ਮਿੰਨੀ ਕਹਾਣੀਆਂ / ਗੁਰਮੀਤ ਸਿੰਘ ਪਲਾਹੀ

(1). ਵਸੀਅਤ ਨਾਮਾ

ਮੈਂ ਲਾਭਾ ਪੁੱਤਰ ਸ਼ੇਰਾ (ਲੱਭੂ ਦਿਆਂ ਦਾ) ਸਕਨਾਂ ਕਾਨਾ ਜੱਟਾਂ, ਤਹਿਸੀਲ ਫਿਲੌਰ, ਜਿਲ੍ਹਾ ਜਲੰਧਰ, ਆਪਣੇ ਹੋਸ਼ ਹਵਾਸ ਕਾਇਮ ਰੱਖਦਾ ਹੋਇਆ ਵਸੀਅਤ ਕਰ ਰਿਹਾ ਹਾਂ ਤਾਂ ਕਿ ਮੇਰੀ ਮੌਤ ਤੋਂ ਬਾਅਦ ਕਿਸੇ ਕਿਸਮ ਦਾ ਝਗੜਾ ਝਾਉਲਾ ਨਾ ਰਹੇ:-

ਵੱਡੇ ਪੁੱਤ ਮਸੰਦੇ ਨੂੰ (ਇਹ ਮੇਰਾ ਪਲੇਠੀ ਦਾ ਪੁੱਤ ਹੈ):-

ਕੰਗਾਲੀ+ ਲੁੰਡੀ ਪੂਛ ਵਾਲਾ ਝੋਟਾ, ਟੁੱਟੇ ਹੋਏ ਰੱਸੇ ਅਤੇ ਮੋਹੜੀ ਸਮੇਤ।

ਵਿਚਕਾਰਲੇ ਪੁੱਤ ਮੁਕੰਦੇ ਨੂੰ:-

ਕਰਜ਼ਾ+ ਇੱਕ ਢਾਰਾ, (ਜਿਹਦੇ ਤੇ ਕੋਈ ਛੱਤ ਨਹੀਂ)+ ਟਾਹਲੀ ਦਾ ਇੱਕ ਖੂੰਡਾ, ਖੁੰਗਿਆਂ ਸਮੇਤ + ਸ਼ਰਾਬ ਦੇ ਦੋ ਘੁੱਟ, ਜਿਹੜੇ ਪਿਛਲੇ ਸਾਲ ਮੈਂ ਆਪਣੇ ਯਾਰ ਤੋਂ ਉਧਾਰੇ ਲਏ ਸਨ।

ਛੋਟੇ ਪੁੱਤ ਸ਼ਿੰਦੇ ਨੂੰ (ਇਹ ਮੇਰਾ ਲਾਡਲਾ ਪੁੱਤ ਹੈ):-

ਨੀਲੀ ਛਤਰੀ ਦਾ ਸਾਇਆ (ਹੋਰ ਕੁਝ ਬਚਿਆ ਹੀ ਨਹੀਂ)

ਧੀ ਪ੍ਰੀਤੋ ਨੂੰ:-

ਦੁੱਖ, ਝੋਰੇ, ਮੁਸੀਬਤਾਂ, ਆਸਾਂ (ਸੁਪਨਿਆਂ ਦੇ ਕਤਲ ਸਮੇਤ)

 

ਸਹੀ/ਗਵਾਹ                                                                          ਸਹੀ/ਬਕਲਮ ਖੁੱਦ

ਨੱਥਾ ਸਿੰਘ ਨੰਬਰਦਾਰ                                                             ਲਾਭਾ ਪੁੱਤਰ ਸ਼ੋਰਾ

ਕਾਨਾ ਜੱਟਾਂ                                                                        ਪਿੰਡ ਸਕਨਾ ਕਾਨਾ ਜੱਟਾਂ

ਤਾਰੀਖ                                                                                 ਸਹੀ/ ਗਵਾਹ

ਬੂਝਾ ਪੁੱਤਰ ਢੇਰੂ ਸਕਨਾ ਕਾਨਾ ਜੱਟਾਂ

(2). ਰੋਟੀ ਅਤੇ ਬੱਚੇ

ਉਸ ਰਾਤ ਅੰਤਾਂ ਦਾ ਝੱਖੜ ਝੁਲਿਆ, ਮੀਂਹ ਪਿਆ ਤੇ ਫਿਰ ਹੜ੍ਹ ਆ ਗਿਆ।

ਉਹ ਮਾਸਟਰ ਹੈ। ਇੱਕ ਪਤਨੀ ਤੇ ਤਿੰਨ ਬੱਚੇ ਕੁਲ ਮਿਲਾਕੇ ਉਹ ਪੰਜ ਜੀਅ ਹਨ। ਇੱਕ ਬੈਠਕ ਤੇ ਇੱਕ ਰਸੋਈ ਉਨ੍ਹਾਂ ਕਿਰਾਏ ਤੇ ਲਈ ਹੋਈ ਹੈ। ਸਾਰੇ ਉਸ ਰਾਤ, ਉਸੇ ਬੈਠਕ ਵਿੱਚ ਸੁੱਤੇ ਪਏ ਸਨ।

ਰਾਤ ਨੂੰ ਸੁਤਿਆਂ, ਉਨ੍ਹਾਂ ਦੀ ਬੈਠਕ ਦੇ ਨਾਲ ਲੱਗਦੀ ਰਸੋਈ ਪਾਣੀ ਨਾਲ ਭਰ ਗਈ। ਅਚਾਨਕ ਮਾਸਟਰ ਰਾਤੀਂ ਗੁੱਸਲ ਕਰਨ ਉਠਿਆ। ਪਹਿਲਾਂ ਪੈਰ ਮੰਜੇ ਤੋਂ ਥੱਲੇ ਪਾਉਂਦੇ ਸਾਰ ਉਹਨੂੰ ਲੱਗਾ ਜਿਵੇਂ ਉਹਨੂੰ ਕੋਈ ਦਰਿਆ ‘ਚ ਸੁੱਟ ਗਿਆ ਹੋਵੇ। ਦੂਜਾ ਪੈਰ ਥੱਲੇ ਰੱਖਦੇ ਤੇ ਬੱਤੀ ਜਗਾਉਂਦੇ ਉਹ ਅਬੜਵਾਹੇ ਬੋਲਿਆ, ਮੈਂਖਿਆ, ਉਠ, ਇਧਰ ਤੇ ਹੜ੍ਹ ਆ ਗਿਆ, ਆਪਾਂ ਤੇ ਮਾਰੇ ਗਏ। ਰਸੋਈ ਵਲ ਵੇਖ, ਕਿਧਰੇ ਸਭੋ ਕੁਝ ਨਾ ਰੁੜ੍ਹ ਜਾਏ ‘ਤੇ ਘਬਰਾਹਟ ‘ਚ ਬੋਲਦਾ ਬੋਲਦਾ ਉਹ ਰਸੋਈ ‘ਚ ਚਲੇ ਗਿਆ, ‘ਇਥੇ ਤਾਂ ਤੀਹ ਦਿਨਾਂ ਦਾ ਰਾਸ਼ਨ ਵੀ ਪੂਰਾ ਨਹੀਂ ਹੁੰਦਾ।’

ਉਸ ਉਚੀ ਅਵਾਜ਼ ‘ਚ ਕਿਹਾ।

‘ਨਾ ਗੱਲ ਸੁਣੋ, ਜੇ ਬੱਚੇ ਰੁੜ ਗਏ?’ ਤੀਵੀਂ ਘਸਿਆਈ ਅਵਾਜ਼ ‘ਚ ਪੁੱਛਦੀ ਹੈ। ਉਹਦੀ ਅਵਾਜ਼ ਮਾਸਟਰ ਨੇ ਸੁਣੀ ਹੈ, ਉਹ ਚੀਜਾਂ ਚੁੱਕ ਚੁੱਕ  ਪਰ੍ਹੇ ਉਤਾਂਹ ਰੱਖੀ ਜਾ ਰਿਹਾ ਹੈ, ‘ਦਬਾ ਸੱਟ ਕਰ, ਨਿਆਣੇ ਹੋਰ ਬਣ ਜਾਣਗੇ, ਆਟੇ ਖੁਣੋਂ ਤਾਂ ਆਪਾਂ ਭੁੱਖੇ ਮਰ ਜਾਂਗੇ’। ਤੇ ਤੀਵੀਂ ਘਬਰਾਈ ਹੋਈ ਉਠਕੇ ਰਸੋਈ ‘ਚ ਆ ਜਾਂਦੀ ਹੈ।

(3). ਖਾਨਾਪੂਰੀ

ਸਸਤੇ ਭਾਵ ਦੀਆਂ ਚੀਜਾਂ ਨਾ ਮਿਲਣ ਕਾਰਨ ਲੋਕਾਂ ‘ਚ ਹਾਹਾਕਾਰ ਸੀ।ਸ਼ਹਿਰ ਦੇ ਲੋਕਾਂ ਸਰਕਾਰੀ ਦੁਕਾਨ ਦੇ ਸੇਲਜ਼ਮੈਨ ਦੀ ਸ਼ਕਾਇਤ ਕੀਤੀ ਹੈ ਕਿ ਉਹ ਬਲੈਕ ਕਰਦਾ ਹੈ।ਸਸਤੇ ਰੇਟ ‘ਤੇ  ਚੀਜਾਂ ਲੋਕਾਂ ਨੂੰ ਨਹੀਂ ਦੇਂਦਾ। ਇਨਕੁਆਰੀ ਅਫ਼ਸਰ ਨੇ ਅਚਾਨਕ ਛਾਪਾ ਮਾਰਿਆ ਹੈ।

‘ਤੁਹਾਡੇ ਕੋਲ ਸਟਾਕ ‘ਚ ਕਿਹੜੀ ਕਿਹੜੀ ਚੀਜ ਹੈ?’

‘ਦਾਲਾਂ, ਘਿਉ ਅਤੇ ਖੰਡ।’

‘ਕੀ ਤੁਸੀਂ ਕੋਈ ਚੀਜ਼ ਬਲੈਕ ‘ਚ ਵੇਚਦੇ ਹੋ?’

‘ਨਹੀਂ ਜੀ, ਸਵਾਲ ਹੀ ਪੈਦਾ ਨਹੀਂ ਹੁੰਦਾ।’

ਕੀ ਸਟਾਕ ਰਜਿਸਟਰ ਪੂਰਾ ਹੈ?

‘ਜੀ ਹਾਂ।’

‘ਕੀ ਰਾਸ਼ਨ ਕਾਰਡ ‘ਤੇ ਰਾਸ਼ਨ ਦੇਂਦੇ ਹੋ?’

‘ਜੀ ਹਾਂ, ਸਭ ਕੁਝ ਰਾਸ਼ਨ ਕਾਰਡ ‘ਤੇ ਦੇਂਦਾ ਹਾਂ।’

ਇਨਕਵਾਰੀ ਅਫ਼ਸਰ ਨੇ ਦਾਲਾਂ, ਘਿਉ ਤੇ ਖੰਡ ਦਾ ਸਟਾਕ ਰਜਿਸਟਰ ਚੈਕ ਕੀਤਾ ਹੈ। ਚਾਹ ਪਾਣੀ ਛਕਿਆ ਹੈ, ਆਪਣਾ ਹਿੱਸਾ ਲਿਆ ਹੈ ਤੇ ਰਿਪੋਰਟ ‘ਚ ਲਿਖਿਆ, ‘ਕਾਇਦੇ ਕਾਨੂੰਨ ਮੁਤਾਬਕ ਸਾਰੇ ਰਜਿਸਟਰਾਂ ‘ਚ ਹੀ ਖਾਨਾਪੂਰੀ ਕੀਤੀ ਗਈ ਹੈ, ਕੋਈ ਗਬਨ ਨਹੀਂ। ਬਲੈਕ ਕਰਨ ਦੀ ਸ਼ਕਾਇਤ ਨਿਰਾਧਾਰ ਹੈ।’

ਸ਼ਹਿਰ ਦੇ ਲੋਕਾਂ ਫਿਰ ਸ਼ਕਾਇਤ ਕੀਤੀ ਹੈ, ‘ਸੇਲਜ਼ਮੈਨ ਬਲੈਕ ਕਰਦਾ ਹੈ।’

 

(4).  ਵਿਚਾਰਾ ਮਾਸਟਰ

ਅਧਿਆਪਕ ਦਿਵਸ ਵਾਲੇ ਦਿਨ ਇਲਾਕੇ ਦਾ ਜਾਣਿਆ ਪਛਾਣਿਆ ਮਾਸਟਰ ਕਮਲ ਸੜਕ ‘ਤੇ ਮਰਿਆ ਪਿਆ ਮਿਲਿਆ ਹੈ। ਮਾਸਟਰ ਕਮਲ, ਜਿਸਦਾ ਆਪਣਾ ਕੋਈ ਪ੍ਰੀਵਾਰ ਨਹੀਂ ਸੀ, ਸਾਰੀ ਉਮਰ ਲੋਕਾਂ ਦੇ ਬੱਚਿਆਂ ਨੂੰ ਪੜ੍ਹਾਉਂਦਾ ਰਿਹਾ ਸੀ। ਅਧਿਆਪਕ ਦਿਵਸ ਦੇ ਮੌਕੇ ‘ਤੇ ਇਕੱਤਰ ਹੋਏ ਪਤਵੰਤੇ ਸੱਜਣਾਂ ਤੇ ਅਧਿਆਪਕਾਂ ਨੂੰ ਉਸ ਵੇਲੇ ਇਹ ਖਬਰ ਮਿਲੀ ਜਦੋਂ ਸ਼ਹਿਰ ਦੀ ਮਿਉਂਸਪੈਲਟੀ ਦਾ ਪ੍ਰਧਾਨ ਲੈਕਚਰ ਕਰ ਕਿਹਾ ਸੀ, ‘ਅਧਿਆਪਕ ਕੌਮ ਦਾ ਨਿਰਮਾਤਾ ਹੈ, ਪੱਥ ਪ੍ਰਦਰਸ਼ਕ ਹੈ।’ ਭਾਸ਼ਨ ਖਤਮ ਹੁੰਦਿਆ ਹੀ ਮਿਊਂਸਪੈਲਟੀ ਦੇ ਪ੍ਰਧਾਨ ਸਮੇਤ ਦੂਜੇ ਸੱਜਣਾਂ ਦੇ ਕਾਰ ‘ਚ ਬੈਠ ਘਟਨਾ ਵਾਲੀ ਥਾਂ ਪੁਜ ਗਏ। ਵੀਹ ਪੱਚੀ ਅਧਿਆਪਕ ਵੀ ਪੁੱਜ ਚੁੱਕੇ ਸਨ। ਮਾਸਟਰ ਕਮਲ ਨੂੰ ਰਾਤੀਂ ਕੋਈ ਟਰੱਕ ਕੁਚਲਕੇ ਸੁੱਟ ਗਿਆ ਸੀ।

ਮਾਸਟਰ ਕਮਲ ਦੀ ਲਾਸ਼ ਲਾਵਾਰਸ ਹੈ। ਅਧਿਆਪਕਾਂ ਮਾਸਟਰ ਕਮਲ ਦੀ ਅਰਥੀ ਲਈ ਚੰਦਾ ਇਕੱਠਾ ਕਰਕੇ ਅਰਥੀ ਬਣਾਈ ਹੈ। ਅਰਥੀ ਤਿਆਰ ਕੀਤੀ ਜਾ ਰਹੀ ਹੈ। ਪ੍ਰਧਾਨ ਤੇ ਉਹਦੇ ਨਾਲ ਦੇ ਕਾਹਲੇ ਪੈ ਰਹੇ ਹਨ। ਪ੍ਰਧਾਨ, ਤੁਰਨ ਦਾ ਬਹਾਨਾ ਲੱਭਦਾ, ਜੇਬ ‘ਚੋਂ ਰੁਮਾਲ ਕੱਢਕੇ ਅੱਖਾਂ ਪੂੰਝਦਾ ਹੈ, ਪੰਜਾਂ ਦਾ ਨੋਟ ਚੰਦੇ ਲਈ ਮੈਨੂੰ ਫੜਾਉਂਦਾ ਹੈ ਅਤੇ ‘ਵਿਚਾਰੇ ਮਾਸਟਰ’ ਨਾਲ ਬਹੁਤ ਬੁਰਾ ਹੋਇਆ’ ਆਖ ਸਾਥੀਆਂ ਸਮੇਤ ਕਾਰ ’ਤੇ ਬੈਠ ਤੁਰ ਗਿਆ ਹੈ।

ਮੈਂ ਤੁਰੀ ਜਾਂਦੀ ਕਾਰ ਨੂੰ ਵੇਖ ਰਿਹਾ ਹਾਂ ਤੇ ਸੋਚ ਕਿਹਾ ਹਾਂ ਕਿ ਮਾਸਟਰ ਕਮਲ , ਕੌਮ ਦੇ ਨਿਰਮਾਤੇ ਪੱਥ ਪ੍ਰਦਰਸ਼ਕ ਤੋਂ ‘ਵਿਚਾਰਾ ਮਾਸਟਰ’ ਕਿਵੇਂ ਬਣ ਗਿਆ?

 

(5.) ਸਵਰਗ ਨਰਕ

ਕਾਲਜ ਦੀ ਪੜ੍ਹਾਈ ਮੁਕਾ ,ਇਧਰ ਉਧਰ ਘੁੰਮਦਿਆਂ, ਨੌਕਰੀ ਦੀ ਤਲਾਸ਼ ਚ ਫਿਰਦਿਆਂ ਉਹ ਜ਼ਿੰਦਗੀ ਤੋਂ ਤੰਗ ਆ ਗਿਆ ਸੀ। ਫਿਰ ਕੁਝ ਸਮੇਂ ਦਾ ਚੱਕਰ ਅਜਿਹਾ ਬਣਿਆ ਕਿ ਉਹਦੇ ਵਿਆਹ ਦੀਆਂ ਗੱਲਾਂ ਤੁਰੀਆਂ, ਵਲੈਤੋਂ ਰਾਹ ਦਾਰੀ ਆਈ ਤੇ ਉਹ ਲੰਦਨ ਪੁੱਜ ਗਿਆ । ਇਸ ਸਮੇਂ ਦੌਰਾਨ ਉਸਦੇ ਮਨ ਵਿਚ ਬੜੇ ਵਿਚਾਰ ਆਏ ਸਨ,ਲੋਕਾਂ ਤੋਂ ਸੁਣ-ਸੁਣ ਕਈ ਸੁਪਨੇ ਉਲੀਕ ਲਏ ਸਨ। ਕਦੇ-ਕਦਾਈ ਉਸ ਆਪਣੀ ਹੋਣ ਵਾਲੀ ਪਤਨੀ ਦੇ ਬਾਰੇ ਵੀ ਸੋਚਿਆ ਸੀ। ਬਹੁਤੇ ਵਿਸਮਾਦ ‘ਚ ਆ ਉਸ  ਇਕ ਦਿਨ ਆਪਣੇ ਨਿਘੇ ਦੋਸਤ ਨੂੰ ਕਿਹਾ ਸੀ, ‘ਉਥੇ ਤਾਂ ਸੁਰਗ ਹੋਉ ਸੁਰਗ ਕਿਸੇ ਚੀਜ਼ ਦੀ ਘਾਟ ਨਹੀਂ ਰਹਿਣੀ। ਐਥੇ ਤਾਂ ਐਂਵੇ ਪਹਿਲਾਂ ਪੜ੍ਹਾਈ ਕਰਦੇ ਮਰ ਗਏ ਆਂ। ਹੁਣ ਆਹ ਖੇਤੀ ਦੇ ਨਰਕ ‘ਚ ਪੈ ਗਏ ਆਂ, ਚਲ ਖਹਿੜਾ ਛੁਟੂ।’

ਉਹ ਏਅਰ ਪੋਰਟ ਤੇ ਪੁਜਾ। ਉਹਦੀ ਹੋਣ ਵਾਲੀ ਪਤਨੀ, ਆਪਣੇ ਘਰਦਿਆਂ ਸਮੇਤ ਏਅਰ ਪੋਰਟ ਤੇ ਆਈ ਹੋਈ ਸੀ ਪਰ ਉਹ ਭਰ ਨਜ਼ਰ ਉਹਦੇ ਵਲ ਵੇਖ ਵੀ ਨਹੀਂ ਸਕਿਆ। ਵਿਆਹ ਵਾਲੀ ਰਾਤ ਉਹ ਮਨ ਚ ਸੁਪਨੇ ਲਈ ਬੈਠਾ ਸੀ। ਉਹ ਸੋਚ ਰਿਹਾ ਸੀ ਉਹ ਉਹਨੂੰ ਕਿਵੇਂ ਬੁਲਾਏਗਾ, ਕਿਵੇਂ ਗਲ ਕਰੇਗਾ?

ਉਹ ਉਹਦੇ ਨਾਲ ਕਿਹੋ ਜਿਹਾ ਵਰਤੇਗੀ? ਉਹ ਉਹਨੂੰ ਕੀ ਕਹੇਗੀ?

ਉਹ ਕਮਰੇ ‘ਚ ਆਈ ਤੇ ਕਮਰੇ ‘ਚ ਪਏ ਸੋਫੇ ਤੇ ਬੈਠ ਗਈ।ਕਾਫੀ ਸਮਾਂ ਚੁਪ ਰਹੀ। ਉਸ ਸਮਝਿਆ ਉਹ ਸ਼ਰਮਾਂਦੀ ਪਈ ਹੈ। ਉਹ ਜਿਉਂ ਹੀ ਉਹਦੇ ਲਾਗੇ ਬੈਠਣ ਲਗਾ, ਉਹਦੇ ਬੋਲ “ਆਈ ਹੈਵ ਏ ਫਰੈਂਡ ਮਿਸਟਰ, ਆਈ  ਕੈਨ ਨਾਟ ਸ਼ੇਅਰ ਬੈਡ ਵਿਦ ਯੂ, ਗੋ ਐਂਡ ਹੈਵ ਯੁਅਰ ਵੇ” ਸੁਣ ਉਹ ਸੁੰਨ ਹੋ ਗਿਆ। ਉਹਨੂੰ ਜਾਪਿਆ ਜਿਵੇਂ ਕਿਸੇ ਉਹਨੂੰ ਨਰਕ ਚ ਸੁੱਟ ਦਿੱਤਾ ਹੋਏ।

********************

 

-ਗੁਰਮੀਤ ਸਿੰਘ ਪਲਾਹੀ

-9815802070

218 ਗੁਰੂ ਹਰਿਗੋਬਿੰਦ ਨਗਰ, ਫਗਵਾੜਾ।

[email protected]

  

 

 

 

 

ਸਾਂਝਾ ਕਰੋ

ਪੜ੍ਹੋ

ਆਪ ਆਗੂਆਂ ਨੇ ਭਾਜਪਾ ’ਤੇ ਵਾਅਦੇ ਸਮੇਂ

ਨਵੀਂ ਦਿੱਲੀ, 12 ਮਾਰਚ – ਆਪ ਆਗੂ ਰਿਤੁਰਾਜ ਝਾਅ ਨੇ...