ਹਫਤੇ ’ਚ ਕੀਵੀਆਂ ਨੂੰ ਵਾਪਿਸ ਨਿਊਜ਼ੀਲੈਂਡ ਵਾਲੇ ਘਰ ਪਰਤਣ ਦੀ ਸਲਾਹ


-ਪਰ 14 ਦਿਨਾਂ ਵਾਲੇ ਕਮਰਾ ਕਿੱਥੋਂ ਲੈਣ? -20,000 ਲੋਕ ਆਉਣ ਲਈ ਉਤਾਵਲੇ।
– ਅਕਤੂਬਰ ਤੱਕ ਸਾਰਾ ਕੁਝ ਬੁੱਕ ਤੇ ਕਈ ਕਮਾ ਰਹੇ ਹਨ ਪੈਸੇ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ 24 ਜੁਲਾਈ, 2021: ਕਰੋਨਾ ਦੇ ਚਲਦਿਆਂ ਵੱਖ-ਵੱਖ ਦੇਸ਼ਾਂ ਦੀ ਸਰਹੱਦਾਂ ਦੀ ਤਾਲਾਬੰਦੀ ਵੱਖ-ਵੱਖ ਪੜਾਵਾਂ ਵਿਚ ਲੰਘ ਰਹੀ ਹੈ। ਬੀਤੀ ਰਾਤ ਤੋਂ ਸੁਰੱਖਿਅਤ ਕਹੇ ਜਾਂਦੇ ਦੇਸ਼ਾਂ ਨਿਊਜ਼ੀਲੈਂਡ-ਆਸਟਰੇਲੀਆ ਦੇ ਲਈ ਆਉਣ ਜਾਣ ਵਾਲਾ ਹਵਾਈ ਸਫ਼ਰ ਹੁਣ ਜਿੱਦਾਂ ਮਰਜ਼ੀ ‘ਆ ਗਏ ਚਲੇ ਗਏ ਵਾਲਾ’ ਨਹੀਂ ਰਿਹਾ ਹੈ, ਤਰ੍ਹਾਂ-ਤਰ੍ਹਾਂ ਦੀਆਂ ਸ਼ਰਤਾਂ ਲੱਗ ਗਈਆਂ ਹਨ। ਪ੍ਰਧਾਨ ਮੰਤਰੀ ਮਾਣਯੋਗ ਸੈਸਿੰਡਾ ਆਰਡਨ ਨੇ ਸਿੱਧੇ ਸ਼ਬਦਾਂ ਵਿਚ ਕੀਵੀਆਂ ਨੂੰ ਕਿਹਾ ਹੈ ਕਿ ਹਫਤੇ ਦੇ ਵਿਚ ਵਾਪਿਸ ਘਰ ਆ ਜਾਉ ਤੁਹਾਡੇ ਲਈ ਕੁਝ ਫਲਾਈਟਾਂ ਖੁੱਲ੍ਹੀਆਂ ਰੱਖਾਂਗੇ। ਕਈ ਜਗ੍ਹਾ ਤੋਂ ਆਉਣ ਵਾਲਿਆਂ ਲਈ 14 ਦਿਨ ਦਾ ਸਮਾਂ ਏਕਾਂਤਵਾਸ ਵਿਚ ਬਿਤਾਉਣਾ ਹੋਵੇਗਾ। ਕਈਆਂ ਦਾ ਅਜੇ ਬਿਨਾਂ ਇਸ ਤੋਂ ਸਰ ਸਕਦਾ ਹੈ, ਪਰ ਕਰੋਨਾ 72 ਘੰਟੇ ਪਹਿਲਾਂ ਨੈਗੇਟਿਵ ਆਉਣ ਦੀਆਂ ਸ਼ਰਤਾਂ ਅਤੇ ਘਰ ਦੇ ਵਿਚ 14 ਦਿਨ ਏਕਾਂਤਵਾਸ ਵਿਚ ਕੱਟਣਾ ਆਦਿ ਜ਼ਰੂਰੀ ਕਰ ਦਿੱਤਾ ਗਿਆ ਹੈ। ਹੁਣ ਲਗਪਗ 20,000 ਕੀਵੀ ਜਾਂ ਵਾਪਿਸ ਆਉਣ ਯੋਗ ਲੋਕ ਵਾਪਿਸ ਨਿਊਜ਼ੀਲੈਂਡ ਪਰਤਣ ਲਈ ਕਾਹਲੇ ਪੈ ਗਏ ਹਨ। ਐਮ. ਆਈ. ਕਿਊ. (ਮੈਨੇਜਡ ਆਈਸੋਲੇਸ਼ਨ ਐਂਡ ਕੁਆਰਨਟੀਨ) ਵਾਸਤੇ ਲੋਕਾਂ ਨੇ ਹਨ੍ਹੇਰੀ ਲਿਆ ਦਿੱਤੀ ਹੈ ਅਤੇ ਅਕਤੂਬਰ ਮਹੀਨੇ ਤੱਕ ਕੋਈ ਵੀ ਕਮਰਾ ਕਿਤੇ ਖਾਲੀ ਨਹੀਂ ਮਿਲ ਰਿਹਾ। ਕਈ ਪ੍ਰਾਈਵੇਟ ਹੈਲਪਰਾਂ ਨੇ ਇਸ ਦੇ ਲਈ ਮੋਟੀ ਫੀਸ ਵੀ ਰੱਖੀ ਹੋਈ ਹੈ ਜਿਸ ਦਾ ਮਤਲਬ ਹੈ ਕਿ ਤੁਸੀਂ ਆਪਣੇ ਨਾਂਅ ਉਤੇ ਰਜਿਸਟਰਡ ਕਰਕੇ ਉਨ੍ਹਾਂ ਨੂੰ ਦੱਸ ਦਿਓ ਉਨ੍ਹਾਂ ਦੇ ਲੋਕ ਕੰਪਿਊਟਰ ਉਤੇ ਬਾਜ਼ ਵਰਗੀ ਨਿਗ੍ਹਾ ਰੱਖਣਗੇ ਅਤੇ ਜਦੋਂ ਕੋਈ ਕਮਰਾ ਖਾਲੀ ਦਿਸਿਆ ਝਪਟ ਕੇ ਚੁੱਕ ਲੈਣਗੇ ਅਤੇ ਤੁਹਾਡੇ ਕੋਲੋਂ ਉਸਦੇ ਪੈਸੇ ਲੈ ਲੈਣਗੇ।
ਸਰਕਾਰ ਕੋਲ ਦੇਸ਼ ਵਿਆਪੀ 4000 ਕਮਰਿਆਂ ਦੀ ਸਹੂਲਤ (2501 ਔਕਲੈਂਡ, 233 ਹਮਿਲਟਨ, 393 ਰੋਟੋਰੂਆ, 140 ਵਲਿੰਗਟਨ, 733 ਕ੍ਰਾਈਸਟਚਰਚ) ਹੈ, ਜਿਸ ਦੇ ਵਿਚ 5106 ਲੋਕ ਆਈਸੋਲੇਸ਼ਨ ਦੇ ਵਿਚ 99 ਲੋਕ ਐਮ. ਆਈ. ਕਿਊ ਦੇ ਵਿਚ ਹਨ। ਅਗਲੇ ਦਿਨਾਂ ਦੇ ਵਿਚ 3400 ਹੋਰ ਬੰਦਾ ਆਉਣ ਦੀ ਸੰਭਾਵਨਾ ਹੈ। ਹੁਣ ਤੱਕ 1,57, 143 ਲੋਕ ਇਸ ਸਹੂਲਤ ਦਾ ਫਾਇਦਾ ਉਠਾ ਚੁੱਕੇ ਹਨ। ਇਕ ਦੂਜੇ ਤੋਂ ਦੂਰ ਬੈਠੇ ਜੋੜਿਆਂ ਨੂੰ ‘ਦਿਲ ਵਾਲੇ ਦੁਲਹਨੀਆ ਲੈ ਜਾਏਗੇਂ’ ਦਾ ਇਹ ਗੀਤ ਅੱਜਕਲ੍ਹ ਚਿੜਾਉਣਾ ਲੱਗਦਾ ਹੋਵੇਗਾ ਜਿਸ ਦੇ ਬੋਲ ਸਨ ਕਿ ‘ਹੋ ਕੋਇਲ ਕੂਕੇ ਹੂਕ ਉਠਾਇ, ਯਾਦੋਂ ਕੀ ਬੰਦੂਕ ਚਲਾਏ’,‘ਬਾਗੋਂ ਮੇਂ ਝੂਲੋਂ ਕੇ ਮੌਸਮ ਵਾਪਿਸ ਆਏ ਰੇ’,‘ਘਰ ਆ ਜਾ ਪ੍ਰਦੇਸੀ ਤੇਰਾ ਦੇਸ਼ ਬੁਲਾਏ ਰੇ’। ਅੰਤ ਲੋਕ ਇਹ ਕਹਿਣਾ ਚਾਹੁੰਦੇ ਹਨ ਕਿ ‘‘ਪ੍ਰਧਾਨ ਮੰਤਰੀ ਜੀ ਘਰ ਆ ਜਾ ਪ੍ਰਦੇਸੀ ਵਾਲੀ ਗੱਲ ਤਾਂ ਤੁਹਾਡੀ ਠੀਕ ਹੈ ….ਪਰ ਤੁਹਾਡੇ 14 ਦਿਨਾਂ ਵਾਲੇ ਕਮਰਿਆਂ ਦੀ ਚਾਬੀ ਲੋਕ ਕਿਸ ਕੋਲੋਂ ਅਤੇ ਕਿੱਦਾਂ ਲਈ ਜਾਵੇ ਪਤਾ ਨਹੀਂ ਲੱਗ ਰਿਹਾ।’’
ਸਾਂਝਾ ਕਰੋ

ਪੜ੍ਹੋ

ਨਜ਼ਮ/ਸੁਪਨ ਕਥਾ/ਹੂਬ ਨਾਥ

*ਸੁਪਨ ਕਥਾ* *ਪਤਾ ਨਹੀਂ* *ਜਾਗ ਰਿਹਾ ਹਾਂ* *ਜਾਂ* *ਚੱਲ ਰਿਹਾ...