
ਟੋਕੀਓ, 24 ਜੁਲਾਈ– ਓਲੰਪਿਕਸ ਵਿੱਚ ਅੱਜ ਭਾਰਤ ਦੀ ਵੇਟਲਿਫਟਰ ਮੀਰਾਬਾਈ ਚਾਨੂ ਨੇ 49 ਕਿਲੋਗ੍ਰਾਮ ਵਰਗ ’ਚ ਚਾਂਦੀ ਦਾ ਤਗਮਾ ਜਿੱਤ ਲਿਆ। ਮੀਰਾਬਾਈ ਚਾਨੂ ਨੇ ਓਲੰਪਿਕ ਵਿਚ ਵੇਟਲਿਫਟਿੰਗ ਮੈਡਲ ਦੇ 21 ਸਾਲ ਦੇ ਇੰਤਜ਼ਾਰ ਨੂੰ ਖਤਮ ਕੀਤਾ। ਚਾਨੂ ਨੇ ਕਲੀਨ ਤੇ ਜਰਕ ਵਿੱਚ 115 ਕਿਲੋ ਤੇ ਸਨੈਚ ਵਿੱਚ 87 ਕਿਲੋ ਨਾਲ ਕੁੱਲ 202 ਕਿਲੋ ਭਾਰ ਚੁੱਕ ਕੇ ਚਾਂਦੀ ਦਾ ਤਗਮਾ ਆਪਣੇ ਨਾਮ ਕੀਤਾ। ਇਸ ਤੋਂ ਪਹਿਲਾਂ ਸਾਲ 2000 ਵਿੱਚ ਕਰਨਮ ਮੱਲੇਸ਼ਵਰੀ ਨੇ ਸਿਡਨੀ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ।
ਚੀਨ ਨੇ ਇਸ ਮੁਕਾਬਲੇ ਵਿੱਚ ਸੋਨ ਤਗਮਾ ਜਿੱਤਿਆ। ਇਸ ਪ੍ਰਾਪਤੀ ਮਗਰੋਂ ਚਾਨੂ ਨੇ ਕਿਹਾ ਕਿ ਉਹ ਬੇਹੱਦ ਖੁ਼ਸ਼ ਹੈ ਤੇ ਪਿਛਲੇ ਪੰਜ ਸਾਲ ਤੋਂ ਇਹ ਸੁਫ਼ਨਾ ਦੇਖ ਰਹੀ ਸੀ। ਇਸ ਦੌਰਾਨ ਰਾਸ਼ਟਰਪਤੀ ਰਾਮਨਾਥ ਕੋਵਿੰਦ , ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚਾਨੂ ਨੂੰ ਵਧਾਈ ਦਿੱਤੀ ਹੈ।