
ਨਵੀਂ ਦਿੱਲੀ, 11 ਅਗਸਤ- ਤਿੰਨੋਂ ਨਵੇਂ ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ 8 ਮਹੀਨਿਆਂ ਤੋਂ ਵੱਧ ਸਮੇਂ ਤੋਂ ਦਿੱਲੀ ਦੀਆਂ ਹੱਦਾਂ ’ਤੇ ਸੰਘਰਸ਼ ਕਰ ਰਹੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਪਹਿਲਾਂ ਤੋਂ ਐਲਾਨਿਆ ‘ਸੰਘਰਸ਼ੀ ਤੀਆਂ’ ਦਾ ਪ੍ਰੋਗਰਾਮ ਮੁੱਖ ਸਟੇਜ ਤੋਂ ਹੇਠਾਂ ਕੀਤਾ ਗਿਆ ਕਿਉਂਕਿ ਮੋਰਚੇ ਵੱਲੋਂ ਸ਼ਹੀਦ ਹੋਏ ਕਿਸਾਨ ਸਾਥੀਆਂ ਦੇ ਸਨਮਾਨ ਵਿੱਚ ਔਰਤਾਂ ਲਈ ਸੰਘਰਸ਼ੀ ਤੀਆਂ ਸਟੇਜ ਉੱਪਰ ਨਾ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ।
ਕਿਸਾਨ ਆਗੂ ਰਮਿੰਦਰ ਸਿੰਘ ਪਟਿਆਲਾ ਨੇ ਦੱਸਿਆ ਕਿ ਔਰਤਾਂ ਨੇ ਕਾਰਪੋਰੇਟ ਵਿਰੋਧੀ ਬੋਲੀਆਂ ਪਾਈਆਂ ਤੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਉਹ ਸਰਕਾਰ ਦੀ ਅੜੀ ਭੰਨ ਕੇ ਰਹਿਣਗੀਆਂ। ਬੀਬੀਆਂ ਨੇ ਤੀਆਂ ਤੇ ਤੀਜ ਨੂੰ ਰਵਾਇਤੀ ਰੰਗ ਨਾਲੋਂ ਵੱਖਰੇ ਅੰਦਾਜ਼ ਵਿੱਚ ਮਨਾਇਆ। ਉਨ੍ਹਾਂ ਦੱਸਿਆ ਕਿ ਹਰਿਆਣਾ ਤੋਂ ਵੀ ਮੋਰਚੇ ਸ਼ਾਮਲ ਔਰਤਾਂ ਨੇ ਕਿਸਾਨੀ ਘੋਲ ਨੂੰ ਮੁੱਖ ਰੱਖਦਿਆਂ ਕੇਂਦਰ ਸਰਕਾਰ ਨੂੰ ਰਵਾਇਤੀ ਤੀਜ ਦੇ ਗੀਤਾਂ ਰਾਹੀਂ ਨਿਸ਼ਾਨਾ ਬਣਾਇਆ। ਪੰਜਾਬ ਦੀਆਂ ਪ੍ਰਮੁੱਖ ਜਥੇਬੰਦੀਆਂ ਨਾਲ ਮੋਰਚੇ ਵਿੱਚ ਸ਼ਾਮਲ ਔਰਤਾਂ ਨੇ ਤੀਆਂ ਰਾਹੀਂ ਆਪਣਾ ਗੁਬਾਰ ਕੱਢਿਆ। ਉਨ੍ਹਾਂ ਦੱਸਿਆ ਕਿ ਯੂਨੀਅਨਾਂ ਦੇ ਕੈਂਪਾਂ ਵਿੱਚ ਵੀ ਔਰਤਾਂ ਨੇ ਤੀਆਂ ਮਘਾਈਆਂ ਤੇ ਬੋਲੀਆਂ ਪਾਈਆਂ। ਬੀਤੇ ਦਿਨ ਦੀ ਮਹਿਲਾ ਕਿਸਾਨ ਸੰਸਦ ਵਿੱਚ ਸ਼ਾਮਲ ਹੋਣ ਆਈਆਂ ਮਹਿਲਾ ਕਿਸਾਨ ਕਾਰਕੁਨਾਂ ਵਿੱਚੋਂ ਵੀ ਕਈ ਤੀਆਂ ਮਨਾਉਣ ਲਈ ਰੁਕ ਗਈਆਂ ਸਨ।