
ਏਡੀਸੀ ਨੇ ਲੋਕਾਂ ਨੂੰ ਸਫ਼ਾਈ ਮੁਹਿੰਮ ਵਿੱਚ ਵੱਧ ਚੜ੍ਹ ਕੇ ਅੱਗੇ ਆਉਣ ਦੀ ਕੀਤੀ ਅਪੀਲ
ਗੁਰਜੰਟ ਸਿੰਘ ਬਾਜੇਵਾਲੀਆ
ਮਾਨਸਾ, 09 ਅਗਸਤ:ਮਾਨਸਾ ਸ਼ਹਿਰ ਦੀ ਦਿੱਖ ਨੂੰ ਖੂਬਸੂਰਤ ਬਣਾਉਣ ਦੀ ਮੁਹਿੰਮ ਦੇ ਦੂਜੇ ਹਫ਼ਤੇ ਅੱਜ ਸ਼ਹਿਰ ਦੇ ਵਾਰਡ ਨੰਬਰ 5 ਵਿੱਚ ਸਫਾਈ ਮੁਹਿੰਮ ਚਲਾਈ ਗਈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ. ਉਪਕਾਰ ਸਿੰਘ ਨੇ ਕਿਹਾ ਕਿ ਅੱਜ ‘ਘਰੇਲੂ ਹਾਨੀਕਾਰਕ ਕਚਰੇ ਸੇ ਆਜ਼ਾਦੀ’ ਵਿਸ਼ੇ ਤਹਿਤ ਸਫ਼ਾਈ ਮੁਹਿੰਮ ਨੂੰ ਅੰਜਾਮ ਦਿੱਤਾ ਗਿਆ ਅਤੇ ਵਾਰਡ ਨਿਵਾਸੀਆਂ ਨੂੰ ਲਗਾਤਾਰ ਸਾਫ਼ ਸਫ਼ਾਈ ਲਈ ਪ੍ਰੇਰਿਤ ਕੀਤਾ ਗਿਆ।
ਮਾਨਸਾ ਦੀ 3ਡੀ ਸੁਸਾਇਟੀ ਤੇ ਨਗਰ ਕੌਂਸਲ ਦੇ ਸਾਂਝੇ ਉਪਰਾਲੇ ਸਦਕਾ 1 ਅਗਸਤ ਤੋਂ ਆਰੰਭ ਹੋਈ ਮੁਹਿੰਮ ਵਿੱਚ ਲੋਕਾਂ ਨੂੰ ਵਧ ਚੜ੍ਹ ਕੇ ਅੱਗੇ ਆਉਣ ਦੀ ਅਪੀਲ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਸ. ਉਪਕਾਰ ਸਿੰਘ ਨੇ ਕਿਹਾ ਕਿ ਆਪਣੇ ਇਲਾਕੇ ਦੀ ਸਾਫ਼ ਸਫ਼ਾਈ ਲਈ ਹਰੇਕ ਵਿਅਕਤੀ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੂੜਾ ਥਾਂ-ਥਾਂ ’ਤੇ ਨਹੀਂ ਸੁੱਟਣਾ ਚਾਹੀਦਾ ਅਤੇ ਜੋ ਸਫ਼ਾਈ ਸੇਵਕ ਕੂੜਾ-ਕਚਰਾ ਲੈਣ ਲਈ ਆਉਂਦੇ ਹਨ ਉਨ੍ਹਾਂ ਨੂੰ ਹੀ ਕੂੜਾ-ਕਚਰਾ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਆਪਣਾ ਆਲਾ-ਦੁਆਲਾ ਸਾਫ਼-ਸੁੱਥਰਾ ਰੱਖਣਾ ਹਰੇਕ ਨਾਗਰਿਕ ਦਾ ਨੈਤਿਕ ਫਰਜ਼ ਹੈ।
ਉਨ੍ਹਾਂ ਕਿਹਾ ਕਿ ਹਰ ਐਤਵਾਰ ਅਜਿਹੀ ਵਿਸ਼ੇਸ਼ ਮੁਹਿੰਮ ਚਲਾ ਕੇ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਵਾਰਡ ਕੌਂਸਲਰਾਂ ਤੇ ਹੋਰ ਪਤਵੰਤਿਆਂ ਨੂੰ ਹੱਥੀਂ ਸਫਾਈ ਕਰਨ ਲਈ ਪ੍ਰੇਰਿਆ ਜਾਵੇਗਾ ਤਾਂ ਜੋ ਆਪਣੇ ਜ਼ਿਲ੍ਹੇ, ਸ਼ਹਿਰ ਅਤੇ ਵਾਰਡ ਨੂੰ ਸੁੰਦਰ ਦਿੱਖ ਦੇਣ ਵਿੱਚ ਹਰੇਕ ਵਿਅਕਤੀ ਆਪਣਾ ਬਣਦਾ ਯੋਗਦਾਨ ਪਾਵੇ।
ਸ. ਉਪਕਾਰ ਸਿੰਘ ਨੇ ਦੱਸਿਆ ਕਿ ਸਰਕਾਰ ਦੁਆਰਾ ‘ਸਵੱਛਤਾ ਸੰਕਲਪ ਦੇਸ਼ ਕਾ ਹਰ ਰਵੀਵਾਰ ਵਿਸ਼ੇਸ਼ ਸਾ’ ਦੇ ਨਾਅਰੇ ਹੇਠ ਲੜੀਵਾਰ ਸਫ਼ਾਈ ਅਭਿਆਨ ਦਾ ਸੱਦਾ ਦਿੱਤਾ ਗਿਆ ਹੈ ਜਿਸ ਤਹਿਤ ਬਜ਼ਾਰਾਂ ਅਤੇ ਘਰਾਂ ਵਿੱਚ ਫੈਲੇ ਨੁਕਸਾਨਦਾਇਕ ਕੂੜਾ ਕਰਕਟ, ਪਲਾਸਟਿਕ ਕਚਰੇ, ਜਨਤਕ ਸਥਾਨਾਂ ’ਤੇ ਥੁੱਕਣ ਆਦਿ ਦੀ ਰੋਕਥਾਮ ਲਈ ਜਾਗਰੂਕਤਾ ਪੈਦਾ ਕੀਤੀ ਜਾਵੇਗੀ ਉਥੇ ਹੀ ਪ੍ਰਸ਼ਾਸਨ ਵੱਲੋਂ ਜਨਤਾ ਦੇ ਸਹਿਯੋਗ ਨਾਲ ਵਿਸ਼ੇਸ਼ ਸਫ਼ਾਈ ਅਭਿਆਨ ਨੂੰ ਜਾਰੀ ਰੱਖਿਆ ਜਾਵੇਗਾ।
ਇਸ ਮੌਕੇ ਪ੍ਰਧਾਨ ਨਗਰ ਕੌਂਸਲ ਮਾਨਸਾ ਜਸਵੀਰ ਕੌਰ, ਉਪ ਪ੍ਰਧਾਨ ਪਵਨ ਕੁਮਾਰ, ਕੁਲਵਿੰਦਰ ਕੌਰ ਮਹਿਤਾ, ਰਿੰਪਲ ਰਾਣੀ, ਰੇਖਾ ਰਾਣੀ, ਕੰਚਨ ਸੇਠੀ, ਕਮਲੇਸ਼ ਰਾਣੀ, ਅਜੇ ਪਰੋਚਾ, ਦਵਿੰਦਰ ਕੁਮਾਰ, ਰਾਮਪਾਲ (ਸਾਰੇ ਕੌਂਸਲਰ) ਅਤੇ ਸਕੱਤਰ 3 ਡੀ ਸੋਸਾਇਟੀ ਸ਼੍ਰੀ ਜਸਵਿੰਦਰ ਸਿੰਘ, ਗੁਰਪ੍ਰੀਤ ਸਿੰਘ ਮੋਨੀ ਅਤੇ ਸ਼ਤੀਸ਼ ਮਹਿਤਾ ਤੋਂ ਇਲਾਵਾ ਸਫ਼ਾਈ ਸੇਵਕ ਅਤੇ ਹੋਰ ਮੋਹਤਵਰ ਵਿਅਕਤੀ ਮੌਜੂਦ ਸਨ।