
ਟੋਕੀਓ, 27 ਜੁਲਾਈ- ਸਕੇਟਿੰਗਬੋਰਡ ਵਿੱਚ ਹੈਰਤਅੰਗੇਜ਼ ਕਰਤੱਬ ਵਿਖਾ ਕੇ 13 ਸਾਲ ਦੀਆਂ ਦੋ ਬੱਚੀਆਂ ਨੇ ਟੋਕੀਓ ਓਲੰਪਿਕ ਵਿੱਚ ਸੋਨੇ ਤੇ ਚਾਂਦੀ ਦੇ ਤਗ਼ਮੇ ਜਿੱਤੇ ਹਨ ਜਦੋਂਕਿ ਕਾਂਸੇ ਦਾ ਤਗ਼ਮਾ ਜਿੱਤਣ ਵਾਲੀ ਖਿਡਾਰਨ ਵੀ 16 ਸਾਲ ਦੀ ਹੈ। ਆਮ ਤੌਰ ’ਤੇ ਜਿਸ ਉਮਰ ਵਿੱਚ ਬੱਚੇ ਖਿਡੌਣਿਆਂ ਜਾਂ ਵੀਡੀਓ ਗੇਮਾਂ ਨਾਲ ਖੇਡਦੇ ਹਨ, ਇਨ੍ਹਾਂ ਕੁੜੀਆਂ ਨੇ ਸਖ਼ਤ ਮਿਹਨਤ ਤੇ ਲਗਨ ਨਾਲ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਦਿਆਂ ਇਸ ਖੇਡ ’ਤੇ ਪੁਰਸ਼ਾਂ ਦੇ ਦਬਦਬੇ ਨੂੰ ਤੋੜਿਆ ਹੈ। ਜਾਪਾਨ ਦੀ ਮੋਮਿਜੀ ਨਿਸ਼ੀਆ ਨੇ ਪਹਿਲਾ ਓਲੰਪਿਕ ਖੇਡਦਿਆਂ ਸੋਨ ਤਗ਼ਮਾ ਆਪਣੇ ਨਾਮ ਕੀਤਾ ਹੈ।
ਹੁਣ ਤੱਕ ਪੁਰਸ਼ਾਂ ਦੇ ਦਾਬੇ ਵਾਲੇ ਇਸ ਖੇਡ ਵਿੱਚ ਕੁੜੀਆਂ ਦੇ ਇਸ ਯਾਦਗਾਰ ਪ੍ਰਦਰਸ਼ਨ ਨੇ ਖੇਡਾਂ ਦਾ ਭਵਿੱਖ ਰੌਸ਼ਨ ਕਰ ਦਿੱਤਾ ਹੈ।
13 ਸਾਲ ਜਾਪਾਨ ਦੀ ਮੋਮਿਜੀ ਨਿਸ਼ੀਆ ਨੇ 15. 26 ਦੇ ਸਕੋਰ ਨਾਲ ਪਹਿਲਾ ਓਲੰਪਿਕ ਖੇਡਦਿਆਂ ਪਹਿਲਾ ਸੋਨ ਤਮਗਾ ਆਪਣੇ ਨਾਂ ਕੀਤਾ।ਚਾਂਦੀ ਦਾ ਤਗ਼ਮਾ ਬ੍ਰਾਜ਼ੀਲ ਦੀ 13 ਸਾਲਾਂ ਦੀ ਰੇਸਾ ਲੀਲ ਨੂੰ ਮਿਲਿਆ। ਕਾਂਸੀ ਜਾਪਾਨ ਦੀ 16 ਸਾਲ ਫੁਨਾ ਨਾਕਾਯਾਮਾ ਦੇ ਹਿੱਸੇ ਆਈ।
ਇਸ ਤੋਂ ਠੀਕ ਉਲਟ ਜਿਸ ਉਮਰ (58 ਸਾਲ) ’ਚ ਲੋਕ ਸੰਨਿਆਸ ਲੈ ਕੇ ਆਪਣੇ ਪਰਿਵਾਰ ਨਾਲ ਜ਼ਿੰਦਗੀ ਦਾ ਆਨੰਦ ਲੈਣ ਦੀ ਸੋਚ ਰਹੇ ਹੁੰਦੇ ਹਨ, ਉਸ ਪੜਾਅ ’ਤੇ ਕੁਵੈਤ ਦੇ ਅਬਦੁੱਲਾ ਅਲ ਰਸ਼ੀਦੀ ਨੇ ਸਟੀਕ ਨਿਸ਼ਾਨਾ ਲਾਉਂਦਿਆਂ ਕਾਂਸੀ ਦਾ ਤਮਗਾ ਜਿੱਤ ਕੇ ਸਭ ਨੂੰ ਹੈਰਾਨ ਕਰ ਦਿੱਤਾ।