
ਤੀਜੀ ਵਾਰ ਚੀਨ ਦੇ ਰਾਸ਼ਟਰਪਤੀ ਚੁਣੇ ਗਏ ਸ਼ੀ ਜਿਨਪਿੰਗ ਜਦੋਂ ਸਮੁੱਚੇ ਏਸ਼ੀਆ ਅੰਦਰ ਤੇ ਨਾਲ ਹੀ ਆਲਮੀ ਪੱਧਰ ’ਤੇ ਵੀ ਅਮਰੀਕੀ ਦਬਦਬੇ ਨੂੰ ਵੰਗਾਰਨ ਲਈ ਆਪਣੇ ਡੌਲ਼ੇ ਫਰਕਾਉਂਦੇ ਨਜ਼ਰ ਆ ਰਹੇ ਹਨ ਤਾਂ ਭਾਰਤ ਨੂੰ ਚੀਨ ਨਾਲ ਲਗਦੀਆਂ ਆਪਣੀਆਂ ਸਰਹੱਦਾਂ ’ਤੇ ਆਪਣੀ ਸੁਰੱਖਿਆ ਨੂੰ ਮਜ਼ਬੂਤ ਕਰਨਾ ਪੈਣਾ ਹੈ। ਲੱਦਾਖ਼ ਤੋਂ ਬਾਅਦ ਹਾਲ ਹੀ ਅਰੁਣਾਚਲ ਪ੍ਰਦੇਸ਼ ਵਿਚ ਚੀਨੀ ਫ਼ੌਜ ਦੀ ਹਾਲੀਆ ਘੁਸਪੈਠ ਦੇ ਮੱਦੇਨਜ਼ਰ ਸਾਡੇ ਜ਼ਮੀਨੀ ਤੇ ਸਮੁੰਦਰੀ ਮੋਰਚਿਆਂ ’ਤੇ ਸਮੁੱਚੇ ਰੂਪ ਵਿਚ ਹੋਰ ਜ਼ਿਆਦਾ ਧਿਆਨ ਕੇਂਦਰਿਤ ਕਰਨ ਦੀ ਲੋੜ ਹੈ। ਨਾਲ ਹੀ ਹਿੰਦ ਮਹਾਸਾਗਰ ਵਿਚ ਵੀ ਚੀਨ ਦੀ ਪਹਿਲਕਦਮੀ ’ਤੇ ਖ਼ਾਸ ਧਿਆਨ ਦੇਣ ਦੀ ਲੋੜ ਹੈ। ਇਹ ਗੱਲ ਵੀ ਧਿਆਨ ਵਿਚ ਰੱਖੀ ਜਾਣੀ ਚਾਹੀਦੀ ਹੈ ਕਿ ਬਾਇਡਨ ਪ੍ਰਸ਼ਾਸਨ ਨੇ ਤੇਲ ਸਰੋਤਾਂ ਨਾਲ ਭਰਪੂਰ ਫ਼ਾਰਸ ਦੀ ਖਾੜੀ ਵਿਚ ਅਮਰੀਕੀ ਨੀਤੀਆਂ ਦਾ ਘਚੋਲਾ ਪਾ ਦਿੱਤਾ ਹੈ। ਹਾਲੇ ਜਦੋਂ ਇਰਾਨ ਨਾਲ ਵੈਰ ਵਿਰੋਧ ਚੱਲ ਹੀ ਰਿਹਾ ਸੀ ਤਾਂ ਵਾਸ਼ਿੰਗਟਨ ਨੇ ਸਾਉੂਦੀ ਅਰਬ ਨਾਲ ਆਪਣੇ ਅਹਿਮ ਸਬੰਧਾਂ ਨੂੰ ਨਾਅਹਿਲ ਤੇ ਅਸੰਵੇਦਨਸ਼ੀਲ ਢੰਗ ਨਾਲ ਨਜਿੱਠਿਆ ਹੈ। ਇਸ ਦੌਰਾਨ, ਪੇਇਚਿੰਗ ਨੇ ਸਾਊਦੀ ਅਰਬ ਅਤੇ ਇਰਾਨ ਦੀ ਸੁਲ੍ਹਾ ਕਰਵਾ ਦਿੱਤੀ ਹੈ।
ਚੀਨ ਇਸ ਸਮੇਂ ਹਿੰਦ ਪ੍ਰਸ਼ਾਂਤ ਖਿੱਤੇ ਦੀਆਂ ਘਟਨਾਵਾਂ ਵਿਚ ਗਿਣਨਯੋਗ ਭੂਮਿਕਾ ਨਿਭਾ ਰਿਹਾ ਹੈ। ਇਸ ਨੇ ਸਾਊਦੀ ਅਰਬ ਅਤੇ ਇਰਾਨ ਵਿਚਕਾਰ ਕੂਟਨੀਤਕ ਸਬੰਧ ਬਹਾਲ ਕਰਵਾ ਕੇ ਤੇਲ ਸਰੋਤਾਂ ਨਾਲ ਭਰਪੂਰ ਫਾਰਸ ਦੀ ਖਾੜੀ ਅੰਦਰ ਅਮਰੀਕਾ ਦੇ ਦਬਦਬੇ ਨੂੰ ਵੱਡੀ ਸੱਟ ਮਾਰੀ ਹੈ। ਇਸ ਤੋਂ ਇਲਾਵਾ ਰੂਸ ਵੀ ਆਪਣੀ ਤਾਕਤ ਦਾ ਵਿਖਾਲਾ ਕਰ ਰਿਹਾ ਹੈ ਅਤੇ ਆਪਣੇ ਵਿਸ਼ਾਲ ਤੇਲ ਸਰੋਤਾਂ ਦੀ ਵਰਤੋਂ ਕਰਦੇ ਹੋਏ ਆਪਣਾ ਅਸਰ ਰਸੂਖ ਵਧਾ ਰਿਹਾ ਹੈ ਜਦਕਿ ਵਾਸ਼ਿੰਗਟਨ ਨੂੰ ਇਹ ਹਕੀਕਤ ਪ੍ਰਵਾਨ ਕਰਨੀ ਪੈ ਰਹੀ ਹੈ ਕਿ ਭਾਰਤ ਜਿਹੇ ਲੋਕਰਾਜੀ ਮੁਲਕ ਵੀ ਰੂਸ ਦਾ ਬਾਈਕਾਟ ਕਰਨ ਲਈ ਉਸ (ਅਮਰੀਕਾ) ਦਾ ਸਾਥ ਨਹੀਂ ਦੇ ਪਾ ਰਹੇ, ਖ਼ਾਸਕਰ ਉਦੋਂ ਜਦੋਂ ਉਨ੍ਹਾਂ ਦੇ ਊਰਜਾ ਹਿੱਤ ਦਾਅ ’ਤੇ ਲੱਗੇ ਹੋਣ। ਬਹਰਹਾਲ, ਹਿੰਦ ਪ੍ਰਸ਼ਾਂਤ ਖਿੱਤੇ ਅੰਦਰ ਚੀਨ ਦੀ ਵਧ ਰਹੀ ਜਹਾਜ਼ਰਾਨੀ ਤੇ ਆਰਥਿਕ ਤਾਕਤ ਨਾਲ ਸਿੱਝਣ ਲਈ ਭਾਰਤ ਅਤੇ ਅਮਰੀਕਾ ਦੇ ਸਾਂਝੇ ਹਿੱਤ ਹਨ। ਇਸ ਤਰ੍ਹਾਂ ਦੇ ਜਟਿਲ ਹਾਲਾਤ ਵਿਚ ਭਾਰਤ ਨੇ ਦੱਖਣੀ ਏਸ਼ੀਆ ਦੇ ਆਪਣੇ ਦੋ ਅਹਿਮ ਗੁਆਂਢੀਆਂ ਪਾਕਿਸਤਾਨ ਅਤੇ ਸ੍ਰੀਲੰਕਾ ਨਾਲ ਸਿੱਝਣ ਲਈ ਕਾਫ਼ੀ ਹੁਨਰਮੰਦੀ ਦਾ ਮੁਜ਼ਾਹਰਾ ਕੀਤਾ ਹੈ। ਇਨ੍ਹਾਂ ਦੋਵਾਂ ਮੁਲਕਾਂ ਦੇ ਚੀਨ ਨਾਲ ਕਰੀਬੀ ਸਬੰਧ ਹਨ ਜਿਸ ਕਰ ਕੇ ਇਸ ਦਾ ਭਾਰਤ ਦੀ ਸੁਰੱਖਿਆ ’ਤੇ ਅਸਰ ਪੈ ਸਕਦਾ ਹੈ।
ਚੀਨ ਅਤੇ ਪਾਕਿਸਤਾਨ ਦੇ ਸਬੰਧਾਂ ਦਾ ਮਕਸਦ ਤਾਂ ਮੂਲ ਰੂਪ ਵਿਚ ਭਾਰਤ ਦੇ ਬਰਖਿਲਾਫ਼ ਹੀ ਹੈ। ਇਸ ਨਾਤੇ ਦੋਵੇਂ ਦੇਸ਼ ਪ੍ਰਚੱਲਤ ਤੇ ਪਰਮਾਣੂ ਦੋਵੇਂ ਕਿਸਮ ਦੇ ਹਥਿਆਰਾਂ ਦਾ ਲੈਣ ਦੇਣ ਕਰਦੇ ਆ ਰਹੇ ਹਨ। ਪਾਕਿਸਤਾਨ ਕੋਲ ਅਜਿਹੇ ਪਰਮਾਣੂ ਹਥਿਆਰ ਹਨ ਜੋ ਨਵੀਂ ਦਿੱਲੀ ਤੋਂ ਲੈ ਕੇ ਅੰਡੇਮਾਨ ਨਿਕੋਬਾਰ ਟਾਪੁ ਤੱਕ ਭਾਰਤ ਦੇ ਹਰੇਕ ਟਿਕਾਣੇ ਨੂੰ ਆਪਣਾ ਨਿਸ਼ਾਨਾ ਬਣਾ ਸਕਦੇ ਹਨ ਅਤੇ ਇਨ੍ਹਾਂ ਦਾ ਡਿਜ਼ਾਈਨ ਚੀਨ ਨੇ ਤਿਆਰ ਕੀਤਾ ਹੈ। ਉਂਝ, ਇਹ ਗੱਲ ਵੀ ਮੰਨਣੀ ਪੈਣੀ ਹੈ ਕਿ 1980ਵਿਆਂ ਵਿਚ ਜਦੋਂ ਸਿੰਹਾਲਾ ਤਾਮਿਲ ਨਸਲੀ ਟਕਰਾਅ ਪੈਦਾ ਹੋਇਆ ਸੀ ਤਾਂ ਸ੍ਰੀਲੰਕਾ ਦੇ ਮਨ ਵਿਚ ਭਾਰਤ ਦੇ ਇਰਾਦਿਆਂ ਪ੍ਰਤੀ ਸੰਦੇਹ ਪੈਦਾ ਹੋ ਗਿਆ ਸੀ। ਉਦੋਂ ਸ੍ਰੀਲੰਕਾ ਨੂੰ ਆਪਣੇ ਤਮਿਲ ਬਾਗ਼ੀਆਂ ਐਲਟੀਟੀਈ (ਲਿੱਟੇ) ਨਾਲ ਭਾਰਤ ਦੇ ਸਬੰਧਾਂ ਨੂੰ ਲੈ ਕੇ ਸਖ਼ਤ ਇਤਰਾਜ਼ ਹੋਇਆ ਸੀ। ਭਾਰਤ ਨੂੰ ਕਦੇ ਕਦਾਈਂ ਭੁੱਲ ਜਾਂਦਾ ਸੀ ਕਿ ਇਹ ਨਸਲੀ ਟਕਰਾਅ ਉੱਤਰੀ ਸ੍ਰੀਲੰਕਾ ਤਕ ਸੀਮਤ ਸੀ ਜਿੱਥੇ ਤਮਿਲ ਲੋਕ ਸਦੀਆਂ ਤੋਂ ਵਸੇ ਹੋਏ ਹਨ। ਇਨ੍ਹਾਂ ਵਿਚ ਦੇਸ਼ ਦੇ ਦੱਖਣੀ ਹਿੱਸੇ ਵਿਚ ਰਹਿੰਦੇ ਤਮਿਲ ਸ਼ਾਮਲ ਨਹੀਂ ਸਨ ਜਿਨ੍ਹਾਂ ਨੂੰ ‘ਕਾਸ਼ਤਕਾਰੀ ਤਮਿਲ’ ਕਿਹਾ ਜਾਂਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਪਿਛਲੀ ਵਾਰ ਸ੍ਰੀਲੰਕਾ ਦੇ ਦੌਰੇ ’ਤੇ ਗਏ ਸਨ ਤਾਂ ਕੋਲੰਬੋ ਦੇ ਤਮਿਲਾਂ ਨੇ ਉਨ੍ਹਾਂ ਦੀ ਕਾਫ਼ੀ ਪ੍ਰਸ਼ੰਸਾ ਕੀਤੀ ਸੀ।
ਸ੍ਰੀਲੰਕਾ ਇਸ ਵੇਲੇ ਘੋਰ ਆਰਥਿਕ ਸੰਕਟ ’ਚੋਂ ਲੰਘ ਰਿਹਾ ਹੈ ਤੇ ਪਾਕਿਸਤਾਨ ਦੇ ਵੀ ਇੱਦਾਂ ਦੇ ਹੀ ਹਾਲਾਤ ਬਣੇ ਹੋਏ ਹਨ। ਕੋਲੰਬੋ ਸਰਕਾਰ ਜਦੋਂ ਇਕ ਲੇਖੇ ਦੀਵਾਲੀਆ ਹੋ ਗਈ ਸੀ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 4 ਅਰਬ ਡਾਲਰ ਦੀ ਮਦਦ ਦੇਣ ਦਾ ਐਲਾਨ ਕੀਤਾ ਸੀ ਤਾਂ ਕਿ ਸ੍ਰੀਲੰਕਾ ਵਿਦੇਸ਼ੀ ਮੁਦਰਾ ਹਾਸਲ ਕਰ ਕੇ ਤੇਲ ਤੇ ਦਵਾਈਆਂ ਜਿਹੀਆਂ ਅਤਿ ਜ਼ਰੂਰੀ ਚੀਜ਼ਾਂ ਮੰਗਵਾ ਸਕੇ। ਚੀਨ ਕੁਝ ਸਮਾਂ ਲੈ ਕੇ ਬਹੁੜਿਆ ਪਰ ਉਸ ਨੇ ਸਿਰਫ਼ 1 ਅਰਬ ਡਾਲਰ ਦੀ ਮਦਦ ਦੇਣ ਦਾ ਵਾਅਦਾ ਕੀਤਾ। ਬਹੁਤ ਸਾਰੇ ਸਮੀਖਿਅਕਾਂ ਦਾ ਖਿਆਲ ਸੀ ਕਿ ਸ੍ਰੀਲੰਕਾ ਨੇ ਮਹਿੰਗੀਆਂ ਦਰਾਂ ’ਤੇ ਕੌਮਾਂਤਰੀ ਬੌਂਡਾਂ ਰਾਹੀਂ ਕਰਜ਼ਾ ਲੈ ਕੇ ਜੋ ਫਜ਼ੂਲਖਰਚੀ ਕੀਤੀ ਸੀ ਉਸ ਕਰ ਕੇ ਇਹ ਸੰਕਟ ਪੈਦਾ ਹੋਇਆ ਸੀ। ਚੀਨ ਦੇ ਐਗਜ਼ਿਮ (ਆਯਾਤ ਨਿਰਯਾਤ) ਬੈਂਕ ਨੇ ਕਰਜ਼ੇ ਦੀਆਂ ਕਿਸ਼ਤਾਂ ਦੋ ਸਾਲਾਂ ਲਈ ਟਾਲ ਦੇਣ ਦੀ ਪੇਸ਼ਕਸ਼ ਕੀਤੀ ਸੀ ਤੇ ਇਸ ਦੇ ਨਾਲ ਹੀ ਉਸ ਨੂੰ ਆਈਐਮਐਫ ਤੋਂ 2.9 ਅਰਬ ਡਾਲਰ ਦਾ ਕਰਜ਼ਾ ਹਾਸਲ ਕਰਨ ਦੀਆਂ ਕੋਸ਼ਿਸ਼ਾਂ ਵਿਚ ਮਦਦ ਦੇਣ ਦੀ ਗੱਲ ਵੀ ਆਖੀ ਸੀ। ਦਰਅਸਲ, ਸ੍ਰੀਲੰਕਾ ਦੇ ਸਿਰੋਂ ਕਰਜ਼ੇ ਦਾ ਬੋਝ ਲਾਹੁਣ ਵਿਚ ਚੀਨ ਨੇ ਬਹੁਤਾ ਕੁਝ ਨਹੀਂ ਕੀਤਾ।
ਅਹਿਮ ਗੱਲ ਇਹ ਹੈ ਕਿ ਚੀਨ ਨੇ ਸ੍ਰੀਲੰਕਾ ਜਿਹੇ ਕਈ ਮੁਲ਼ਕਾਂ ਲਈ ਕਰਜ਼ਾ ਦਾ ਜਾਲ ਵਿਛਾਇਆ ਸੀ। ਮੂਲ ਰੂਪ ਵਿਚ ਸ੍ਰੀਲੰਕਾ ਵਲੋਂ ਚੀਨ ਦੇ ਜ਼ਰੀਏ ਆਪਣੇ ਦੱਖਣੀ ਤੱਟ ’ਤੇ ਹੰਬਨਟੋਟਾ ਜਿਹੀਆਂ ਕਈ ਬੰਦਰਗਾਹਾਂ ਦੇ ਨਿਰਮਾਣ ਲਈ ਕਰਜ਼ੇ ਲੈਣ ਕਰ ਕੇ ਇਹ ਸਥਿਤੀ ਪੈਦਾ ਹੋਈ ਸੀ। ਬੰਦਰਗਾਹਾਂ ਦੀ ਵਿੱਤੀ ਪਾਏਦਾਰੀ ਵੱਲ ਉੱਕਾ ਧਿਆਨ ਨਹੀਂ ਦਿੱਤਾ ਗਿਆ। ਹੰਬਨਟੋਟਾ ਸਾਬਕਾ ਰਾਸ਼ਟਰਪਤੀ ਮਹਿੰਦਾ ਰਾਜਪਕਸੇ ਦੇ ਹਲਕੇ ਵਿਚ ਪੈਂਦੀ ਹੈ। ਇਕ ਲੇਖੇ ਇਹ ਬੰਦਰਗਾਹ ਹੁਣ ਚੀਨ ਦੇ ਕੰਟਰੋਲ ਹੇਠ ਚਲੀ ਗਈ ਹੈ। ਪੇਇਚਿੰਗ ਨੂੰ ਹੁਣ ਬਿਨਾਂ ਕਿਸੇ ਰੋਕ ਟੋਕ ਤੋਂ ਹੰਬਨਟੋਟਾ ਬੰਦਰਗਾਹ ’ਤੇ ਆਪਣੇ ਜੰਗੀ ਬੇੜੇ ਤੇ ਪਣਡੁੱਬੀਆਂ ਤਾਇਨਾਤ ਕਰਨ ਦੀ ਖੁੱਲ੍ਹ ਮਿਲ ਗਈ ਹੈ ਜਿੱਥੋਂ ਉਹ ਸਮੁੱਚੇ ਹਿੰਦ ਮਹਾਸਾਗਰ ਵਿਚ ਵਿਚਰ ਸਕਦਾ ਹੈ। ਨਵੀਂ ਦਿੱਲੀ ਨੇ ਕੋਲੰਬੋ ਬੰਦਰਗਾਹ ਵਿਚ ਚੀਨ ਦੀ ਮੌਜੂਦਗੀ ’ਤੇ ਸਖ਼ਤ ਉਜ਼ਰ ਜਤਾਇਆ ਸੀ ਜਿੱਥੋਂ ਭਾਰਤ ਲਈ ਬਹੁਤ ਸਾਰੇ ਅਤੇ ਸੰਵੇਦਨਸ਼ੀਲ ਸਾਜ਼ੋ ਸਾਮਾਨ ਦੀ ਆਮਦੋ ਰਫ਼ਤ ਹੁੰਦੀ ਹੈ। ਇਸ ਦੌਰਾਨ, ਅਡਾਨੀ ਗਰੁਪ ਨੇ ਭਾਰਤ ਲਈ ਕਰੀਬ 70 ਕਰੋੜ ਡਾਲਰ ਮੁੱਲ ਦੇ ਆਯਾਤ ਤੇ ਨਿਰਯਾਤ ਹੋਣ ਵਾਲੇ ਸਾਮਾਨ ਲਈ ਬੰਦਰਗਾਹ ਦੇ ਵੈਸਟ ਕੰਟੇਨਰ ਦੀਆਂ ਸੁਵਿਧਾਵਾਂ ਹਾਸਲ ਕਰਵਾ ਲਈਆਂ ਹਨ।
ਸਾਬਕਾ ਰਾਸ਼ਟਰਪਤੀ ਗੋਟਾਬਾਯਾ ਰਾਜਪਕਸੇ ਅਤੇ ਉਨ੍ਹਾਂ ਦੇ ਸਮੁੱਚੇ ਪਰਿਵਾਰ ਖਿਲਾਫ਼ ਵਿਆਪਕ ਲੋਕ ਰੋਹ ਦੇ ਪੇਸ਼ੇਨਜ਼ਰ ਪਿਛਲੇ ਸਾਲ ਸ੍ਰੀਲੰਕਾ ਦੀ ਪਾਰਲੀਮੈਂਟ ਨੇ ਸੀਨੀਅਰ ਸਿਆਸਤਦਾਨ ਰਨਿਲ ਵਿਕਰਮਸਿੰਘੇ ਨੂੰ ਨਵਾਂ ਰਾਸ਼ਟਰਪਤੀ ਥਾਪਿਆ ਸੀ। ਸ੍ਰੀਲੰਕਾ ਦੇ ਅਰਥਚਾਰੇ ਨੂੰ ਸੰਕਟ ’ਚੋਂ ਉਬਾਰਨ ਲਈ ਰਾਸ਼ਟਰਪਤੀ ਵਿਕਰਮਸਿੰਘੇ ਨੇ ਕਾਫ਼ੀ ਤਹੱਮਲ ਦਿਖਾਇਆ ਤੇ ਹੁਣ ਤਕ ਕਾਰਗਰ ਕਦਮ ਉਠਾਏ ਹਨ। ਸ੍ਰੀਲੰਕਾ ਦੇ ਸਾਰੇ ਲੋਕਾਂ ਨੇ ਆਪਣੇ ਦੇਸ਼ ਦੇ ਸੰਕਟ ਸਮੇਂ ਸਾਥ ਦੇਣ ਬਦਲੇ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਜ਼ਾਹਰ ਕੀਤਾ ਹੈ। ਸ੍ਰੀਲੰਕਾ ਵਲੋਂ ਭਾਰਤ ਦੇ ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਐਸ ਜੈਸ਼ੰਕਰ ਅਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਵੀ ਭਰਵੀ ਪ੍ਰਸ਼ੰਸਾ ਕੀਤੀ ਗਈ ਹੈ ਜਿਨ੍ਹਾਂ ਨੇ ਔਖੇ ਵਕਤ ਤੇਜ਼ੀ ਨਾਲ ਮਦਦ ਪਹੁੰਚਾਉਣ ਲਈ ਕੰਮ ਕੀਤਾ ਸੀ।
ਆਪਣੀ ਹਾਲੀਆ ਕੋਲੰਬੋ ਫੇਰੀ ਦੌਰਾਨ ਸ੍ਰੀਲੰਕਾ ਦੇ ਕੁਝ ਮਿੱਤਰਾਂ ਨਾਲ ਗੱਲਬਾਤ ਕਰਦਿਆਂ ਪਤਾ ਚੱਲਿਆ ਕਿ ਹਾਲੀਆ ਸਮਿਆਂ ਵਿਚ ਉੱਥੇ ਭਾਰਤ ਦੀ ਚੰਗੀ ਭੱਲ ਬਣੀ ਹੋਈ ਹੈ। ਹੁਣ ਇਸ ਨੂੰ ਹੋਰ ਪੁਖ਼ਤਾ ਕਰਨ ਲਈ ਕਈ ਹੋਰ ਮੁੱਦਿਆਂ ’ਤੇ ਕੰਮ ਕਰਨ ਦੀ ਲੋੜ ਹੈ। ਬੁੱਧਮਤ ਦੇ ਸ਼ਰਧਾਲੂ ਹੋਣ ਦੇ ਨਾਤੇ ਸਿੰਹਾਲਾ ਲੋਕ ਬੋਧ ਗਯਾ (ਬਿਹਾਰ) ਦੇ ਦਰਸ਼ਨਾਂ ਲਈ ਬਿਹਤਰ ਸੁਵਿਧਾਵਾਂ ਚਾਹੁੰਦੇ ਹਨ। ਸ੍ਰੀਲੰਕਾ ਦੇ ਬੋਧੀ ਸ਼ਰਧਾਲੂਆਂ ਲਈ ਬੋਧ ਗਯਾ ਤੱਕ ਰੇਲ ਸੇਵਾਵਾਂ ਵਿਚ ਸੁਧਾਰ ਲਿਆਉਣ ਦੀ ਲੋੜ ਹੈ ਤੇ ਨਾਲ ਹੀ ਭਾਰਤ ਵਿਚ ਉਨ੍ਹਾਂ ਦੇ ਮੁਕਾਮ ਦੌਰਾਨ ਵੱਖੋ-ਵੱਖ ਲੋੜੀਂਦੀਆਂ ਸਹੂਲਤਾਂ ਨੂੰ ਵੀ ਬਿਹਤਰ ਬਣਾਇਆ ਜਾਣਾ ਚਾਹੀਦਾ ਹੈ। ਦੁਵੱਲੇ ਵਪਾਰ, ਸੈਰ ਸਪਾਟੇ ਅਤੇ ਨਿਵੇਸ਼ ਲਈ ਰੁਪਏ ਵਿਚ ਅਦਾਇਗੀਆਂ ਨੂੰ ਵਧਾਉਣ ਲਈ ਕਈ ਕਦਮ ਪੁੱਟਣ ਦੀ ਲੋੜ ਹੈ। ਤਲਾਈਮੰਨਾਰ-ਰਮੇਸ਼ਵਰਮ ਫੈਰੀ (ਕਿਸ਼ਤੀ) ਦੀਆਂ ਸੇਵਾਵਾਂ ਬਹਾਲ ਕੀਤੀਆਂ ਜਾਣ। ਨਵੀਂ ਦਿੱਲੀ ਅਤੇ ਕੋਲੰਬੋ ਨੂੰ ਭਾਰਤ ਦੇ ਪ੍ਰਾਈਵੇਟ ਖੇਤਰ ਦੇ ਬੰਗਾਲ ਦੀ ਖਾੜੀ ਦੇ ਇਸ ਪਾਸੇ ਵਿਚ ਨਿਵੇਸ਼ ਨੂੰ ਹੱਲਾਸ਼ੇਰੀ ਦੇਣ ਲਈ ਸੋਚ ਵਿਚਾਰ ਕਰਨੀ ਚਾਹੀਦੀ ਹੈ। ਹਵਾਈ ਅੱਡਿਆਂ, ਮਹਿਮਾਨ-ਨਿਵਾਜ਼ੀ ਅਤੇ ਉਚੇਰੀ ਸਿੱਖਿਆ ਜਿਹੇ ਖੇਤਰਾਂ ਵਿਚ ਪ੍ਰਾਈਵੇਟ ਨਿਵੇਸ਼ ਅਤੇ ਸਹਿਯੋਗ ਦੇ ਕਾਫ਼ੀ ਮੌਕੇ ਹਨ ਜਦਕਿ ਭਾਰਤ ਅਤੇ ਸ੍ਰੀਲੰਕਾ ਵਲੋਂ ਨਿਵੇਸ਼ ਅਤੇ ਵਪਾਰ ਵਿਚ ਰੁਪਏ ਵਿਚ ਅਦਾਇਗੀਆਂ ਦੀਆਂ ਕੋਸ਼ਿਸ਼ਾਂ ਨੂੰ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ। ਭਾਰਤ ਦੇ ਹਾਈ ਕਮਿਸ਼ਨਰ ਗੋਪਾਲ ਬਾਗਲੇ ਕੋਲੰਬੋ ਵਿਚ ਆਪਣੀ ਔਖੀ ਪਰ ਅਹਿਮ ਅਤੇ ਸਫਲ ਪਾਰੀ ਪੂਰੀ ਕਰਨ ਜਾ ਰਹੇ ਹਨ।
*ਲੇਖਕ ਪਾਕਿਸਤਾਨ ਵਿਚ ਭਾਰਤ ਦਾ ਹਾਈ ਕਮਿਸ਼ਨਰ ਰਹਿ ਚੁੱਕਾ ਹੈ।