ਓਲੰਪਿਕ ਖੇਡਾਂ ਦਾ ਸੰਵਿਧਾਨ: ਓਲੰਪਿਕ ਚਾਰਟਰ /ਪ੍ਰਿੰ. ਸਰਵਣ ਸਿੰਘ

ਓਲੰਪਿਕ ਚਾਰਟਰ ਅਜਿਹਾ ਦਸਤਾਵੇਜ਼ ਹੈ ਜਿਸ ਦੀ ਜਾਣਕਾਰੀ ਖੇਡਾਂ ਨਾਲ ਜੁੜੇ ਹਰ ਵਿਅਕਤੀ ਨੂੰ ਹੋਣੀ ਚਾਹੀਦੀ ਹੈ। ਆਧੁਨਿਕ ਓਲੰਪਿਕ ਖੇਡਾਂ ਦੇ ਪਿਤਾਮਾ ਪੀਅਰੇ ਦਿ ਕੂਬਰਤਿਨ ਨੇ 23 ਜੂਨ 1894 ਨੂੰ ਪੈਰਿਸ ਦੀ ਓਲੰਪਿਕ ਕਾਂਗਰਸ ਵਿਚ ਇਸ ਦਾ ਖਰੜਾ ਪੇਸ਼ ਕੀਤਾ ਸੀ ਜੋ ਸਰਬ ਸੰਮਤੀ ਨਾਲ ਪਾਸ ਹੋ ਗਿਆ। ਸਮੇਂ-ਸਮੇਂ ਇਸ ਵਿਚ ਸੋਧਾਂ ਹੁੰਦੀਆਂ ਰਹੀਆਂ। ਇਸ ਵੇਲੇ ਜੋ ਓਲੰਪਿਕ ਚਾਰਟਰ ਅਮਲ ਵਿਚ ਹੈ ਉਹ 103 ਪੰਨਿਆਂ ਦਾ ਦਸਤਾਵੇਜ਼ ਹੈ। ਇਹ 2011 ਵਿਚ ਛਾਪਿਆ ਗਿਆ ਸੀ ਤੇ 8 ਜੁਲਾਈ 2011 ਤੋਂ ਲਾਗੂ ਹੈ। ਇਸ ਦੇ 6 ਚੈਪਟਰ ਹਨ। ਆਰੰਭ ਵਿਚ ਬਹੁਸ਼ਬਦੇ ਗੁੱਟਾਂ ਦੇ ਸੰਖੇਪ ਰੂਪ ਜਿਵੇਂ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਲਈ ਆਈਓਸੀ, ਓਲੰਪਿਕ ਕੌਂਸਲ ਆਫ਼ ਏਸ਼ੀਆ ਲਈ ਓਸੀਏ ਤੇ ਓਲੰਪਿਕ ਚਾਰਟਰ ਲਈ ਓਸੀ ਆਦਿ ਦਿੱਤੇ ਹਨ ਅਤੇ ਓਲੰਪਸਿਜ਼ਮ ਦੇ ਬੁਨਿਆਦੀ ਉਦੇਸ਼ਾਂ ਦਾ ਵੇਰਵਾ ਹੈ। ਮਸਲਨ ਓਲੰਪਿਕ ਖੇਡਾਂ ਮੁਲਕ, ਨਸਲ, ਰੰਗ, ਧਰਮ, ਕੌਮ ਜਾਂ ਖਿੱਤੇ ਦੇ ਭਿੰਨ ਭੇਦ ਬਿਨਾਂ ਧਰਤੀ ਦੇ ਹਰ ਵਾਸੀ ਲਈ ਖੁੱਲ੍ਹੀਆਂ ਹੋਣਗੀਆਂ। ਇਨ੍ਹਾਂ ਦੀ ਕੋਈ ਰਾਜਸੀ ਜਾਂ ਵਪਾਰਕ ਹਿੱਤਾਂ ਲਈ ਦੁਰਵਰਤੋਂ ਨਹੀਂ ਕਰ ਸਕੇਗਾ। ਓਲੰਪਿਕ ਖੇਡਾਂ ਵਿਸ਼ਵ ਸ਼ਾਂਤੀ, ਸਦਭਾਵਨਾ, ਵਿਕਾਸ ਤੇ ਮਨੁੱਖ ਨੂੰ ਚੰਗਾ ਇਨਸਾਨ ਬਣਾਉਣ ਲਈ ਹੋਣਗੀਆਂ।

ਓਲੰਪਿਕ ਚਾਰਟਰ ਦੀ ਭਾਸ਼ਾ

ਪਹਿਲਾ ਚੈਪਟਰ ਓਲੰਪਿਕ ਲਹਿਰ, ਸੰਗਠਨ, ਉਦੇਸ਼, ਰੋਲ, ਓਲੰਪਿਕ ਕਾਂਗਰਸ, ਫਰਜ਼, ਅਧਿਕਾਰ, ਪ੍ਰਾਪਰਟੀ, ਓਲੰਪਿਕ ਚਿੰਨ੍ਹ, ਝੰਡਾ, ਮਾਟੋ, ਨਿਸ਼ਾਨ, ਓਲੰਪਿਕ ਲਾਟ, ਮਸ਼ਾਲ ਤੇ ਓਲੰਪਿਕ ਪਦਾਂ ਦੀ ਜਾਣਕਾਰੀ ਦੇਣ ਵਾਲਾ ਹੈ। ਦੂਜਾ ਆਈਓਸੀ ਦਾ ਕਾਨੂੰਨੀ ਰੁਤਬਾ, ਮੈਂਬਰ, ਇਸ ਦੀ ਬਣਤਰ, ਸੈਸ਼ਨ, ਆਈਓਸੀ ਦਾ ਕਾਰਜਕਾਰੀ ਬੋਰਡ, ਪ੍ਰਧਾਨ, ਕਮਿਸ਼ਨ, ਭਾਸ਼ਾਵਾਂ ਤੇ ਆਮਦਨ ਦੇ ਸੋਮਿਆਂ ਬਾਰੇ ਹੈ। ਦਸਤਾਵੇਜ਼ ਫਰਾਂਸੀਸੀ ਤੇ ਅੰਗਰੇਜ਼ੀ ਵਿਚ ਹੈ। ਮੀਟਿੰਗਾਂ ਦੀ ਕਾਰਵਾਈ ਵਿਚ ਇਨ੍ਹਾਂ ਦਾ ਤਰਜਮਾ ਜਰਮਨ, ਸਪੈਨਿਸ਼, ਰੂਸੀ ਤੇ ਅਰਬੀ ਵਿਚ ਵੀ ਮੁਹੱਈਆ ਕੀਤਾ ਜਾਂਦਾ ਹੈ। ਕਿਸੇ ਮੱਦ ’ਤੇ ਮਤਭੇਦ ਹੋਵੇ ਤਾਂ ਫਰਾਂਸੀਸੀ ਵਿਚ ਲਿਖੇ ਨੂੰ ਪਹਿਲ ਮਿਲਦੀ ਹੈ।

ਨਵੀਂ ਖੇਡ ਨੂੰ ਮਾਨਤਾ ਦੇਣ ਦੇ ਮਾਪਦੰਡ

ਤੀਜਾ ਚੈਪਟਰ ਅੰਤਰਰਾਸ਼ਟਰੀ ਖੇਡ ਫੈਡਰੇਸ਼ਨਾਂ ਬਾਰੇ ਹੈ। ਉਨ੍ਹਾਂ ਨੂੰ ਮਾਨਤਾ ਕਿਵੇਂ ਮਿਲਦੀ ਹੈ ਤੇ ਉਨ੍ਹਾਂ ਦਾ ਓਲੰਪਿਕ ਖੇਡਾਂ ਵਿਚ ਕੀ ਰੋਲ ਹੈ? ਹੁਣ ਕਿਸੇ ਨਵੀਂ ਖੇਡ ਨੂੰ ਓਲੰਪਿਕ ਖੇਡਾਂ ਵਿਚ ਸ਼ਾਮਲ ਕਰਾਉਣਾ ਪਹਿਲਾਂ ਨਾਲੋਂ ਔਖਾ ਹੋ ਗਿਆ ਹੈ। ਉਹੀ ਖੇਡ ਓਲੰਪਿਕ ਖੇਡਾਂ ਲਈ ਵਿਚਾਰੀ ਜਾ ਸਕਦੀ ਹੈ ਜਿਹੜੀ ਚਾਰ ਮਹਾਂਦੀਪਾਂ ਦੇ ਘੱਟੋ-ਘੱਟ 75 ਮੁਲਕਾਂ ’ਚ ਖੇਡੀ ਜਾਂਦੀ ਹੋਵੇ। ਉਹਦੀਆਂ ਨੈਸ਼ਨਲ, ਮਹਾਂਦੀਪੀ ਤੇ ਵਿਸ਼ਵ ਚੈਂਪੀਅਨਸ਼ਿਪਾਂ ਹੁੰਦੀਆਂ ਹੋਣ ਤੇ ਵਾਡਾ ਦੇ ਟੈਸਟਾਂ ਰਾਹੀਂ ਡੋਪ ਮੁਕਤ ਹੋਵੇ।

ਚੌਥਾ ਕਾਂਡ ਨੈਸ਼ਨਲ ਓਲੰਪਿਕ ਐਸੋਸੀਏਸ਼ਨਾਂ ਨਾਲ ਸਬੰਧਿਤ ਹੈ। ਉਨ੍ਹਾਂ ਦੇ ਨਾਂ, ਝੰਡੇ ਤੇ ਉਨ੍ਹਾਂ ਨਾਲ ਨੈਸ਼ਨਲ ਖੇਡ ਫੈਡਰੇਸ਼ਨਾਂ ਦੇ ਜੁੜਨ ਬਾਰੇ ਜਾਣਕਾਰੀ ਦਿੱਤੀ ਗਈ ਹੈ। ਪੰਜਵਾਂ ਚੈਪਟਰ ਓਲੰਪਿਕ ਖੇਡਾਂ ਨਾਲ ਸਬੰਧਿਤ ਹੈ। ਚਾਰ ਸਾਲਾਂ ਪਿੱਛੋਂ ਓਲੰਪਿਕ ਖੇਡਾਂ ਦਾ ਜਸ਼ਨ, ਮੇਜ਼ਬਾਨ ਸ਼ਹਿਰ ਦੀ ਚੋਣ, ਸਥਾਨ, ਵੈਨਯੂ, ਪ੍ਰਬੰਧਕ ਕਮੇਟੀ, ਜ਼ਿੰਮੇਵਾਰੀ, ਓਲੰਪਿਕ ਖੇਡਾਂ ਦੀ ਕੋਆਰਡੀਨੇਸ਼ਨ, ਲਾਇਜ਼ਨ, ਖੇਡਾਂ ਦਾ ਵਾਧਾ ਘਾਟਾ, ਨੈਸ਼ਨਲ ਓਲੰਪਿਕ ਐਸੋਸੀਏਸ਼ਨਾਂ ਤੇ ਪ੍ਰਬੰਧਕੀ ਕਮੇਟੀ ਵਿਚਕਾਰ ਤਾਲਮੇਲ, ਓਲੰਪਿਕ ਪਿੰਡ, ਕਲਚਰਲ ਪ੍ਰੋਗਰਾਮ, ਖਿਡਾਰੀਆਂ ਦੀ ਯੋਗਤਾ ਤੇ ਖੇਡਾਂ ’ਚ ਭਾਗ ਲੈਣ, ਸੱਦਾ ਪੱਤਰ ਤੇ ਐਂਟਰੀਆਂ, ਸਪੋਰਟਸ ਪ੍ਰੋਗਰਾਮ, ਟੈਕਨੀਕਲ ਜ਼ਿੰਮੇਵਾਰੀਆਂ, ਅੰਤਰਰਾਸ਼ਟਰੀ ਖੇਡ ਫੈਡਰੇਸ਼ਨਾਂ ਦੀ ਭੂਮਿਕਾ, ਯੂਥ ਕੈਂਪ, ਮੀਡੀਆ ਕਵਰੇਜ, ਪ੍ਰਕਾਸ਼ਨਾਂ, ਇਸ਼ਤਿਹਾਰਬਾਜ਼ੀ, ਓਲੰਪਿਕ ਜੋਤ, ਮਸ਼ਾਲ, ਐਕਰੀਡੇਸ਼ਨ ਤੇ ਸ਼ਨਾਖ਼ਤੀ ਕਾਰਡ, ਮੈਡਲ, ਰੋਲ ਆਫ਼ ਆਨਰ ਅਤੇ ਉਦਘਾਟਨ ਤੇ ਸਮਾਪਤੀ ਰਸਮਾਂ ਸਬੰਧੀ ਜਾਣਕਾਰੀ ਦਿੱਤੀ ਹੈ। ਛੇਵੇਂ ਕਾਂਡ ਵਿਚ ਬੇਨਿਯਮੀ ਕਰਨ ਵਾਲੇ ਖਿਡਾਰੀਆਂ, ਅਧਿਕਾਰੀਆਂ, ਖੇਡ ਜਥੇਬੰਦੀਆਂ ਨੂੰ ਸਜ਼ਾਵਾਂ ਅਤੇ ਮਤਭੇਦਾਂ ਤੇ ਝਗੜਿਆਂ ਨੂੰ ਨਜਿੱਠਣ ਦੇ ਨਿਯਮ ਹਨ।

ਆਈਓਸੀ ਓਲੰਪਿਕ ਲਹਿਰ ਦਾ ਸਰਬਉੱਚ ਸੰਗਠਨ ਹੈ। ਇਸ ਦੇ ਵੱਧ ਤੋਂ ਵੱਧ 115 ਮੈਂਬਰ ਹੋ ਸਕਦੇ ਹਨ। ਇਨ੍ਹਾਂ ਵਿਚ ਕੁਲ ਦੁਨੀਆ ਤੋਂ 70 ਮੈਂਬਰ ਚੁਣੇ ਜਾਂਦੇ ਹਨ, ਪਰ ਇਕ ਮੁਲਕ ’ਚੋਂ ਇਕ ਮੈਂਬਰ ਹੀ ਚੁਣਿਆ ਜਾ ਸਕਦੈ। 15 ਮੈਂਬਰ ਓਲੰਪਿਕ ਖੇਡਾਂ ਦੇ ਸਰਗਰਮ ਖਿਡਾਰੀਆਂ ਵਿਚੋਂ, 15 ਅੰਤਰਰਾਸ਼ਟਰੀ ਖੇਡ ਫੈਡਰੇਸ਼ਨਾਂ ਦੇ ਅਹੁਦੇਦਾਰਾਂ ’ਚੋਂ ਅਤੇ 15 ਮੈਂਬਰ ਨੈਸ਼ਨਲ ਓਲੰਪਿਕ ਐਸੋਸੀਏਸ਼ਨਾਂ ਵਿਚੋਂ ਚੁਣੇ ਜਾਂਦੇ ਹਨ। ਸ਼ਰਤ ਇਹੋ ਹੈ ਕਿ ਕਿਸੇ ਇਕ ਵਰਗ ਵਿਚ ਕਿਸੇ ਦੇਸ਼ ਦੇ ਇਕ ਤੋਂ ਵੱਧ ਮੈਂਬਰ ਨਹੀਂ ਹੋ ਸਕਦੇ। ਜੁਲਾਈ 2013 ਵਿਚ 4 ਮੈਂਬਰ ਹੋਰ ਸ਼ਾਮਲ ਕਰ ਕੇ ਹੁਣ ਇਸ ਦੇ ਮੈਂਬਰਾਂ ਦੀ ਗਿਣਤੀ 104 ਹੈ। ਮੈਂਬਰੀ ਦੀ ਮਿਆਦ 8 ਸਾਲ ਹੁੰਦੀ ਹੈ। ਜਦੋਂ ਮੈਂਬਰ 70 ਸਾਲ ਦਾ ਹੋ ਜਾਵੇ ਤਾਂ ਉਹਦੀ ਮੈਂਬਰੀ ਖ਼ਤਮ ਹੋ ਜਾਂਦੀ ਹੈ। ਆਈਓਸੀ ਦੇ ਸੈਸ਼ਨ ਵਿਚ ਮੈਂਬਰਾਂ ਦੀ ਬਹੁਗਿਣਤੀ ਨਾਲ ਪ੍ਰਧਾਨ ਚੁਣਿਆ ਜਾਂਦਾ ਹੈ। ਸੈਸ਼ਨ ਦਾ ਕੋਰਮ ਕੁਲ ਮੈਂਬਰਾਂ ਦੇ ਅੱਧ ਤੋਂ ਇਕ ਜਣਾ ਵੱਧ ਹੈ। ਪ੍ਰਧਾਨ ਦੀ ਪਹਿਲੀ ਮਿਆਦ 8 ਸਾਲ ਹੈ, ਜੇ ਦੂਜੀ ਵਾਰ ਚੁਣਿਆ ਜਾਵੇ ਤਾਂ ਮਿਆਦ 4 ਸਾਲ। 12 ਸਾਲ ਦੀ ਪ੍ਰਧਾਨਗੀ ਕਰਨ ਪਿੱਛੋਂ ਉਹ ਪ੍ਰਧਾਨ ਦੀ ਚੋਣ ਨਹੀਂ ਲੜ ਸਕਦਾ।

 

ਆਈਓਸੀ ਦੀ ਵੱਡੀ ਜ਼ਿੰਮੇਵਾਰੀ

ਆਈਓਸੀ ਦੇ ਹਰੇਕ ਮੈਂਬਰ ਨੂੰ ਸਹੁੰ ਚੁੱਕਣੀ ਪੈਂਦੀ ਹੈ ਕਿ ਉਹ ਓਲੰਪਿਕ ਲਹਿਰ ਦੇ ਅਸੂਲਾਂ ’ਤੇ ਪਹਿਰਾ ਦੇਵੇਗਾ। ਉਹ ਵੋਟ ਦੇਣ ਜਾਂ ਜ਼ਿੰਮੇ ਲੱਗੇ ਕਾਰਜ ਨੂੰ ਨਿਭਾਉਂਦਿਆਂ ਸਰਕਾਰ ਜਾਂ ਕਮਰਸ਼ਲ ਅਦਾਰਿਆਂ ਦੇ ਪ੍ਰਭਾਵ ਹੇਠ ਨਹੀਂ ਆਵੇਗਾ। ਉਹ ਖ਼ੁਦਮੁਖਤਿਆਰ ਸੰਗਠਨ ਦੀ ਖ਼ੁਦਮੁਖਤਿਆਰੀ ਹਰ ਹਾਲਤ ਵਿਚ ਕਾਇਮ ਰੱਖੇਗਾ। ਉਸ ਦਾ ਓਲੰਪਿਕ ਉਦੇਸ਼ ਅਮਨ, ਅਹਿੰਸਾ ਤੇ ਮਨੁੱਖ ਦੀ ਬਿਹਤਰੀ ਵਾਲਾ ਸੰਸਾਰ ਸਿਰਜਣਾ ਹੋਵੇਗਾ। ਆਈਓਸੀ ਦੇ ਕਾਰਜਾਂ ਵਿਚ ਇੰਟਰਨੈਸ਼ਨਲ ਖੇਡ ਫੈਡਰੇਸ਼ਨਾਂ, ਨੈਸ਼ਨਲ ਓਲੰਪਿਕ ਐਸੋਸੀਏਸ਼ਨਾਂ ਤੇ ਓਲੰਪਿਕ ਖੇਡਾਂ ਦੀਆਂ ਸੰਚਾਲਨ ਕਮੇਟੀਆਂ ਵਿਚਾਲੇ ਤਾਲਮੇਲ ਕਰਨਾ, ਖਿਡਾਰੀਆਂ, ਕਲੱਬਾਂ ਤੇ ਉਨ੍ਹਾਂ ਦੀਆਂ ਐਸੋਸੀਏਸ਼ਨਾਂ ਦੀ ਬਿਹਤਰੀ ਅਤੇ ਕੋਚਾਂ, ਰੈਫਰੀਆਂ, ਅੰਪਾਇਰਾਂ, ਜੱਜਾਂ ਤੇ ਟੈਕਨੀਸ਼ਨਾਂ ’ਤੇ ਨਿਗਰਾਨੀ ਰੱਖਣਾ ਹੈ। ਜੁਆਨਾਂ ਨੂੰ ਖੇਡਾਂ ਰਾਹੀਂ ਚੰਗੇ ਇਨਸਾਨ ਬਣਾਉਣਾ, ਹਿੰਸਾ ਤੋਂ ਮੁਕਤ ਕਰਨਾ ਤੇ ਹਰ ਚਾਰ ਸਾਲ ਬਾਅਦ ਓਲੰਪਿਕ ਖੇਡਾਂ ਕਰਾਉਣਾ ਹੈ। ਖੇਡਾਂ ਵਿਚ ਹਰ ਤਰ੍ਹਾਂ ਦੇ ਵਿਤਕਰੇ ਖ਼ਿਲਾਫ਼ ਖੜ੍ਹਨਾ ਅਤੇ ਔਰਤਾਂ ਤੇ ਮਰਦਾਂ ਨੂੰ ਖੇਡਾਂ ਵਿਚ ਬਰਾਬਰ ਦੀ ਥਾਂ ਦੇਣਾ ਹੈ। ਇੰਟਰਨੈਸ਼ਨਲ ਖੇਡ ਫੈਡਰੇਸ਼ਨਾਂ ਨੂੰ ਆਰਜ਼ੀ ਜਾਂ ਪੂਰੀ ਮਾਨਤਾ ਵੀ ਆਈਓਸੀ ਨੇ ਹੀ ਦੇਣੀ ਹੁੰਦੀ ਹੈ।

ਆਈਓਸੀ ਕਾਰਜਕਾਰੀ ਬੋਰਡ ਦੇ 15 ਮੈਂਬਰ ਹੁੰਦੇ ਹਨ। 1 ਪ੍ਰਧਾਨ, 4 ਮੀਤ ਪ੍ਰਧਾਨ ਤੇ 10 ਮੈਂਬਰ। ਇਸ ਦਾ ਕੋਰਮ 8 ਹੈ। ਮੀਤ ਪ੍ਰਧਾਨਾਂ ਤੇ ਮੈਂਬਰਾਂ ਦੀ ਮਿਆਦ 4 ਸਾਲਾਂ ਦੀ ਹੈ। ਉਹ 4 ਸਾਲਾਂ ਲਈ ਦੁਬਾਰਾ ਵੀ ਚੁਣੇ ਜਾ ਸਕਦੇ ਹਨ, ਪਰ ਤੀਜੀ ਵਾਰ ਚੁਣੇ ਜਾਣ ਲਈ ਦੋ ਸਾਲ ਦਾ ਖੱਪਾ ਚਾਹੀਦਾ ਹੈ। ਇਸ ਕੋਲ ਆਈਓਸੀ ਦੀਆਂ ਸ਼ਕਤੀਆਂ ਹੁੰਦੀਆਂ ਹਨ। ਇਹ ਪ੍ਰਧਾਨ ਦੀ ਮਨਜ਼ੂਰੀ ਨਾਲ ਡਾਇਰੈਕਟਰ ਜਨਰਲ ਨਿਯੁਕਤ ਕਰਦਾ ਹੈ। ਇਹੋ ਅਥਲੈਟਿਕ ਕਮਿਸ਼ਨ, ਐਥਿਕਸ ਕਮਿਸ਼ਨ, ਨਾਮਜ਼ਦਗੀ ਕਮਿਸ਼ਨ, ਸੌਲੀਡੈਰਿਟੀ ਕਮਿਸ਼ਨ, ਮੁਲਾਂਕਣ ਕਮਿਸ਼ਨ, ਕੋਆਰਡੀਨੇਸ਼ਨ ਕਮਿਸ਼ਨ ਤੇ ਮੈਡੀਕਲ ਕਮਿਸ਼ਨ ਆਦਿ ਦੇ ਮੈਂਬਰ ਨਾਮਜ਼ਦ ਕਰਦਾ ਹੈ। ਨਿਯਮ ਬਣਾਉਂਦਾ, ਫਾਈਨੈਂਸ਼ੀਅਲ ਮੈਨੇਜਮੈਂਟ, ਕੋਡ, ਨਾਰਮਜ਼ ਤੇ ਗਾਈਡ ਲਾਈਨਜ਼ ਬਣਾ ਕੇ ਆਈਓਸੀ ਦੇ ਸੈਸ਼ਨ ਲਈ ਏਜੰਡਾ ਤਿਆਰ ਕਰਦਾ ਹੈ।

68 ਅੰਤਰਰਾਸ਼ਟਰੀ ਖੇਡ ਫੈਡਰੇਸ਼ਨਾਂ ਨੂੰ ਪੱਕੀ ਮਾਨਤਾ

ਆਈਓਸੀ ਵਿਸ਼ਵ ਖੇਡ ਪ੍ਰਬੰਧ ਦੀ ਯੂਐੱਨਓ ਵਾਂਗ ਹੈ। ਉਸ ਨਾਲ ਮੁਲਕਾਂ ਦੀਆਂ ਨੈਸ਼ਨਲ ਓਲੰਪਿਕ ਐਸੋਸੀਏਸ਼ਨਾਂ ਸਬੰਧਿਤ ਹੁੰਦੀਆਂ ਹਨ ਜਿਨ੍ਹਾਂ ਦੀ ਗਿਣਤੀ ਇਸ ਵੇਲੇ ਦੋ ਸੌ ਤੋਂ ਉੱਪਰ ਹੈ। ਐੱਨਓਸੀ ਨਾਲ ਦੇਸ਼ਾਂ ਦੀਆਂ ਖੇਡ ਫੈਡਰੇਸ਼ਨਾਂ ਜੁੜੀਆਂ ਹੁੰਦੀਆਂ ਹਨ ਜਿਨ੍ਹਾਂ ਨਾਲ ਸੂਬਾਈ ਖੇਡ ਐਸੋਸੀਏਸ਼ਨਾਂ ਦਾ ਨਾਤਾ ਹੁੰਦਾ ਹੈ। ਨੈਸ਼ਨਲ ਖੇਡ ਫੈਡਰੇਸ਼ਨਾਂ ਅੱਗੇ ਇੰਟਰਨੈਸ਼ਨਲ ਖੇਡ ਫੈਡਰੇਸ਼ਨਾਂ ਨਾਲ ਐਫਿਲੀਏਟ ਹੁੰਦੀਆਂ ਹਨ। ਓਲੰਪਿਕ ਲਹਿਰ ਵਿਚ ਉਹੀ ਅੰਤਰਰਾਸ਼ਟਰੀ ਖੇਡ ਫੈਡਰੇਸ਼ਨ ਅਸਲੀ ਸਮਝੀ ਜਾਂਦੀ ਹੈ ਜਿਸ ਨੂੰ ਆਈਓਸੀ ਦੀ ਮਾਨਤਾ ਮਿਲੀ ਹੋਵੇ। ਅਜੇ ਤਕ ਵਿਸ਼ਵ ਵਿਚ 68 ਖੇਡਾਂ ਦੀਆਂ ਅੰਤਰਰਾਸ਼ਟਰੀ ਖੇਡ ਫੈਡਰੇਸ਼ਨਾਂ ਨੂੰ ਪੱਕੀ ਮਾਨਤਾ ਮਿਲੀ ਹੈ। ਉਨ੍ਹਾਂ ਵਿਚੋਂ 35 ਖੇਡਾਂ ਨੂੰ ਆਫੀਸ਼ਲ ਯਾਨੀ ਕੋਰ ਸਪੋਰਟਸ ਦਾ ਦਰਜਾ ਹਾਸਲ ਹੈ। ਕੋਰ ਸਪੋਰਟਸ ਵਿਚੋਂ ਘੱਟੋ-ਘੱਟ 25 ਸਪੋਰਟਸ ਸਮਰ ਓਲੰਪਿਕ ਖੇਡਾਂ ’ਚ ਸ਼ਾਮਲ ਕਰਨੀਆਂ ਲਾਜ਼ਮੀ ਹਨ। ਵੱਧ ਤੋਂ ਵੱਧ 3 ਖੇਡਾਂ ਐਡੀਸ਼ਨਲ ਮਾਨਤਾ ਪ੍ਰਾਪਤ ਸਪੋਰਟਸ ਵਿਚੋਂ ਲਈਆਂ ਜਾ ਸਕਦੀਆਂ ਹਨ ਜਿਨ੍ਹਾਂ ਦੀ ਕੁਲ ਗਿਣਤੀ 33 ਹੈ। ਕੋਰ ਸਪੋਰਟਸ ਦੀ ਸੂਚੀ ਵਿਚ ਤੈਰਾਕੀ, ਤੀਰਅੰਦਾਜ਼ੀ, ਅਥਲੈਟਿਕਸ, ਬੈਡਮਿੰਟਨ, ਬਾਸਕਟਬਾਲ, ਬੈਥਲੋਨ, ਬਾਬਸਲੈਗ, ਬਾਕਸਿੰਗ, ਕਨੋ/ਕਿਯਾਕ, ਕਰਲਿੰਗ, ਸਾਈਕਲਿੰਗ, ਘੋੜਸਵਾਰੀ, ਫੈਂਸਿੰਗ, ਫੁੱਟਬਾਲ, ਫੀਲਡ ਹਾਕੀ, ਆਈਸ ਹਾਕੀ, ਹੈਂਡਬਾਲ, ਗੌਲਫ਼, ਜਿਮਨਾਸਟਿਕਸ, ਜੂਡੋ, ਲੂਗ, ਮਾਡਰਨ ਪੈਂਟੈਥਲਨ, ਰੋਇੰਗ, ਰਗਬੀ, ਸੇਲਿੰਗ, ਸ਼ੂਟਿੰਗ, ਸਕੇਟਿੰਗ, ਸਕੀਂਗ, ਟੇਬਲ ਟੈਨਿਸ, ਤਾਈਕਵਾਂਡੋ, ਟੈਨਿਸ, ਟ੍ਰੈਥਲਨ, ਵਾਲੀਬਾਲ, ਵੇਟਲਿਫਟਿੰਗ ਤੇ ਰੈਸਲਿੰਗ ਸ਼ਾਮਲ ਹਨ। ਐਡੀਸ਼ਨਲ ਮਾਨਤਾ ਪ੍ਰਾਪਤ ਖੇਡਾਂ ਵਿਚ ਏਅਰ ਸਪੋਰਟਸ, ਆਟੋਮੋਬਾਈਲ, ਬੇਸਬਾਲ/ਸਾਫਟਬਾਲ, ਬੈਂਡੀ, ਬਿਲੀਅਰਡ ਸਪੋਰਟਸ, ਬਾਊਲਜ਼, ਬਾਊਲਿੰਗ, ਬ੍ਰਿਜ, ਚੈੱਸ, ਕ੍ਰਿਕਟ, ਡਾਂਸ ਸਪੋਰਟ, ਫਲੋਰਬਾਲ, ਫਲਾਈਂਗ ਡਿਸਕ, ਕਰਾਟੇ, ਕੋਰਫ਼ਬਾਲ, ਲਾਈਫ਼ ਸੇਵਿੰਗ, ਮੋਟਰਸਾਈਕਲ ਰੇਸਿੰਗ, ਮਾਊਂਟੇਨੀਅਰਿੰਗ ਐਂਡ ਕਲਾਈਂਮਿੰਗ, ਨੈੱਟਬਾਲ, ਓਰੀਐਂਟੀਅਰਿੰਗ, ਪੇਲੋਟਾ ਵਾਸਕਾ, ਪੋਲੋ, ਪਾਵਰ ਬੋਟਿੰਗ, ਰੈਕਟਬਾਲ, ਰੋਲਰ ਸਪੋਰਟਸ, ਸਪੋਰਟਸ ਕਲਾਈਮਿੰਗ, ਸੁਕੈਸ਼, ਸੁਮੋ, ਸਰਫਿੰਗ, ਰੱਸਾਕਸ਼ੀ, ਅੰਡਰਵਾਟਰ ਸਪੋਰਟਸ, ਵਾਟਰ ਸਕੀ ਤੇ ਵੁਸ਼ੂ ਸ਼ਾਮਲ ਹਨ।

ਅੰਤਰਰਾਸ਼ਟਰੀ ਖੇਡ ਫੈਡਰੇਸ਼ਨਾਂ ਦੀਆਂ ਵੀ ਅੱਗੋਂ ਐਸੋਸੀੲੇਸ਼ਨਾਂ ਬਣੀਆਂ ਹੋਈਆਂ ਹਨ। ਮਸਲਨ ਸਮਰ ਓਲੰਪਿਕ ਖੇਡਾਂ ਦੀਆਂ ਕੋਰ ਸਪੋਰਟਸ ਫੈਡਰੇਸ਼ਨਾਂ ਦੀ ਐਸੋਸੀਏਸ਼ਨ, ਵਿੰਟਰ ਓਲੰਪਿਕ ਖੇਡਾਂ ਦੀਆਂ ਸਪੋਰਟਸ ਦੀ ਐਸੋਸੀਏਸ਼ਨ, ਮਾਨਤਾ ਪ੍ਰਾਪਤ ਸਪੋਰਟਸ ਦੀ ਐਸੋਸੀਏਸ਼ਨ, ਗ਼ੈਰ ਮਾਨਤਾ ਪ੍ਰਾਪਤ ਸਪੋਟਰਸ ਫੈਡਰੇਸ਼ਨਾਂ ਦੀ ਐਸੋਸੀਏਸ਼ਨ ਆਦਿ। ਨੈਸ਼ਨਲ ਓਲੰਪਿਕ ਐਸੋਸੀਏਸ਼ਨਾਂ, ਆਈਓਸੀ ਵਾਂਗ ਖ਼ੁਦਮੁਖਤਿਆਰ ਸੰਗਠਨ ਹੁੰਦੀਆਂ ਹਨ।

ਦੇਸ਼ ਦੀ ਬਜਾਏ ਸ਼ਹਿਰ ਦੀ ਚੋਣ

ਓਲੰਪਿਕ ਚਾਰਟਰ ਵਿਚ ਸਭ ਤੋਂ ਵੱਡਾ ਚੈਪਟਰ ਓਲੰਪਿਕ ਖੇਡਾਂ ਬਾਰੇ ਹੈ। ਓਲੰਪਿਕ ਖੇਡਾਂ ਲੀਪ ਦੇ ਸਾਲ ਗਰਮ ਰੁੱਤ ਵਿਚ ਹੁੰਦੀਆਂ ਹਨ। ਵਿੰਟਰ ਓਲੰਪਿਕਸ, ਪੈਰਾ ਓਲੰਪਿਕਸ ਤੇ ਯੂਥ ਓਲੰਪਿਕਸ ਦੀਆਂ ਖੇਡਾਂ ਵੱਖਰੀਆਂ ਕਰਾਈਆਂ ਜਾਂਦੀਆਂ ਹਨ। ਖੇਡਾਂ ਕਿਸੇ ਦੇਸ਼ ਨੂੰ ਨਹੀਂ, ਸ਼ਹਿਰ ਨੂੰ ਸੌਂਪੀਆਂ ਜਾਂਦੀਆਂ ਹਨ। ਸ਼ਹਿਰ ਦਾ ਮੇਅਰ ਮੁੱਖ ਮੇਜ਼ਬਾਨ ਹੁੰਦੈ। ਖੇਡਾਂ ਤੋਂ 9 ਸਾਲ ਪਹਿਲਾਂ ਵਿਸ਼ਵ ਦੇ ਸ਼ਹਿਰ ਖੇਡਾਂ ਲਈ ਅਰਜ਼ੀਆਂ ਦਿੰਦੇ ਹਨ। ਆਈਓਸੀ ਦਾ ਕਾਰਜਕਾਰੀ ਬੋਰਡ ਮੁਲਾਂਕਣ ਕਮਿਸ਼ਨ ਰਾਹੀਂ ਮੁੱਢਲੀ ਪੜਤਾਲ ਕਰਾ ਕੇ ਅਰਜ਼ੀਆਂ ਛਾਂਟਦਾ ਹੈ। ਮਸਲਨ 2020 ਦੀਆਂ ਓਲੰਪਿਕ ਖੇਡਾਂ ਲਈ 5 ਸ਼ਹਿਰਾਂ ਨੇ ਅਰਜ਼ੀਆਂ ਦਿੱਤੀਆਂ ਸਨ। ਦੋਹਾ ਤੇ ਬਾਕੂ ਨੂੰ ਛੰਡਣ ਪਿੱਛੋਂ ਆਈਓਸੀ ਦੇ ਸੈਸ਼ਨ ਵਿਚ ਚੋਣ ਕਰਨ ਲਈ ਤਿੰਨ ਸ਼ਹਿਰ ਇਸਤਾਂਬੁਲ, ਟੋਕੀਓ ਤੇ ਮੈਡਰਿਡ ਰਹਿ ਗਏ ਸਨ। ਇਨ੍ਹਾਂ ਵਿਚੋਂ ਟੋਕੀਓ ਦੀ ਚੋਣ ਕਰ ਲਈ ਗਈ। ਓਲੰਪਿਕ ਖੇਡਾਂ ਤੋਂ 7 ਸਾਲ ਪਹਿਲਾਂ ਓਲੰਪਿਕ ਖੇਡਾਂ ’ਚ ਕਰਾਈਆਂ ਜਾਣ ਵਾਲੀਆਂ ਸਪੋਰਟਸ ਦੀ ਚੋਣ ਹੁੰਦੀ ਹੈ।

ਜਦੋਂ ਤਕ ਕਿਸੇ ਸ਼ਹਿਰ ਜਾਂ ਖੇਡ ਨੂੰ ਕੁਲ ਪਈਆਂ ਵੋਟਾਂ ’ਚੋਂ ਅੱਧੋਂ ਵੱਧ ਵੋਟਾਂ ਨਾ ਮਿਲਣ ਉਦੋਂ ਤਕ ਉਹਦੀ ਚੋਣ ਨਹੀਂ ਹੋ ਸਕਦੀ। ਪਹਿਲੇ ਗੇੜ ਵਿਚ ਅਜਿਹਾ ਨਾ ਹੋ ਸਕੇ ਤਾਂ ਸਭ ਤੋਂ ਘੱਟ ਵੋਟਾਂ ਵਾਲੇ ਨੂੰ ਬਾਹਰ ਕਰ ਕੇ ਦੂਜਾ ਗੇੜ ਚਲਾਇਆ ਜਾਂਦਾ ਹੈ। ਫਿਰ ਵੀ ਅੱਧੋਂ ਵੱਧ ਵੋਟਾਂ ਨਾ ਮਿਲਣ ਤਾਂ ਤੀਜੇ ਗੇੜ ਦੀਆਂ ਵੋਟਾਂ ਪੁਆਈਆਂ ਜਾਂਦੀਆਂ ਹਨ। ਕਈ ਵਾਰ ਫ਼ੈਸਲਾ ਚੌਥੇ ਗੇੜ ਵਿਚ ਜਾ ਕੇ ਹੁੰਦਾ ਵੇਖਿਆ ਹੈ।

ਓਲੰਪਿਕ ਪਿੰਡ

ਓਲੰਪਿਕ ਖੇਡਾਂ ਕਰਾਉਣ ਵਾਲੇ ਸੰਗਠਨ ਦਾ ਨਾਂ ਆਰਗੇਨਾਈਜੇਸ਼ਨ ਆਫ਼ ਓਲੰਪਿਕ ਗੇਮਜ਼ ਹੁੰਦੈ। ਇਸ ਨੇ ਆਪਣੇ ਦੇਸ਼ ਦੀ ਸਰਕਾਰ, ਐੱਨਓਸੀਜ਼ ਤੇ ਆਈਓਸੀ ਦੇ ਸਹਿਯੋਗ ਨਾਲ ਖੇਡਾਂ ਸਿਰੇ ਚੜ੍ਹਾਉਣੀਆਂ ਹੁੰਦੀਆਂ ਹਨ। ਖੇਡਾਂ ਲਈ ਢੁੱਕਵਾਂ ਸਥਾਨ ਚੁਣਿਆ ਜਾਂਦਾ, ਵੈਨਯੂ ਨਿਸ਼ਚਤ ਕੀਤੇ ਜਾਂਦੇ ਹਨ ਅਤੇ ਖੇਡ ਮੈਦਾਨ, ਖੇਡ ਭਵਨ ਤੇ ਸਟੇਡੀਅਮ ਨਵਿਆਏ ਜਾਂ ਨਵੇਂ ਬਣਾਏ ਜਾਂਦੇ ਹਨ। ਓਲੰਪਿਕ ਪਿੰਡ ਉਸਾਰਿਆ ਜਾਂਦੈ ਜਿੱਥੇ ਖਿਡਾਰੀ ਤੇ ਖੇਡ ਅਧਿਕਾਰੀ ਰਹਿੰਦੇ ਹਨ। ਖੇਡਾਂ 16 ਦਿਨ ਚਲਦੀਆਂ ਹਨ। ਅਜੋਕੀਆਂ ਓਲੰਪਿਕ ਖੇਡਾਂ ਵਿਚ ਓਲੰਪਿਕ ਪਿੰਡ ’ਚ ਵੀਹ ਕੁ ਹਜ਼ਾਰ ਵਿਅਕਤੀਆਂ ਨੇ ਠਹਿਰਨਾ ਹੁੰਦਾ ਹੈ। ਉੱਥੇ ਕਲਚਰਲ ਪ੍ਰੋਗਰਾਮ ਵੀ ਹੁੰਦੇ ਹਨ। ਹਰੇਕ ਓਲੰਪਿਕਸ ਦਾ ਖ਼ਾਸ ਨਿਸ਼ਾਨ ਤੇ ਮਸਕਟ ਹੁੰਦਾ ਹੈ। ਓਲੰਪਿਕ ਖੇਡਾਂ ਦੀਆਂ ਰੀਤਾਂ ਰਸਮਾਂ ਹੁੰਦੀਆਂ ਹਨ। ਓਲੰਪੀਆ ਦੇ ਖੰਡਰਾਂ ’ਚੋਂ ਓਲੰਪਿਕ ਮਸ਼ਾਲ ਹੱਥੋਂ-ਹੱਥੀਂ ਓਲੰਪਿਕ ਸਟੇਡੀਅਮ ਵਿਚ ਲਿਆਂਦੀ ਜਾਂਦੀ ਹੈ ਜਿਸ ਨਾਲ ਖੇਡਾਂ ਦੀ ਜੋਤ ਜਗਾਈ ਜਾਂਦੀ ਹੈ ਜੋ ਖੇਡਾਂ ਦੌਰਾਨ ਦਿਨ ਰਾਤ ਜਗਦੀ ਰਹਿੰਦੀ ਹੈ। ਸਮੂਹ ਖਿਡਾਰੀਆਂ ਦਾ ਮਾਰਚ ਪਾਸਟ ਹੁੰਦਾ, ਸਹੁੰ ਚੁੱਕੀ ਜਾਂਦੀ, ਓਲੰਪਿਕ ਝੰਡਾ ਝੁਲਾਇਆ ਜਾਂਦੈ, ਓਲੰਪਿਕ ਗਾਣ ਗਾਇਆ ਜਾਂਦਾ ਅਤੇ ਦੇਸ਼ ਦੇ ਰਾਜ ਪ੍ਰਮੁੱਖ ਵੱਲੋਂ ਖੇਡਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਜਾਂਦਾ ਹੈ।

ਵੱਖ-ਵੱਖ ਖੇਡਾਂ ’ਚ ਭਾਗ ਲੈਣ ਲਈ ਸਪੋਰਟਸ ਦੀਆਂ ਅੰਤਰਰਾਸ਼ਟਰੀ ਖੇਡ ਫੈਡਰੇਸ਼ਨਾਂ ਆਪੋ ਆਪਣੀ ਖੇਡ ਦੇ ਓਲੰਪਿਕ ਸਟੈਂਡਰਡ ਨਿਸ਼ਚਤ ਕਰਦੀਆਂ ਹਨ ਤਾਂ ਜੋ ਮੁਕਾਬਲਿਆਂ ਲਈ ਖਿਡਾਰੀਆਂ ਦੀ ਗਿਣਤੀ ਸੀਮਤ ਰਹੇ। ਓਲੰਪਿਕ ਚਾਰਟਰ ਵਿਚ ਦਰਜ ਹੈ ਕਿ ਖਿਡਾਰੀਆਂ ਦੀ ਗਿਣਤੀ ਐਨੀ ਤੇ ਖੇਡ ਅਧਿਕਾਰੀਆਂ ਦੀ ਐਨੀ ਤੋਂ ਵੱਧ ਨਾ ਹੋਵੇ। ਕਿਸੇ ਕਾਰਨ ਕਿਸੇ ਸਪੋਰਟ ਨੂੰ ਪਹਿਲਾਂ ਉਲੀਕੇ ਹੋਏ ਸਪੋਰਟਸ ਪ੍ਰੋਗਰਾਮ ਵਿਚੋਂ ਹਟਾਉਣਾ ਹੋਵੇ ਤਾਂ ਇਹਦਾ ਅਧਿਕਾਰ ਆਈਓਸੀ ਦੇ ਸੈਸ਼ਨ ਨੂੰ ਹੈ ਜਦੋਂ ਕਿ ਸਪੋਰਟ ਦੇ ਡਿਸਿਪਲਿਨ ਜਾਂ ਈਵੈਂਟ ਨੂੰ ਕਾਰਜਕਾਰੀ ਬੋਰਡ ’ਕੱਲਾ ਹਟਾ ਸਕਦਾ ਹੈ।

ਹਰ ਖਿਡਾਰੀ ਡੋਪ ਕੋਡ ਅਧੀਨ

ਓਲੰਪਿਕ ਖੇਡਾਂ ਵਿਚ ਭਾਗ ਲੈਣ ਵਾਲੇ ਖਿਡਾਰੀਆਂ ਦੀ ਉਮਰ ਤੇ ਯੋਗਤਾ ਬਾਰੇ ਹਦਾਇਤਾਂ ਪਹਿਲਾਂ ਹੀ ਜਾਰੀ ਕਰ ਦਿੱਤੀਆਂ ਜਾਂਦੀਆਂ ਹਨ। ਹਰ ਖਿਡਾਰੀ ਉੱਤੇ ਡੋਪ ਕੋਡ ਲਾਗੂ ਹੁੰਦੈ। ਆਈਓਸੀ ਦਾ ਮੈਡੀਕਲ ਕਮਿਸ਼ਨ ਖਿਡਾਰੀਆਂ ਦੀ ਸਿਹਤ ਦਾ ਖ਼ਿਆਲ ਰੱਖਦਿਆਂ ਸਮੇਂ-ਸਮੇਂ ਉਨ੍ਹਾਂ ਰਸਾਇਣਕ ਤੱਤਾਂ ਦੀ ਸੂਚੀ ਛਾਪਦਾ ਰਹਿੰਦਾ ਹੈ ਜਿਹੜੇ ਖਿਡਾਰੀਆਂ ਲਈ ਘਾਤਕ ਸਮਝੇ ਜਾਂਦੇ ਹਨ। ਜੇ ਕੋਈ ਖਿਡਾਰੀ ਉਨ੍ਹਾਂ ਤੱਤਾਂ ਦੀ ਡੋਪਿੰਗ ਕਰਦਾ ਹੋਵੇ ਤੇ ਵਾਡਾ ਦੇ ਡੋਪ ਟੈਸਟਾਂ ਵਿਚ ਦੋਸ਼ੀ ਪਾਇਆ ਜਾਵੇ ਤਾਂ ਉਸ ਦੇ ਜਿੱਤੇ ਹੋਏ ਮੈਡਲ ਵਾਪਸ ਲੈ ਲਏ ਜਾਂਦੇ ਹਨ। ਅਜਿਹੇ ਖਿਡਾਰੀਆਂ ਉੱਤੇ ਖੇਡਾਂ ਵਿਚ ਭਾਗ ਲੈਣ ਦੀ ਪਾਬੰਦੀ ਵੀ ਲੱਗ ਜਾਂਦੀ ਹੈ। ਖਿਡਾਰੀ ਝੂਠ ਬੋਲੇ ਜਾਂ ਗ਼ਲਤ ਇਲਜ਼ਾਮ ਲਗਾਵੇ ਤਾਂ ਜੇਲ੍ਹ ਦੀ ਸਜ਼ਾ ਵੀ ਹੋ ਸਕਦੀ ਹੈ।

ਓਲੰਪਿਕ ਕੋਰਟ

ਓਲੰਪਿਕ ਖੇਡਾਂ ਨੂੰ ਟੀਵੀ ਤੋਂ ਪ੍ਰਸਾਰਤ ਕਰਨ, ਇਸ਼ਤਿਹਾਰਬਾਜ਼ੀ, ਟਿਕਟਾਂ, ਓਲੰਪਿਕ ਨਿਸ਼ਾਨੀਆਂ, ਪ੍ਰਕਾਸ਼ਨਾਂ, ਓਲੰਪਿਕ ਮਸ਼ਾਲ ਦਾ ਸਫ਼ਰ, ਕਾਰਪੋਰੇਟ ਅਦਾਰਿਆਂ ਦੀ ਸਪਾਂਸਰਸ਼ਿਪ ਤੇ ਹੋਰ ਸਾਧਨਾਂ ਤੋਂ ਵੱਡੀ ਆਮਦਨ ਹੁੰਦੀ ਹੈ। ਕਿਸੇ ਝਗੜੇ, ਖਿਡਾਰੀਆਂ ਦਾ ਆਪਸ ਵਿਚ ਰਲ਼ ਕੇ ਖੇਡ ਜਾਣਾ ਜਾਂ ਰੈਫਰੀਆਂ, ਜੱਜਾਂ ਤੇ ਅੰਪਾਇਰਾਂ ਦੇ ਗ਼ਲਤ ਨਿਰਣੇ, ਫੈਡਰੇਸ਼ਨਾਂ ਤੇ ਓਲੰਪਿਕ ਐਸੋਸੀੲਸ਼ਨਾਂ ਆਦਿ ਦੇ ਬਿਖੇੜੇ ਨਿਬੇੜਣ ਲਈ ਓਲੰਪਿਕ ਦੀ ਕੋਰਟ ਆਫ਼ ਆਰਬਿਟਰੇਸ਼ਨ ਹੈ।
ਸੰਪਰਕ: +1-905-799-1661

ਪੰਜ ਰੰਗਾਂ ਨਾਲ ਕੁਲ ਦੁਨੀਆਂ ਦੇ ਝੰਡਿਆਂ ਦੀ ਨੁਮਾਇੰਦਗੀ

ਓਲੰਪਿਕ ਚਾਰਟਰ ਵਿਚ ਕੋਈ ਸੋਧ ਆਈਓਸੀ ਦੇ ਸੈਸ਼ਨ ਵਿਚ ਦੋ ਤਿਹਾਈ ਬਹੁਗਿਣਤੀ ਨਾਲ ਹੋ ਸਕਦੀ ਹੈ ਜਦੋਂਕਿ ਆਮ ਫ਼ੈਸਲੇ ਬਹੁਗਿਣਤੀ ਨਾਲ ਹੁੰਦੇ ਹਨ। ਓਲੰਪਿਕ ਝੰਡੇ ਦਾ ਰੰਗ ਸਫ਼ੈਦ ਹੈ ਜਿਸ ’ਤੇ ਨੀਲੇ, ਪੀਲੇ, ਕਾਲੇ, ਹਰੇ ਤੇ ਲਾਲ ਰੰਗ ਦੇ ਕੁੰਡਲ ਆਪਸ ਵਿਚ ਪਰੋਏ ਹਨ। ਇਹ ਪੰਜਾਂ ਮਹਾਂਦੀਪਾਂ ਤੇ ਸਾਰੇ ਮੁਲਕਾਂ ਦੇ ਝੰਡਿਆਂ ਦੇ ਰੰਗਾਂ ਦੀ ਨੁਮਾਇੰਦਗੀ ਕਰਦੇ ਹਨ। ਓਲੰਪਿਕ ਲਾਟ ਯੂਨਾਨੀ ਕੰਨਿਆਵਾਂ ਓਲੰਪੀਆ ਦੇ ਖੰਡਰਾਂ ’ਚ ਆਤਸ਼ੀ ਸ਼ੀਸ਼ੇ ਨਾਲ ਜਗਾਉਂਦੀਆਂ ਹਨ। ਉਹ ਲਾਟ ਮਸ਼ਾਲ ਰਾਹੀਂ ਓਲੰਪਿਕ ਖੇਡਾਂ ਦੇ ਸਟੇਡੀਅਮ ਵਿਚ ਲਿਆਂਦੀ ਜਾਂਦੀ ਹੈ ਜਿੱਥੇ ਕਿਸੇ ਨਾਮਵਰ ਖਿਡਾਰੀ ਹੱਥੋਂ ਓਲੰਪਿਕ ਜੋਤ ਜਗਾਈ ਜਾਂਦੀ ਹੈ। ਓਲੰਪਿਕ ਖੇਡਾਂ ਦਾ ਮਾਟੋ ਸਿਟੀਅਸ, ਐਲਟੀਅਸ, ਫੋਰਟੀਅਸ ਹੈ ਜਿਨ੍ਹਾਂ ਦੇ ਅਰਥ ਹਨ ਹੋਰ ਤੇਜ਼, ਹੋਰ ਉੱਚਾ, ਹੋਰ ਅੱਗੇ।

ਸਾਂਝਾ ਕਰੋ

ਪੜ੍ਹੋ

ਨਜ਼ਮ/ਸੁਪਨ ਕਥਾ/ਹੂਬ ਨਾਥ

*ਸੁਪਨ ਕਥਾ* *ਪਤਾ ਨਹੀਂ* *ਜਾਗ ਰਿਹਾ ਹਾਂ* *ਜਾਂ* *ਚੱਲ ਰਿਹਾ...