ਤਿੰਨ ਕਾਲੇ ਖੇਤੀ ਕਾਨੂੰਨ ਰੱਦ ਕਰਾਉਣ ਲਈ ਸੰਘਰਸ਼ਸ਼ੀਲ ਕਿਸਾਨਾਂ ਨੇ ਵੀਰਵਾਰ ਜੰਤਰ-ਮੰਤਰ ਕੋਲ ਕਿਸਾਨ ਸੰਸਦ ਸ਼ੁਰੂ ਕਰ ਦਿੱਤੀ | ਹਨਨ ਮੁੱਲਾ ਨੂੰ ਸਪੀਕਰ ਤੇ ਮਨਜੀਤ ਸਿੰਘ ਨੂੰ ਡਿਪਟੀ ਸਪੀਕਰ ਚੁਣਿਆ ਗਿਆ | ਇਨ੍ਹਾਂ ਦੋਹਾਂ ਦੀ ਚੋਣ ਰੋਜ਼ਾਨਾ ਹੋਵੇਗੀ | ਸਭ ਤੋਂ ਪਹਿਲਾਂ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ |
ਇਹ ਸੰਸਦ ਦੇ 13 ਅਗਸਤ ਤੱਕ ਚੱਲਣ ਵਾਲੇ ਮੌਨਸੂਨ ਅਜਲਾਸ ਤੱਕ ਚਲਾਉਣ ਦਾ ਫੈਸਲਾ ਹੈ ਹਾਲਾਂਕਿ ਉਪ ਰਾਜਪਾਲ ਨੇ 9 ਅਗਸਤ ਤੱਕ ਦੇ ਧਰਨੇ ਦੀ ਹੀ ਆਗਿਆ ਦਿੱਤੀ ਹੈ | ਉਪ ਰਾਜਪਾਲ ਮੁਤਾਬਕ ਕਿਸਾਨ 9 ਅਗਸਤ ਤੱਕ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤੱਕ ਪ੍ਰਦਰਸ਼ਨ ਕਰ ਸਕਦੇ ਹਨ | ਉਨ੍ਹਾ ਇਹ ਸ਼ਰਤਾਂ ਵੀ ਲਾਈਆਂ ਹਨ ਕਿ ਪੁਲਸ ਉਨ੍ਹਾਂ ਦੀਆਂ ਬੱਸਾਂ ਨਿਰਧਾਰਤ ਰਾਹਾਂ ਤੋਂ ਲੈ ਕੇ ਆਵੇਗੀ, ਉਨ੍ਹਾਂ ਨੂੰ ਕੋਵਿਡ ਨੇਮਾਂ ਦੀ ਪਾਲਣਾ ਕਰਨੀ ਹੋਵੇਗੀ ਅਤੇ ਭਾਰਤ ਸਰਕਾਰ ਤੇ ਐੱਨ ਸੀ ਟੀ ਦਿੱਲੀ ਸਰਕਾਰ ਵੱਲੋਂ ਕੋਵਿਡ ਸੰਬੰਧੀ ਸਮੇਂ-ਸਮੇਂ ਜਾਰੀ ਹੋਣ ਵਾਲੇ ਨਿਰਦੇਸ਼ ਮੰਨਣੇ ਹੋਣਗੇ |
ਇਸ ਤੋਂ ਪਹਿਲਾਂ ਕਿਸਾਨ ਆਗੂ ਯੋਗੇਂਦਰ ਯਾਦਵ ਨੇ ਦੋਸ਼ ਲਾਇਆ ਕਿ ਦਿੱਲੀ ਪੁਲਸ ਨੇ ਕਿਸਾਨਾਂ ਦੇ ਸਿੰਘੂ ਬਾਰਡਰ ਤੋਂ ਜੰਤਰ-ਮੰਤਰ ‘ਤੇ ਪੁੱਜਣ ਵਿਚ ਦੇਰੀ ਕਰਾ ਦਿੱਤੀ | ਉਹ ਕਿਸਾਨਾਂ ਨੂੰ ਢਾਈ ਘੰਟੇ ਘੁਮਾਉਂਦੀ ਰਹੀ | ਦਿੱਲੀ ਪੁਲਸ ਨੇ ਰਾਹ ਵਿਚ ਬੱਸ ਵਿਚ ਬੈਠੇ ਕਿਸਾਨਾਂ ਦੀ ਗਿਣਤੀ ਕਰਨੀ ਚਾਹੀ | ਇਸ ‘ਤੇ ਕਿਸਾਨ ਭੜਕ ਗਏ | ਫਿਰ ਪੁਲਸ ਉਨ੍ਹਾਂ ਨੂੰ ਇਕ ਰਿਜ਼ਾਰਟ ਵਿਚ ਲੈ ਗਈ ਤਾਂ ਕਿ ਉਨ੍ਹਾਂ ਦੀ ਗਿਣਤੀ ਕੀਤੀ ਜਾ ਸਕੇ | ਇਹ ਸਭ ਇਸ ਦੇ ਬਾਵਜੂਦ ਕੀਤਾ ਗਿਆ ਕਿ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਪੁਲਸ ਨੂੰ ਯਕੀਨ ਦਿਵਾਇਆ ਸੀ ਕਿ ਰੋਜ਼ਾਨਾ 200 ਕਿਸਾਨ ਆਪਣੇ ਪਛਾਣ-ਪੱਤਰਾਂ ਨਾਲ ਪੁੱਜਣਗੇ | ਦਿੱਲੀ ਪੁਲਸ ਤੇ ਨੀਮ ਫੌਜੀ ਬਲਾਂ ਦੀਆਂ 5-5 ਕੰਪਨੀਆਂ ਪੁਰਅਮਨ ਕਿਸਾਨਾਂ ਨਾਲ ਸਿੱਝਣ ਲਈ ਤਾਇਨਾਤ ਕੀਤੀਆਂ ਗਈਆਂ ਹਨ |
ਮੀਡੀਆ ਨਾਲ ਗੱਲਬਾਤ ਕਰਦਿਆਂ ਹਨਨ ਮੁੱਲਾ ਨੇ ਕਿਹਾ ਕਿ ਉਨ੍ਹਾਂ ਨੇ ਆਪਣੀਆਂ ਮੰਗਾਂ ਚੁੱਕਣ ਲਈ ਸਾਰੇ ਸੰਸਦ ਮੈਂਬਰਾਂ ਨੂੰ ਪੱਤਰ ਭੇਜਿਆ ਹੈ, ਪਰ ਸੰਸਦ ਵਿਚ ਕਿਸਾਨਾਂ ਦੇ ਮਸਲੇ ਨਹੀਂ ਚੁੱਕੇ ਜਾ ਰਹੇ | ਯੋਗੇਂਦਰ ਯਾਦਵ ਨੇ ਕਿਹਾ ਕਿ ਕਿਸਾਨ ਜੰਤਰ-ਮੰਤਰ ‘ਤੇ ਸਰਕਾਰ ਕੋਲ ਇਹ ਸਾਬਤ ਕਰਨ ਆਏ ਹਨ ਕਿ ਉਹ ਮੂਰਖ ਨਹੀਂ ਹਨ | ਬਰਤਾਨੀਆ ਦੀ ਸੰਸਦ ਵਿੱਚ ਕਿਸਾਨਾਂ ਦੇ ਮਸਲਿਆਂ ‘ਤੇ ਚਰਚਾ ਹੋ ਰਹੀ ਹੈ, ਪਰ ਸਾਡੀ ਸਰਕਾਰ ਚੁੱਪ ਕਰਕੇ ਬੈਠੀ ਹੈ | ਕਿਸਾਨ ਨੇਤਾ ਸ਼ਿਵ ਕੁਮਾਰ ਕੱਕਾ ਨੇ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਸਰਕਾਰ ਨੇ ਜਿਨ੍ਹਾਂ ਲੋਕਾਂ ਦੀ ਜਾਸੂਸੀ ਕਰਵਾਈ ਹੈ, ਉਨ੍ਹਾਂ ਵਿਚ ਕਿਸਾਨ ਨੇਤਾ ਵੀ ਸ਼ਾਮਲ ਹਨ |
ਰਾਹੁਲ ਗਾਂਧੀ ਦੀ ਅਗਵਾਈ ਵਿਚ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਤਿੰਨ ਕੇਂਦਰੀ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕਰਦਿਆਂ ਸੰਸਦ ਕੰਪਲੈਕਸ ਵਿਚ ਮਹਾਤਮਾ ਗਾਂਧੀ ਦੇ ਬੁੱਤ ਦੇ ਸਾਹਮਣੇ ਪ੍ਰਦਰਸ਼ਨ ਕੀਤਾ | ਇਸ ਵਿਚ ਲੋਕ ਸਭਾ ਵਿਚ ਕਾਂਗਰਸ ਦੇ ਨੇਤਾ ਅਧੀਰ ਰੰਜਨ ਚੌਧਰੀ, ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ, ਗੌਰਵ ਗੋਗੋਈ, ਰਵਨੀਤ ਬਿੱਟੂ, ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਅਤੇ ਹੋਰ ਕਈ ਸੰਸਦ ਮੈਂਬਰ ਸ਼ਾਮਲ ਹੋਏ | ਉਨ੍ਹਾਂ ‘ਕਾਲੇ ਕਾਨੂੰਨ ਵਾਪਸ ਲਓ’ ਅਤੇ ‘ਪ੍ਰਧਾਨ ਮੰਤਰੀ ਇਨਸਾਫ ਕਰੋ’ ਦੇ ਨਾਅਰੇ ਲਗਾਏ | ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਵੀਰਵਾਰ ਮੁੜ ਕਿਹਾ ਕਿ ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਤਿਆਰ ਹੈ ਪਰ ਉਹ ਇਹ ਤਾਂ ਦੱਸਣ ਕਿ ਉਨ੍ਹਾਂ ਨੂੰ ਖੇਤੀ ਕਾਨੂੰਨਾਂ ਵਿਚਲੀ ਕਿਹੜੀ ਮੱਦ ‘ਤੇ ਇਤਰਾਜ਼ ਹੈ | ਉਨ੍ਹਾ ਸੰਸਦ ਦੇ ਬਾਹਰ ਦਾਅਵਾ ਕੀਤਾ ਕਿ ਦੇਸ਼ ਗਵਾਹ ਹੈ ਕਿ ਕਾਨੂੰਨ ਕਿਸਾਨ ਪੱਖੀ ਹਨ ਅਤੇ ਸਾਰਿਆਂ ਦੇ ਹਿੱਤਾਂ ਵਿਚ ਹਨ | ਕਿਸਾਨਾਂ ਦੀ ਮੰਗ ਹੈ ਕਿ ਕਾਨੂੰਨ ਮੁੱਢੋਂ-ਸੁੱਢੋਂ ਰੱਦ ਕੀਤੇ ਜਾਣ | ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਅਤੇ ਸੰਯੁਕਤ ਕਿਸਾਨ ਮੋਰਚਾ ਦੇ ਸੀਨੀਅਰ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਵਿਰੋਧੀ ਪਾਰਟੀਆਂ ਦੇ ਮੈਂਬਰ ਪਾਰਲੀਮੈਂਟ ਨੂੰ ਚੇਤਾਵਨੀ ਦਿੱਤੀ ਕਿ ਜਿਹੜੀ ਪਾਰਟੀ ਸੰਸਦ ਵਿਚ ਕਿਸਾਨਾਂ ਦੇ ਹੱਕ ਵਿਚ ਨਾ ਖੜੀ ਤਾਂ ਉਹਨਾਂ ਨੂੰ ਸਜ਼ਾ ਦਿਆਂਗੇ ਤੇ ਉਹਨਾਂ ਦੀ ਨਾਨੀ ਚੇਤੇ ਕਰਾ ਦਿਆਂਗੇ | ਕਿਸਾਨ ਆਗੂ ਦਿੱਲੀ ਬਾਰਡਰ ‘ਤੇ ਕਿਸਾਨਾਂ ਨੂੰ ਸੰਬੋਧਨ ਕਰ ਰਹੇ ਸਨ | ਭਾਜਪਾ ਦੇ ਸੰਸਦ ਮੈਂਬਰਾਂ ਨੂੰ ਪ੍ਰਤੱਖ ਤੌਰ ‘ਤੇ ਚੇਤਾਵਨੀ ਦਿੰਦਿਆਂ ਉਹਨਾ ਕਿਹਾ ਕਿ ਤੁਹਾਡੀਆਂ ਹਰਕਤਾਂ ‘ਤੇ ਬਾਜ਼ ਅੱਖ ਰੱਖੀ ਜਾ ਰਹੀ ਹੈ, ਤੁਸੀ ਸਮਝ ਜਾਓ | ਤੁਹਾਡੀ ਨੀਂਦ ਹਰਾਮ ਕਰ ਦਿਆਂਗੇ | ਉਹਨਾ ਕਾਂਗਰਸ ਪਾਰਟੀ ‘ਤੇ ਵਰ੍ਹਦਿਆਂ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਚੇਤਾਵਨੀ ਭਰੇ ਲਹਿਜੇ ਵਿਚ ਕਿਹਾ ਕਿ ਉਹ ਆਪਣੀ ਪਾਰਟੀ ਨੂੰ ਸੁਧਾਰ ਲਵੇ | ਉਹਨਾ ਨੂੰ ਪਤਾ ਲੱਗਿਆ ਹੈ ਕਿ ਕਾਂਗਰਸ ਕਿਸਾਨ ਮੰਗਾਂ ਪ੍ਰਤੀ ਸੰਸਦ ਵਿਚ ਚਲਾਕੀ ਨਾਲ ਪੇਸ ਆ ਰਹੀ ਹੈ, ਜਿਸ ਅਨੁਸਾਰ ਪੰਜਾਬ ਦੇ ਐੱਮ ਪੀ ਕਿਸਾਨਾਂ ਦੇ ਹੱਕ ਵਿਚ ਅਤੇ ਹੋਰ ਸਟੇਟਾਂ ਦੇ ਕਾਂਗਰਸ ਐੱਮ ਪੀ ਹੋਰ ਮੁੱਦਿਆਂ ‘ਤੇ ਸਰਕਾਰ ਦਾ ਵਿਰੋਧ ਕਰਨਗੇ | ਉਹਨਾ ਤਾੜਨਾ ਕੀਤੀ ਕਿ ਹੋਰ ਮੁੱਦਿਆਂ ‘ਤੇ ਵਿਰੋਧ ਕਿਸੇ ਹੋਰ ਸਮੇਂ ਕੀਤਾ ਜਾ ਸਕਦਾ ਹੈ, ਪਰ ਹੁਣ ਸਮਾਂ ਉਹਨਾਂ ਕਿਸਾਨਾਂ ਦੇ ਹੱਕ ਵਿਚ ਖੜਨ ਦਾ ਹੈ, ਜੋ ਬੀਤੇ ਅੱਠ ਮਹੀਨਿਆਂ ਤੋਂ ਦਿੱਲੀ ਬਾਰਡਰ ਦੀਆਂ ਸੜਕਾਂ ‘ਤੇ ਧਰਨਿਆਂ ‘ਤੇ ਬੈਠੇ ਰੁਲ ਰਹੇ ਹਨ | ਉਹਨਾ ਕਾਂਗਰਸ ਨੂੰ ਚੇਤਾਵਨੀ ਦਿੱਤੀ ਕਿ ਇਹ ਦੋਹਰੀ ਨੀਤੀ ਨਹੀਂ ਚੱਲਣੀ | ਉਹਨਾ ਕਿਹਾ ਕਿ ਜੇ ਇਹੋ ਚਲਾਕੀ ਪਾਰਲੀਮੈਂਟ ਵਿਚ ਖੇਡਣੀ ਹੈ ਤਾਂ ਤੁਹਾਡਾ ਹਸ਼ਰ ਵੀ ਭਾਜਪਾ ਦੇ ਲੀਡਰਾਂ ਵਰਗਾ ਹੀ ਹੋਵੇਗਾ | ਉਹਨਾ ਕਿਹਾ ਕਿ ਚਾਰ ਵੱਡੀਆਂ ਵਿਰੋਧੀ ਪਾਰਟੀਆਂ ਦੇ ਫਰੰਟ ਨੇ ਫੈਸਲਾ ਕੀਤਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਦਾ ਉਦੋਂ ਤੱਕ ਬਾਈਕਾਟ ਜਾਰੀ ਰਹੇਗਾ, ਜਦੋਂ ਤੱਕ ਉਹ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨ ਲੈਂਦੇ | ਉਹਨਾ ਸੁਆਲ ਕੀਤਾ ਕਿ ਕਾਂਗਰਸ ਇਸ ਫਰੰਟ ਤੋਂ ਬਾਹਰ ਕਿਉਂ ਹੈ ?
ਰਾਜੇਵਾਲ ਨੇ ਪਾਰਲੀਮੈਂਟ ਰੋਸ ਪ੍ਰਦਰਸ਼ਨ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ 17 ਜੁਲਾਈ ਦੇ ਫੈਸਲੇ ਮੁਤਾਬਕ ਵੋਟਰਾਂ ਨੇ ਪਾਰਲੀਮੈਂਟ ਮੈਂਬਰਾਂ ਨੂੰ ‘ਵਿੱ੍ਹਪ’ ਜਾਰੀ ਕੀਤਾ ਕਿ ਉਹ ਸੰਸਦ ਵਿਚ ਕਿਸਾਨਾਂ ਦੇ ਹੱਕ ਵਿਚ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰਨਗੇ ਅਤੇ ਇਸ ਮੁੱਦੇ ‘ਤੇ ਸੰਸਦ ਨਹੀਂ ਚੱਲਣ ਦੇਣਗੇ | ਉਹਨਾ ਕਿਹਾ ਕਿ ਆਮ ਤੌਰ ਤੇ ਪੁਲੀਟੀਕਲ ਪਾਰਟੀਆਂ ਹੀ ਆਪਣੇ ਮੈਂਬਰਾਂ ਨੂੰ ‘ਵਿੱ੍ਹਪ’ ਜਾਰੀ ਕਰਦੀਆਂ ਹਨ, ਪਰ ਇਹ ਇਤਿਹਾਸ ਵਿਚ ਪਹਿਲੀ ਵਾਰ ਹੈ, ਜਦੋਂ ਦੇਸ਼ ਦੇ ਵੋਟਰਾਂ ਨੇ ਮੈਂਬਰ ਪਾਰਲੀਮੈਂਟ ਨੂੰ ‘ਵਿੱ੍ਹਪ’ ਜਾਰੀ ਕੀਤਾ ਹੋਵੇ | ਉਹਨਾਂ ਦੱਸਿਆ ਕਿ ਵੋਟਰਾਂ ਨੇ ਸੰਸਦ ਮੈਂਬਰਾਂ ਨੂੰ ਇਹ ਵੀ ਕਿਹਾ ਹੈ ਕਿ ਉਹ ਸੰਸਦ ਵਿਚ ਹਾਜ਼ਰ ਰਹਿਣ ਅਤੇ ਵਾਕਆਊਟ ਨਾ ਕਰਨ, ਕਿਉਂਕਿ ਵਾਕਆਊਟ ਕਰਨ ਨਾਲ ਰਾਜ ਕਰਦੀ ਪਾਰਟੀ ਨੂੰ ਖੁੱਲ੍ਹੀ ਖੇਡ ਖੇਡਣ ਦਾ ਮੌਕਾ ਮਿਲ ਜਾਂਦਾ ਹੈ ਅਤੇ ਉਹ ਵਿਰੋਧੀ ਧਿਰ ਦੀ ਗੈਰ-ਹਾਜ਼ਰੀ ਵਿਚ ਸਾਰੀ ਕਾਰਵਾਈ ਪਾਸ ਕਰਵਾ ਲੈਂਦੀ ਹੈ | ਉਹਨਾ ਕਿਹਾ ਕਿ ਜਦੋਂ ਤੱਕ ਸਰਕਾਰ ਕਿਸਾਨ ਮੰਗਾਂ ਸੰਬੰਧੀ ਕੋਈ ਵਾਅਦਾ ਨਹੀਂ ਕਰਦੀ, ਤੁਸੀਂ ਹਾਊਸ ਨੂੰ ਚੱਲਣ ਨਹੀਂ ਦੇਣਾ | ਜੇ ਸਪੀਕਰ ਜਾਂ ਰਾਜ ਸਭਾ ਦਾ ਚੇਅਰਮੈਨ ਮੈਂਬਰਾਂ ਨੂੰ ਸਸਪੈਂਡ ਵੀ ਕਰ ਦੇਵੇ, ਤੁਸੀਂ ਫੇਰ ਵੀ ਬਾਹਰ ਨਹੀਂ ਆਉਣਾ ਅਤੇ ਹਾਊਸ ਵਿਚ ਰਹਿ ਕੇ ਹੀ ਕਾਰਵਾਈ ਜਾਰੀ ਰੱਖਣੀ ਹੈ | ਉਹਨਾ ਕਿਹਾ ਕਿ ਕਿਸਾਨ ਰੋਸ ਵਜੋਂ ਪਾਰਲੀਮੈਂਟ ਤੋਂ ਬਾਹਰ ਸਮਾਂਤਰ ਪਾਰਟੀਮੈਂਟ ਸੈਸ਼ਨ ਚਲਾਉਣਗੇ, ਜਿਸ ਵਿਚ ਕਿਸਾਨ ਮੁੱਦਿਆਂ ‘ਤੇ ਸੁਆਲ-ਜਵਾਬ ਅਤੇ ਬਹਿਸ ਹੋਵੇਗੀ | ਰੋਸ ਵਿਖਾਵੇ ਦੀ ਰੂਪ-ਰੇਖਾ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਉਹਨਾ ਕਿਹਾ ਕਿ ਦੇਸ਼ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਪੰਜ-ਪੰਜ ਮੈਂਬਰ ਜਿਹਨਾਂ ਨੂੰ ਮੋਰਚੇ ਵੱਲੋਂ ਆਥੋਰਾਈਜ਼ ਕੀਤਾ ਜਾਵੇਗਾ, 200 ਮੈਂਬਰ ਹਰ ਰੋਜ਼ ਪੰਜ ਬੱਸਾਂ ਵਿਚ ਸਵਾਰ ਹੋ ਕੇ ਪਾਰਲੀਮੈਂਟ ਸਾਹਮਣੇ ਪੂਰੇ ਅਨੁਸ਼ਾਸਨ ਅਤੇ ਅਮਨਪੂਰਵਕ ਰੋਸ ਪ੍ਰਦਰਸ਼ਨ ਲਈ ਜਾਣਗੇ | ਉਹਨਾ ਨੌਜਵਾਨਾਂ, ਕਿਸਾਨ ਆਗੂਆਂ ਅਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਜੋਸ਼ ਤੇ ਹੋਸ਼ ਨੂੰ ਬਰਕਰਾਰ ਰੱਖਦਿਆਂ ਅੰਦੋਲਨ ਵਿਚ ਹਿੱਸਾ ਪਾਉਣ
