ਤਾਲਿਬਾਨ ਨੇ ਅਫਗਾਨਿਸਤਾਨ ਦਾ ਸਾਰਾ ਉੱਤਰ-ਪੂਰਬੀ ਭਾਗ ਆਪਣੇ ਕਬਜ਼ੇ ਵਿੱਚ ਲਿਆ

ਕਾਬੁਲ, 12 ਅਗਸਤ- ਤਾਲਿਬਾਨ ਨੇ ਅੱਜ ਅਫ਼ਗਾਨਿਸਤਾਨ ਦੇ ਤਿੰਨ ਹੋਰ ਸੂਬਿਆਂ ਦੀਆਂ ਰਾਜਧਾਨੀਆਂ  ਅਤੇ ਸੈਨਾ ਦੇ ਸਥਾਨਕ ਦਫ਼ਤਰ ’ਤੇ ਕਬਜ਼ਾ ਕਰ ਲਿਆ ਹੈ। ਇਸ ਨਾਲ ਦੇਸ਼ ਦਾ ਸਾਰਾ ਉੱਤਰ-ਪੂਰਬੀ ਭਾਗ ਤਾਲਿਬਾਨ ਦੇ ਕਬਜ਼ੇ ਹੇਠ ਆ ਗਿਆ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਇਸ ਨਾਲ ਅਫ਼ਗਾਨਿਸਤਾਨ ਦਾ ਦੋ-ਤਿਹਾਈ ਹਿੱਸਾ ਤਾਲਿਬਾਨ ਦੇ ਕਬਜ਼ੇ ਹੇਠ ਚਲਾ ਗਿਆ ਹੈ। ਅਮਰੀਕੀ ਸੈਨਿਕਾਂ ਦੀ ਪੂਰਨ ਵਾਪਸੀ ਦੌਰਾਨ ਤਾਲਿਬਾਨ ਦਾ ਇਹ ਕਬਜ਼ਾ ਹੋਇਆ ਹੈ।

ਉੱਤਰ-ਪੂਰਬੀ ਵਿੱਚ ਬਦਖ਼ਸ਼ਾਂ ਤੇ ਬਗਲਾਨ ਸੂਬੇ ਦੀ ਰਾਜਧਾਨੀ ਤੋਂ ਲੈ ਕੇ ਪੱਛਮ ਵਿੱਚ ਫਰਾਹ ਸੂਬੇ ਤੱਕ ਹਿੱਸਾ ਤਾਲਿਬਾਨ ਦੇ ਕਬਜ਼ੇ ਹੇਠ ਚਲਾ ਗਿਆ ਹੈ। ਕੁੰਦੂਜ ਸੂਬੇ ਦਾ ਅਹਿਮ ਟਿਕਾਣਾ ਵੀ ਦੇਸ਼ ਦੇ ਹੱਥੋਂ ਨਿਕਲ ਗਿਆ ਹੈ। ਇਹ ਕਬਜ਼ਾ ਉਸ ਸਮੇਂ ਕੀਤਾ ਗਿਆ ਹੈ, ਜਦੋਂ ਅਫ਼ਗਾਨ ਰਾਸ਼ਟਰਪਤੀ ਅਸ਼ਰਫ਼ ਗਨੀ ਤਾਲਿਬਾਨ ਦੇ ਕਬਜ਼ੇ ਵਾਲੇ ਖੇਤਰ ਬਲਖ ਸੂਬੇ ’ਚ ਗਏ ਹਨ ਤਾਂ ਕਿ ਉੱਤਰ ਵਿੱਚ ਸਥਿਤ ਸਭ ਤੋਂ ਵੱਡੇ ਸੂਬੇ ਨੇੜੇ ਪੁੱਜੇ ਤਾਬਿਲਾਨੀਆਂ ਨੂੰ ਪਿੱਛੇ ਧੱਕਣ ਲਈ ਸਥਾਨਕ ਲੜਾਕੂਆਂ ਦੀ ਮਦਦ ਲਈ ਜਾ ਸਕੇ।

ਫਰਾਹ ਸੂਬੇ ਦੇ ਸੰਸਦ ਮੈਂਬਰ ਹਮਾਯੂੰ ਸ਼ਹੀਦਜ਼ਾਦਾ ਨੇ ਪੁਸ਼ਟੀ ਕੀਤੀ ਕਿ ਫਰਾਹ ਨਾਂ ਨਾਲ ਹੀ ਜਾਣੀ ਜਾਂਦੀ ਸੂਬੇ ਦੀ ਰਾਜਧਾਨੀ ਤਾਲਿਬਾਨ ਦੇ ਕਬਜ਼ੇ ਹੇਠ ਚਲੀ ਗਈ ਹੈ। ਬਦਖ਼ਸ਼ਾਂ ਦੇ ਸੰਸਦ ਮੈਂਬਰ ਹੁਜਾਤੁੱਲ੍ਹਾ ਖੋਰਾਦਮੰਦ ਨੇ ਕਿਹਾ ਕਿ ਤਾਲਿਬਾਨ ਨੇ ਸੂਬੇ ਦੀ ਰਾਜਧਾਨੀ ਫੈਜ਼ਾਬਾਦ ’ਤੇ ਕਬਜ਼ਾ ਕਰ ਲਿਆ ਹੈ।

ਉਧਰ, ਅਮਰੀਕੀ ਸਦਰ ਜੋ ਬਾਇਡਨ ਨੇ ਅਫ਼ਗਾਨਿਸਤਾਨ ਤੋਂ ਸੈਨਿਕਾਂ ਦੀ ਵਾਪਸੀ ਦੇ ਪ੍ਰੋਗਰਾਮ ਵਿੱਚ ਕਿਸੇ ਵੀ ਤਰ੍ਹਾਂ ਦੇ ਬਦਲਾਅ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਅਫ਼ਗਾਨ ਆਗੂਆਂ ਨੂੰ ਹੁਣ ਇੱਕਜੁਟ ਹੋ ਕੇ ਅੱਗੇ ਆਉਣਾ ਪਵੇਗਾ ਤੇ ਆਪਣੇ ਦੇਸ਼ ਲਈ ਲੜਨਾ ਪਵੇਗਾ। -ਰਾਇਟਰਜ਼

ਬੌਕਸ: ਅਮਰੀਕਾ ਨੇ ਤਿੰਨ ਮਹੀਨਿਆਂ ’ਚ ਕਾਬੁਲ ’ਤੇ ਤਾਲਿਬਾਨ ਦਾ ਕਬਜ਼ਾ ਹੋਣ ਦਾ ਖ਼ਦਸ਼ਾ ਜਤਾਇਆ

ਇੱਕ ਅਮਰੀਕੀ ਰੱਖਿਆ ਅਧਿਕਾਰੀ ਨੇ ਅੱਜ ਖ਼ਬਰ ਏਜੰਸੀ ਰਾਇਟਰਜ਼ ਨਾਲ ਗੱਲਬਾਤ ਕਰਦਿਆਂ ਖ਼ਦਸ਼ਾ ਜ਼ਾਹਰ ਕੀਤਾ ਕਿ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ’ਤੇ ਜਲਦ ਹੀ ਤਾਲਿਬਾਨ ਦਾ ਕਬਜ਼ਾ ਹੋ ਸਕਦਾ ਹੈ। ਉਨ੍ਹਾਂ ਆਖਿਆ ਕਿ ਅਮਰੀਕੀ ਫ਼ੌਜ ਦਾ ਅਨੁਮਾਨ ਹੈ ਕਿ ਇੱਕ ਮਹੀਨੇ ਅੰਦਰ ਤਾਲਿਬਾਨ, ਕਾਬੁਲ ਨੂੰ ਵੱਖ ਕਰ ਦੇਵੇਗਾ ਤੇ ਤਿੰਨ ਮਹੀਨਿਆਂ ਅੰਦਰ ਕਾਬੁਲ ’ਤੇ ਤਾਲਿਬਾਨ ਦਾ ਕਬਜ਼ਾ ਹੋ ਸਕਦਾ ਹੈ।

ਸਾਂਝਾ ਕਰੋ

ਪੜ੍ਹੋ

ਨਜ਼ਮ/ਸੁਪਨ ਕਥਾ/ਹੂਬ ਨਾਥ

*ਸੁਪਨ ਕਥਾ* *ਪਤਾ ਨਹੀਂ* *ਜਾਗ ਰਿਹਾ ਹਾਂ* *ਜਾਂ* *ਚੱਲ ਰਿਹਾ...