
ਪੂਰਬੀ ਤੇ ਪੱਛਮੀ ਪੰਜਾਬ ਦੇ ਵਾਂਗ ਇੱਕ ਤੀਸਰਾ ਪੰਜਾਬ ਵੀ ਹੈ, ਜੋ ਬਾਹਰਲੇ ਦੇਸ਼ਾਂ ਵਿੱਚ ਵੱਸਦਾ ਹੈ, ਜਿੱਥੇ ਪੂਰਬੀ ਤੇ ਪੱਛਮੀ ਪੰਜਾਬ ਦੇ ਪੰਜਾਬੀ ਆਪਸ ਵਿੱਚ ਇਕੱਠੇ ਹੋ ਕੇ ਗੱਲਬਾਤ ਕਰ ਸਕਦੇ ਹਨ, ਜਿੱਥੇ ਪੰਜਾਬੀਆਂ ਨੇ ਹਰ ਖੇਤਰ ਵਿੱਚ ਬਹੁਤ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ – ਪੰਜਾਬੀ ਮਾਂ-ਬੋਲੀ ਤੇ ਸੱਭਿਆਚਾਰ ਨੂੰ ਦਿਲਾਂ ਵਿੱਚ ਵਸਾ ਕੇ ਰੱਖਿਆ ਹੈ। ਪਰ ਫੇਰ ਵੀ ਅਕਸਰ ਉਹ ਮਹਿਸੂਸ ਕਰਦੇ ਹਨ ਕਿ ਉਹਨਾਂ ਦੇ ਬੱਚੇ ਜੋ ਬਾਹਰਲੇ ਦੇਸ਼ਾਂ ਵਿੱਚ ਵੱਡੇ ਹੁੰਦੇ ਹਨ, ਉਹ ਆਪਣੀ ਮਾਂ-ਬੋਲੀ ਤੇ ਵਿਰਸਾ ਕਿਤੇ ਭੁੱਲ ਨਾ ਜਾਣ! ਇਸ ਸੰਬੰਧ ਵਿੱਚ ਸੋਮਵਾਰ 9 ਅਗਸਤ ਨੂੰ, ਅਮਰੀਕਾ ਦੀ ਮੈਸੇਚੁਸੈਟਸ ਸਟੇਟ ਦੇ ਸ਼ਹਿਰ ਕੈਂਬਰਿਜ (ਜਿੱਥੇ ਹਾਰਵਰਡ ਯੂਨੀਵਰਸਿਟੀ ਸਥਿੱਤ ਹੈ) ਦੀ ਸਰਵਜਨਿਕ ਪਾਰਕ ਵਿੱਚ ਪੂਰਬੀ ਤੇ ਪੱਛਮੀ ਪੰਜਾਬ ਤੋਂ ਆਵਾਸ ਕਰਕੇ ਆਏ ਪੰਜਾਬੀਆਂ ਨੇ ਇਕੱਠੇ ਹੋ ਕੇ ਇਸ ਮਸਲੇ ਤੇ ਵਿਚਾਰ-ਚਰਚਾ ਕੀਤੀ ਕਿ ਨਵੀਂ ਪੀੜੀ ਨੂੰ ਕਿਸ ਤਰ੍ਹਾਂ ਪੰਜਾਬੀ ਮਾਂ-ਬੋਲੀ ਤੇ ਸਚਿਆਚਾਰ ਨਾਲ਼ ਜੋੜ ਕੇ ਰੱਖਿਆ ਜਾਵੇ, ਤਾਂ ਜੋ ਉਹ ਆਪਣੇ ਅਮੀਰ-ਵਿਰਸੇ ਨੂੰ ਸਾਂਭ ਸਕਣ। ਸਭ ਇਸ ਗੱਲ ਨਾਲ਼ ਸਹਿਮਤ ਸਨ ਕਿ ਬੱਚਿਆਂ ਨੂੰ ਪੰਜਾਬੀ ਬੋਲਣੀ ਤੇ ਪੜ੍ਹਨੀ ਸਿਖਾਈ ਜਾਵੇ, ਤੇ ਨਾਲ਼ ਨਾਲ਼ ਭੰਗੜਾ ਤੇ ਪੰਜਾਬੀ ਸੰਗੀਤ ਦੀ ਸਿਖਲਾਈ ਵੀ ਦਿੱਤੀ ਜਾਵੇ, ਜਿਸ ਨੂੰ ਸਿੱਖ ਕੇ ਬੱਚੇ ਆਪਣੇ ਸਭਿਆਚਾਰ ‘ਤੇ ਮਾਣ ਮਹਿਸੂਸ ਕਰ ਸਕਣ। ਇਸ ਨਾਲ਼ ਹਰ ਇੱਕ ਪੰਜਾਬੀ, ਧਰਮ, ਜ਼ਾਤ ਆਦਿ ਦੀਆਂ ਹੱਦਾਂ ਤੋਂ ਉੱਪਰ ਉੱਠ ਕੇ, ਸਾਂਝੀਵਾਲਤਾ ਦਾ ਸੁਨੇਹਾ ਮਨ ਵਿੱਚ ਵਸਾ ਕੇ, ਆਪਣੀ ਬੋਲੀ ਤੇ ਵਿਰਸੇ ਨੂੰ ਸਿੱਖ ਤੇ ਸਿੱਖਾ ਸਕੇਗਾ। ਜਿਸ ਨਾਲ਼ ਕੁੱਝ ਨਵੀਆਂ ਆਸਾਂ ਤੇ ਉਮੀਦਾਂ ਵੀ ਪੁੰਗਰ ਸਕਦੀਆਂ ਹਨ। ਪੰਜਾਬੀ ਮਾਂ-ਬੋਲੀ ਤੇ ਵਿਰਸੇ ਨੂੰ ਪਰਦੇਸ ਦੀ ਧਰਤੀ ਜੋ ਦੇਸ ਬਣ ਚੁੱਕੀ ਹੈ, ਵਿੱਚ ਪ੍ਰਫੁੱਲਿਤ ਕੀਤਾ ਜਾ ਸਕਦਾ ਹੈ। ਬਾਹਰਲੀਆਂ ਯੂਨੀਵਰਸਿਟੀਆਂ ਵਿੱਚ ਵੀ ਪੰਜਾਬੀ ਭਾਸ਼ਾ ਪੜ੍ਹਾਈ ਜਾਣ ਦਾ ਸੁਪਨਾ ਸਾਕਾਰ ਹੋ ਸਕਦਾ ਹੈ! ਇਸ ਵਿਚਾਰ-ਚਰਚਾ ਵਿੱਚ ਹਰਦੀਪ ਮਾਨ, ਨੁਜ਼ਹਤ ਸਿਦੀਕੀ, ਜਸਲੀਨ ਕੌਰ, ਪ੍ਰੀਤਪਾਲ ਸਿੰਘ, ਜਸਪਾਲ ਸਿੰਘ, ਜਾਵੇਦ ਅਜ਼ੀਜ਼, ਸਾਦਿਕ ਘੁੰਮਣ, ਮਲਿਕ ਨਜਮੀ, ਹਰਭਜਨ ਸਿੰਘ, ਦਵਿੰਦਰ ਬੇਦੀ, ਸ਼ਹੀਨ ਪੀਰਜ਼ਾਦਾ, ਹਸਨ ਅਸਦ, ਬੰਟੀ ਸਿੰਘ, ਅਮਨਦੀਪ ਸਿੰਘ ਤੇ ਹੋਰ ਮਾਨਯੋਗ ਸੱਜਣਾਂ ਨੇ ਸ਼ਿਰਕਤ ਕੀਤੀ। ਸ਼ਾਮਿਲ ਹੋਏ ਪੰਜਾਬੀਆਂ ਨੇ ਆਪਣੇ ਇਸ ਉੱਦਮ ਨੂੰ ‘ਸਾਂਝਾ ਪੰਜਾਬ’ ਸੰਸਥਾ ਦਾ ਨਾਮ ਦਿੱਤਾ ਤੇ ਹਰ ਮਹੀਨੇ ਮਿਲਣ ਦਾ ਸੰਕਲਪ ਕੀਤਾ।