ਨਵੀਂ ਦਿੱਲੀ, 3 ਨਵੰਬਰ- ਭਾਰਤ ਨੇ ਅੱਜ ਇਕ ਅਹਿਮ ਕਦਮ ਉਠਾਉਂਦਿਆਂ ਉੜੀਸਾ ਤੱਟ ਤੋਂ ਦੂਜੇ ਗੇੜ ਦੀ ਬੈਲਿਸਟਿਕ ਮਿਜ਼ਾਈਲ ਰੱਖਿਆ ਇੰਟਰਸੈਪਟਰ ਏਡੀ-1 ਮਿਜ਼ਾਈਲ ਦੀ ਪਹਿਲੀ ਉਡਾਣ ਦਾ ਸਫਲ ਪਰੀਖਣ ਕੀਤਾ। ਇਹ ਮਿਜ਼ਾਈਲ ਵੱਖ-ਵੱਖ ਤਰ੍ਹਾਂ ਦੇ ਟੀਚਿਆਂ ਨੂੰ ਨਿਸ਼ਾਨਾ ਬਣਾਉਣ ਦੇ ਸਮਰੱਥ ਹੈ। ਰੱਖਿਆ ਮੰਤਰਾਲੇ ਨੇ ਕਿਹਾ ਕਿ ਵੱਖ-ਵੱਖ ਥਾਵਾਂ ’ਤੇ ਸਥਿਤ ਸਾਰੀ ਬੈਲਿਸਟਿਕ ਮਿਜ਼ਾਈਲ ਰੱਖਿਆ (ਬੀਐੱਮਡੀ) ਹਥਿਆਰ ਪ੍ਰਣਾਲੀ ਦੀ ਹਿੱਸੇਦਾਰੀ ਨਾਲ ਏਡੀ-1 ਮਿਜ਼ਾਈਲ ਦਾ ਪਰੀਖਣ ਕੀਤਾ ਗਿਆ। ਮੰਤਰਾਲੇ ਨੇ ਕਿਹਾ, ‘‘ਇਹ ਉਡਾਣ ਪਰੀਖਣ ਉੜੀਸਾ ਦੇ ਤੱਟ ’ਤੇ ਏਪੀਜੇ ਅਬਦੁਲ ਕਲਾਮ ਦੀਪ ਤੋਂ ਕੀਤਾ ਗਿਆ।’’ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮਿਜ਼ਾਈਲ ਨੂੰ ਐਡਵਾਂਸ ਤਕਨੀਕਾਂ ਵਾਲਾ ਨਿਵੇਕਲਾ ਇੰਟਰਸੈਪਟਰ ਦੱਸਿਆ ਜੋ ਦੁਨੀਆਂ ਵਿੱਚ ਬਹੁਤ ਘੱਟ ਦੇਸ਼ਾਂ ਕੋਲ ਹੈ। ਮੰਤਰਾਲੇ ਨੇ ਇਕ ਬਿਆਨ ਵਿੱਚ ਕਿਹਾ ਕਿ ਏਡੀ-1 ਇਕ ਲੰਬੀ ਦੂਰੀ ਦੀ ਇੰਟਰਸੈਪਟਰ ਮਿਜ਼ਾਈਲ ਹੈ ਜਿਸ ਨੂੰ ਲੰਬੀ ਦੂਰੀ ਦੀ ਬੈਲਿਸਟਿਕ ਮਿਜ਼ਾਈਲ ਦੇ ਨਾਲ-ਨਾਲ ਜਹਾਜ਼ਾਂ ਨੂੰ ਰੋਕਣ ਲਈ ਡਿਜ਼ਾਈਨ ਕੀਤਾ ਗਿਆ ਹੈ।