
ਟੋਕੀਉ – ਭਾਰਤੀ ਤੀਰਅੰਦਾਜ਼ ਅਤਨੂ ਦਾਸ ਟੋਕੀਉ ਉਲੰਪਿਕ ਵਿੱਚ ਪੁਰਸ਼ ਸਿੰਗਲਜ਼ ਦੇ ਪ੍ਰੀ ਕੁਆਰਟਰ ਫਾਈਨਲ ਵਿਚ ਪਹੁੰਚ ਗਿਆ ਹੈ। ਉਸ ਨੇ ਇਹ ਕਮਾਲ ਦੋ ਵਾਰ ਦੇ ਓਲੰਪਿਕ ਚੈਂਪੀਅਨ ਕੋਰੀਆ ਦੇ ਤੀਰਅੰਦਾਜ਼ ਨੂੰ ਹਰਾਉਂਦੇ ਹੋਏ ਕੀਤਾ। ਰੈਂਕਿੰਗ ਵਿਚ ਸਭ ਤੋਂ ਉੱਪਰ ਰਹੇ ਕੋਰੀਆਈ ਤੀਰਅੰਦਾਜ਼ ਨੂੰ ਅਤਨੂ ਦਾਸ ਨੇ ਸ਼ੂਟ-ਆਫ ਵਿਚ ਹਰਾਇਆ। ਦੋਵਾਂ ਵਿਚਾਲੇ ਇਕ ਰੋਮਾਂਚਕ ਮੁਕਾਬਲਾ ਦੇਖਣ ਨੂੰ ਮਿਲਿਆ।ਇਸ ਪੂਰੇ ਮੈਚ ਦੌਰਾਨ ਅਤਨੂ ਦਾਸ ਦੀ ਪਤਨੀ ਅਤੇ ਭਾਰਤ ਦੀ ਮਹਿਲਾ ਤੀਰਅੰਦਾਜ਼ ਦੀਪਿਕਾ ਕੁਮਾਰੀ ਲਗਾਤਾਰ ਉਸ ਦਾ ਹੌਂਸਲਾ ਵਧਾਉਂਦੀ ਦਿਖੀ। ਪਤਨੀ ਵੱਲੋਂ ਵਧਾਏ ਹੌਂਸਲੇ ਨੇ ਰੰਗ ਵੀ ਦਿਖਾਇਆ ਅਤੇ ਉਸ ਨੇ ਉਲੰਪਿਕ ਚੈਂਪੀਅਨ ਦੇ ਖਿਲਾਫ਼ ਚੰਗਾ ਪ੍ਰਦਰਸ਼ਨ ਕੀਤਾ। ਇਸ ਤੋਂ ਪਹਿਲਾਂ ਅਤਨੂ ਨੇ ਵੀ ਰਾਊਂਡ-ਆਫ 32 ਦਾ ਮੈਚ ਵੀ ਸ਼ੂਟ ਆਫ਼ ਵਿਚ ਜਿੱਤਿਆ ਸੀ। ਉਸ ਨੇ ਰਾਊਂਡ ਆਫ਼ 32 ਦੇ ਗੇੜ ਵਿੱਚ ਚੀਨੀ ਤਾਈਪੇ ਦੇ ਤੀਰਅੰਦਾਜ਼ ਡੇਂਗ ਯੂ ਚੇਂਗ ਕੋਕੋ ਨੂੰ 6-4 ਨਾਲ ਹਰਾਇਆ। ਇਸ ਮੈਚ ਨੂੰ ਜਿੱਤਣ ਤੋਂ ਬਾਅਦ ਅਤਨੂ ਦੇ ਸਾਹਮਣੇ ਕੋਰੀਆਈ ਤੀਰਅੰਦਾਜ਼ ਹਰਾਉਣ ਲਈ ਇੱਕ ਵੱਡੀ ਚੁਣੌਤੀ ਸੀ, ਜਿਸ ਨੂੰ ਉਹ ਕਾਬੂ ਕਰਨ ਵਿੱਚ ਸਫਲ ਰਿਹਾ।
ਭਾਰਤੀ ਬੈਡਮਿੰਟਨ ਖਿਡਾਰੀ ਪੀਵੀ ਸਿੰਧੂ ਨੇ ਟੋਕੀਉ ਉਲੰਪਿਕ ਵਿਚ ਇਕ ਹੋਰ ਜਿੱਤ ਦਰਜ ਕਰਕੇ ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾਈ ਹੈ। ਸਿੰਧੂ ਨੇ ਅੱਜ ਡੈਨਮਾਰਕ ਦੀ ਮੀਆਂ ਬਲਿਚਫੈਲਟ ਨੂੰ 21-15, 21-13 ਨਾਲ ਹਰਾਇਆ।ਵੂਮੈਨ ਸਿੰਗਲਜ਼ ਰਾਊਂਡ 16 ਦੇ ਇਸ ਮੁਕਾਬਲੇ ਵਿਚ ਮੀਆ ਨੇ ਪੀਵੀ ਸਿੰਧੂ ਨੂੰ ਸਖ਼ਤ ਮੁਕਾਬਲਾ ਦੇਣ ਦੀ ਕੋਸ਼ਿਸ਼ ਕੀਤੀ ਪਰ ਸਿੰਧੂ ਨੇ ਮੈਚ ਵਿਚ ਅਪਣੀ ਲੀਡ ਬਣਾਈ ਰੱਖੀ। ਪੀਵੀ ਸਿੰਧੂ ਨੇ ਭਾਰਤ ਦੀਆਂ ਮੈਡਲ ਜਿੱਤਣ ਦੀਆਂ ਉਮੀਦਾਂ ਨੂੰ ਹੋਰ ਹੁਲਾਰਾ ਦਿੱਤਾ ਹੈ। ਦੱਸ ਦਈਏ ਕਿ ਬੀਤੇ ਦਿਨ ਭਾਰਤ ਦੀ ਮਹਾਨ ਬੈਡਮਿੰਟਨ ਖਿਡਾਰੀ ਪੀਵੀ ਸਿੰਧੂ ਨੇ ਆਪਣੇ ਦੂਜੇ ਮੈਚ ਵਿਚ 21-9, 21-16 ਦੇ ਸਕੋਰ ਨਾਲ ਹਾਂਗਕਾਂਗ ਦੀ ਨਗਾਨ ਯੀ ਚਿਓਂਗ ਨੂੰ ਦੋਵੇਂ ਸੈੱਟਾਂ ਵਿਚ ਹਰਾ ਕੇ ਭਾਰਤ ਲਈ ਤਮਗੇ ਦੀਆਂ ਉਮੀਦਾਂ ਨੂੰ ਜ਼ਿੰਦਾ ਰੱਖਿਆ। ਸਿੰਧੂ ਨੇ ਦੋਵਾਂ ਸੈੱਟਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਦਿਖਾਇਆ ਅਤੇ ਵਿਰੋਧੀ ਖਿਡਾਰੀ ਨੂੰ ਮਾਤ ਦਿੱਤੀ। ਸਿੰਧੂ ਅਤੇ ਨਗਾਨ ਯੀ ਚਿਓਂਗ ਵਿਚਕਾਰ ਇਹ ਮੈਚ 35 ਮਿੰਟ ਤੱਕ ਚੱਲਿਆ।