ਦੁਨੀਆ ਦਾ ਸਭ ਤੋਂ ਪ੍ਰਸਿੱਧ ਵੈੱਬ ਬ੍ਰਾਊਜ਼ਰ ਰਿਹਾ ਇੰਟਰਨੈੱਟ ਐਕਸਪਲੋਰਰ ਹੁਣ ਬੰਦ ਹੋਣ ਜਾ ਰਿਹਾ ਹੈ। ਮਾਈਕ੍ਰੋਸਾਫਟ ਨੇ ਆਪਣੇ ਇਸ ਸਭ ਤੋਂ ਪੁਰਾਣੇ ਬ੍ਰਾਊਜ਼ਰ ਨੂੰ 15 ਜੂਨ ਤੋਂ ਬੰਦ ਕਰਨ ਦਾ ਐਲਾਨ ਕੀਤਾ ਹੈ, ਯਾਨੀ ਬੁੱਧਵਾਰ ਨੂੰ ਇਹ ਵੈੱਬ ਬ੍ਰਾਊਜ਼ਰ ਖ਼ਤਮ ਹੋ ਜਾਵੇਗਾ।
ਮਾਈਕ੍ਰੋਸਾਫਟ ਨੇ 27 ਸਾਲ ਪਹਿਲਾਂ 1995 ਵਿਚ ਇਸ ਵੈੱਬ ਬ੍ਰਾਊਜ਼ਰ ਨੂੰ ਸ਼ੁਰੂ ਕੀਤਾ ਸੀ। ਕੰਪਨੀ ਨੇ ਇਸ ਨੂੰ ਆਪਣੇ ਕੰਪਿਊਟਰ ਆਪ੍ਰੇਟਿੰਗ ਸਿਸਟਮ ਵਿੰਡੋਜ-95 ਲਈ ਐਡ-ਆਨ ਪੈਕਜ ਦੇ ਰੂਪ ਵਿਚ ਜਾਰੀ ਕੀਤਾ ਸੀ। ਬਾਅਦ ਵਿਚ ਕੰਪਨੀ ਇਸ ਪੈਕਜ ਤਹਿਤ ਇਸ ਬ੍ਰਾਊਜ਼ਰ ਨੂੰ ਮੁਫ਼ਤ ਵਿਚ ਦੇਣ ਲੱਗੀ ਸੀ।
ਨਿਊਜ਼ ਵੈੱਬਸਾਈਟ ਮਸ਼ਾਬਲੇ ਮੁਤਾਬਕ, 15 ਜੂਨ ਤੋਂ ਇੰਟਰਨੈੱਟ ਐਕਸਪਲੋਰਰ ਕੰਮ ਕਰਨਾ ਬੰਦ ਕਰ ਦੇਵੇਗਾ। ਇਕ ਸਮੇਂ ਵਿਚ ਇਸ ਬ੍ਰਾਊਜ਼ਰ ਦਾ ਦੁਨੀਆ ਵਿਚ ਦਬਦਬਾ ਸੀ। ਸਾਲ 2000 ਤੋਂ ਬਾਅਦ ਇਸਦੇ ਖਪਤਕਾਰਾਂ ਦੀ ਗਿਣਤੀ ਤੇਜ਼ੀ ਨਾਲ ਵਧੀ। 2003 ਵਿਚ ਇਸ ਦੀ ਵੈੱਬ ਬ੍ਰਾਊਜ਼ਰ ਮਾਰਕੀਟ ਵਿਚ ਹਿੱਸੇਦਾਰੀ ਲਗਪਗ 95 ਫ਼ੀਸਦੀ ਹੋ ਗਈ ਸੀ ਅਤੇ ਲਗਪਗ ਹਰ ਵਿਅਕਤੀ ਇਸ ਦਾ ਇਸਤੇਮਾਲ ਕਰਦਾ ਸੀ। ਬਾਅਦ ਵਿਚ ਬਾਜ਼ਾਰ ਵਿਚ ਕਈ ਹੋਰ ਬ੍ਰਾਊਜ਼ਰ ਆ ਗਏ। ਉਨ੍ਹਾਂ ਦੇ ਮੁਕਾਬਲੇ ਇੰਟਰਨੈੱਟ ਐਕਸਪਲੋਰਰ ਖ਼ੁਦ ਨੂੰ ਅਪਡੇਟ ਨਹੀਂ ਕਰ ਸਕਿਆ ਅਤੇ ਬਾਜ਼ਾਰ ਵਿਚ ਪੱਛਡ਼ਦਾ ਚਲਾ ਗਿਆ। ਹੌਲੀ-ਹੌਲੀ ਇਹ ਇਕ ਡਿਫਾਲਟ ਬ੍ਰਾਊਜ਼ਰ ਦੇ ਰੂਪ ਵਿਚ ਬਦਲ ਗਿਆ, ਜਿਸ ਦਾ ਇਸਤੇਮਾਲ ਲੋਕ ਦੂਜੇ ਬ੍ਰਾਊਜ਼ਰ ਨੂੰ ਇੰਸਟਾਲ ਕਰਨ ਲਈ ਕਰਨ ਲੱਗੇ।