
ਮੋਹਨ ਸਿੰਘ ਭੰਮਰਾ ਸੰਵੇਦਨਸ਼ੀਲ ਕਵੀ ਹੈ। ਉਸ ਵਿੱਚ ਬੇਅੰਤ ਸਿਰਜਣਾਤਮਕ ਊਰਜਾ ਹੈ। ਉਸਨੇ ਆਪਣੇ ਗਿਆਨ ਅਤੇ ਕੌਸ਼ਲ ਰਾਹੀਂ ਪੰਜਾਬੀ ਪਾਠਕਾਂ ਲਈ ਵੰਨ-ਸੁਵੰਨੀਆਂ ਕਵਿਤਾਵਾਂ ਦੀ ਰਚਨਾ ਕੀਤੀ ਹੈ। ਉਸ ਦੀਆਂ ਲਿਖਤਾਂ ਵਿੱਚ ਰਵਾਨੀ ਹੈ, ਜ਼ਿੰਦਗੀ ਦੀ ਮਸੂਮੀਅਤ ਹੈ, ਤਨਹਾਈ ਹੈ, ਉਪਰਾਮਤਾ ਹੈ, ਪਰ ਇਸ ਤੋਂ ਵੀ ਵੱਧ ਸੰਘਰਸ਼ ਕਰ ਰਹੇ ਮਨੁੱਖ ਦੀ ਗਾਥਾ ਹੈ। ਉਸ ਦੀਆਂ ਕਵਿਤਾਵਾਂ ਸ਼ਾਂਤ, ਅਨੰਤ ਅਤੇ ਸੁੰਦਰਤਾ ਦਾ ਸੁਮੇਲ ਹਨ।
ਕਲਾਤਮਕ ਤੇਜ਼, ਪ੍ਰਤੀਬੱਧ ਜਗਿਆਸਾ, ਅਹਿਸਾਸ, ਸਿਰਜਣਾਤਮਕ ਪਰਵਾਜ, ਜ਼ਿੰਦਗੀ ਦੇ ਰਾਜ਼ ਅਤੇ ਮਨੋਵਿਗਿਆਨਕ ਹੁਲਾਸ ਉਸਦੀ ਕਵਿਤਾ ਦੇ ਵੱਖੋ-ਵੱਖਰੇ ਰੰਗ ਹਨ। ਉਸਦੀ ਕਵਿਤਾ ਦੀ ਪਹੁੰਚ, ਲੋਕ ਅਸਤਿਤਵੀ ਹੈ। ਮਨੁੱਖੀ ਚੇਤਨਾ ਨੂੰ ਜਗਾਉਣ ਵਾਲੀ ਉਸਦੀ ਕਵਿਤਾ ਕਿਸੇ ਟਕਰਾਅ ਜਾਂ ਬੰਦਿਸ਼ ਦੀ ਮੁਥਾਜ ਨਹੀਂ ਹੈ, ਸਗੋਂ ਜ਼ਿੰਦਗੀ ਨੂੰ ਇਕਸੁਰਤਾ ਅਤੇ ਸੰਜੀਦਗੀ ਪ੍ਰਦਾਨ ਕਰਨ ਵਾਲੀ ਹੈ।
ਮੋਹਨ ਸਿੰਘ ਭੰਮਰਾ ਨੇ ਜਿਥੇ ਸਿੱਖ ਇਤਿਹਾਸ, ਸਿੱਖ ਗੁਰੂਆਂ ਦੀ ਸਿੱਖਿਆ ਨੂੰ ਆਪਣੀ ਲੇਖਣੀ ਦਾ ਧੁਰਾ ਬਣਾਇਆ ਹੈ,ਉਥੇ ਸਮਾਜਿਕ ਸਿਆਸੀ ਵਰਤਾਰਿਆਂ ਨੂੰ ਵੀ ਆਪਣੀ ਕਲਮ ਰਾਹੀਂ ਛੋਹਿਆ ਹੈ। ਆਪਣੀ ਲਿਖਤਾਂ ਵਿੱਚ ਉਸਨੇ ਜੀਵਨ ਜਾਚ, ਧਰਮ, ਸਾਇੰਸ, ਜ਼ਿੰਦਗੀ ਦੇ ਉਦੇਸ਼, ਜ਼ਿੰਦਗੀ ਦੇ ਸੁਪਨਿਆਂ ਅਤੇ ਜੀਵਨ ਦਰਸ਼ਨ ਨੂੰ ਸੰਜੀਦਗੀ ਨਾਲ ਚਿਤਰਿਆ ਹੈ। ਉਹ ਆਪਣੀ ਨੁਕੀਲੀ ਕਲਮ ਨਾਲ ਸਮਾਜ ਦੀਆਂ ਕੁਰੀਤੀਆਂ ਨੂੰ ਬਿਲਕੁਲ ਵੱਖਰੀ ਸ਼ੈਲੀ ‘ਚ ਲਿਖਣ ਤੋਂ ਵੀ ਨਹੀਂ ਉੱਕਿਆ। ਉਸਦੀਆਂ ਕਵਿਤਾਵਾਂ ਦੀ ਭਾਸ਼ਾ ਸਰਲ ਹੈ। ਪਾਠਕ ਨਿਰੰਤਰਤਾ ਨਾਲ ਉਸਦੀਆਂ ਕਵਿਤਾਵਾਂ ਦਾ ਪਾਠ ਦਿਲਚਸਪੀ ਨਾਲ ਕਰਦਾ ਹੈ।
ਉਸ ਲੇਖਕ ਦੀ ਲਿਖਤ ਸਕਾਰਥ ਗਿਣੀ ਜਾਂਦੀ ਹੈ, ਜਿਹੜਾ ਲੋਕਾਂ ਦੇ ਅੰਗ-ਸੰਗ ਰਹਿਕੇ ਉਹਨਾ ਦੀਆਂ ਤਕਲੀਫ਼ਾਂ, ਉਹਨਾ ਦੀ ਵੇਦਨਾ ਨੂੰ ਆਪਣੀਆਂ ਲਿਖਤਾਂ ਵਿੱਚ ਅੰਕਿਤ ਕਰਦਾ ਹੈ। ਲਿਓ ਟਾਲਸਟਾਇ ਦੇ ਸ਼ਬਦ “ ਸਿਰਜਣਾ (ਕਲਾ) ਉਤੇ ਲੱਗਿਆ ਸਮਾਂ ਅਤੇ ਮਿਹਨਤ, ਇਸਦੀ ਸੇਵਾ ਵਿੱਚ ਸਮਰਪਿਤ ਜੀਵਨ, ਕਲਾ ਵਿੱਚ ਬਲੀ ਕੀਤੀ ਗਈ ਨੈਤਿਕਤਾ ਹੀ ਸਾਹਿੱਤ ਦੇ ਯਥਾਰਥ ਦੇ ਨੇੜੇ ਪਹੁੰਚ ਸਕਦੀ ਹੈ।“
ਮੋਹਨ ਸਿੰਘ ਭੰਮਰਾ ਦੀਆਂ ਲਿਖਤਾਂ ਯਥਾਰਥ ਦੇ ਨੇੜੇ ਹਨ ਅਤੇ ਸਾਹਿੱਤ ਦੇ ਅਸਲ ਮੰਤਵ ਨੂੰ ਪ੍ਰਦਰਸ਼ਿਤ ਕਰਦੀਆਂ ਹਨ। ਉਸਦੀਆਂ ਕਵਿਤਾਵਾਂ ਵਿਚਲਾ ਸੱਚ ਅੱਜ ਦੇ ਸਮਾਜਕ ਵਰਤਾਰੇ ਦੇ ਸੱਚ ਦੇ ਨੇੜੇ-ਤੇੜੇ ਢੁੱਕਦਾ ਹੈ। ਮਨੁੱਖੀ ਹਸਰਤਾਂ, ਬੇਬਸੀ, ਧਰਮ ਦੇ ਪਖੰਡੀ ਰੂਪ ਨੂੰ ਲੇਖਕ ਨੇ ਜਿਸ ਤਰਾਂ ਆਪਣੀ ਕਲਮ ਨਾਲ ਚਿਤਰਿਆ ਹੈ, ਉਸ ਲਈ ਲੇਖਕ ਸਚਮੁੱਚ ਵਧਾਈ ਦਾ ਪਾਤਰ ਹੈ।
ਲੇਖਕ ਦੀ ਇਸ ਪੁਸਤਕ ਦਾ ਸਵਾਗਤ ਕਰਨਾ ਬਣਦਾ ਹੈ।
-ਗੁਰਮੀਤ ਸਿੰਘ ਪਲਾਹੀ