
ਕਿੰਨੌਰ : ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਜ਼ਿਲ੍ਹੇ ‘ਚ ਬੁੱਧਵਾਰ ਨੂੰ ਵੱਡਾ ਹਾਦਸਾ ਵਾਪਰਿਆ | ਸ਼ਿਮਲਾ-ਕਿੰਨੌਰ ਰਾਸ਼ਟਰੀ ਰਾਜਮਾਰਗ-5 ‘ਤੇ ਨਿਗੋਸਾਰੀ ਅਤੇ ਜੂਰੀ ਰੋਡ ਤੇ ਚੌਰਾ ਵਿਚਕਾਰ ਅਚਾਨਕ ਜ਼ਮੀਨ ਖਿਸਕਣ ਨਾਲ ਇਕ ਬੱਸ ਅਤੇ 6 ਹੋਰ ਵਾਹਨ ਇਸ ਦੀ ਲਪੇਟ ‘ਚ ਆ ਗਏ | ਬੱਸ ਹਰਿਦੁਆਰ ਜਾ ਰਹੀ ਸੀ ਜਿਸ ਵਿਚ 30 ਤੋਂ 35 ਦੇ ਕਰੀਬ ਯਾਤਰੀ ਸਵਾਰ ਸਨ | ਇਸ ਹਾਦਸੇ ‘ਚ 13 ਲੋਕਾਂ ਦੀ ਮੌਤ ਹੋ ਗਈ ਹੈ ਅਤੇ 40 ਤੋਂ ਵੱਧ ਲੋਕਾਂ ਦੇ ਮਲਬੇ ਹੇਠ ਦੱਬੇ ਹੋਣ ਦਾ ਖਦਸ਼ਾ ਹੈ ਜਦੋਂਕਿ 14 ਲੋਕਾਂ ਨੂੰ ਬਚਾ ਲਿਆ ਗਿਆ ਹੈ | ਰਾਜ ਆਫ਼ਤ ਪ੍ਰਬੰਧਨ ਫ਼ੋਰਸ ਦੇ ਡਾਇਰੈਕਟਰ ਕੁਮਾਰ ਮੋਖਤਾ ਨੇ ਦਸਿਆ ਕਿ ਬਚਾਅ ਮੁਹਿੰਮ ਦੇ ਸ਼ੁਰੂਆਤੀ ਘੰਟਿਆਂ ‘ਚ ਘੱਟੋ-ਘੱਟੋ 14 ਲੋਕਾ ਨੂੰ ਜ਼ਖ਼ਮੀ ਹਾਲਤ ‘ਚ ਮਲਬੇ ‘ਚੋਂ ਕਢਿਆ ਗਿਆ ਅਤੇ ਨੇੜੇ ਦੇ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ | ਨਾਲ ਹੀ ਦਸਿਆ ਕਿ 13 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ | ਅਧਿਕਾਰੀਆਂ ਨੇ ਦਸਿਆ ਕਿ ਜ਼ਮੀਨ ਖਿਸਕਣ ਦਾ ਹਾਦਸਾ ਕਿੰਨੌਰ ਦੇ ਚੌਰਾ ਪਿੰਡ ‘ਚ ਦੁਪਹਿਰ ਵੇਲੇ ਹੋਇਆ | ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਰਾਜ ਵਿਧਾਨ ਸਭਾ ਨੂੰ ਦਸਿਆ ਕਿ ਅਜਿਹੀਆਂ ਖਬਰਾਂ ਹਨ ਕਿ ਮਲਬੇ ਦੇ ਹੇਠਾਂ 50 ਤੋਂ 60 ਲੋਕ ਦਬੇ ਹੋਏ ਹਨ ਪਰ ਸਹੀ ਗਿਣਤੀ ਪਤਾ ਨਹੀਂ ਹੈ |ਉਨ੍ਹਾਂ ਦਸਿਆ ਕਿ ਬੱਸ ਦੇ ਚਾਲਕ ਅਤੇ ਕੰਡਕਟਰ ਨੂੰ ਸੱਟਾਂ ਲੱਗੀਆਂ ਹਨ ਅਤੇ ਉਹ ਇਸ ਸਥਿਤੀ ‘ਚ ਨਹੀਂ ਹਨ ਕਿ ਯਾਤਰੀਆਂ ਦੀ ਸਹੀ-ਸਹੀ ਗਿਣਤੀ ਦੱਸ ਸਕਣ | ਠਾਕੁਰ ਨੇ ਦਸਿਆ ਕਿ ਰਾਸ਼ਟਰੀ ਆਫਤ ਰਿਸਪਾਂਸ ਫੋਰਸ (ਐਨ.ਡੀ.ਆਰ.ਐਫ਼.), ਭਾਰਤ-ਤਿੱਬਤ ਸਰਹੱਦੀ ਪੁਲਿਸ (ਆਈ.ਟੀ.ਬੀ.ਪੀ.), ਕੇਂਦਰੀ ਉਦਯੋਗਿਕ ਸੁਰੱਖਿਆ ਫੋਰਸ (ਸੀ.ਆਈ.ਐਸ.ਐਫ਼.) ਅਤੇ ਸਥਾਨਕ ਪੁਲਿਸ ਰਾਹਤ ਮੁਹਿੰਮ ਲਈ ਮੌਕੇ ‘ਤੇ ਪਹੁੰਚੀ ਹੋਈ ਹੈ | ਉਨ੍ਹਾਂ ਦਸਿਆ ਕਿ ਫ਼ੌਜ ਦੇ ਇਕ ਅਧਿਕਾਰੀ ਨੇ ਵੀ ਉਨ੍ਹਾਂ ਨੂੰ ਮਦਦ ਦੇਣ ਲਈ ਕਿਹਾ ਹੈ |
ਮੁੱਖ ਮੰਤਰੀ ਨੇ ਦਸਿਆ ਕਿ ਬਚਾਅ ਕੰਮ ਲਈ ਹੈਲੀਕਾਪਟਰ ਦੀ ਵੀ ਵਿਵਸਥਾ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਜ਼ਮੀਨ ਖਿਸਕਣ ਦਾ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਇਲਾਕੇ ‘ਚ ਮੀਂਹ ਨਹੀਂ ਪੈ ਰਿਹਾ ਸੀ | ਇਸ ਤੋਂ ਪਹਿਲਾਂ ਕਿੰਨੌਰ ਦੇ ਡਿਪਟੀ ਕਮਿਸ਼ਨਰ ਆਬਿਦ ਹੁਸੈਨ ਸਾਦਿਕ ਨੇ ਦਸਿਆ ਕਿ ਹਿਮਾਚਲ ਪ੍ਰਦੇਸ਼ ਸੜਕ ਟਰਾਂਸਪੋਰਟ ਦੀ ਬੱਸ ਸਮੇਤ ਕਈ ਵਾਹਨ ਜ਼ਮੀਨ ਖਿਸਕਣ ਕਾਰਨ ਮਲਬੇ ਹੇਠ ਦੱਬ ਗਏ | ਮਲਬੇ ਹੇਠ ਦੱਬੀ ਬੱਸ ਹਰਿਦੁਆਰ ਜਾ ਰਹੀ ਸੀ |
ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੁੱਖ ਮੰਤਰੀ ਜੈ ਰਾਮ ਠਾਕੁਰ ਨੂੰ ਫੋਨ ਕਰਕੇ ਹਰ ਸੰਭਵ ਮਦਦ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮ੍ਰਿਤਕਾਂ ਦੇ ਵਾਰਸਾਂ ਨੂੰ ਪ੍ਰਧਾਨ ਮੰਤਰੀ ਕੌਮੀ ਰਾਹਤ ਫੰਡ ਵਿੱਚੋਂ 2-2 ਲੱਖ ਰੁਪਏ ਤੇ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।