ਗ਼ਜ਼ਲ/ ਜਿਸ ਨੂੰ ਕਹਿ ਬੈਠਾ ਹਾਂ /  ਮਹਿੰਦਰ ਸਿੰਘ ਮਾਨ

ਜਿਸ ਨੂੰ ਕਹਿ ਬੈਠਾ ਹਾਂ ਜ਼ਖਮਾਂ ਤੇ ਦਵਾਈ ਲਾਣ ਨੂੰ,
ਉਹ ਤਾਂ ਕਾਹਲਾ ਹੈ ਬੜਾ ਕੋਲੋਂ ਮੇਰੇ ਤੁਰ ਜਾਣ ਨੂੰ ।

ਜ਼ਿੰਦਗੀ ਵਿਚ ਉਸ ਨੂੰ ਹਿੰਮਤ ਤੇ ਸਬਰ ਦੀ ਲੋੜ ਹੈ,
ਮਿਲ ਗਏ ਨੇ ਜਿਸ ਨੂੰ ਹੰਝੂ ਪੀਣ ਤੇ ਗ਼ਮ ਖਾਣ ਨੂੰ ।

ਪਿਆਰ ਦੇ ਗੀਤਾਂ ਨੇ ਉਸ ਬੰਦੇ ਨੂੰ ਕੀ ਹੈ ਕੀਲਣਾ,
ਜਿਸ ਨੂੰ ਮਿਲਦੀ ਹੀ ਨਹੀਂ ਹਰ ਰੋਜ਼ ਰੋਟੀ ਖਾਣ ਨੂੰ ।

ਜਿਉਂਦੇ ਜੀ ਜਿਹੜਾ ਕਿਸੇ ਦੇ ਕੰਮ ਆ ਸਕਿਆ ਨਹੀਂ,
ਹਰ ਕੋਈ ਕਾਹਲਾ ਹੈ ਹੁਣ ਉਸ ਬੰਦੇ ਨੂੰ ਭੁੱਲ ਜਾਣ ਨੂੰ ।

ਏਨੇ ਸਾਲਾਂ ਪਿੱਛੋਂ ਵੀ ਇੱਥੇ ਕਰਾਂਤੀ ਆਈ ਨਾ,
ਭਾਵੇਂ ਸਾਰੇ ਕਹਿ ਰਹੇ ਨੇ ਇਸ ਦੇ ਕੱਲ੍ਹ ਨੂੰ ਆਣ ਨੂੰ ।

ਮੈਂ ਕਰਾਂਗਾ ਸਜਦੇ ਸੌ ਸੌ ਵਾਰ ਉਸ ਇਨਸਾਨ ਨੂੰ,
ਜੋ ਤੁਰੇਗਾ ਘਰ ਤੋਂ ਮਜ਼ਦੂਰਾਂ ਦੇ ਦੁੱਖ ਵੰਡਾਣ ਨੂੰ ।

***
ਜੋ ਦੁੱਖਾਂ ਦਾ ਸਮੁੰਦਰ / ਗ਼ਜ਼ਲ

ਜੋ ਦੁੱਖਾਂ ਦਾ ਸਮੁੰਦਰ ਤਰ ਨਹੀਂ ਸਕਦਾ ,
ਕਦੇ ਉਹ ਸੁੱਖ ਪ੍ਰਾਪਤ ਕਰ ਨਹੀਂ ਸਕਦਾ ।

ਜੋ ਔਕੜ ਵੇਖ ਕੇ ਵੀ ਦਿਲ ਨਹੀਂ ਛੱਡਦਾ ,
ਕਦੇ ਉਹ ਮੰਜ਼ਿਲ ਯਾਰੋ , ਹਰ ਨਹੀਂ ਸਕਦਾ ।

ਬਹਾਦਰ ਤਾਂ ਕੇਵਲ ਇੱਕ ਵਾਰ ਮਰਦਾ ਹੈ ,
ਉਹ ਕਾਇਰ ਵਾਂਗ ਪਲ ਪਲ ਨਹੀਂ ਮਰ ਨਹੀਂ ਸਕਦਾ ।

ਹਰਿਕ ਘਰ ਰੌਸ਼ਨੀ ਸੂਰਜ ਦੀ ਪਹੁੰਚਦੀ ਹੈ ,
ਕਿਸੇ ਇੱਕ ਘਰ ਉਹ ਨੇਰ੍ਹਾ ਕਰ ਨਹੀਂ ਸਕਦਾ ।

ਜੋ ਕਰਦਾ ਹੈ ਕਿਸੇ ਨੂੰ ਪਿਆਰ ਤਹਿ ਦਿਲ ਤੋਂ ,
ਘੜਾ ਉਸ ਦੀ ਵਫਾ ਦਾ ਖਰ ਨਹੀਂ ਸਕਦਾ ।

ਸਿਰੜ ਤੇ ਸਬਰ ਬੰਦੇ ਕੋਲ ਚਾਹੀਦੈ ,
ਉਹ ਕਿਹੜਾ ਕੰਮ ਹੈ , ਜੋ ਉਹ ਕਰ ਨਹੀਂ ਸਕਦਾ ।


ਮਹਿੰਦਰ ਸਿੰਘ ਮਾਨ
ਸਲੋਹ ਰੋਡ ਨੇੜੇ ਐਮ. ਐਲ. ਏ. ਰਿਹਾਇਸ਼
ਨਵਾਂ ਸ਼ਹਿਰ(9915803554)

ਸਾਂਝਾ ਕਰੋ

ਪੜ੍ਹੋ

ਨਜ਼ਮ/ਸੁਪਨ ਕਥਾ/ਹੂਬ ਨਾਥ

*ਸੁਪਨ ਕਥਾ* *ਪਤਾ ਨਹੀਂ* *ਜਾਗ ਰਿਹਾ ਹਾਂ* *ਜਾਂ* *ਚੱਲ ਰਿਹਾ...