ਪੰਚਾਇਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਹੜਤਾਲ ਜਾਰੀ, ਕੰਮਕਾਰ ਰਿਹਾ ਠੱਪ

ਐੱਸਏਐੱਸ ਨਗਰ (ਮੁਹਾਲੀ), 28 ਜੁਲਾਈ-  ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਵਿੱਚ ਪਿਛਲੇ ਵੀਹ ਦਿਨਾਂ ਤੋਂ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਚੱਲ ਰਹੀ ਹੜਤਾਲ ਕਾਰਨ ਵਿਭਾਗ ਦਾ ਕੰਮ ਠੱਪ ਹੋ ਕੇ ਰਹਿ ਗਿਆ ਹੈ।

ਪੰਚਾਇਤ ਵਿਭਾਗ ਦੇ ਸਕੱਤਰ, ਗ੍ਰਾਮ ਸੇਵਕ, ਸੁਪਰਡੈਂਟ, ਬੀਡੀਪੀਓ, ਡੀਡੀਪੀਓ, ਸਕੱਤਰ ਜ਼ਿਲ੍ਹਾ ਪਰਿਸ਼ਦ, ਏਡੀਸੀ(ਵਿਕਾਸ), ਡਿਪਟੀ ਡਾਇਰੈਕਟਰ, ਵਧੀਕ ਡਾਇਰੈਕਟਰ ਆਦਿ ਸਮੁੱਚੀਆਂ ਕੈਟਾਗਰੀਆਂ ਦੀ ਹੜਤਾਲ ਕਾਰਨ ਰਾਜ ਵਿੱਚ ਵਿਕਾਸ ਕੰਮ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ। ਪਿੰਡਾਂ ਦੇ ਸਰਪੰਚਾਂ ਵੱਲੋਂ ਮੁੱਖ ਮੰਤਰੀ ਅਤੇ ਪੰਚਾਇਤ ਮੰਤਰੀ ਨੂੰ ਪੰਚਾਇਤੀ ਅਧਿਕਾਰੀਆਂ ਦੀ ਹੜਤਾਲ ਖਤਮ ਕਰਨ ਦੀ ਗੁਹਾਰ ਲਗਾਈ ਜਾ ਰਹੀ ਹੈ।

ਪੰਚਾਇਤ ਵਿਭਾਗ ਦੇ ਅਧਿਕਾਰੀਆਂ ਦੀ ਹੜਤਾਲ ਖਤਮ ਕਰਾਉਣ ਲਈ ਅੱਜ ਮੰਤਰੀਆਂ ਦੇ ਸਮੂਹ ਵਿੱਚ ਸ਼ਾਮਲ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ, ਨਵੇਂ ਬਣੇ ਕਾਰਜਕਾਰੀ ਪ੍ਰਧਾਨ ਕੁਲਜੀਤ ਸਿੰਘ ਨਾਗਰਾ ਅਤੇ ਵਿੱਤ, ਪ੍ਰਸੋਨਲ ਤੇ ਸਿਹਤ ਵਿਭਾਗ ਦੇ ਸਕੱਤਰ ਨੇ ਪੰਚਾਇਤ ਵਿਭਾਗ ਦੇ ਬਲਾਕ ਅਤੇ ਉੱਚ ਅਧਿਕਾਰੀਆਂ ਦੀਆਂ ਐਸੋਸੀਏਸ਼ਨਾਂ ਵੱਲੋਂ ਬਣਾਈ ਸਾਂਝੀ ਐਕਸ਼ਨ ਕਮੇਟੀ ਨਾਲ ਡੇਢ ਘੰਟੇ ਦੇ ਕਰੀਬ ਗੱਲਬਾਤ ਕੀਤੀ। ਪੰਜਾਬ ਭਵਨ ਵਿੱਚ ਹੋਈ ਇਸ ਮੀਟਿੰਗ ਵਿੱਚ ਐਕਸ਼ਨ ਕਮੇਟੀ ਵੱਲੋਂ ਡਿਪਟੀ ਡਾਇਰੈਕਟਰ ਜੇਐੱਸ ਬਰਾੜ, ਡੀਡੀਪੀਓ ਮੁਹਾਲੀ ਸੁਖਚੈਨ ਸਿੰਘ, ਸਾਬਕਾ ਡੀਡੀਪੀਓ ਡੀਐੱਸ ਸਾਲਦੀ, ਬੀਡੀਪੀਓ ਐਸੋਸੀਏਸ਼ਨ ਦੀ ਸੂਬਾ ਪ੍ਰਧਾਨ ਨਵਦੀਪ ਕੌਰ ਅਤੇ ਜ਼ਿਲ੍ਹਾ ਮੁਹਾਲੀ ਦੀ ਪ੍ਰਧਾਨ ਪਰਨੀਤ ਕੌਰ ਸਿੱਧੂ ਸ਼ਾਮਲ ਹੋਏ।

ਮੰਤਰੀਆਂ ਦੇ ਸਮੂਹ ਨੇ ਪੰਚਾਇਤੀ ਅਧਿਕਾਰੀਆਂ ਨੂੰ ਮੁੱਖ ਮੰਤਰੀ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰਾਉਣ ਦੇ ਭਰੋਸੇ ਉੱਤੇ ਹੜਤਾਲ ਖਤਮ ਕਰਕੇ ਕੰਮ ’ਤੇ ਪਰਤਣ ਦੀ ਅਪੀਲ ਕੀਤੀ ਪਰ ਵਿਭਾਗੀ ਅਧਿਕਾਰੀਆਂ ਨੇ 1993 ਤੋਂ 96 ਤੱਕ ਚੱਲਦੇ ਤਨਖਾਹ ਸਕੇਲਾਂ ਅਨੁਸਾਰ ਨਵੇਂ ਸਕੇਲ ਨਿਰਧਾਰਿਤ ਕਰਨ ਅਤੇ ਪੀਏਐੱਮਸੀ ਸਕੀਮ ਨੂੰ ਜਾਰੀ ਰੱਖਣ ਦੀ ਮੰਗ ਪੂਰੀ ਹੋਣ ’ਤੇ ਹੀ ਹੜਤਾਲ ਖਤਮ ਕਰਨ ਦੀ ਗੱਲ ਆਖੀ ਹੈ। ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੇ ਆਪਣੇ ਜ਼ਿਲ੍ਹੇ ਅਤੇ ਮੁੱਖ ਦਫ਼ਤਰ ਵਿੱਚ ਧਰਨੇ ਮੀਂਹ ਦੇ ਬਾਵਜੂਦ ਵੀ ਜਾਰੀ ਰੱਖੇ।

ਸਾਂਝਾ ਕਰੋ

ਪੜ੍ਹੋ

ਨਜ਼ਮ/ਸੁਪਨ ਕਥਾ/ਹੂਬ ਨਾਥ

*ਸੁਪਨ ਕਥਾ* *ਪਤਾ ਨਹੀਂ* *ਜਾਗ ਰਿਹਾ ਹਾਂ* *ਜਾਂ* *ਚੱਲ ਰਿਹਾ...