ ਰੁੱਸ ਚੱਲਿਆਂ।

 

  • ਛਣਕ ਪਈਆਂ ਨੇ ਤੇਰੀਆਂ ਝਾਜਰਾਂ ਤੇ ਚੂੜੀਆਂ

ਸਾਡੇ ਨਾਲ ਤੈਨੂੰ ਵੀ ਮੁਹੱਬਤਾਂ ਨੇ ਗੂੜ੍ਹੀਆਂ

 

  • ਜਿੰਨੀ ਮਰਜ਼ੀ ਕੀਮਤ ਲੈ ਲਈ ਮੈਂ ਉਹ ਕੋਕਾ ਲੈਣਾ”

 

  • ਨੱਚੀਆਂ ਪਰਾਂਦੀਆਂ ਤੇ ਉੱਡਦੇ ਨੇ ਡੋਰੀਏ।

 

  • ਨਿੱਤ ਚਿਹਰਿਆਂ ਦੀ ਭੀੜ ਨੂੰ ਫਰੋਲਦੇ ਰਹਾਂਗੇ,

ਦੂਰ ਜਾਣ ਵਾਲਿਆਂ ਵੇ ਤੈਨੂੰ ਟੋਲਦੇ ਰਹਾਂਗੇ।

 

  • ਬੋਲੀ ਨਾ ਰਹੀ ਤਾਂ ਕਵਿਤਾਵਾਂ ਭੁੱਲ ਜਾਣੀਆਂ

ਮਾਵਾਂ ਦੀਆਂ ਲੋਰੀਆਂ, ਦੁਆਵਾਂ ਰੁਲ ਜਾਣੀਆਂ।

 

  • ਤੂੰ ਚੁੰਨੀ ਲੈ ਸੁਰਮਈ ਕੁੜੇ,

ਮੈਨੂੰ ਲਗਦੀ ਬੱਦਲੀ ਜਿਹੀ ਕੁੜੇ।

 

  • ਸੁੱਖ ਮੰਗੀਂ ਪੁੱਤਰਾਂ ਧੀਆਂ ਦੀ,

ਪਿੰਡ ਆਪਣੇ ਦੇ ਸਭ ਜੀਆਂ ਦੀ।

 

  • ਪੇਕੇ ਸਹੁਰੇ ਹੁੰਦੇ ਨੇ ਕਿਉਂ ਘਰ ਨਹੀਂ ਹੁੰਦੇ ਕੁੜੀਆਂ ਦੇ।

 

  • ਸੱਚ ਦੇ ਸੂਰਜ ਨੇਰ੍ਹੇ ਕੋਲੋਂ ਡਰਦੇ ਨਈਂ ਹੁੰਦੇ

ਮੌਤ ਦੇ ਕੋਲੋਂ ਕਦੇ ਸੂਰਮੇ ਡਰਦੇ ਨਈਂ ਹੁੰਦੇ।

ਇਹ ਕਿਤਾਬ ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ ਨੇ ਸਾਲ 2011 ‘ਚ ਛਾਪੀ ਹੈ। ਕਵੀ ਹਰਜਿੰਦਰ ਕੰਗ ਕੈਲੇਫੋਰਨੀਆ ਅਮਰੀਕਾ ‘ਚ ਵਸਦੇ ਹਨ।

 

-ਗੁਰਮੀਤ ਸਿੰਘ ਪਲਾਹੀ

-9815802070

 

 

ਸਾਂਝਾ ਕਰੋ

ਪੜ੍ਹੋ

ਟਰੰਪ ਨੇ ‘ਅਮਰੀਕਾ ਵਿੱਚ ਜਨਮਜਾਤ ਨਾਗਰਿਕਤਾ ‘ਤੇ

ਵਾਸਿੰਗਟਨ, 14 ਮਾਰਚ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਨਮ...