ਇਸ ਸਿਰਲੇਖ ਦਾ ਕੀ ਮਤਲਬ ਹੈ? ਸਾਡਾ ਬ੍ਰਹਿਮੰਡ ਸਭ ਦੇ ਸਾਹਮਣੇ ਹੀ ਤਾਂ ਹੈ| ਧਰਤੀ, ਚੰਨ, ਸੂਰਜ, ਤਾਰੇ, ਗਲੈਕਸੀਆਂ ਆਦਿ| ਹਾਂ, ਇਹ ਸਭ ਸਾਹਮਣੇ ਹੈ, ਪਰ ਤੁਹਾਨੂੰ ਕਿਵੇਂ ਲੱਗੇਗਾ, ਜੇ ਮੈਂ ਕਹਾਂ ਕਿ ਇਹ ਸਭ ਜੋ ਦਿਖਦਾ ਹੈ, ਪੂਰੇ ਬ੍ਰਹਿਮੰਡ ਦਾ ਸਿਰਫ਼ 5 ਫੀਸਦੀ ਹੈ! ਹੁਣ ਸਵਾਲ ਹੈ ਕਿ ਬਾਕੀ ਬ੍ਰਹਿਮੰਡ ਕਿੱਥੇ ਹੈ? ਵਿਗਿਆਨੀ ਕਹਿੰਦੇ ਹਨ ਕਿ ਬਾਕੀ ਦਾ 95 ਫੀਸਦੀ ਬ੍ਰਹਿਮੰਡ ਡਾਰਕ ਮਾਦੇ ਅਤੇ ਡਾਰਕ ਊਰਜਾ ਦੇ ਰੂਪ ਵਿੱਚ ਵਿਚਰਦਾ ਹੈ| ਇਹ ਕੀ ਬਲਾਵਾਂ ਹਨ, ਆਓ ਜਾਣਦੇ ਹਾਂ|
ਡਾਰਕ ਮਾਦਾ: 1970ਵਿਆਂ ਦੇ ਦਹਾਕੇ ਵਿੱਚ ਅਮਰੀਕਾ ਦੇ ਦੋ ਵਿਗਿਆਨੀਆਂ ਵੇਰਾ ਰੁਬਿਨ ਅਤੇ ਕੈਂਟ ਫੋਰਡ, ਸਾਡੀ ਸਭ ਤੋਂ ਨੇੜਲੀ ਗਲੈਕਸੀ ਐਂਡ੍ਰੋਮੇਡਾ ਦਾ ਅਧਿਐਨ ਕਰ ਰਹੇ ਸਨ| ਉਨ੍ਹਾਂ ਨੇ ਇੱਕ ਅਜੀਬ ਜਿਹੀ ਗੱਲ ਨੋਟ ਕੀਤੀ ਕਿ ਗਲੈਕਸੀ ਦੀ ਹੱਦ ’ਤੇ ਪਿਆ ਮਾਦਾ ਓਨੀ ਹੀ ਤੇਜ਼ੀ ਨਾਲ ਕੇਂਦਰ ਦੁਆਲੇ ਘੁੰਮ ਰਿਹਾ ਸੀ ਜਿੰਨਾ ਕੇਂਦਰ ਦੇ ਨੇੜਲਾ| ਇਹ ਨਹੀਂ ਹੋਣਾ ਚਾਹੀਦਾ ਸੀ| ਨਿਊਟਨ ਦੇ ਗਤੀ ਦੇ ਸਿਧਾਂਤ ਇਸ ਦੀ ਆਗਿਆ ਨਹੀਂ ਦਿੰਦੇ| ਕੇਂਦਰ ਤੋਂ ਦੂਰ ਜਾਂਦਿਆਂ ਮਾਦੇ ਦੀ ਗਤੀ ਘਟਣੀ ਚਾਹੀਦੀ ਸੀ| ਤੁਸੀਂ ਸਾਡਾ ਸੌਰ ਮੰਡਲ ਦੇਖੋ ਤਾਂ ਇਹ ਪਤਾ ਲੱਗਦਾ ਹੈ ਕਿ ਨੇੜਲੇ ਗ੍ਰਹਿ ਦੂਰ ਵਾਲਿਆਂ ਤੋਂ ਜ਼ਿਆਦਾ ਤੇਜ਼ ਗਤੀ ਨਾਲ ਚੱਕਰ ਲਾਉਂਦੇ ਹਨ| ਵਿਗਿਆਨੀ ਐਂਡ੍ਰੋਮੇਡਾ ਵਿੱਚ ਵੀ ਅਜਿਹਾ ਹੀ ਹੋਣ ਦੀ ਆਸ ਸੀ, ਪਰ ਇਹ ਨਹੀਂ ਹੋ ਰਿਹਾ ਸੀ| ਉਨ੍ਹਾਂ ਨੇ ਹੋਰ ਕਈ ਗਲੈਕਸੀਆਂ ਦੀ ਪੜਤਾਲ ਕੀਤੀ ਅਤੇ ਹਰੇਕ ਵਿੱਚ ਬਾਹਰੀ ਹੱਦ ’ਤੇ ਪਿਆ ਮਾਦਾ ਅਨੁਮਾਨ ਤੋਂ ਜ਼ਿਆਦਾ ਤੇਜ਼ ਘੁੰਮਦਾ ਮਿਲਿਆ| ਰੁਬਿਨ ਨੂੰ ਇਸ ਦਾ ਕਾਰਨ ਦੋ ਸਾਲ ਤੱਕ ਸਮਝ ਨਹੀਂ ਆਇਆ, ਪਰ ਅੰਤ ਵਿੱਚ ਉਸ ਨੇ ਨਤੀਜਾ ਕੱਢਿਆ ਕਿ ਇਹ ਗਲੈਕਸੀਆਂ ਦੁਆਲੇ ਫੈਲੇ ਡਾਰਕ ਮਾਦੇ ਕਰਕੇ ਹੋ ਰਿਹਾ ਹੈ| ਰੁਬਿਨ ਅਨੁਸਾਰ ਇਹ ਮਾਦਾ ਗਲੈਕਸੀ ਦੁਆਲੇ ਆਭਾਮੰਡਲ (halo) ਵਾਂਗ ਮੌਜੂਦ ਹੈ|
ਡਾਰਕ ਮਾਦੇ ਦੀ ਗੱਲ ਪਹਿਲਾਂ ਵੀ ਹੋ ਚੁੱਕੀ ਸੀ| 1932-33 ਵਿੱਚ ਖਗੋਲ ਸ਼ਾਸਤਰੀ ਜੈਨ ਊਰਟ ਅਤੇ ਫਰਿਟਜ਼ ਜ਼ਵਿਕੀ ਨੇ ਨੋਟਿਸ ਕੀਤਾ ਕਿ ਜਿੰਨਾ ਮਾਦਾ ਵਿਗਿਆਨੀ ਦੇਖ ਪਾ ਰਹੇ ਨੇ ਅਤੇ ਭੌਤਿਕ ਵਿਗਿਆਨ ਦੇ ਨਿਯਮਾਂ ਮੁਤਾਬਕ ਜਿੰਨਾ ਹੋਣਾ ਚਾਹੀਦਾ ਹੈ, ਉਹ ਮੇਲ ਨਹੀਂ ਖਾਂਦੇ, ਪਰ ਕਿਸੇ ਨੇ ਧਿਆਨ ਨਹੀਂ ਦਿੱਤਾ| ਹੁਣ ਰੁਬਿਨ ਕੋਲ ਡਾਰਕ ਮਾਦੇ ਦੀ ਹੋਂਦ ਦਾ ਪ੍ਰਮਾਣ ਸੀ| ਉਸ ਦੀ ਖੋਜ ਦੇ ਕੁਝ ਸਾਲਾਂ ਬਾਅਦ ਹੀ ਵਿਗਿਆਨੀਆਂ ਨੇ ਡਾਰਕ ਮਾਦੇ ਲਈ ਲੋੜੀਂਦੇ ਸਿਧਾਂਤ ਵੀ ਤਿਆਰ ਕਰ ਲਏ|
ਡਾਰਕ ਮਾਦਾ ਇੱਕ ਅਜਿਹਾ ਮਾਦਾ ਹੈ ਜੋ ਸਾਨੂੰ ਦਿਖਦਾ ਨਹੀਂ| ਇੱਥੇ ਡਾਰਕ ਤੋਂ ਭਾਵ ਕਾਲਾ ਜਾਂ ਗੂੜ੍ਹਾ ਨਹੀਂ ਹੈ| ਇਸ ਦਾ ਮਤਲਬ ਸ਼ਾਇਦ ਰਹੱਸਮਈ ਹੈ| ਅਜਿਹੀ ਸ਼ੈਅ ਜੋ ਸਾਨੂੰ ਦਿਖਦੀ ਨਹੀਂ, ਪਰ ਸਾਡੇ ਆਲੇ ਦੁਆਲੇ ’ਤੇ ਪ੍ਰਭਾਵ ਪਾਉਂਦੀ ਹੈ| ਡਾਰਕ ਮਾਦਾ, ਆਮ ਮਾਦੇ ਅਤੇ ਬਿਜਲਚੁੰਬਕੀ ਤਰੰਗਾਂ (Electromagnetic waves) ਤੋਂ ਬੇਲਾਗ ਰਹਿੰਦਾ ਹੈ| ਸੋ ਇਸ ਨੂੰ ਦੇਖਣਾ ਜਾਂ ਲੱਭਣਾ ਬਹੁਤ ਮੁਸ਼ਕਿਲ ਹੈ| ਹਾਂ, ਇਹ ਗੁਰੂਤਾ ਬਲ ਜ਼ਰੂਰ ਲਗਾਉਂਦਾ ਹੈ| ਅਸੀਂ ਇਸ ਦੀ ਹੋਂਦ ਦਾ ਪਤਾ ਇਸ ਦੁਆਰਾ ਪਾਏ ਗਏ ਗੁਰੂਤਾ ਪ੍ਰਭਾਵਾਂ ਨਾਲ ਹੀ ਲਗਾਉਂਦੇ ਹਾਂ| ਮਸਲਨ, ਜਿੱਥੇ ਡਾਰਕ ਮਾਦਾ ਜ਼ਿਆਦਾ ਹੋਵੇਗਾ, ਉੱਥੇ ਗੁਰੂਤਾ ਜ਼ਿਆਦਾ ਹੋਣ ਕਰਕੇ ਪ੍ਰਕਾਸ਼ ਸਿੱਧੀ ਰੇਖਾ ਵਿੱਚ ਚੱਲਣ ਦੀ ਬਜਾਏ ਮੁੜ ਜਾਵੇਗਾ| ਪ੍ਰਕਾਸ਼ ਕਿੰਨਾ ਮੁੜਿਆ, ਇਹ ਮਿਣ ਕੇ ਅਸੀਂ ਡਾਰਕ ਮਾਦੇ ਦੀ ਮਾਤਰਾ ਬਾਰੇ ਅੰਦਾਜ਼ਾ ਲਗਾ ਸਕਦੇ ਹਾਂ| ਬ੍ਰਹਿਮੰਡ ਨੂੰ ਆਪਸ ਵਿੱਚ ਬੰਨ੍ਹ ਕੇ ਰੱਖਣ ਵਾਲਾ ਗੁਰੂਤਾ ਬਲ ਜਿਸ ਮਾਤਰਾ ਵਿੱਚ ਮੌਜੂਦ ਹੈ, ਸਿਰਫ਼ ਆਮ ਮਾਦੇ ਤੋਂ ਨਹੀਂ ਮਿਲ ਸਕਦਾ| ਸੋ ਇਹ ਵੀ ਡਾਰਕ ਮਾਦੇ ਦੀ ਹੋਂਦ ਵੱਲ ਇਸ਼ਾਰਾ ਕਰਦਾ ਹੈ| ਵਿਗਿਆਨੀ ਇਸ ਨੂੰ ਸਿੱਧੇ ਤੌਰ ’ਤੇ ਦੇਖਣ ਲਈ ਜ਼ਮੀਨਦੋਜ਼ ਪ੍ਰਯੋਗਸ਼ਾਲਾਵਾਂ ਸਥਾਪਿਤ ਕਰ ਰਹੇ ਹਨ, ਪਰ ਹਾਲੇ ਤੱਕ ਕੋਈ ਸਫਲਤਾ ਨਹੀਂ ਮਿਲੀ ਹੈ| ਹਾਲੇ ਤੱਕ ਸਾਡੇ ਕੋਲ ਇਸ ਦੇ ਗੁਰੂਤਾ ਪ੍ਰਭਾਵਾਂ ਨੂੰ ਦੇਖਣ ਤੋਂ ਇਲਾਵਾ ਕੋਈ ਹੋਰ ਤਰੀਕਾ ਮੌਜੂਦ ਨਹੀਂ ਹੈ| ਇਹ ਕੁੱਲ ਬ੍ਰਹਿਮੰਡ ਦਾ 27 ਫੀਸਦੀ ਹਿੱਸਾ ਬਣਾਉਂਦਾ ਹੈ ਅਤੇ ਕੁੱਲ (ਆਮ + ਡਾਰਕ) ਮਾਦੇ ਦਾ 85 ਫੀਸਦੀ ਹਿੱਸਾ ਡਾਰਕ ਮਾਦਾ ਹੈ|
ਡਾਰਕ ਊਰਜਾ: ਉਤਪਤੀ ਤੋਂ ਲੈ ਕੇ ਅੱਜ ਤੱਕ ਬ੍ਰਹਿਮੰਡ ਫੈਲ ਰਿਹਾ ਹੈ| ਗੁਰੂਤਾ ਬਲ, ਮਾਦੇ ਨੂੰ ਆਪਸ ਵੱਲ ਖਿੱਚਦਾ ਹੈ, ਸੋ ਅਸੀਂ ਆਸ ਕਰ ਸਕਦੇ ਹਾਂ ਕਿ ਸਮਾਂ ਪਾ ਕੇ ਇਹ ਫੈਲਾਓ ਹੌਲੀ ਹੋ ਜਾਵੇਗਾ ਅਤੇ ਅੰਤ ਵਿੱਚ ਰੁਕ ਕੇ ਬ੍ਰਹਿਮੰਡ ਸੁੰਗੜਨਾ ਸ਼ੁਰੂ ਕਰ ਦੇਵੇਗਾ| 1990ਵਿਆਂ ਦੇ ਦਹਾਕੇ ਵਿੱਚ ਵਿਗਿਆਨੀ ਵੀ ਇਹੋ ਆਸ ਕਰ ਰਹੇ ਸਨ| ਫੈਲਾਓ ਦੀ ਦਰ ਮਾਪਣ ਲਈ ਉਨ੍ਹਾਂ ਨੇ ਦੂਰ ਦੇ Ia (ਆਈਏ) ਕਿਸਮ ਦੇ ਸੁਪਰਨੋਵਾ ਦੀ ਚਮਕ ਨੂੰ ਵਾਚਣਾ ਸ਼ੁਰੂ ਕੀਤਾ| ਇਹ ਸੁਪਰਨੋਵਾ ਉਦੋਂ ਹੁੰਦੇ ਹਨ ਜਦ ਕੋਈ ਚਿੱਟਾ ਬੌਣਾ ਤਾਰਾ (White Dwarf) ਆਸ ਪਾਸ ਤੋਂ ਮਾਦਾ ਇਕੱਠਾ ਕਰਕੇ 1.44 ਸੂਰਜੀ ਪੁੰਜ ਤੋਂ ਜ਼ਿਆਦਾ ਭਾਰਾ ਹੋ ਜਾਂਦਾ ਹੈ| ਇਸ ਭਾਰ ’ਤੇ ਜਾ ਕੇ ਇਹ ਤਾਰਾ ਸਥਿਰ ਨਹੀਂ ਰਹਿੰਦਾ ਅਤੇ ਇੱਕ ਧਮਾਕੇ ਨਾਲ ਖਤਮ ਹੁੰਦਾ ਹੈ ਜਿਸ ਨੂੰ Ia ਕਿਸਮ ਦਾ ਸੁਪਰਨੋਵਾ ਕਹਿੰਦੇ ਹਨ| ਹੁਣ ਕਿਉਂਕਿ ਹਰ ਇਸ ਕਿਸਮ ਦੇ ਸੁਪਰਨੋਵਾ ਦਾ ਸ਼ੁਰੂਆਤੀ ਪੁੰਜ ਲਗਭਗ ਬਰਾਬਰ ਹੈ, ਉਸ ਦੀ ਚਮਕ ਵੀ ਬਰਾਬਰ ਹੋਵੇਗੀ| ਸੋ ਸਾਨੂੰ ਹਰੇਕ Ia ਸੁਪਰਨੋਵਾ ਦੀ ਚਮਕ ਦਾ ਪਤਾ ਹੈ| ਅਸੀਂ ਜਾਣਦੇ ਹਾਂ ਕਿ ਕਿਸੇ ਵੀ ਚੀਜ਼ ਦੀ ਚਮਕ ਦੂਰੀ ਦੇ ਨਾਲ ਨਾਲ ਘਟਦੀ ਜਾਂਦੀ ਹੈ| ਸੋ Ia ਸੁਪਰਨੋਵਾ ਦੀ ਚਮਕ ਮਾਪ ਕੇ ਅਸੀਂ ਉਸ ਦੀ ਦੂਰੀ ਦਾ ਅੰਦਾਜ਼ਾ ਲਗਾ ਸਕਦੇ ਹਾਂ| ਦੂਜਾ ਹੈ ਰੈੱਡ ਸ਼ਿਫਟ| ਤੁਸੀਂ ਦੇਖਿਆ ਹੋਵੇਗਾ ਕਿ ਤੁਹਾਡੇ ਵੱਲ ਆ ਰਹੀ ਰੇਲ ਗੱਡੀ ਦੇ ਹਾਰਨ ਦੀ ਆਵਾਜ਼ ਤਿੱਖੀ ਹੁੰਦੀ ਜਾਂਦੀ ਹੈ ਅਤੇ ਦੂਰ ਜਾਂਦੀ ਗੱਡੀ ਲਈ ਇਸ ਤੋਂ ਉਲਟ| ਇਸ ਨੂੰ ਡੌਪਲਰ ਪ੍ਰਭਾਵ ਕਹਿੰਦੇ ਹਨ| ਤੁਹਾਡੇ ਵੱਲ ਆ ਰਹੀ ਆਵਾਜ਼ ਦੀ ਆਵਿਰਤੀ (Frequency) ਵਧਦੀ ਹੈ ਅਤੇ ਦੂਰ ਜਾਂਦੀ ਹੋਈ ਦੀ ਘਟਦੀ ਹੈ| ਇਹੋ ਸਿਧਾਂਤ ਪ੍ਰਕਾਸ਼ ’ਤੇ ਵੀ ਲਾਗੂ ਹੁੰਦਾ ਹੈ| ਸਾਡੇ ਤੋਂ ਦੂਰ ਜਾਂਦੇ ਤਾਰੇ ਦੀ ਰੋਸ਼ਨੀ ਦੀ ਆਵਿਰਤੀ ਘਟਦੀ ਹੈ ਅਤੇ ਉਸ ਦਾ ਰੰਗ ਲਾਲ ਜਿਹਾ ਲੱਗਣ ਲੱਗਦਾ ਹੈ ਕਿਉਂਕਿ ਲਾਲ ਰੰਗ ਦੀ ਆਵਿਰਤੀ ਸਭ ਤੋਂ ਘੱਟ ਹੈ| ਇਸੇ ਕਰਕੇ ਇਸ ਨੂੰ ਰੈੱਡ ਸ਼ਿਫਟ ਕਹਿੰਦੇ ਹਨ| ਤਾਰੇ ਤੋਂ ਆ ਰਿਹਾ ਪ੍ਰਕਾਸ਼ ਕਿੰਨਾ ਰੈੱਡ ਸ਼ਿਫਟ ਹੋਵੇਗਾ, ਇਹ ਉਸ ਤੋਂ ਦੂਰੀ ਅਤੇ ਉਸ ਦੀ ਗਤੀ ’ਤੇ ਨਿਰਭਰ ਕਰੇਗਾ|
ਸੋ ਵਿਗਿਆਨੀਆਂ ਨੇ ਜਦੋਂ ਦੂਰ ਦੇ Ia ਸੁਪਰਨੋਵਾ ਨੂੰ ਦੇਖਿਆ ਤਾਂ ਉਨ੍ਹਾਂ ਨੂੰ ਇਸ ਦੀ ਚਮਕ ਆਸ ਨਾਲੋਂ ਮੱਧਮ ਅਤੇ ਰੈੱਡ ਸ਼ਿਫਟ ਵੱਧ ਮਿਲੀ| ਇਸ ਦਾ ਮਤਲਬ ਸੀ ਕਿ ਬ੍ਰਹਿਮੰਡ ਦੇ ਫੈਲਣ ਦੀ ਦਰ ਉਨ੍ਹਾਂ ਦੀ ਆਸ ਤੋਂ ਜ਼ਿਆਦਾ ਸੀ| ਹੋਰ ਡੂੰਘੀ ਖੋਜ ਕਰਨ ’ਤੇ ਉਨ੍ਹਾਂ ਦੇਖਿਆ ਕਿ ਇਹ ਦਰ ਘਟਣ ਦੇ ਬਜਾਏ ਵਧ ਰਹੀ ਸੀ| ਇਹ ਬਹੁਤ ਅਜੀਬ ਅਤੇ ਸਮਝੋਂ ਬਾਹਰ ਗੱਲ ਸੀ| ਗੁਰੂਤਾ ਤਾਂ ਚੀਜ਼ਾਂ ਨੂੰ ਆਪਸ ਵਿੱਚ ਜੋੜ ਕੇ ਰੱਖਦੀ ਹੈ| ਪਰ ਏਥੇ ਤਾਂ ਫੈਲਾਓ ਹੋਰ ਤੇਜ਼ੀ ਨਾਲ ਵਧ ਰਿਹਾ ਸੀ|
ਦੂਸਰਾ ਜੇਕਰ ਬ੍ਰਹਿਮੰਡ ਦਾ ਫੈਲਾਓ ਹੌਲੀ ਹੋ ਰਿਹਾ ਹੁੰਦਾ, (ਮੰਨ ਲਓ Ia ਸੁਪਰਨੋਵਾ ਦੇ ਨਿਰੀਖਣ ਵਿੱਚ ਕੁਝ ਗਲਤ ਹੋਇਆ ਹੈ) ਤਾਂ ਬ੍ਰਹਿਮੰਡ ਦੀ ਉਮਰ 9-10 ਖਰਬ ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ ਸੀ, ਪਰ ਸਾਨੂੰ ਅਜਿਹੇ ਤਾਰੇ ਮਿਲੇ ਹਨ ਜੋ 13 ਖਰਬ ਸਾਲ ਪੁਰਾਣੇ ਹਨ| ਜਦੋਂ ਅਸੀਂ ਬ੍ਰਹਿਮੰਡ ਦੇ ਤੇਜ਼ ਹੋ ਰਹੇ ਫੈਲਾਓ ਨੂੰ ਸਹੀ ਮੰਨ ਕੇ ਹਿਸਾਬ ਲਗਾਉਂਦੇ ਹਾਂ ਤਾਂ ਬ੍ਰਹਿਮੰਡ ਦੀ ਉਮਰ 14 ਕੁ ਖਰਬ ਸਾਲ ਬਣਦੀ ਹੈ ਜੋ ਅੱਜ ਦੀ ਪ੍ਰਮਾਣਿਤ ਉਮਰ 13.8 ਖਰਬ ਸਾਲ ਦੇ ਬਹੁਤ ਨੇੜੇ ਹੈ|
ਸੋ ਇਨ੍ਹਾਂ ਦੋਵਾਂ ਨਿਰੀਖਣਾਂ ਤੋਂ ਵਿਗਿਆਨੀ ਇਸ ਨਤੀਜੇ ’ਤੇ ਪੁੱਜੇ ਕਿ ਜਾਂ ਤਾਂ ਕੁਝ ਅਜਿਹੀ ਨਵੀਂ ਚੀਜ਼ ਹੈ ਜਿਸ ਬਾਰੇ ਸਾਨੂੰ ਨਹੀਂ ਪਤਾ ਜਾਂ ਆਇਨਸਟਾਈਨ ਦਾ ਗੁਰੂਤਾ ਦਾ ਸਿਧਾਂਤ ਗ਼ਲਤ ਹੈ| ਜ਼ਿਆਦਾਤਰ ਵਿਗਿਆਨੀ ਪਹਿਲੀ ਗੱਲ ਨੂੰ ਸਹੀ ਮੰਨਦੇ ਹਨ ਕਿਉਂਕਿ ਆਇਨਸਟਾਈਨ ਦਾ ਸਿਧਾਂਤ ਕਈ ਵਾਰ ਪ੍ਰਯੋਗਾਂ ਦੀ ਕਸਵੱਟੀ ’ਤੇ ਪਰਖਿਆ ਜਾ ਚੁੱਕਾ ਹੈ ਅਤੇ ਹਰ ਵਾਰ ਸਹੀ ਸਾਬਤ ਹੋਇਆ ਹੈ| ਸੋ ਇਸ ਨਵੀਂ ਸ਼ੈਅ ਨੂੰ ਵਿਗਿਆਨੀਆਂ ਨੇ ਨਾਮ ਦਿੱਤਾ ਡਾਰਕ ਊਰਜਾ| ਇਹ ਪੂਰੇ ਬ੍ਰਹਿਮੰਡ ਦਾ 68 ਫੀਸਦੀ ਬਣਦੀ ਹੈ|
ਇਹ ਡਾਰਕ ਊਰਜਾ ਕੀ ਹੈ? ਮੰਨਿਆ ਜਾਂਦਾ ਹੈ ਕਿ ਇਹ ਖਲਾਅ ਦੀ ਊਰਜਾ ਹੈ| ਵਿਗਿਆਨੀ ਇਹ ਮੰਨਦੇ ਹਨ ਕਿ ਖਾਲੀ ਖਲਾਅ ਅਸਲ ਵਿੱਚ ਖਾਲੀ ਨਹੀਂ ਹੈ, ਇਸ ਵਿੱਚ ਅਭਾਸੀ ਕਣ (virtual particle) ਪੈਦਾ ਹੁੰਦੇ ਅਤੇ ਮਰਦੇ ਰਹਿੰਦੇ ਹਨ| ਇਹ ਬਹੁਤ ਹੀ ਘੱਟ ਸਮੇਂ ਵਿੱਚ ਹੁੰਦਾ ਹੈ ਅਤੇ ਇਸ ਨਾਲ ਇੱਕ ਕਿਸਮ ਦਾ ਨਕਾਰਾਤਮਕ ਦਬਾਅ ਪੈਦਾ ਹੁੰਦਾ ਹੈ ਜੋ ਖਿੱਚ ਦੀ ਬਜਾਏ ਧੱਕਾ ਪੈਦਾ ਕਰਦਾ ਹੈ| ਇਹ ਧੱਕਾ ਹੀ ਫੈਲਾਓ ਦੀ ਵਧਦੀ ਦਰ ਲਈ ਜ਼ਿੰਮੇਵਾਰ ਹੈ| ਚਾਹੇ ਇਸ ਖੋਜ ਨੂੰ 20 ਤੋਂ ਵੱਧ ਸਾਲ ਹੋ ਚੁੱਕੇ ਹਨ, ਪਰ ਹਾਲੇ ਤੱਕ ਸਾਨੂੰ ਇਸ ਦੀ ਪੂਰੀ ਸਮਝ ਨਹੀਂ ਆਈ ਹੈ| ਨਾਸਾ ਦੀ ਡਬਲਯੂਐੱਫਆਈਆਰਐੱਸਟੀ (WFIRST), ਈਐੱਸਏ (ESA) ਦੀ ਯੂਕਲਿਡ (Euclid) ਪੁਲਾੜ ਦੂਰਬੀਨ ਅਤੇ ਚਿਲੀ ਵਿੱਚ ਸਥਿਤ ਐੱਲਐੱਸਐੱਸਟੀ (LSST) ਦੂਰਬੀਨਾਂ ਅਸਮਾਨ ਵਿੱਚ ਇਸ ਦੇ ਹਸਤਾਖਰ ਲੱਭ ਰਹੀਆਂ ਹਨ|
ਕੀ ਇਸ ਡਾਰਕ ਮਾਦੇ ਅਤੇ ਊਰਜਾ ਬਾਰੇ ਅਸੀਂ ਪੂਰੇ ਤੌਰ ’ਤੇ ਗ਼ਲਤ ਹੋ ਸਕਦੇ ਹਾਂ? ਹਾਂ, ਕਿਉਂ ਨਹੀਂ? ਹੋ ਸਕਦਾ ਹੈ ਕਿ ਅਸੀਂ ਪੂਰੇ ਤੌਰ ’ਤੇ ਗ਼ਲਤ ਹੋਈਏ ਅਤੇ ਇਹ ਸਭ ਖਿਆਲੀ ਹੀ ਹੋਣ| ਪਰ ਉਸ ਲਈ ਸਾਨੂੰ ਐਲਬਰਟ ਆਇਨਸਟਾਈਨ ਦੇ ਵਾਰ-ਵਾਰ ਪਰਖੇ ਜਾ ਚੁੱਕੇ ਗੁਰੂਤਾ ਦੇ ਸਿਧਾਂਤ ਨੂੰ ਬਦਲਣਾ ਪਵੇਗਾ| ਸਾਨੂੰ ਬ੍ਰਹਿਮੰਡ ਬਾਰੇ ਆਪਣੀ ਸਮਝ ਮੂਲੋਂ ਬਦਲਣੀ ਪਵੇਗੀ| ਸਾਨੂੰ ਮੰਨਣਾ ਹੋਵੇਗਾ ਕਿ ਗੁਰੂਤਾ ਕਿਸੇ ਕਾਰਨ ਕਰਕੇ ਬ੍ਰਹਿਮੰਡੀ ਪੱਧਰ ’ਤੇ ਅਲੱਗ ਤਰੀਕੇ ਨਾਲ ਕੰਮ ਕਰਦੀ ਹੈ| ਹੋ ਸਕਦਾ ਹੈ ਕਿ ਅਸੀਂ ਬ੍ਰਹਿਮੰਡ ਦੇ ਕੰਮਕਾਜ ਦੇ ਤਰੀਕੇ ਬਾਰੇ ਪੂਰੀ ਤਰ੍ਹਾਂ ਹਨੇਰੇ ਵਿੱਚ ਹੀ ਹੋਈਏ|
*ਵਿਗਿਆਨੀ ਇਸਰੋ, ਤਿਰੂਵਨੰਤਪੁਰਮ
ਸੰਪਰਕ: 99957-65095