
ਚੰਡੀਗੜ੍ਹ, 11 ਅਗਸਤ- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕੁੱਲ ਹਿੰਦ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਨਾਲ ਕਰੀਬ ਇੱਕ ਘੰਟਾ ਮੁਲਾਕਾਤ ਕੀਤੀ। ਮੀਟਿੰਗ ਦੌਰਾਨ ਵਜ਼ਾਰਤੀ ਫੇਰਬਦਲ ਤੇ 18 ਨੁਕਾਤੀ ਏਜੰਡੇ ਦੀ ਪ੍ਰਗਤੀ ’ਤੇ ਫੋਕਸ ਰਿਹਾ। ਅਗਾਮੀ ਪੰਜਾਬ ਚੋਣਾਂ ਤੋਂ ਪਹਿਲਾਂ ਹੋਣ ਵਾਲੇ ਵਜ਼ਾਰਤੀ ਫੇਰਬਦਲ ’ਤੇ ਰਾਜਸੀ ਤੇ ਪ੍ਰਸ਼ਾਸਕੀ ਹਲਕਿਆਂ ਦੀ ਨਜ਼ਰ ਹੈ। ਨਵਜੋਤ ਸਿੱਧੂ ਹੱਥ ਪੰਜਾਬ ਕਾਂਗਰਸ ਦੀ ਕਮਾਨ ਆਉਣ ਮਗਰੋਂ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਪਾਰਟੀ ਪ੍ਰਧਾਨ ਨਾਲ ਇਹ ਪਲੇਠੀ ਮੀਟਿੰਗ ਸੀ। ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਸ਼ਾਮ ਸਮੇਂ ਟਵੀਟ ਕਰਕੇ ਅਮਰਿੰਦਰ ਸਿੰਘ ਦੀ ਸੋਨੀਆ ਗਾਂਧੀ ਨਾਲ ਮੁਲਾਕਾਤ ਨੂੰ ਤਸੱਲੀ ਭਰਪੂਰ ਦੱਸਿਆ ਹੈ। ਉਨ੍ਹਾਂ ਕਿਹਾ ਹੈ ਕਿ ਇਸ ਮਿਲਣੀ ’ਚ ਪੰਜਾਬ ਨਾਲ ਸਬੰਧਤ ਕਈ ਮੁੱਦਿਆਂ ’ਤੇ ਵਿਚਾਰ ਵਟਾਂਦਰਾ ਹੋਇਆ ਹੈ। ਅੱਜ ਮੀਟਿੰਗ ਦੌਰਾਨ ਜਿੱਥੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਪਾਰਟੀ ਪ੍ਰਧਾਨ ਨੂੰ 18 ਨੁਕਾਤੀ ਏਜੰਡੇ ਦੀ ਪ੍ਰਗਤੀ ਤੋਂ ਜਾਣੂ ਕਰਵਾਇਆ, ਉਥੇ ਪੰਜਾਬ ਦੇ ਵਿਰੋਧੀ ਖੇਮੇ ਦੇ ਪੰਜ ਵਜ਼ੀਰਾਂ ਵੱਲੋਂ ਵੀ ਸੋਨੀਆ ਗਾਂਧੀ ਤੋਂ ਸਮਾਂ ਮੰਗੇ ਜਾਣ ਦੀ ਗੱਲ ਵੀ ਚਰਚਾ ’ਚ ਆਈ ਹੈ।
ਸੂਤਰਾਂ ਮੁਤਾਬਕ ਇਹ ਮਝੈਲ ਵਜ਼ੀਰ ਸੋਨੀਆ ਗਾਂਧੀ ਨੂੰ ਮਿਲ ਕੇ 18 ਨੁਕਾਤੀ ਏਜੰਡੇ ਦੀ ਹਕੀਕਤ ਤੋਂ ਵਾਕਫ਼ ਕਰਵਾਉਣਾ ਚਾਹੁੰਦੇ ਹਨ। ਸਿਆਸੀ ਹਲਕੇ ਸ਼ਸ਼ੋਪੰਜ ’ਚ ਹਨ ਕਿ ਇੱਕ ਬੰਨੇ ਮੁੱਖ ਮੰਤਰੀ 18 ਨੁਕਾਤੀ ਏਜੰਡੇ ’ਤੇ ਸਭ ਕੁਝ ਕਰਨ ਦੀ ਗੱਲ ਆਖ ਰਹੇ ਹਨ ਜਦੋਂ ਕਿ ਨਵਜੋਤ ਸਿੱਧੂ ਇਸ ਦੇ ਉਲਟ ਸਥਿਤੀ ਦਿਖਾ ਰਹੇ ਹਨ। ਬੇਸ਼ੱਕ ਪ੍ਰਧਾਨਗੀ ਦੀ ਜ਼ਿੰਮੇਵਾਰੀ ਸੰਭਾਲਣ ਲਈ ਕੀਤੇ ਸਮਾਗਮ ’ਚ ਅਮਰਿੰਦਰ ਤੇ ਨਵਜੋਤ ਸਿੱਧੂ ਦੇ ਏਕੇ ਨੂੰ ਪੇਸ਼ ਕੀਤਾ ਗਿਆ, ਪ੍ਰੰਤੂ ਅੰਦਰੋਂ ਦੋਵੇਂ ਆਗੂਆਂ ’ਚ ਮੁੱਢਲਾ ਤਾਲਮੇਲ ਵੀ ਬੈਠ ਨਹੀਂ ਸਕਿਆ ਹੈ। ਹਾਈਕਮਾਨ ਇਸ ਗੱਲੋਂ ਔਖ ਵਿਚ ਹੈ ਕਿ ਇਸੇ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਅਗਾਮੀ ਚੋਣਾਂ ’ਚ ਕਾਂਗਰਸ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ।
ਮੁੱਖ ਮੰਤਰੀ ਅਮਰਿੰਦਰ ਸਿੰਘ ਅੱਜ ਸਵੇਰੇ ਕਰੀਬ 10 ਵਜੇ ਹੀ ਦਿੱਲੀ ਪਹੁੰਚ ਗਏ ਸਨ, ਜਿੱਥੇ ਉਨ੍ਹਾਂ ਨਾਲ ਪ੍ਰਸ਼ਾਂਤ ਕਿਸ਼ੋਰ ਵੱਲੋਂ ਵੀ ਮੀਟਿੰਗ ਕੀਤੀ ਗਈ ਹੈ। ਸ਼ਾਮ ਵਕਤ ਮੁੱਖ ਮੰਤਰੀ ਅਮਰਿੰਦਰ ਸਿੰਘ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਮਿਲੇ ਅਤੇ ਇਸ ਮੌਕੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਵੀ ਮੌਜੂਦ ਸਨ। ਸੂਤਰ ਦੱਸਦੇ ਹਨ ਕਿ ਮੀਟਿੰਗ ਵਿਚ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਵਜ਼ਾਰਤੀ ਫੇਰਬਦਲ ਲਈ ਹਰੀ ਝੰਡੀ ਮੰਗੀ ਅਤੇ ਸੰਭਾਵੀ ਚਿਹਰਿਆਂ ਨੂੰ ਸੋਨੀਆ ਗਾਂਧੀ ਕੋਲ ਰਾਜਸੀ ਕੱਦਾਵਾਰ ਬਣਾ ਕੇ ਪੇਸ਼ ਕੀਤਾ ਗਿਆ। ਮੁੱਖ ਮੰਤਰੀ ਨੇ ਸੋਨੀਆ ਗਾਂਧੀ ਨੂੰ ਨਵੇਂ ਪ੍ਰਧਾਨ ਨਵਜੋਤ ਸਿੱਧੂ ਵੱਲੋਂ ਪੰਜਾਬ ਸਰਕਾਰ ’ਤੇ ਕੀਤੇ ਜਾ ਰਹੇ ਹਮਲਿਆਂ ਤੋਂ ਵੀ ਜਾਣੂ ਕਰਵਾਇਆ ਹੈ। ਸੂਤਰ ਦੱਸਦੇ ਹਨ ਕਿ ਮੀਟਿੰਗ ’ਚ ਅਗਲੀਆਂ ਚੋਣਾਂ ਦੇ ਮੱਦੇਨਜ਼ਰ ਚੋਣ ਪ੍ਰਚਾਰ ਕਮੇਟੀ, ਚੋਣ ਕਮੇਟੀ ਤੇ ਜਥੇਬੰਦਕ ਢਾਂਚੇ ਬਾਰੇ ਵੀ ਮਸ਼ਵਰਾ ਹੋਇਆ ਹੈ। ਚਰਚੇ ਹਨ ਕਿ ਸੋਨੀਆ ਗਾਂਧੀ ਨੇ ਮੁੱਖ ਮੰਤਰੀ ਨੂੰ 18 ਨੁਕਾਤੀ ਏਜੰਡੇ ਨੂੰ ਮੁਕੰਮਲ ਰੂਪ ਵਿਚ ਲਾਗੂ ਕਰਨ ਦੀ ਹਦਾਇਤ ਕੀਤੀ ਹੈ।