ਨਵੀਂ ਦਿੱਲੀ – ਦੇਸ਼ ਦੀ ਚੌਥੀ ਸਭ ਤੋਂ ਵੱਡੀ ਵਾਹਨ ਨਿਰਮਾਤਾ ਕੰਪਨੀ ਮਹਿੰਦਰਾ ਐਂਡ ਮਹਿੰਦਰਾ ਨੇ ਕਰੀਬ 21 ਸਾਲਾਂ ਬਾਅਦ ਇੱਕ ਵੱਡਾ ਫੈਸਲਾ ਲੈਂਦਿਆ ਕੰਪਨੀ ਦਾ ਲੋਗੋ ਬਦਲਣ ਦਾ ਫੈਸਲਾ ਲਿਆ ਹੈ। ਮਹਿੰਦਰਾ ਐਂਡ ਮਹਿੰਦਰਾ ਦੇ ਚੇਅਰਮੈਨ ਆਨੰਦ ਮਹਿੰਦਰਾ ਨੇ ਸੋਸ਼ਲ ਮੀਡੀਆ ‘ਤੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਦਰਅਸਲ, ਕੰਪਨੀ ਨੇ ਹਾਲ ਹੀ ਵਿਚ ਇੱਕ ਨਵਾਂ ਲੋਗੋ ਅਪਣਾਇਆ ਹੈ। XUV700 SUV 14 ਅਗਸਤ ਨੂੰ ਲਾਂਚ ਹੋਣ ਦੇ ਨਾਲ, ਇਹ ਲੋਗੋ ਵਾਹਨਾਂ ‘ਤੇ ਵੀ ਦਿਖਾਈ ਦੇਵੇਗਾ।ਇਹ ਲੋਗੋ ਮਹਿੰਦਰਾ ਦੇ ਗਲੋਬਲ ਡਿਜ਼ਾਈਨ ਸਟੂਡੀਓ ਵਿਚ ਤਿਆਰ ਕੀਤਾ ਗਿਆ ਹੈ। ਇਸ ਨੂੰ ਪ੍ਰਤਾਪ ਬੋਸ ਦੀ ਸਹਾਇਤਾ ਨਾਲ ਤਿਆਰ ਕੀਤਾ ਗਿਆ ਹੈ। ਪ੍ਰਤਾਪ ਬੋਸ ਟਾਟਾ ਮੋਟਰਜ਼ ਦੇ ਸਾਬਕਾ ਡਿਜ਼ਾਈਨ ਮੁਖੀ ਹਨ ਅਤੇ ਹਾਲ ਹੀ ਵਿਚ ਮਹਿੰਦਰਾ ਦੁਆਰਾ ਨਿਯੁਕਤ ਕੀਤੇ ਗਏ ਸਨ।
ਲੋਗੋ ਆਖਰੀ ਵਾਰ 2000 ਵਿਚ ਬਦਲਿਆ ਗਿਆ ਸੀ। 2002 ਵਿਚ ਮਹਿੰਦਰਾ ਦੀ ਪ੍ਰਸਿੱਧ ਐਸਯੂਵੀ ਵਿਚ ਸ਼ਾਮਲ ਸਕਾਰਪੀਓ ਦੇ ਲਾਂਚ ਦੇ ਨਾਲ ਵਾਹਨਾਂ ਵਿਚ ਨਵਾਂ ਲੋਗੋ ਦਿਖਾਈ ਦਿੱਤਾ ਸੀ। ਉਦੋਂ ਤੋਂ ਸਾਰੀਆਂ ਐਸਯੂਵੀਜ਼ ‘ਤੇ ਉਹੀ ਲੋਗੋ ਵਰਤਿਆ ਜਾ ਰਿਹਾ ਸੀ। ਹਾਲ ਹੀ ਦੇ ਲੋਗੋ ਨੂੰ ਇਕ ਵੀਡੀਓ ਫਿਲਮ ਰਾਹੀਂ ਲਾਂਚ ਕੀਤਾ ਗਿਆ ਹੈ। ਮਹਿੰਦਰਾ ਆਟੋਮੋਟਿਵ ਨੇ ਇਸ ਵੀਡੀਓ ਨੂੰ ਆਪਣੇ ਅਧਿਕਾਰਤ ਟਵਿੱਟਰ ਹੈਂਡਲ ‘ਤੇ ਵੀ ਸਾਂਝਾ ਕੀਤਾ ਹੈ। ਮਹਿੰਦਰਾ ਐਂਡ ਮਹਿੰਦਰਾ ਦੇ ਚੇਅਰਮੈਨ ਆਨੰਦ ਮਹਿੰਦਰਾ ਨੇ ਆਪਣੇ ਟਵਿੱਟਰ ਹੈਂਡਲ ਉੱਤੇ ਡਿਸਪਲੇ ਪਿਕਚਰ (ਡੀਪੀ) ਵਿਚ ਕੰਪਨੀ ਦਾ ਨਵਾਂ ਲੋਗੋ ਲਗਾਇਆ ਹੈ। ਆਨੰਦ ਮਹਿੰਦਰਾ ਨੇ ਨਵੇਂ ਲੋਗੋ ਦੇ ਲਾਂਚ ਦੇ ਸੰਬੰਧ ਵਿਚ ਇੱਕ ਫਿਲਮ ਵੀ ਸਾਂਝੀ ਕੀਤੀ ਹੈ। ਇਸ ਫਿਲਮ ਵਿਚ ਲੋਕਾਂ ਨੂੰ ਵੱਖ -ਵੱਖ ਥਾਵਾਂ ਤੇ ਦਰਸਾਇਆ ਗਿਆ ਹੈ। ਇਸ ਵਿਚ ਪਹਾੜ, ਰੇਗਿਸਤਾਨ, ਬਰਫ਼ ਨਾਲ ਢਕੇ ਹਿਮਾਲਿਆ ਤੋਂ ਲੈ ਕੇ ਸੰਘਣੇ ਜੰਗਲ ਵੀ ਸ਼ਾਮਲ ਹਨ।ਮਹਿੰਦਰਾ ਐਂਡ ਮਹਿੰਦਰਾ ਦੀ ਬਹੁ-ਆਕਰਸ਼ਿਤ SUV XUV700 14 ਅਗਸਤ ਨੂੰ ਲਾਂਚ ਕੀਤੀ ਜਾਵੇਗੀ। ਆਨੰਦ ਮਹਿੰਦਰਾ ਨੇ ਇੱਕ ਵੀਡੀਓ ਸ਼ੇਅਰ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਆਨੰਦ ਮਹਿੰਦਰਾ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, “ਜ਼ਿਆਦਾ ਇੰਤਜ਼ਾਰ ਨਹੀਂ ਕਰਨਾ ਹੈ” ਇਸ ਵੀਡੀਓ ਵਿਚ XUV700 ਦੀ ਝਲਕ ਦੇ ਨਾਲ ਲਾਂਚਿੰਗ ਦੀ ਤਾਰੀਖ ਅਤੇ ਸਮੇਂ ਦੀ ਜਾਣਕਾਰੀ ਵੀ ਦਿੱਤੀ ਗਈ ਹੈ।
ਮਹਿੰਦਰਾ ਐਂਡ ਮਹਿੰਦਰਾ ਵਿੱਤੀ ਸਾਲ 21 ਵਿਚ ਵਾਹਨਾਂ ਦੀ ਵਿਕਰੀ ਦੇ ਮਾਮਲੇ ਵਿਚ ਦੇਸ਼ ਦੀ ਚੌਥੀ ਸਭ ਤੋਂ ਵੱਡੀ ਵਾਹਨ ਨਿਰਮਾਤਾ ਕੰਪਨੀ ਰਹੀ ਹੈ। ਘਰੇਲੂ ਵਾਹਨ ਬਾਜ਼ਾਰ ‘ਚ ਮਹਿੰਦਰਾ ਐਂਡ ਮਹਿੰਦਰਾ ਦੀ ਹਿੱਸੇਦਾਰੀ 14.66 ਫੀਸਦੀ ਹੈ। ਮਾਰੂਤੀ ਸੁਜ਼ੂਕੀ 21.60 ਫੀਸਦੀ ਦੀ ਮਾਰਕਿੱਟ ਹਿੱਸੇਦਾਰੀ ਦੇ ਨਾਲ ਸਿਖ਼ਰ ‘ਤੇ ਰਹੀ ਹੈ। ਹੁੰਡਈ ਮੋਟਰਜ਼ 20.19 ਫੀਸਦੀ ਸ਼ੇਅਰ ਨਾਲ ਦੂਜੇ ਅਤੇ ਕੀਆ ਮੋਟਰਜ਼ 14.68 ਫੀਸਦੀ ਸ਼ੇਅਰ ਦੇ ਨਾਲ ਤੀਜੇ ਸਥਾਨ ‘ਤੇ ਹੈ। ਟਾਟਾ ਮੋਟਰਜ਼ 8.15 ਫੀਸਦੀ ਹਿੱਸੇਦਾਰੀ ਨਾਲ ਪਹਿਲੇ ਅਤੇ ਪੰਜਵੇਂ ਸਥਾਨ ‘ਤੇ ਰਹੀ ਹੈ।