
ਟੋਕੀਉ: ਅੱਜ ਭਾਰਤੀ ਮੁੱਕੇਬਾਜ਼ ਲਵਲੀਨਾ ਬੋਰਗੋਹੇਨ (69 ਕਿਲੋਗ੍ਰਾਮ) ਨੇ ਚੀਨੀ ਤਾਈਪੇ ਦੀ ਨਿਯੇਨ ਚਿਨ ਚੇਨ ਨੂੰ 4-1 ਨਾਲ ਹਰਾ ਦਿੱਤਾ ਹੈ। ਇਸ ਦੇ ਨਾਲ ਹੀ ਲਵਲੀਨਾ ਸੈਮੀਫਾਈਨਲ ਵਿਚ ਪਹੁੰਚ ਚੁੱਕੀ ਹੈ। ਲਵਲੀਨਾ ਦੇ ਸੈਮੀਫਾਈਨਲ ਵਿਚ ਦਾਖਲ ਹੋਣ ਨਾਲ ਭਾਰਤ ਦਾ ਉਲੰਪਿਕ ਵਿਚ ਇਹ ਹੋਰ ਤਮਗਾ ਪੱਕਾ ਹੋ ਗਿਆ ਹੈ।ਅਸਾਮ ਤੋਂ 23 ਸਾਲਾ ਮੁੱਕੇਬਾਜ਼ 4-1 ਨਾਲ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਹੁਣ ਉਸ ਦਾ ਸਾਹਮਣਾ ਮੌਜੂਦਾ ਵਿਸ਼ਵ ਚੈਂਪੀਅਨ ਤੁਰਕੀ ਦੀ ਬੁਸਾਨੇਜ਼ ਸੁਰਮੇਨੇਲੀ ਨਾਲ ਹੋਵੇਗਾ, ਜਿਸ ਨੇ ਕੁਆਰਟਰ ਫਾਈਨਲ ਵਿਚ ਯੂਕਰੇਨ ਦੀ ਅੰਨਾ ਲਾਇਸੇਨਕੋ ਨੂੰ ਮਾਤ ਦਿੱਤੀ ਸੀ। ਦੋ ਵਾਰ ਦੀ ਵਿਸ਼ਵ ਚੈਂਪੀਅਨਸ਼ਿਪ ਦੀ ਕਾਂਸੀ ਤਮਗਾ ਜੇਤੂ ਲਵਲੀਨਾ ਨੇ ਬਹੁਤ ਜ਼ਿਆਦਾ ਸਬਰ ਦਿਖਾਇਆ ਅਤੇ ਉਸ ਖਿਡਾਰੀ ਨੂੰ ਮਾਤ ਦਿੱਤੀ ਜਿਸ ਤੋਂ ਉਹ ਪਹਿਲਾਂ ਹਾਰ ਚੁੱਕੀ ਹੈ।ਅਸਾਮ ਦੇ ਗੋਲਾਘਾਟ ਜ਼ਿਲ੍ਹੇ ਦੀ ਲਵਲੀਨਾ ਨੇ ਕਿੱਕ ਬਾਕਸਰ ਵਜੋਂ ਸ਼ੁਰੂਆਤ ਕੀਤੀ ਪਰ ਬਾਅਦ ਵਿਚ ਉਸ ਨੂੰ ਸਪੋਰਟਸ ਅਥਾਰਟੀ ਆਫ ਇੰਡੀਆ ਦੇ ਪਦਮ ਬੋਰੋ ਨੇ ਮਾਨਤਾ ਦੇ ਦਿੱਤੀ। ਉਸ ਨੇ ਮੁੱਕੇਬਾਜ਼ੀ ਵਿਚ ਆਪਣੀ ਸ਼ੁਰੂਆਤ ਕੀਤੀ ਅਤੇ 2018 ਵਿਚ ਆਪਣੀ ਪਹਿਲੀ ਵਿਸ਼ਵ ਚੈਂਪੀਅਨਸ਼ਿਪ ਵਿਚ ਕਾਂਸੀ ਦਾ ਤਗਮਾ ਜਿੱਤਿਆ। ਇਸ ਤੋਂ ਪਹਿਲਾਂ ਉਲੰਪਿਕ ਮੁੱਕੇਬਾਜ਼ੀ ਵਿਚ ਵਿਜੇਂਦਰ ਸਿੰਘ (2008) ਅਤੇ ਐਮਸੀ ਮੈਰੀਕਾਮ (2012) ਨੇ ਭਾਰਤ ਲਈ ਕਾਂਸੀ ਦੇ ਤਗਮੇ ਜਿੱਤੇ ਸਨ।
ਵੀਰਵਾਰ ਨੂੰ ਹੋਏ ਮੁਕਾਬਲੇ ‘ਚ ਭਾਰਤ ਦੀ ਚੋਟੀ ਦੀ ਮੁੱਕੇਬਾਜ਼ ਮੈਰੀਕਾਮ ਆਪਣੇ ਮਹੱਤਵਪੂਰਨ ਮੈਚ ਵਿਚ ਹਾਰ ਗਈ ਹੈ।ਮੈਰੀਕਾਮ ਦਾ ਮੈਚ ਕੋਲੰਬੀਆ ਦੀ ਇੰਗ੍ਰਿਟ ਲੋਰੇਨਾ ਵੈਲੈਂਸੀਆ ਨਾਲ ਸੀ, ਇਸ ਮੈਚ ਵਿੱਚ ਮੈਰੀਕਾਮ ਨੂੰ ਵਾਲੈਂਸੀਆ ਨੇ 2-3 ਨਾਲ ਮਾਤ ਦਿੱਤੀ।ਹਰ ਵਾਰ ਦੀ ਤਰ੍ਹਾਂ, ਭਾਰਤ ਮੈਰੀਕਾਮ ਤੋਂ ਤਗਮੇ ਦੀ ਉਮੀਦ ਕਰ ਰਿਹਾ ਸੀ ਅਤੇ ਉਹ ਆਪਣੇ ਪਿਛਲੇ ਮੈਚਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਵੀ ਕਰ ਰਹੀ ਸੀ ਪਰ ਹੁਣ ਉਸ ਦੀ ਹਾਰ ਨਾਲ ਮੈਡਲ ਦੀਆਂ ਉਮੀਦਾਂ ਵੀ ਖਤਮ ਹੋ ਗਈਆਂ ਹਨ।