
ਚੰਡੀਗੜ੍ਹ, 24 ਜੁਲਾਈ- ਜੁਆਇੰਟ ਗੌਰਮਿੰਟ ਡਾਕਟਰਜ਼ ਕੋਆਰਡੀਨੇਸ਼ਨ ਕਮੇਟੀ ਦੇ ਸੱਦੇ ’ਤੇ ਐੱਨ.ਪੀ.ਏ. ਦੀ ਮੰਗ ਨੂੰ ਲੈ ਕੇ ਇੱਕ ਮਹੀਨੇ ਤੋਂ ਲਗਾਤਾਰ ਸੰਘਰਸ਼ ਕਰ ਰਹੇ ਸਿਹਤ ਵਿਭਾਗ ਪੰਜਾਬ ਦੇ ਨਾਲ-ਨਾਲ ਵੈਟਰਨਰੀ, ਡੈਂਟਲ, ਰੂਰਲ ਮੈਡੀਕਲ ਅਫ਼ਸਰਾਂ, ਆਯੁਰਵੈਦਿਕ ਅਤੇ ਹੋਮਿਓਪੈਥਿਕ ਡਾਕਟਰਾਂ ਵੱਲੋਂ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਵੱਲ ਰੋਸ ਮਾਰਚ ਕੀਤਾ ਗਿਆ।
ਇਸ ਦੌਰਾਨ ਪਹਿਲਾਂ ਤਾਂ ਮੁਹਾਲੀ ਪੁਲੀਸ ਨੇ ਰੋਸ ਮਾਰਚ ਨੂੰ ਫੇਜ਼-6 ਸਥਿਤ ਸਿਵਲ ਹਸਪਤਾਲ ਦੇ ਗੇਟ ’ਤੇ ਬੈਰੀਕੇਡ ਲਗਾ ਕੇ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਪ੍ਰਦਰਸ਼ਨਕਾਰੀ ਡਾਕਟਰ ਪੁਲੀਸ ਰੋਕਾਂ ਤੋੜਦੇ ਹੋਏ ਚੰਡੀਗੜ੍ਹ ਵੱਲ ਵਧ ਗਏ। ਅੱਗੇ ਜਾ ਕੇ ਮੈਕਸ ਹਸਪਤਾਲ ਕੋਲ ਚੰਡੀਗੜ੍ਹ ਦੇ ਪ੍ਰਵੇਸ਼ ਦੁਆਰ ’ਤੇ ਪੁਲੀਸ ਨੇ ਫਿਰ ਬੈਰੀਕੇਡ ਲਗਾ ਕੇ ਮਾਰਚ ਨੂੰ ਰੋਕ ਲਿਆ, ਜਿਸ ਦੌਰਾਨ ਡਾਕਟਰਾਂ ਨੇ ਉੱਥੇ ਖੜ੍ਹ ਕੇ ਹੀ ਸੂਬਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਜਦੋਂ ਡਾਕਟਰਾਂ ਨੇ ਸਪੀਕਰਾਂ ਰਾਹੀਂ ਪੁਲੀਸ ਪ੍ਰਸ਼ਾਸਨ ਨੂੰ ਮੰਗ ਪੱਤਰ ਭਿਜਵਾਉਣ ਲਈ ਅੱਧੇ ਘੰਟੇ ਦਾ ਅਲਟੀਮੇਟਮ ਦਿੱਤਾ ਤਾਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਖ਼ੁਦ ਡਾਕਟਰਾਂ ਕੋਲ ਮੰਗ ਪੱਤਰ ਲੈਣ ਲਈ ਪਹੁੰਚੇ, ਜਿਨ੍ਹਾਂ ਨੇ ਐੱਨਪੀਏ ਦੀ ਮੰਗ ਇੱਕ ਹਫ਼ਤੇ ਵਿੱਚ ਮੰਨਣ ਦਾ ਭਰੋਸਾ ਦਿੱਤਾ। ਭਰੋਸੇ ਮਗਰੋਂ ਡਾਕਟਰਾਂ ਨੇ ਧਰਨਾ ਇੱਕ ਹਫ਼ਤੇ ਲਈ ਮੁਲਤਵੀ ਕਰ ਦਿੱਤਾ। ਇਸ ਤੋਂ ਪਹਿਲਾਂ ਸਿਵਲ ਹਸਪਤਾਲ ਫੇਜ਼-6 ਵਿੱਚ ਧਰਨੇ ਨੂੰ ਡਾ. ਗਗਨਦੀਪ ਸਿੰਘ, ਡਾ. ਸਰਬਜੀਤ ਸਿੰਘ ਰੰਧਾਵਾ ਤੇ ਡਾ. ਗਗਨਦੀਪ ਸਿੰਘ ਸ਼ੇਰਗਿੱਲ ਸਣੇ ਹੋਰਨਾਂ ਨੇ ਸੰਬੋਧਨ ਕੀਤਾ ਸੀ।