ਸਾਹਿਤ ਦਾ ਇਤਿਹਾਸਕਾਰ, ਲੇਖਕ ਅਤੇ ਅਮਰੀਕਾ ਦੀ ਹਾਰਵਰਡ ਯੂਨੀਵਰਸਿਟੀ ਦਾ ਪ੍ਰੋਫ਼ੈਸਰ ਸਟੀਫਨ ਗਰੀਨਬਲੈਟ ਆਪਣੀ ਕਿਤਾਬ ‘ਟਾਇਰੈਂਟ: ਸ਼ੇਕਸਪੀਅਰ ਆਨ ਪਾਵਰ’ ਵਿਚ ਸ਼ੇਕਸਪੀਅਰ ਦੇ ਨਾਟਕਾਂ ਬਾਰੇ ਲਿਖਦਿਆਂ ਦਲੀਲ ਦਿੰਦਾ ਹੈ ਕਿ ਸ਼ੇਕਸਪੀਅਰ ਆਪਣੇ ਨਾਟਕਾਂ ਵਿਚ ਇਕ ਗਹਿਰੇ ਅਣਸੁਲਝੇ ਸਵਾਲ ਨਾਲ ਜੂਝਦਾ ਰਿਹਾ ਕਿ ਕੋਈ ਸਮੁੱਚਾ ਦੇਸ਼ ਕਿਸੇ ਜਾਬਰ ਦੇ ਹੱਥਾਂ ਵਿਚ ਕਿਵੇਂ ਜਾ ਸਕਦਾ ਹੈ? ਉਹ ਕਿਹੋ ਜਿਹੇ ਹਾਲਾਤ ਹੁੰਦੇ ਹਨ ਜਿਨ੍ਹਾਂ ਵਿਚ ਮਾਣਮੱਤੀਆਂ ਤੇ ਮਜ਼ਬੂਤ ਸੰਸਥਾਵਾਂ ਇਕਦਮ ਨਿਤਾਣੀਆਂ ਬਣ ਜਾਂਦੀਆਂ ਹਨ?
ਗਰੀਨਬਲੈਟ ਦਾ ਖਿਆਲ ਹੈ ਕਿ ਮਹਾਨ ਨਾਟਕਕਾਰ ਅਤੇ ਕਵੀ ਜਾਣਦਾ ਸੀ ਕਿ ਜਦੋਂ ਤੱਕ ਦੇਸ਼ ਆਪਣੇ ਆਦਰਸ਼ਾਂ ਦਾ ਪੱਲਾ ਛੱਡਣ ਲਈ ਤਿਆਰ ਨਹੀਂ ਹੁੰਦਾ ਉਦੋਂ ਤੱਕ ਤਾਨਾਸ਼ਾਹੀ ਆਪਣੀਆਂ ਜੜ੍ਹਾਂ ਨਹੀਂ ਜੰਮਾ ਸਕਦੀ। ਲੋਕ ਝੂਠ, ਫੂਹੜਤਾ ਅਤੇ ਨਿਰਦੈਤਾ ਵੱਲ ਆਕਰਸ਼ਿਤ ਹੋ ਸਕਦੇ ਹਨ। ‘‘ਉਂਜ, ਮਾਣਮੱਤੇ ਤੇ ਆਤਮ ਸਨਮਾਨ ਵਾਲੇ ਲੋਕ ਕਿਸੇ ਜਾਬਰ ਅਤੇ ਉਸ ਦੀ ਇਸ ਸੋਝੀ ਤੇ ਕੁਚੱਜਪੁਣੇ ਅੱਗੇ ਇਸ ਕਦਰ ਨਿਵ ਜਾਂਦੇ ਹਨ ਕਿ ਉਹ ਕੁਝ ਵੀ ਆਖੇ ਤੇ ਕਰੇ, ਕੋਈ ਉਸ ਦੀ ਵਾਅ ਵੱਲ ਵੀ ਨਹੀਂ ਤੱਕ ਸਕਦਾ?’’
ਲੋਕਤੰਤਰ ਦੇ ਇਸ ਯੁੱਗ ਵਿਚ ਅਸੀਂ ਜਾਬਰ ਸ਼ਬਦ ਦਾ ਇਸਤੇਮਾਲ ਕਰਨ ਤੋਂ ਝਿਜਕਦੇ ਹਾਂ ਕਿਉਂਕਿ ਜਾਬਰਾਂ ਨੂੰ ਨਾਜਾਇਜ਼ ਕਰਾਰ ਦਿੱਤਾ ਜਾ ਚੁੱਕਿਆ ਹੈ। ਉਹ ਬਲ ਪ੍ਰਯੋਗ ਰਾਹੀਂ ਸੱਤਾ ਹਾਸਲ ਕਰਦੇ ਹਨ, ਸੱਤਾ ਦੀ ਵਰਤੋਂ ਆਪਣੇ ਮੁਫ਼ਾਦ ਲਈ ਕਰਦੇ ਹਨ ਅਤੇ ਅਸਹਿਮਤ ਹੋਣ ਵਾਲਿਆਂ ’ਤੇ ਕੋਈ ਰਹਿਮ ਨਹੀਂ ਦਿਖਾਉਂਦੇ।
ਅੰਗਰੇਜ਼ ਨਾਵਲਕਾਰ ਹਿਲੇਰੀ ਮੈਂਟੇਲ ਦੇ ਤਿੰਨ ਬਾਕਮਾਲ ਨਾਵਲਾਂ (ਵੁਲਫ ਹਾਲ ਨਾਵਲ ਤਿੱਕੜੀ: ਵੁਲਫ ਹਾਲ, ਬ੍ਰਿਗਿੰਗ ਅਪ ਦਿ ਬਾਡੀਜ਼ ਅਤੇ ਦਿ ਮਿਰਰ ਐਂਡ ਦਿ ਲਾਈਟ) ਵਿਚ ਉਨ੍ਹਾਂ ਦੇਸ਼ਾਂ ’ਤੇ ਢਾਹੇ ਗਏ ਅਣਮਨੁੱਖੀ ਤਸੀਹਿਆਂ ਦਾ ਬਾਰੀਕੀਬੀਨੀ ਨਾਲ ਵਰਣਨ ਕੀਤਾ ਗਿਆ ਹੈ ਜਿਨ੍ਹਾਂ ਨੇ ਬਾਦਸ਼ਾਹ ਹੈਨਰੀ ਅੱਠਵੇਂ ਦੀ ਫ਼ਰਮਾਬਰਦਾਰੀ ਨਹੀਂ ਕੀਤੀ ਸੀ। ਹੈਨਰੀ ਦੀ ਪਤਨੀ ਅਤੇ ਮਹਾਰਾਣੀ ਐਨੀ ਬੋਲੀਨ ਦੀ ਸਿਰਕਸ਼ੀ ਦੀ ਗੱਲ ਹੀ ਲਓ ਜੋ ਕਦੇ ਆਪਣੀਆਂ ਹੀਰਿਆਂ ਜੜੀਆਂ ਮੁੰਦਰੀਆਂ ਵਿਚ ਰਾਜੇ ਦੀ ਚੱਕਰੀ ਘੁਮਾ ਸਕਦੀ ਸੀ। ਜਦ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਤਾਂ ਉਸ ਦਾ ਸਿਰ ਕਲਮ ਕਰਨ ਦਾ ਮੰਜ਼ਰ ਉੱਥੇ ਇਕੱਠੀ ਹੋਈ ਭੀੜ ਲਈ ਇਕ ਨਿਰ੍ਹਾ ਖ਼ੂਨੀ ਤਮਾਸ਼ਾ ਸੀ।
ਇੰਗਲੈਂਡ ਵਿਚ ‘ਯੁਟੋਪੀਆ’ ਨਾਂ ਦੀ ਕਿਤਾਬ ਦੇ ਮਹਾਨ ਲੇਖਕ ਥੌਮਸ ਮੋਰ ਨੂੰ ਵੀ ਇੰਜ ਹੀ ਮੌਤ ਦੇ ਘਾਟ ਉਤਾਰਿਆ ਗਿਆ ਸੀ ਕਿਉਂਕਿ ਉਸ ਨੇ ਹੈਨਰੀ ਅੱਠਵੇਂ ਨੂੰ ਚਰਚ ਆਫ ਇੰਗਲੈਂਡ ਦਾ ਮੁਖੀ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਬਿਲਕੁਲ ਜਿਵੇਂ ਨਾਵਲ ‘ਐਲਿਸ ਇਨ ਵੰਡਰਲੈਂਡ’ ਵਿਚ ਐਲਿਸ ਡਚੈੱਸ ਨੂੰ ਕਹਿੰਦੀ ਹੈ, ਉਵੇਂ ਹੀ ਕੋਈ ਜਾਬਰ ਆਖੇਗਾ: ‘ਕੁਹਾੜੀ ਉਸ ਦੇ ਸਿਰ ਨਾਲ ਵਾਦ-ਵਿਵਾਦ ਕਰ ਰਹੀ ਹੈ।’
ਸਾਡੇ ਸੰਸਾਰ ਅੱਡੋ-ਅੱਡਰੇ ਹਨ ਤੇ ਹੋਣੇ ਵੀ ਚਾਹੀਦੇ ਹਨ। ਜਮਹੂਰੀਅਤ ਵਿਚ ਨਾਗਰਿਕਾਂ ਨੂੰ ਆਪਣੇ ਨੁਮਾਇੰਦਿਆਂ ਨੂੰ ਉਨ੍ਹਾਂ ਦੇ ਕੰਮਾਂ ਤੇ ਘੜੰਮਾਂ ਲਈ ਜਵਾਬਦੇਹ ਬਣਾਉਣ ਦਾ ਹੱਕ ਹੁੰਦਾ ਹੈ। ਲੋਕਤੰਤਰ ਦੀਆਂ ਸੰਸਥਾਵਾਂ ਦਾ ਢਾਂਚਾ ਕੁਝ ਇਸ ਤਰ੍ਹਾਂ ਵਿਉਂਤਿਆ ਜਾਂਦਾ ਹੈ ਕਿ ਕੋਈ ਵੀ ਅੰਨ੍ਹੀ ਤਾਕਤ ਦੀ ਵਰਤੋਂ ਨਾ ਕਰ ਸਕੇ। ਰਾਜਸੀ ਸੱਤਾ ਦੇ ਗ਼ੈਰਵਾਜਬ ਨਿਹਚਿਆਂ ’ਤੇ ਨਾਗਰਿਕਾਂ ਦੀ ਨਜ਼ਰ ਬਣੀ ਰਹਿਣੀ ਤੇ ਉਨ੍ਹਾਂ ਨੂੰ ਕਾਬੂ ਹੇਠ ਰੱਖਿਆ ਜਾਣਾ ਜ਼ਰੂਰੀ ਹੁੰਦਾ ਹੈ। ਇਹੀ ਜਮਹੂਰੀਅਤ ਹੈ।
ਜਦੋਂ ਭਾਰਤ ਦੇ ਚੀਫ ਜਸਟਿਸ ਐਨ ਵੀ ਰਮੰਨਾ ਨੇ 17ਵੇਂ ਜਸਟਿਸ ਪੀਡੀ ਦੇਸਾਈ ਮੈਮੋਰੀਅਲ ਟਰੱਸਟ ਲੈਕਚਰ ਵਿਚ ਇਹ ਸੁਝਾਅ ਦਿੱਤਾ ਕਿ ਲੋਕਾਂ ਕੋਲ ਮਹਿਜ਼ ਚੋਣਾਂ ਜ਼ਰੀਏ ਆਪਣੇ ਹਾਕਮਾਂ ਨੂੰ ਬਦਲਣ ਦਾ ਹੱਕ ਚੁਣੇ ਹੋਏ ਆਗੂਆਂ ਦੀ ਜਾਬਰੀ ਖਿਲਾਫ਼ ਕੋਈ ਜ਼ਾਮਨੀ ਨਹੀਂ ਹੈ ਤਾਂ ਅਸੀਂ ਬਹਿ ਕੇ ਵਿਚਾਰ ਕਰਨ ਲਈ ਮਜਬੂਰ ਹੋ ਗਏ। ਸ਼ਾਇਦ, ਚੁਣਾਵੀ ਤਾਨਾਸ਼ਾਹੀ ਇੰਨੀ ਵੀ ਬੇਹੂਦਾ ਗੱਲ ਨਹੀਂ ਹੁੰਦੀ!
ਅਸੀਂ ਸੱਤਾ ਦੇ ਨਸ਼ੇ ’ਚ ਚੂਰ ਹੋਏ ਅਜਿਹੇ ਆਗੂ ਦੇਖੇ ਹਨ ਜੋ ਉਨ੍ਹਾਂ ਲੋਕਾਂ ਨਾਲ ਹੀ ਬਦਸਲੂਕੀ ਕਰਦੇ ਹਨ ਜਿਨ੍ਹਾਂ ਨੇ ਉਨ੍ਹਾਂ ਨੂੰ ਚੁਣ ਕੇ ਸੱਤਾ ਦੇ ਗਲਿਆਰਿਆਂ ਵਿਚ ਭੇਜਿਆ ਹੁੰਦਾ ਹੈ। ਅਸੀਂ ਅਜਿਹੇ ਚੁਣੇ ਹੋਏ ਆਗੂ ਵੀ ਦੇਖੇ ਹਨ ਜਿਨ੍ਹਾਂ ਨੇ ਨਾਗਰਿਕਾਂ ਨੂੰ ਪਰਜਾ ਬਣਾ ਧਰਿਆ ਹੈ। ਇਹ ਬਹੁਤ ਹੀ ਸਿਤਮਜ਼ਰੀਫ਼ੀ ਵਾਲੀ ਹਾਲਤ ਹੈ। ਲੋਕਤੰਤਰ ਆਮ ਲੋਕਾਂ ਨੂੰ ਨਾਗਰਿਕ ਬਣਾਉਂਦਾ ਹੈ, ਪਰ ਚੁਣੇ ਹੋਏ ਆਗੂ ਇਸ ਅਮਲ ਨੂੰ ਪੁੱਠਾ ਗੇੜਾ ਦੇ ਦਿੰਦੇ ਹਨ। ਹਾਲੇ ਵੀ ਕੁਝ ਸੁਲਝੇ ਹੋਏ ਲੋਕ ਅਜਿਹੀ ਪਾਰਟੀ ਨੂੰ ਵੋਟਾਂ ਪਾਉਂਦੇ ਹਨ ਜਿਸ ਦਾ ਏਜੰਡਾ ਸੰਵਿਧਾਨ ਦੇ ਦਾਇਰੇ ਵਿਚ ਫਿੱਟ ਨਹੀਂ ਬੈਠਦਾ, ਫਿਰ ਭਾਵੇਂ ਉਹ ਕਿੰਨਾ ਵੀ ਦਿਲਕਸ਼ ਕਿਉਂ ਨਾ ਹੋਵੇ।
ਭਾਰਤੀ ਲੋਕ ਧੜਵੈਲ ਸਿਆਸਤਦਾਨਾਂ ਨੂੰ ਵੋਟਾਂ ਪਾਉਂਦੇ ਹਨ, ਉਨ੍ਹਾਂ ਦੇ ਝੂਠੇ ਸਬਜ਼ਬਾਗ਼ਾਂ ਪਿੱਛੇ ਦੌੜਦੇ ਹਨ, ਉਨ੍ਹਾਂ ਦੇ ਅਤੀਤ ਅਤੇ ਉਨ੍ਹਾਂ ਦੀਆਂ ਹਰਕਤਾਂ ਖ਼ਾਸਕਰ ਦੇਸ਼ ਦਾ ਸ਼ਾਸਨ ਚਲਾਉਣ ’ਚ ਉਨ੍ਹਾਂ ਦੀ ਨਾਕਾਮੀ ਵੱਲ ਤਵੱਜੋ ਨਹੀਂ ਦਿੰਦੇ ਅਤੇ ਛੋਟੀ ਮੋਟੀ ਨੁਕਤਾਚੀਨੀ ਪ੍ਰਤੀ ਅਸਹਿਣਸ਼ੀਲਤਾ ਦਾ ਨੋਟਿਸ ਨਹੀਂ ਲੈਂਦੇ। ਇਸ ਵਿਰੋਧਾਭਾਸ ਦੀ ਮਿਸਾਲ ਦੇਖੋ। ਆਗੂ ਚੋਣਾਂ ਜ਼ਰੀਏ ਸੱਤਾ ਵਿਚ ਆਉਂਦੇ ਹਨ ਤੇ ਸੰਵਿਧਾਨ ’ਤੇ ਪਹਿਰਾ ਦੇਣ ਦੀ ਸਹੁੰ ਚੁੱਕਦੇ ਹਨ। ਤੇ ਫਿਰ ਉਨ੍ਹਾਂ ’ਚੋਂ ਕੁਝ ਉਸੇ ਸੰਵਿਧਾਨ ਦੀ ਹਰੇਕ ਮੱਦ ਨਾਲ ਖਿਲਵਾੜ ਕਰਨਾ ਸ਼ੁਰੂ ਕਰ ਦਿੰਦੇ ਹਨ ਜੋ ਲੋਕਾਂ ਤੇ ਹਾਕਮਾਂ ਵਿਚਾਲੇ ਰਿਸ਼ਤੇ ਦਾ ਸਿਆਸੀ ਇਕਰਾਰਨਾਮਾ ਅਖਵਾਉਂਦਾ ਹੈ।
ਨਾਗਰਿਕ ਨਿਤਾਣੇ ਪੈ ਜਾਂਦੇ ਹਨ। ਬੇਸ਼ੱਕ ਉਹ ਕਾਨੂੰਨ ਦੇ ਰਾਜ ਦਾ ਸਹਾਰਾ ਤੱਕਦੇ ਹਨ, ਨਿਆਂਪਾਲਿਕਾ ਕੋਲ ਅਪੀਲ ਕਰਦੇ ਹਨ, ਸਰਕਾਰ ਨੂੰ ਚਿੱਠੀਆਂ ਲਿਖਦੇ ਹਨ ਤੇ ਉਮੀਦ ਕਰਦੇ ਹਨ ਕਿ ਮੀਡੀਆ ਉਨ੍ਹਾਂ ਦੀ ਬਾਤ ਪਾਵੇਗਾ ਜਾਂ ਨਾਗਰਿਕ ਸਮਾਜ ਦੇ ਗਰੁੱਪ ਉਨ੍ਹਾਂ ਦਾ ਕਾਜ਼ ਉਭਾਰਨਗੇ, ਪਰ ਕੜੀ ਦਾ ਕੰਮ ਦੇਣ ਵਾਲੀਆਂ ਇਹ ਸਾਰੀਆਂ ਸੰਸਥਾਵਾਂ ਵੀ ਨਿਤਾਣੀਆਂ ਬਣਾ ਦਿੱਤੀਆਂ ਗਈਆਂ ਹਨ। ਆਧੁਨਿਕ ਸਟੇਟ ਵਿਚ ਨਾਗਰਿਕ ਕਿਸੇ ਤਾਨਾਸ਼ਾਹ ਦੇ ਹੁਕਮਾਂ ਸਾਹਮਣੇ ਓਨੇ ਹੀ ਨਿਤਾਣੇ ਹਨ ਜਿੰਨੀ ਕਿਸੇ ਜਾਬਰ ਰਾਜੇ ਦੇ ਜ਼ਮਾਨੇ ’ਚ ਪਰਜਾ ਹੋਇਆ ਕਰਦੀ ਸੀ। ਸ਼ਾਇਦ ਨਾਗਰਿਕ ਜ਼ਿਆਦਾ ਹੀ ਨਿਤਾਣੇ ਹਨ ਕਿਉਂਕਿ ਆਧੁਨਿਕ ਸਟੇਟ ਕੋਲ ਲੂਈਸ ਸੋਲਵੇਂ ਦੀ ਤਰ੍ਹਾਂ ਤਾਕਤਾਂ ਹਨ ਜੋ ਆਖਿਆ ਕਰਦਾ ਸੀ ‘‘ਮੈਂ ਹੀ ਰਾਜ ਹਾਂ, ਤੁਹਾਨੂੰ ਮੇਰੇ ਤੋਂ ਈਰਖਾ ਹੁੰਦੀ ਹੋਵੇਗੀ।’’
ਨਵੀਆਂ ਤਕਨਾਲੋਜੀਆਂ ਦੀ ਮਦਦ ਨਾਲ ਰਾਜਸੀ ਸ਼ਕਤੀ ਦੇ ਇਸਤੇਮਾਲ ਦੇ ਨਵੇਂ ਨਿਵੇਕਲੇ ਢੰਗ ਤਰੀਕੇ ਈਜਾਦ ਕਰ ਲਏ ਗਏ ਹਨ। ਸਮੁੱਚੇ ਇਤਿਹਾਸ ਦੌਰਾਨ ਹਾਕਮ ਲੋਕਾਂ ਨੂੰ ਲੁਭਾਉਣ ਦੇ ਆਹਰੀਂ ਲੱਗੇ ਰਹੇ ਹਨ। ਅੱਜ, ਉਹ ਸੋਸ਼ਲ ਮੀਡੀਆ ਜ਼ਰੀਏ ਤੇ ਵਾਰ-ਵਾਰ ਟੈਲੀਵਿਜ਼ਨ ’ਤੇ ਦਰਸ਼ਨ ਦੇ ਕੇ, ਭਾਸ਼ਣ ਕਲਾ ਤੇ ਮੁਹਾਵਰਿਆਂ ਦੇ ਸਹਾਰੇ ਲੋਕਾਂ ਦੇ ਦਿਮਾਗ਼ਾਂ ਵਿਚ ਘੁਸ ਜਾਂਦੇ ਹਨ। ਕੀ ਅਸੀਂ ਉਨ੍ਹਾਂ ਨੂੰ ਜਾਬਰ ਕਹਿਣ ਤੋਂ ਸਿਰਫ਼ ਇਸ ਲਈ ਝਿਜਕਦੇ ਹਾਂ ਕਿਉਂਕਿ ਉਹ ਪ੍ਰਵਾਨਤ ਸੰਸਥਾਵਾਂ ਤੇ ਅਹਿਦਨਾਮਿਆਂ ਦੀ ਰਸਮੀ ਤੌਰ ’ਤੇ ਪਾਲਣਾ ਕਰਦੇ ਹਨ?
ਮੈਨੂੰ ਨਹੀਂ ਲੱਗਦਾ ਕਿ ਕੀ ਜਾਬਰ ਤੇ ਚਾਹਵਾਨ ਜਾਬਰ ਕੁਝ ਪੜ੍ਹਦੇ ਵੀ ਹੋਣਗੇ, ਪਰ ਜੇ ਉਹ ਵਾਕਈ ਪੜ੍ਹਦੇ ਹਨ ਤਾਂ ਉਨ੍ਹਾਂ ਨੂੰ ਸ਼ੇਕਸਪੀਅਰ ਦਾ ਨਾਵਲ ‘ਮੈਕਬੈੱਥ’ ਪੜ੍ਹਨਾ ਚਾਹੀਦਾ ਹੈ ਤਾਂ ਕਿ ਉਹ ਕਿਸੇ ਵੀ ਕੀਮਤ ’ਤੇ ਹਾਸਲ ਕੀਤੀ ਸੱਤਾ ਦੀ ਵਿਅਰਥਤਾ ਨੂੰ ਸਮਝ ਸਕਣ। ਡੰਕਨ ਦੀ ਹੱਤਿਆ ਕਰਨ ਮਗਰੋਂ ਜਦੋਂ ਇਕੇਰਾਂ ਮੈਕਬੈੱਥ ਸਕਾਟਲੈਂਡ ਦਾ ਤਾਜ ਹਾਸਲ ਕਰ ਲੈਂਦਾ ਹੈ ਤਾਂ ਐਸ਼ ਇਸ਼ਰਤ ਪਰ ਬੇਚੈਨੀ ਨਾਲ ਭਰੇ ਮਾਹੌਲ ਵਿਚ ਉਹ ਬਹੁਤ ਖਿਝੂ ਤੇ ਖੌਫ਼ਜ਼ਦਾ ਰਹਿਣ ਲੱਗ ਪੈਂਦਾ ਹੈ। ਉਹ ਆਪਣੀ ਬੇਗ਼ਮ ਨੂੰ ਕਹਿੰਦਾ ਹੈ ‘‘ਅਸੀਂ ਡਰ ਡਰ ਕੇ ਖਾਣਾ ਖਾਂਦੇ ਹਾਂ ਤੇ ਰਾਤਾਂ ਨੂੰ ਖ਼ੌਫ਼ਨਾਕ ਸੁਪਨਿਆਂ ਨਾਲ ਨੀਂਦ ਟੁੱਟ ਜਾਂਦੀ ਹੈ। ਬਿਹਤਰ ਹੋਵੇ ਕਿ ਅਸੀਂ ਵੀ ਮਰ ਕੇ ਉਨ੍ਹਾਂ ਕੋਲ ਚਲੇ ਜਾਈਏ ਜਿਨ੍ਹਾਂ ਨੂੰ ਅਸੀਂ ਆਪਣੀਆਂ ਖ਼ੁਆਹਿਸ਼ਾਂ ਦੀ ਪੂਰਤੀ ਖ਼ਾਤਰ ਸਦਾ ਦੀ ਨੀਂਦ ਸੁਲਾਇਆ ਸੀ… ਡੰਕਨ ਇਸ ਸਮੇਂ ਕਬਰ ਵਿਚ ਹੈ… ਜਿੱਥੇ ਉਹ ਜ਼ਿੰਦਗੀ ਦੇ ਕੁਝ ਕਸ਼ਟ ਵਿਚ ਭੋਗਣ ਤੋਂ ਬਾਅਦ ਆਰਾਮ ਨਾਲ ਸੌਂ ਰਿਹਾ ਹੈ… ਕੋਈ ਵੀ ਹਥਿਆਰ, ਕੋਈ ਜ਼ਹਿਰ, ਕੋਈ ਬਾਹਰੀ ਜਾਂ ਅੰਦਰੂਨੀ ਸੰਸੇ ਉਸ ਨੂੰ ਛੂਹ ਨਹੀਂ ਸਕਦੇ।’’ ਉਸ ਨੂੰ ਫ਼ੌਤ ਹੋ ਚੁੱਕੇ ਲੋਕਾਂ ਨਾਲ ਈਰਖਾ ਹੁੰਦੀ ਹੈ! ਜਦੋਂ ਸਾਨੂੰ ਚੇਤੇ ਆਉਂਦਾ ਹੈ ਕਿ ਮੈਕਬੈੱਥ ਦੇ ਸੱਤਾ ਤੱਕ ਅੱਪੜਨ ਦਾ ਰਾਹ ਲਾਸ਼ਾਂ ਨਾਲ ਗ੍ਰਸਿਆ ਪਿਆ ਸੀ ਤਾਂ ਸਾਨੂੰ ਉਸ ’ਤੇ ਦਯਾ ਆਉਣ ਲੱਗਦੀ ਹੈ।
ਸ਼ਾਇਦ ਜਦੋਂ ਲੋਕਤੰਤਰ ਨੂੰ ਹੱਦ ਦਰਜੇ ਤੱਕ ਅਜ਼ਮਾਇਆ ਜਾਂਦਾ ਹੈ ਤਾਂ ਇਹ ਬਦਲਾ ਲੈਂਦਾ ਹੈ। ਦਾਰਸ਼ਨਿਕ ਬੋਥੀਅਸ ਦੇ ਸ਼ਬਦਾਂ ਵਿਚ ਕਿਸੇ ਵੇਲੇ ਹੋਣੀ ਦਾ ਚੱਕਰ ਘੁੰਮਦਾ ਹੈ। ਕੋਈ ਵਿਦਿਆਰਥੀ ਉਠਦਾ ਹੈ, ਕੋਈ ਕਵੀ ਲਿਖਦਾ ਹੈ, ਇਕ ਲਹਿਰ ਉਮੜਦੀ ਹੈ ਜਾਂ ਕੋਈ ਸ਼ੇਕਸਪੀਅਰ ਦਾ ਇਹ ਰਾਜਸੀ ਸੰਦੇਸ਼ ਪੜ੍ਹ ਕੇ ਸੁਣਾਉਂਦਾ ਹੈ ਕਿ ‘ਜ਼ਿੰਦਗੀ ਕਿਸੇ ਤੁਰੇ ਜਾਂਦੇ ਬੰਦੇ ਦੀ ਪਰਛਾਈਂ ਦੀ ਨਿਆਈਂ ਹੈ। ਮੰਚ ’ਤੇ ਬਿਫ਼ਰਦੇ ਕਿਸੇ ਕਲਾਕਾਰ ਵਾਂਗ ਹੈ ਤੇ ਘੰਟੇ ਮਗਰੋਂ ਉਸ ਦੇ ਬੋਲ ਕਿਸੇ ਦੇ ਕੰਨੀਂ ਨਹੀਂ ਪੈਂਦੇ; ਇਹ ਇਕ ਮੂਰਖ ਵੱਲੋਂ ਸੁਣਾਈ ਜਾਂਦੀ ਉਹ ਕਹਾਣੀ ਹੈ ਜਿਸ ਵਿਚ ਧੂਮ ਧੜੱਕਾ ਤਾਂ ਬਹੁਤ ਹੈ ਪਰ ਅਰਥ ਕੋਈ ਵੀ ਨਹੀਂ।’
ਚੁਣੇ ਜਾਣ ਵਾਲਾ ਕੋਈ ਜਾਬਰ ਸ਼ਾਇਦ ਇਸ ਤੋਂ ਕੋਈ ਸਬਕ ਲਵੇਗਾ।