ਬੋਸਟਨ: ਐਲਨ ਮਸਕ ਨੇ ਅੱਜ ਟਵੀਟ ਕੀਤਾ ਕਿ ਟਵਿੱਟਰ ਉਤੇ ਕੋਈ ਵੀ ਅਜਿਹਾ ਅਕਾਊਂਟ ਜੋ ਕਿਸੇ ਦੂਜੇ ਅਕਾਊਂਟ ਦੀ ਨਕਲ ਹੋਵੇਗਾ (ਪੈਰੋਡੀ ਅਕਾਊਂਟ), ਨੂੰ ਪੱਕੇ ਤੌਰ ਉਤੇ ਬੰਦ ਕਰ ਦਿੱਤਾ ਜਾਵੇਗਾ। ਅਜਿਹੇ ਕਿਸੇ ਅਕਾਊਂਟ ਦੇ ਨਾਲ ਪੈਰੋਡੀ ਲਿਖਿਆ ਹੋਣਾ ਜ਼ਰੂਰੀ ਹੋਵੇਗਾ। ਜ਼ਿਕਰਯੋਗ ਹੈ ਕਿ ਕੁਝ ਮਸ਼ਹੂਰ ਹਸਤੀਆਂ ਨੇ ਆਪਣਾ ਟਵਿੱਟਰ ਡਿਸਪਲੇਅ ਨਾਂ ਬਦਲਿਆ ਸੀ। ਹਾਲਾਂਕਿ ਉਨ੍ਹਾਂ ਆਪਣੇ ਅਕਾਊਂਟ ਦਾ ਨਾਂ ਨਹੀਂ ਬਦਲਿਆ ਸੀ। ਪਲੈਟਫਾਰਮ ਦੇ ਨਵੇਂ ਮਾਲਕ ਮਸਕ ਨੇ ਇਸ ਤਰ੍ਹਾਂ ਕਰ ਕੇ ਟਵੀਟ ਕਰਨ ਵਾਲਿਆਂ ਨੂੰ ਚਿਤਾਵਨੀ ਦਿੱਤੀ ਹੈ। ਮਸਕ ਨੇ ਕਿਹਾ, ‘ਹੁਣ ਤੋਂ ਨਕਲ ਮਾਰਨ ਵਾਲਾ ਕੋਈ ਵੀ ਟਵਿੱਟਰ ਹੈਂਡਲ, ਜਿਸ ’ਤੇ ਪੈਰੋਡੀ ਨਹੀਂ ਲਿਖਿਆ ਹੋਵੇਗਾ, ਨੂੰ ਸਥਾਈ ਤੌਰ ਉਤੇ ਬੰਦ ਕਰ ਦਿੱਤਾ ਜਾਵੇਗਾ। ਇਸ ਲਈ ਹੁਣ ਕੋਈ ਚਿਤਾਵਨੀ ਵੀ ਨਹੀਂ ਦਿੱਤੀ ਜਾਵੇਗੀ। ਬਲਕਿ ਕਿਸੇ ਵੀ ਤਰ੍ਹਾਂ ਦਾ ਨਾਂ ਬਦਲਣ ਉਤੇ ਵੀ ਹੁਣ ਕਾਰਵਾਈ ਹੋਵੇਗੀ, ਬਲੂ ਟਿੱਕ ਆਰਜ਼ੀ ਤੌਰ ’ਤੇ ਖ਼ਤਮ ਹੋ ਜਾਵੇਗਾ।’ ਦੱਸਣਯੋਗ ਹੈ ਕਿ ਹਾਲ ਹੀ ਵਿਚ ਐਲਨ ਨੇ ਬਲੂ ਟਿੱਕ ਬਰਕਰਾਰ ਰੱਖਣ ਲਈ ਪ੍ਰਤੀ ਮਹੀਨਾ ਚਾਰਜ ਲਾਉਣ ਦਾ ਫ਼ੈਸਲਾ ਵੀ ਕੀਤਾ ਹੈ। ਮਸਕ ਨੇ ਮਗਰੋਂ ਟਵੀਟ ਕਰ ਕੇ ਕਿਹਾ ਕਿ ‘ਟਵਿੱਟਰ ਨੂੰ ਦੁਨੀਆ ਦਾ ਜਾਣਕਾਰੀ ਦਾ ਸਭ ਤੋਂ ਸਟੀਕ ਸਰੋਤ ਬਣਾਉਣ ਦੀ ਲੋੜ ਹੈ। ਇਹੀ ਸਾਡਾ ਮਿਸ਼ਨ ਹੈ।’