ਮਨਜੀਤ ਸੂਖਮ ਦੇ ‘ਪਟਵੀਜਨੇ’ ਮੁਹੱਬਤ ਦੇ ਅਹਿਸਾਸਾਂ ਦਾ ਕਾਵਿ ਸੰਗ੍ਰਹਿ/ਉਜਾਗਰ ਸਿੰਘ

ਮਨਜੀਤ ਸੂਖਮ ਆਪਣੀਆਂ ਭਾਵਨਾਵਾਂ ਨੂੰ ਨਿੱਕੀਆਂ ਕਵਿਤਾਵਾਂ ਰਾਹੀਂ ਪ੍ਰਗਟ ਕਰਨ ਵਾਲਾ ਸ਼ਾਇਰ ਹੈ। ਉਹ ਆਪਣੇ ਅਹਿਸਾਸਾਂ ਅਤੇ ਵਿਚਾਰਾਂ ਨੂੰ ਕਾਵਿ ਰੂਪ ਦਿੰਦਾ ਹੈ। ਇਹ ਸਾਰੀਆਂ ਖੁਲ੍ਹੀਆਂ ਕਵਿਤਾਵਾਂ ਦੇ ਕਾਵਿ ਟੋਟਕੇ ਹਨ। ਇਸ ਕਾਵਿ ਸੰਗ੍ਰਹਿ ਵਿੱਚ 110 ਕਾਵਿ ਟੋਟਕੇ ਅਤੇ 12 ਕਵਿਤਾਵਾਂ ਹਨ। ਇਹ ਸਾਰੇ ਹੀ ਕਾਵਿ ਟੋਟਕੇ ਅਤੇ ਕਵਿਤਾਵਾਂ ਸਿੱਧੇ ਜਾਂ ਅਸਿਧੇ ਢੰਗ ਨਾਲ ਮੁਹੱਬਤ ਦੀ ਬਾਤ ਪਾਉਂਦੀਆਂ ਹੋਈਆਂ ਸਮਾਜਿਕ ਸਰੋਕਾਰਾਂ ਦੀ ਯਾਦ ਵੀ ਦਿਵਾਉਂਦੀਆਂ ਹਨ। ਇਸ ਕਾਵਿ ਸੰਗ੍ਰਹਿ ਨੂੰ ਪੜ੍ਹਨ ਤੋਂ ਬਾਅਦ ਜੋ ਪ੍ਰਭਾਵ ਪਾਠਕ ‘ਤੇ ਪੈਂਦਾ ਹੈ, ਉਸ ਦਾ ਪ੍ਰਗਟਾਵਾ ਮੈਂ ਕਰ ਰਿਹਾ ਹਾਂ। ਮੁਹੱਬਤ ਜ਼ਿੰਦਗੀ ਦਾ ਆਧਾਰ ਹੁੰਦੀ ਹੈ। ਹਰ ਖੇਤਰ ਵਿੱਚ ਸਫ਼ਲਤਾ ਦਾ ਆਧਾਰ ਮੁਹੱਬਤ ਹੀ ਹੁੰਦੀ ਹੈ। ਮਨਜੀਤ ਸੂਖਮ ਨੇ ਵੀ ਆਪਣੀਆਂ ਕਵਿਤਾਵਾਂ ਵਿੱਚ ਇਹੋ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਕਵੀ ਜ਼ਿੰਦਗੀ ਦੀਆਂ ਅਟੱਲ ਸਚਾਈਆਂ ਨੂੰ ਮੁਹੱਬਤ ਦੇ ਰੰਗ ਵਿੱਚ ਸੰਖੇਪ ਸ਼ਬਦਾਂ ਵਿੱਚ ਲਿਖਦਾ ਹੈ। ਮੁਹੱਬਤ ਦੀ ਮਹਿਕ ਦਾ ਆਨੰਦ ਮਾਨਣਾ ਹੀ ਜ਼ਿੰਦਗੀ ਹੈ। ਪ੍ਰੇਮ ਦਰਿਆ ਦੇ ਵਹਿਣ ਦੀ ਤਰ੍ਹਾਂ ਹੁੰਦਾ ਹੈ ਜੋ ਲਗਾਤਾਰ  ਵਹਿੰਦਾ ਰਹਿੰਦਾ ਹੈ। ਪ੍ਰੇਮ ਇਛਾਵਾਂ ਦੀ ਪੂਰਤੀ ਨਹੀਂ ਹੁੰਦਾ। ਪਿਆਰ ਨਾਲ ਮੁਕਤੀ ਮਿਲਦੀ ਹੈ। ਮੁਹੱਬਤ ਹੀ ਜ਼ਿੰਦਗੀ ਹੈ। ਮੁਹੱਬਤ ਤੇ ਇਸ਼ਕ ਪਰਮ ਮਨੁੱਖ ਬਣਾਉਂਦੇ ਹਨ। ਸੱਚੇ ਸੁੱਚੇ ਰਿਸ਼ਤੇ ਮਹਿਬੂਬ ਬਣਾਉਂਦੇ ਹਨ। ਮੁਹੱਬਤ ਅਹਿਸਾਸਾਂ ਵਿਚ ਵੀ ਹੁੰਦੀ ਹੈ। ਮੁਹੱਬਤ ਵਿੱਚ ਸ਼ਰਧਾ ਭਾਵਨਾ ਵੀ ਹੋਣੀ ਚਾਹੀਦੀ ਹੈ। ਮੁਹੱਬਤ ਆਪਣੇ ਆਪ ਹੋ ਜਾਂਦੀ ਹੈ। ਮੁਹੱਬਤ ਕਦੀ ਉਡਣ ਤੇ ਕਦੀ ਧੁਖਣ ਲਾ ਦਿੰਦੀ ਹੈ। ਜਿਹੜੇ ਇਨਸਾਨ ਹਓਮੈ ਤਿਆਗ ਦਿੰਦੇ ਹਨ, ਉਨ੍ਹਾਂ ਦੀ ਮੁਹੱਬਤ ਸ਼ਹਿਦ ਤੋਂ ਵੀ ਮਿੱਠੀ ਹੁਦੀ ਹੈ। ਇਸ਼ਕ ਵਿੱਚ ਔਖੇ ਸਮੇਂ ਦੋਸਤ ਦਾ ਸਾਥ ਨਿਭਾਉਣਾ ਜ਼ਰੂਰੀ ਹੈ। ਮੁਹੱਬਤ ਵਿੱਚ ਤਿ੍ਰਸ਼ਨਾ, ਸਮਾਧੀ, ਸੰਭੋਗ, ਭਟਕਣਾ ਅਤੇ ਸਾਧਨਾ ਸਾਰੇ ਮੌਜੂਦ ਹੁੰਦੇ ਹਨ। ਉਡੀਕ ਵੀ ਕਰਨੀ ਪੈਂਦੀ ਹੈ। ਮੁਹੱਬਤ ਕਰਨ ਵਾਲਿਆਂ ਦੀ ਰੂਹ ਰੱਜ ਜਾਂਦੀ ਹੈ। ਮੁਹੱਬਤ ਵਿੱਚ ਔਖੇ ਪੈਂਡੇ ਆਉਂਦੇ ਹਨ, ਮੁਹੱਬਤੀ ਬਿਖਰਦੇ ਅਤੇ ਜੁੜਦੇ ਰਹਿੰਦੇ ਹਨ। ਪਿਆਰੇ ਦੇ ਆਉਣ ਨਾਲ ਜ਼ਿੰਦਗੀ ਮਹਿਕ ਉਠਦੀ ਹੈ। ਮੁਹੱਬਤ ਲਈ ਜਾਨ  ਵਾਰ ਦਿੰਦੇ ਹਨ ਪਰੰਤੂ ਕੁਝ ਲੋਕ ਸਮਾਜਿਕ ਤਾਣੇ ਬਾਣੇ ਵਿੱਚ ਮੁਹੱਬਤ ਲਈ ਤਪੱਸਿਆ ਕਰਦੇ ਰਹਿੰਦੇ ਹਨ। ਪਿਆਰ ਦੀ ਖ਼ਾਤਰ ਕਈ ਵੇਲਣ ਵੇਲਣ ਪੈਂਦੇ ਹਨ। ਪਿਆਰੇ ਦੀ ਛੋਹ ਨਾਲ ਮਹੱਬਤ ਦੇ ਵਹਿਣ ਵਹਿ ਤੁਰਦੇ ਹਨ। ਮੁਹੱਬਤ ਮਿੱਟੀ ਨਾਲ ਮਿੱਟੀ ਹੋਈ ਵੀ ਸਰਸਰਾਹਟ ਪੈਦਾ ਕਰਦੀ ਹੈ। ਮੁਹੱਬਤ ਮਾਂ ਦੀ ਅਸੀਸ ਦੇ ਬਰਾਬਰ ਹੈ। ਮਾਂ ਸ਼ਬਦ ਹੀ ਪਵਿਤਰ ਹੁੰਦਾ ਹੈ। ਮਾਂ ਆਪਣੀ ਮਿੱਟੀ ‘ਚੋਂ ਇਨਸਾਨ ਸਿਰਜਦੀ ਹੈ। ਛੋਟੀ ਜਿਹੀ ਗੱਲ ਤੇ ਮਾਂ ਘਬਰਾ ਜਾਂਦੀ ਹੈ। ਮਾਂ ਦੇ ਰੋਣ ਨਾਲ ਤੂਫ਼ਾਨ ਆਉਂਦਾ ਹੈ। ਸ਼ਬਦ ਮਹਿਬੂਬ ਨੂੰ ਮੁਹੱਬਤ ਅਤੇ ਮਾਂ ਮਮਤਾ ਦਾ  ਰੂਪ ਬਖ਼ਸ਼ਦੇ ਹਨ। ਇਸਤਰੀ ਮਰਦ ਨੂੰ ਮੁਹੱਬਤ, ਵਫ਼ਾ, ਸਾਥ ਅਤੇ ਦੁਆ ਪਰੰਤੂ ਮਰਦ ਔਰਤ ਨੂੰ ਸਿਰਫ ਵਾਸ਼ਨਾ ਤੱਕ ਸੀਮਤ ਕਰ ਦਿੰਦਾ ਹੈ। ਮੁਹੱਬਤ ਲਈ ਜਦੋਜਹਿਦ ਦੀ ਲੋੜ ਹੁੰਦੀ ਹੈ। ਕਾਇਨਾਤ ਦੀ ਚੁੱਪ ਸ਼ਾਂਤੀ ਦਿੰਦੀ ਹੈ ਪਰੰਤੂ ਮੁਹੱਬਤ ਦੀ ਚੁੱਪ ਨਘਾਸ ਦਿੰਦੀ ਹੈ। ਮੁਹੱਬਤ ਵਿੱਚ ਜਿਓਣਾ ਤੇ ਮਰਨਾ ਬਰਾਬਰ ਹੁੰਦਾ ਹੈ। ਮੁਹੱਬਤ ਨਾਲ ਬਿਖਰੇ ਰੰਗ ਵਾਪਸ ਆ ਜਾਂਦੇ ਹਨ। ਮੁਹੱਬਤ ਵਿਸ਼ਵਾਸ਼ ਅਤੇ ਸਿਦਕ ਵੇਖਦੀ ਹੈ। ਇਨਸਾਨ ਦਾ ਭੁਖਿਆਂ ਗੁਜ਼ਾਰਾ ਹੋ ਸਕਦਾ ਪਰੰਤੂ ਮਹੱਬਤ ਬਿਨਾ ਅਧੂਰਾ ਹੁੰਦਾ ਹੈ। ਵਫ਼ਾ, ਮੁਹੱਬਤ ਅਤੇ ਹਮਦਰਦੀ ਪਰ ਲਾ ਕੇ ਉਡ ਗਈਆਂ ਹਨ। ਲੋਕ ਜ਼ਾਅਲੀ ਪਛਾਣ ਬਣਾਕੇ ਵਿਚਰਦੇ ਹਨ। ਹਰ ਕਿਰਿਆ ਅਤੇ ਵਸਤੂ ਵਿੱਚ ਰੱਬ ਵਸਦਾ ਹੈ। ਵਸਲ ਵਿਛੋੜੇ ਤੋਂ ਬਾਅਦ ਜ਼ਰੂਰ ਮਿਲਦਾ ਹੈ। ਉਹ ਲਿਖਦਾ ਹੈ ਕਿ ਜ਼ਿੰਦਗੀ ਅਸਥਾਈ ਹੈ, ਇਨਸਾਨ ਸੁਪਨੇ ਵੇਖਦਾ ਰਹਿੰਦਾ ਹੈ। ਲੋਕ ਮਖੌਟੇ ਪਾਈ ਫਿਰਦੇ ਹਨ, ਜੋ ਵਿਖਾਈ ਦਿੰਦੇ ਹਨ, ਉਹ ਅਸਲੀ ਨਹੀਂ ਹੁੰਦੇ। ਇਨਸਾਨ ਦੇ ਇਕਰਾਰ ਕਦੀ ਪੂਰੇ ਨਹੀਂ ਹੁੰਦੇ। ਲਾਰੇ ਜ਼ਿੰਦਗੀ ਦਾ ਹਿੱਸਾ ਬਣ ਚੁੱਕੇ ਹਨ। ਆਤਮ ਹੱਤਿਆਵਾਂ ਅਤੇ ਸ਼ਹੀਦੀ ਦੇ ਅੰਤਰ ਦਾ ਅਹਿਸਾਸ ਦਿਵਾਉਂਦਾ ਹੈ। ਚੰਗੇ ਕੰਮਾ ਵਾਲੇ ਇਨਸਾਨ ਦੀ ਮਹਿਕ ਸਥਾਈ ਹੁੰਦੀ ਹੈ। ਚੰਗਿਆਈ ਤੇ ਬੁਰਿਆੲਂੀ ਇਨਸਾਨ ਦੀ ਸੋਚ ਦੀ ਲਖਾਇਕ ਹੁੰਦੀ ਹੈ। ਯਾਦ ਹਮੇਸ਼ਾ ਤਾਜ਼ਾ ਰਹਿੰਦੀ ਹੈ। ਇਨਸਾਨ ਨੂੰ ਵਹਿੰਦੀ ਨਦੀ, ਬੇਪ੍ਰਵਾਹ ਡਿੱਗਦੇ ਝਰਨੇ ਤੋਂ ਸਿਖਣਾ ਚਾਹੀਦਾ ਹੈ। ਬਾਹਰਲੇ ਤੂਫ਼ਾਨ ਬਰਬਾਦ ਕਰਦੇ ਹਨ ਪਰੰਤੂ ਮਨ ਦਾ ਤੂਫ਼ਾਨ ਜਿਓਣਾ ਸਿਖਾਉਂਦਾ ਹੈ। ਮੋਹ, ਮਿਠਾਸ, ਤਪੱਸਿਆ, ਤਿਆਗ, ਸਹਿਜ, ਸੁਹਜ, ਸੁਚ ਅਤੇ ਸਲੀਕਾ ਕੀਮਤੀ ਵਸਤਾਂ ਹਨ, ਜਿਨ੍ਹਾਂ ਦੇ ਪਾਉਣ ਨਾਲ ਪੂਰਨ ਤੇ ਪਰਮ ਮਨੁੱਖ ਬਣਦਾ ਹੈ।

ਗੁਰੂ ਦੀ ਵਿਚਾਰਧਾਰਾ ‘ਤੇ ਪਹਿਰਾ ਦਿੰਦਿਆਂ ਲੋਭ, ਮੋਹ, ਹੰਕਾਰ, ਨਸ਼ੇ ਅਤੇ ਹਥਿਆਰਾਂ ਦਾ ਖਹਿੜਾ ਛੱਡੋ। ਸੱਚ ਦੇ ਮਾਰਗ ‘ਤੇ ਚਲੋ, ਸੁਕਰਾਤ ਜ਼ਹਿਰ ਖਾਣ ਨਾਲ ਹੀ ਨਹੀਂ ਸਗੋਂ ਸੱਚ ‘ਤੇ ਪਹਿਰਾ ਦੇਣ ਨਾਲ ਵੀ ਬਣਿਆਂ ਜਾ ਸਕਦਾ ਹੈ। ਕਵੀ ਬਣਨ ਲਈ ਜਲਦਬਾਜ਼ੀ ਨਹੀਂ ਸਗੋਂ ਸਬਰ ਸੰਤੋਖ ਦੀ ਲੋੜ ਹੈ। ਸ਼ਬਦ ਪੁਸਤਕ ਦਾ ਰੂਪ ਬਣਦੇ ਹਨ। ਚੁੱਪ ਰਾਗ ਦਾ ਰੂਪ ਧਾਰ ਕੇ ਮੌਸਮ ਸੁਹਾਵਣਾ ਬਣਾ ਦਿੰਦੀ ਹੈ। ਪਰਮਾਤਮਾ ਦੀ ਮਿਹਰ ਨਾਲ ਹੀ ਭਟਕਣਾ ਖ਼ਤਮ ਹੁੰਦੀ ਹੈ। ਇਨਸਾਨ ਦੇ ਮਨ ਮਸਤਕ ਵਿੱਚ ਹੀ ਸਭ ਕੁਝ ਹੁੰਦਾ ਹੈ। ਮਹਿਸੂਸ ਕਰਨ ਦੀ ਲੋੜ ਹੈ। ਇਨਸਾਨ ਭੇਖੀ ਨਹੀਂ ਮਨ ਦਾ ਸੱਚਾ ਹੋਣਾ ਚਾਹੀਦਾ। ਦੁਨੀਆਂ ਹਸਦਿਆਂ ਨੂੰ ਬਰਦਾਸ਼ਤ ਨਹੀਂ ਕਰਦੀ ਪਰੰਤੂ ਰੋਂਦੀਆਂ ਅੱਖਾਂ ਸੋਹਣੀਆਂ ਨਹੀਂ ਲਗਦੀਆਂ। ਇਕ ਚੁਪ ਸੌ ਸੁਖ ‘ਤੇ ਪਹਿਰਾ ਦੇਣ ਨਾਲ ਸਫਲਤਾ ਮਿਲਦੀ ਹੈ। ਇਨਸਾਨ ਨੂੰ ਆਪਣੇ ਅੰਦਰ ਝਾਤ ਮਾਰਕੇ ਵੇਖਣਾ ਚਾਹੀਦਾ ਹੈ। ਦਿਲਦਾਰ ਨਾਲੋਂ ਨਾਤਾ ਤੋੜਿਆ ਨਹੀਂ ਜਾ ਸਕਦਾ। ਮਨੁੱਖ ਵਿੱਚ ਬੜੇ ਗੁਣ ਹਨ ਪਰੰਤੂ ਹਓਮੈ ਦੇ ਚਕਰ ਵਿੱਚ ਉਨ੍ਹਾਂ ਦਾ ਲਾਭ ਨਹੀਂ ਉਠਾਉਂਦਾ। ਹਓਮੈ ਚੰਗਿਆਈ ਨੂੰ ਖ਼ਤਮ ਕਰਦੀ ਹੈ। ਕਿਸੇ ਚੀਜ਼ ਅਤੇ ਦੁੱਖ ਸੁੱਖ ਦੀ ਅਹਿਮੀਅਤ ਦਾ ਉਸ ਦੀ ਲੋੜ ਤੋਂ ਹੋ ਪਤਾ ਲਗਦੀ ਹੈ।  ਗ਼ਰੀਬ ਲੋਕ ਰੋਜ਼ੀ ਰੋਟੀ ਲਈ ਲੜ ਰਹੇ ਹਨ, ਉਹ  ਬੁੱਧ ਬਣਨ ਲਈ ਜੰਗਲਾਂ ਵਿੱਚ ਨਹੀਂ ਜਾ ਸਕਦੇ, ਉਹ ਤਾਂ ਪਰਿਵਾਰ ਦੀ ਪਾਲਣਾ ਕਰਕੇ ਹੀ ਬੁੱਧ ਬਣ ਜਾਂਦੇ ਹਨ। ਭਟਕਣ ਨਹੀਂ ਸਗੋਂ ਮਿਹਨਤ ਦੀ ਜ਼ਿੰਦਗੀ ਮੁਕਤੀ ਦਿੰਦੀ ਹੈ। ਲੋਕਾਂ ਨੂੰ ਹੁਨਰ ਦੀ ਜਾਣਕਾਰੀ ਨਹੀਂ। ਰਿਸ਼ਤੇ ਬਿਖਰ ਗਏ ਹਨ। ਸਪਨੇ ਵੀ ਮੁਹੱਬਤ ਬਣ ਜਾਂਦੇ ਹਨ।  ਗ਼ਰੀਬ ਜ਼ਿੰਦਗੀ ਭਰ ਸੁਲਗਦਾ ਰਹਿੰਦਾ ਹੈ, ਜੇ ਭਾਂਬੜ ਬਣ ਜਾਵੇ ਤਾਂ ਤਬਾਹੀ ਲਿਆ ਸਕਦਾ ਹੈ। ਹਵਾ ਤੇ ਪਾਣੀ ਜੀਵਨ, ਮਿੱਟੀ ਵਿੱਚ ਮੌਤ ਪਰੰਤੂ ਅਸੀਂ ਇਸ ਨੂੰ ਭੁੱਲੀ ਫਿਰਦੇ ਹਾਂ।ਸਰਕਾਰਾਂ ਦੇ ਲਾਰੇ ਲੋਕਾਂ ਨੂੰ ਮੁਜ਼ਾਹਰੇ ਕਰਨ ਲਈ ਮਜ਼ਬੂਰ ਕਰ ਦਿੰਦੇ ਹਨ। ਜਿਹੜੇ ਲੋਕ ਮਸਤ ਮਲੰਗ ਹੁੰਦੇ ਹਨ ਅਤੇ ਕੰਨਿਆਂ ਦਾਨ ਕਰਦੇ ਹਨ ਉਹ ਭਗਵਾਨ ਦਾ ਰੂਪ ਹੁੰਦੇ ਹਨ। ਪਟਵੀਜਨਾ ਕਵਿਤਾ ਵਿੱਚ ਕਵੀ ਕਹਿੰਦਾ ਹੈ ਕਿ ਮੈਂ ਬਹੁਤ ਵੱਡਾ ਬੰਦਾ ਬਣਨਾ ਨਹੀਂ ਲੋਚਦਾ ਮੈਂ ਛੋਟਾ ਰਹਿ ਕੇ ਹੀ ਸੰਤਸ਼ਟ ਹਾਂ। ਇਨ੍ਹਾਂ ਕਾਵਿ ਟੋਟਕਿਆਂ ਤੋਂ ਬਾਅਦ ਜਿਹੜੀਆਂ 12 ਕਵਿਤਾਵਾਂ ਹਨ, ਉਨ੍ਹਾਂ ਵਿੱਚ ਮਨਜੀਤ ਸੂਖਮ ਨੇ ਮੁਹੱਬਤ ਦੇ ਗੀਤ ਗਾਏ ਹਨ। ਉਹ ਲਿਖਦਾ ਹੈ ਕਿ ਭਾਵੇਂ ਮੇਰਾ ਪਿਆਰਾ ਚੁੱਪ ਹੈ ਪਰੰਤੂ ਉਸ ਦੀ ਚੁੱਪ ਵਿੱਚ ਵੀ ਅਪਣਾਪਨ ਹੈ। ‘ਮੋਚੀ ਮਿੱਤਰ’ ਅਤੇ ‘ਜੁੱਤੀ ਗ਼ਢਦਿਆਂ’ ਕਵਿਤਾਵਾਂ ਵਿੱਚ ਜੁੱਤੇ ਗੰਢਣ ਨੂੰ ਕਾਰੀਗਰ ਦੀ ਕਰਾਮਾਤ ਦੱਸਦਾ ਹੈ। ਇਸੇ ਤਰ੍ਹਾ ਜਿਹੜਾ ਇਨਸਾਨ ਤਿੜਕੇ ਰਿਸ਼ਤੇ ਸੁਧਾਰ ਲਵੇ ਉਹ ‘ਤੇ ਮੋਚੀ ਬਰਾਬਰ ਹਨ ਕਿਉਂਕਿ ਮੋਚੀ ਦੀ ਮਿਹਨਤ, ਸਾਦਗੀ ਅਤੇ ਨਮਰਤਾ ਕਮਾਈ ਕਰਕੇ ਪਰਿਵਾਰ ਨੂੰ ਜੋੜੀ ਰੱਖਦਾ ਹੈ। ‘ਕੁੱਝ ਕੁੱਝ ਅਤੇ ‘ਧਰਮ ਸੰਕਟ’ ਕਵਿਤਾਵਾਂ ਮਹਿਕ, ਮੋਕਸ ਅਤੇ ਨੂਰ ਦੀ ਬਰਕਤ ਦਾ ਜ਼ਿਕਰ ਕਰਦਾ ਹੋਇਆ ਉਦਾਸੀਆਂ ਦੇ ਧਰਮ ਸੰਕਟ ਵਿੱਚੋਂ ਨਿਕਲ ਕੇ ਆਪਣੇ ਪਰਿਵਾਰ ਦੀ ਵੇਖ ਭਾਲ ਦੀ ਜ਼ਿੰਮੇਵਾਰੀ ਨਿਭਾਉਣ ਦੀ ਪ੍ਰੇਰਨਾ ਦਿੰਦਾ ਹੈ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

ਮੋਬਾਈਲ-94178 13072

[email protected]

 

 

ਸਾਂਝਾ ਕਰੋ

ਪੜ੍ਹੋ