
ਘਨੌਲੀ : ਸੂਬੇ ਵਿਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਬਿਜਲੀ ਦੀ ਮੰਗ ਘੱਟ ਗਈ ਹੈ। ਪੀਐੱਸਪੀਸੀਐੱਲ ਨੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੋਪੜ ਦੇ ਤਿੰਨ ਯੂਨਿਟ ਬੰਦ ਕਰ ਦਿੱਤੇ ਹਨ। ਥਰਮਲ ਪਲਾਂਟ ਰੋਪੜ ਦੇ ਅਧਿਕਾਰਤ ਸੂਤਰਾਂ ਮੁਤਾਬਕ ਉਥੋਂ ਦੇ ਯੂਨਿਟ ਨੰਬਰ 3, 4 ਤੇ 6 ਨੂੰ ‘ਨੋ ਡਿਮਾਂਡ’ ਕਾਰਨ ਬੰਦ ਕੀਤਾ ਗਿਆ ਹੈ।
ਦਰਅਸਲ, ਪਿਛਲੇ ਦਿਨੀ 20 ਅਤੇ 21 ਜੁਲਾਈ ਨੂੰ ਮੀਂਹ ਪੈਣ ਸਦਕਾ ਅਤੇ ਬਿਜਲੀ ਦੀ ਮੰਗ ਨਾ ਹੋਣ ਕਾਰਨ ਰੋਪੜ ਥਰਮਲ ਪਲਾਂਟ ਦੇ ਯੂਨਿਟ ਜੋ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਵਿਚ ਵਧੀ ਹੋਈ ਬਿਜਲੀ ਦੀ ਮੰਗ ਨੂੰ ਪੂਰਾ ਕਰ ਰਹੇ ਸਨ, ਨੂੰ ਬੰਦ ਕਰ ਦਿੱਤਾ ਗਿਆ ਸੀ। ਇਸ ਪਿੱਛੋਂ ਗਰਮੀ ਵਧਣ ਨਾਲ ਬਿਜਲੀ ਦੀ ਮੰਗ ਵਧਣ ਕਾਰਨ ਅਤੇ ਪਲਾਂਟ ਦੇ ਯੂਨਿਟ ਨੰਬਰ ਛੇ ਨੂੰ 22 ਜੁਲਾਈ ਨੂੰ, ਯੂਨਿਟ ਨੰਬਰ ਚਾਰ ਨੂੰ 23 ਜੁਲਾਈ ਨੂੰ ਅਤੇ ਯੂਨਿਟ ਨੰਬਰ ਤਿੰਨ ਨੂੰ 24 ਜੁਲਾਈ ਨੂੰ ਬਿਜਲੀ ਉਤਪਾਦਨ ਲਈ ਚਲਾਇਆ ਸੀ। ਹੁਣ ਮੌਨਸੂਨ ਆਉਣ ਤੇ ਭਾਰੀ ਮੀਂਹ ਪੈਣ ਪਿੱਛੋਂ ਬਿਜਲੀ ਦੀ ਮੰਗ ਮੁੜ ਘਟੀ ਹੈ। ਇਸ ਲਈ ਯੂਨਿਟ ਨੰਬਰ ਤਿੰਨ ਨੂੰ 27 ਜੁਲਾਈ ਨੂੰ ਰਾਤ 8 ਵਜ ਕੇ 10 ਮਿੰਟ ’ਤੇ ਬੰਦ ਕਰ ਦਿੱਤਾ ਗਿਆ। 28 ਜੁਲਾਈ ਸਵੇਰੇ ਯੂਨਿਟ ਨੰਬਰ ਚਾਰ ਨੂੰ 5 ਵਜ ਕੇ 30 ਮਿੰਟ ਅਤੇ ਯੂਨਿਟ ਨੰਬਰ ਛੇ ਨੂੰ ਦੁਪਹਿਰ 12 ਵਜ ਕੇ 50 ਮਿੰਟ ’ਤੇ ਬੰਦ ਕੀਤਾ ਗਿਆ ਹੈ।